More Punjabi Kahaniya  Posts
ਚਿੜੀ


ਚਿੜੀ , ਅਠਸੌਪਚਵਿੰਜਾ ਦੇ ਸਾਇਲੰਸਰ ਦੀ ਚਿੜੀ ਜਿਹੜੀ ਮੈਨੂੰ ਖੇੜੇ ‘ਚ ਕਰਨ ਲਈ ਖੂਹ ਵਾਲਾ ਚਾਚਾ ਹਰਦੀਪ ਸਿਹੁੰ ਵਾਰ – ਵਾਰ ਰੇਸ ਦੇ ਕੇ ਉਤਾਂਹ ਨੂੰ ਕਰਦਾ ਹੁੰਦਾ ਸੀ , ਉਹੋਜੀ ਚਿੜੀ ਮੈਨੂੰ ਨੈੱਟ ਜੀਓ ਦੀਆਂ ਡੌਕੂਮੈਂਟਰੀਆਂ ‘ਚ ਕਦੇ ਲੱਭੀ ਹੀ ਨਹੀਂ , ਮੈਂ ਤਾੜੀ ਮਾਰ ਕੇ ਹੱਸੀ ਜਾਣਾ , ਟੱਪੀ ਜਾਣਾ ਜਦੋਂ ਤੱਕ ਮੇਰਾ ਨਿੱਕੜਾ ਜਿਹਾ ਜੂੜਾ ਨਾ ਖੁੱਲ੍ਹ ਜਾਣਾ ।
ਜੇ ਤੁਸੀਂ ਮੈਨੂੰ ਆਖੋ ਕਿ ‘ਆਜਾ ਮੈਂ ਨਵੀਂ ਪੰਜ ਤਾਰਿਆਂ ਵਾਲੀ ਗੱਡੀ ਲਿਆਇਆਂ , ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਪਹਾੜ ਗਾਹੁਣ ਚਲਦੇ ਆਂ ‘, ਮੈਂ ਬਹਾਨੇ ਜੇ ਮਾਰੂੰਗਾ ਪਰ ਜੇ ਤੁਸੀਂ ਮੈਨੂੰ ਆਖੋ ਕਿ ‘ਆਜਾ ਪੱਠੇ ਲੈ ਕੇ ਮੁੜਦਿਆਂ ਫਲਾਣੇ ਦੀ ਮੋਟਰ ਦੇ ਅਮਰੂਦ ਥੱਲ੍ਹੇ ਗੱਡਾ ਲਾ ਕੇ ਅਮਰੂਦ ਤੋੜਾਂਗੇ’ ਤਾਂ ਮੈਂ ਝੱਟ ਈ ਪੱਲੀ ਦੀਆਂ ਚਾਰੇ ਨੁੱਕਰਾਂ ਬਰਾਬਰ ਕਰਕੇ ਆਰਜ਼ੀ ਸੀਟ ਬਣਾਕੇ ਤੁਹਾਡੇ ਨਾਲ ਬੈਠ ਜਾਊਂ ।
ਮੈਂ ਪਿਕਾਸੋ ਦੇ ਆਰਟ ਨੂੰ ਉਸ ਦਿਨ ਫੇਲ ਗਰਦਾਨ ਦਿੱਤਾ ਸੀ ਜਿਸ ਦਿਨ ਪਹਿਲੀ ਵਾਰ ਕੋਠੇ ਚੜ੍ਹ ਕੇ ਪਤੰਗ ਉਡਾਉਣ ਲੱਗਿਆਂ ਥੱਲ੍ਹੇ ਨਿਗ੍ਹਾ ਗਈ ਤੋਂ ਵਾਹਣ ਵੇਖਦਿਆਂ ਆਪਣੇ ਬਾਪੂ ਦਾ ‘ਆਰਟ’ ਵੇਖਿਆ ਸੀ , ਕੱਲ੍ਹ ਤ੍ਰਕਾਲਾਂ ਤੱਕ ਜਿਹੜਾ ਖੇਤ ਕਮਲੀ ਦੇ ਝਾਟੇ ਵਰਗਾ ਸੀ , ਉਹਨੇ ਸੁਹਾਗੇ ਨਾਲ ਤਹਿ ਲਾ – ਲਾ ਕੇ ਸੱਜ ਵਿਆਹੀ ਦੇ ਸੱਜਰੇ ਕੱਢੇ ਟੇਢੇ ਚੀਰ ਵਰਗਾ ਕਰਤਾ ਸੀ , ਮੈਂ ਉਹਦੇ ਸਿਰੜ ਨੂੰ ਵੇਖ ਮਨ ਹੀ ਮਨ ਜਦੋਂ ਨਮਸਕਾਰ ਕੀਤਾ ਸੀ ਤਾ ਮੇਰੇ ਹੱਥੋਂ ਪਤੰਗ ਛੁੱਟਦੀ – ਛੁੱਟਦੀ ਮਸਾਂ ਈ ਬਚੀ ਸੀ ।
ਜੇ ਤੁਸੀਂ ਮੈਨੂੰ ਕਹੋ ਕਿ ਔਹ ਕੋਈ ਬਜ਼ੁਰਗ ਗੋਰਾ ਆ ਰਿਹਾ ਆਜਾ ਇਹਦੇ ਨਾਲ ਬੀਅਰ ਦੇ ਕੈਨ ਟਕਰਾਉਂਦਿਆਂ ਬਾਰਬੀਕਿਊ ਬੜਕਾਉਨੇ ਆਂ ਤਾਂ ਮੈਂ ਪਾਸਾ ਵੱਟ ਜਾਊਂ ਪਰ ਜੇ ਪਿੰਡ ਗਏ ਨੂੰ ਕੋਈ ਬਾਬਾ ਆਖੇ ਕਿ ‘ਪੁੱਤਰਾ ਆਜਾ , ATM ਤੋਂ ਪੈਸੇ ਕਢਾਉਣੇ ਆਂ’ ਤਾਂ ਮੈਂ ਉਦੋਂ ਈ ਨਾਲ ਤੁਰ ਪਊਂ ।
ਮੈਂ ਉਸ ਦਿਨ ਲਿਲ ਵੇਨ ਦਾ ਗੀਤ ‘ਫੇਮੱਸ’ ਡਿਲੀਟ ਕਰਤਾ ਸੀ ਜਿਸ ਦਿਨ ਅਮਰ ਸਿਉਂ ਦੀ ਇਹ ਸਤਰ ਖਾਨੇ ਪੈ ਗਈ ਸੀ ….”ਰਸਤੇ ਸਭਦੇ ਵੱਖਰੇ ਹੈ ਇੱਕ ਟਿਕਾਣਾ” ।
ਜੇ ਤੁਸੀਂ ਮੇਰਾ ਝੱਗਾ ਖਿੱਚਕੇ ਆਖੋ ਕਿ ਫਲਾਣਾ ਕਲਾਕਾਰ ਆਪਣੇ ਸ਼ਹਿਰ ਆਇਆ , ਚੱਲ ਇਹਦੇ ਨਾਲ ਫੋਟੋ ਕਰਵਾਉਨੇ ਆਂ ਤਾਂ ਮੈਂ ਝੱਟ ਈ ਟਾਲ ਦਊਂ ਪਰ ਜੇ ਕੋਈ ਪਾਟੇ ਲੀੜਿਆਂ ਵਾਲੀ ਬਾਲੜੀ ਉਸੇ ਕਲਾਕਾਰ ਦੀ ਫੋਟੋ ਵੇਚਣ ਲਈ ਪੁੱਛਦਿਆਂ ਕਹੇ ਕਿ ‘ਵੀਰੇ…ਆਹ ਫੋਟੋ ਖਰੀਦ ਲਾ’ ਤਾਂ ਹੋ ਸਕਦਾ ਮੈਂ ਇੱਕ ਛੱਡ ਸਾਰੀਆਂ ਖਰੀਦ ਲਵਾਂ ।
ਮੈਨੂੰ ਲੋਕ ਨਹੀਂ ਖਿੱਚਦੇ , ਰਿਸ਼ਤੇ ਖਿੱਚਦੇ ਨੇ , ਮੇਰਾ ਸਕੂਨ ਬੰਦਿਆਂ ਦੇ ਅਣਕਹੇ ਬੋਲਾਂ ਤੇ ਅਣਦੇਖੇ ਨੇਤਰਾਂ ‘ਚ ਪਿਆ , ਪਿੰਡ ਦੇ ਖ਼ਾਲਾਂ ਤੇ ਜੋੜ – ਮੇਲਿਆਂ ਦੀ ਰੌਣਕ ‘ਚ ਪਿਆ , ਮੈਨੂੰ ਵਿਸ਼ਵ- ਸੁੰਦਰੀਆਂ ਦੇ ਹਾਸੇ ਬਣਾਉਟੀ ਲੱਗਦੇ…ਸਾਡੇ ਘਰ ਆਉਂਦੀ ਬਾਜ਼ੀਗਰਨੀ , ਮਾਂ ਨਾਲ ਢਿੱਡ ਫਰੋਲਦੀ ਤੇ ਨਾਲ ਪਤੀਲਾ ਪੈਰ ਥੱਲ੍ਹੇ ਦੇ ਕਿ ਸਿੱਧਾ ਕਰਨ ਲਈ ਸੱਟ ਮਾਰਦਿਆਂ ਗੱਲ ਕਰਦੀ ਹੱਸ ਪਿਆ ਕਰਦੀ ਸੀ ਤਾਂ ਉਹਦਾ ਤਾਂਬੇ ਦਾ ਦੰਦ...

ਸ਼ਾਮ ਦੀ ਲੋਅ ‘ਚ ਕਿਸੇ ਸਮੁੰਦਰ ਦੇ ਮੋਤੀ ਵਾਂਗੂੰ ਚਮਕਦਾ ।
ਉਸ ਸਿਆਲੀ ਐਤਵਾਰ ਨੂੰ ਬੁਲਟ ਦੀ ਪਿੱਛਲੀ ਸੀਟ ਤੇ ਬੈਠੇ ਹੋਇਆਂ ਮੈਂ ‘ਮਾਈਕਲ ਸ਼ੁਮਾਕਰ’ ਦੀਆਂ ਰੇਸਾਂ ਵੇਖਣੀਆਂ ਛੱਡ ਦਿੱਤੀਆਂ ਸੀ , ਜਿਸ ਐਤਵਾਰ ਨੂੰ ਪੈਸੇ ਦੀ ਤੰਗੀ ਖੁਣੋਂ ਫੌਜੀ ਤੋਂ ਸ਼ਹੀਦ ਹੋ ਗਏ ਸਾਡੇ ਪਿੰਡ ਦੀ ਇੱਕ ਮਾਂ ਨੂੰ ਬੈਂਕ ‘ਚੋਂ ਨਿਕਲਦਿਆਂ ਆਵਦੇ ਪੁੱਤ ਦੀ ‘ਕਮਾਈ’ ਨੂੰ ਇੱਕ ਚੋਰ ਦੇ ਹੱਥੀਂ ਜਾਂਦੀ ਵੇਖ ਸਾਡੇ ਪਿੰਡ ਆਲੇ ਸ਼ਿੰਗਾਰੇ ਭਲਵਾਨ ਨੇ ਬੁਲਟ ਦੀ ਬੁਲਟ ਟਰੇਨ ਬਣਾ ਕੇ ਉਹਨੂੰ ਗੋਡਿਆਂ ਥੱਲ੍ਹੇ ਧਰ ਲਿਆ ਸੀ ।
ਮੈਨੂੰ ਚੰਗਾ ਲਗਦਾ ਕਿਸੇ ਨੂੰ ਵੀ ਸੁਣਨਾ , ਉਹਨੂੰ ਆਪਣੇ ਸਾਹਮਣੇ ਇਸ ਕਾਬਿਲ ਬਣਾ ਕੇ ਪੇਸ਼ ਕਰਨਾ ਕਿ “ਮੈਂ ਹੈਗਾਂ , ਚੱਕਰ ਈ ਕੋਈ ਨੀ” , ਜੀਹਦੇ ਨਾਲ ਦਸ ਸਾਲ ਪਹਿਲਾਂ ਪਿਆਰ ਸੀ ਉਹਦੇ ਨਾਲ ਅੱਜ ਵੀ ਪਿਆਰ ਤੇ ਜਿਹੜੇ ਲਿਸਟ ‘ਚੋਂ ਛੇਕੇ ਹੋਏ ਨੇ ਉਹ ਦਸ ਸਾਲਾਂ ਬਾਅਦ ਵੀ ਛੇਕੇ ਹੀ ਮਿਲਣਗੇ ।
ਮਹਿੰਗਿਆਂ ਮੌਲਾਂ ਦੇ ਲਿਬਾਸਾਂ ਦੀ ਬੁਣਤੀ ਮੇਰੇ ਨੱਕ ਥੱਲ੍ਹੇ ਰੱਬ ਜਾਣੇ ਕਿਉਂ ਨਹੀਂ ਆਉਂਦੀ … ਸੂਫ਼ੀ ਰੂਹ ਸਾਈਂ ਜ਼ਹੂਰ ਅਹਿਮਦ ਦਾ ਪਹਿਰਾਵਾ ਤੇ ਉਹਦੇ ਤੂੰਬੇ ਤੇ ਬੰਨ੍ਹੇ ਲਮਕਦੇ ਹੋਏ ਡੋਰੇ ਮੈਂ ਦਿਨ – ਰਾਤ ਵੇਖ ਸਕਦਾਂ।
ਉਲੰਪਿਕਸ ਦੇ ਖੇਡ ਮੈਦਾਨਾਂ ਵਿੱਚ ਵਾਲੀਬਾਲ ਦੇ ਫਾਇਨਲਾਂ ਵਿੱਚ ਭਿੜਦੇ ਚੋਟੀ ਦੇ ਪਲੇਅਰ ਮੈਨੂੰ ਪ੍ਰਭਾਵਿਤ ਹੀ ਨਹੀਂ ਕਰਦੇ .., ਮੈਨੂੰ ਤੇ ਬਸ ਆਪਣੇ ਪਿੰਡ ਵਾਲੇ ਕੋਚ ਸਰਵਣ ਸੰਧੂ ਦਾ ਖੱਬੇ ਹੱਥ ਦੀਆਂ ਦੋ ਉੰਗਲਾਂ ਨਾਲ ਬਲੌਕਰ ਦੇ ਪੈਰਾਂ ‘ਚ ਸੁੱਟਿਆ ਡਰੌਪ ਹੀ ਨਹੀਂ ਭੁੱਲਦਾ , ਜੇ ਮੇਰੇ ਕੋਲ ਸੋਨੇ ਦੀਆਂ ਮੋਹਰਾਂ ਦੀ ਭਰੀ ਗਾਗਰ ਹੋਵੇ ਤਾਂ ਕੋਚ ਸਾਬ੍ਹ ਦੇ ਪਿਤਾ ਜੀ ਸਰਦਾਰ ਬਾਪੂ ਚੰਨਣ ਸਿੰਘ ਦੇ ਪੈਰਾਂ ‘ਚ ਰੱਖ ਕੇ ਕਹਾਂ ਕਿ ‘ਧੰਨਵਾਦ ਇਸ ਦਾਨਿਸ਼ਵਰ ਬੰਦੇ ਨੂੰ ਜੰਮਣ ਲਈ ਜੀਹਨੇ ਸਾਡਾ ਸਾਰਾ ਪਿੰਡ ਬਿਸਤਰਿਆਂ ‘ਚੋਂ ਕੱਢ ਕੇ ਖੇਡ – ਮੈਦਾਨ ‘ਚ ਉੱਡਣ ਜੋਗਾ ਕਰਤਾ’ ।
ਅਖ਼ਬਾਰ ਪੜ੍ਹਦਿਆਂ ਉਸ ਦਿਨ ਮੈਂ ‘ਵਿਰਾਸਤ’ ਸ਼ਬਦ ਦੇ ਅਰਥ ਗੂੜ੍ਹੀ ਤਰਾਂ ਸਮਝ ਗਿਆ ਸੀ , ਜਿਸ ਦਿਨ ਮੈਂ ਅੰਬਾਨੀ ਵੱਲੋਂ ਆਪਣੇ ਮੁੰਡੇ ਨੂੰ ਗਿਫ਼ਟ ਕੀਤੀ ਗੱਡੀ ਦੀ ਫੋਟੋ ਹਜੇ ਵੇਖ ਹੀ ਰਿਹਾ ਸੀ ਕਿ ਚਾਚੇ ਨੇ ‘ਵਾਜ ਮਾਰ ਕੇ ਵੱਟਾਂ ਪਾਉਣ ਵਾਲੇ ਜਿੰਦਰੇ ਨੂੰ ਮੇਰਾ ਹੱਥ ਪਵਾਉਣ ਤੋਂ ਪਹਿਲਾਂ ਬੱਦਲਾਂ ਵੱਲ ਨੂੰ ਵੇਖ ਕਿ ਖਣੀਂ ਸ਼ੁਕਰਾਨਾ ਜਾਂ ਨਵੇਂ ਰੰਗਰੂਟ ਦੀ ਭਰਤੀ ਲਈ ਬਲ਼ ਮੰਗਿਆ ਸੀ .. ਜੋ ਅੱਗੇ ਚਲ ਕਿ ਮੇਰੀਆਂ ਲਿਖਤਾਂ ਦੀ ਜਾਨ ਬਣਿਆ.. , ਹੁਣ ਵੀ ਜਦੋਂ ਪਿੰਡ ਵੀਡਿਉ ਕਾਲ ਕਰਦਾਂ ਤਾਂ ਡਿਪਰੈਸ਼ਨ ਤੇ ਕਿਤੇ ਭਾਲਿਆਂ ਨੀਂ ਲੱਭਦਾ , ਬਸ ਆਉਂਦੇ – ਜਾਂਦੇ ਰਾਹੀਆਂ ਨੂੰ ਹੱਥ ਈ ਖੜੇ ਹੁੰਦੇ ਦਿਸਦੇ ਆ ਤੇ ਨਾਲ ਹਰ ਵਾਰੀਂ ਇਹੋ ਦੋ ਵਾਕ ਸਾਡੇ ਆਲਿਆਂ ਦੇ ਮੂੰਹ ਤੇ ਹੁੰਦੇ …”ਆਜੋ ਭਾਊ ਜੀ………ਘੁੱਟ – ਘੁੱਟ ਚਾਹ ਹੋਜੇ” ……!!
✍🏻ਰਣਜੀਤ ਸੰਧੂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)