ਢੁਡੀਕੇ ਤੋਂ ਮੋਗੇ ਦਾ ਕਿਰਾਇਆ ਦੋ ਪੈਸੇ ਹੋਇਆ ਕਰਦਾ ਸੀ..
ਮੈਂ ਮਾਲਵਾ ਟ੍ਰਾੰਸਪੋਰਟ ਦੀ ਬੱਸ ਫੜ ਲਾਹੌਰ ਅੱਪੜ ਜਾਇਆ ਕਰਦਾ..
ਸਾਰਾ ਦਿਨ ਘੁੰਮ ਫੇਰ ਆਥਣ ਵੇਲੇ ਓਸੇ ਬੱਸ ਤੇ ਵਾਪਿਸ ਮੋਗੇ ਮੁੜ ਆਉਂਦਾ ਤੇ ਓਥੋਂ ਪਿੰਡ!
ਮਿੰਟਗੁਮਰੀ ਮੇਰੇ ਨਾਨਕੇ ਪਿੰਡ ਇੱਕ ਕਤਲ ਹੋ ਗਿਆ..!
ਇੱਕ ਜਿਗਰੀ ਯਾਰ ਨੂੰ ਬੇਕਸੂਰ ਹੁੰਦਿਆਂ ਹੋਇਆ ਵੀ ਫਾਂਸੀ ਹੋ ਗਈ..
ਇਸ ਧੱਕੇ ਸ਼ਾਹੀ ਤੋਂ ਦੁਖੀ ਹੋ ਕੇ “ਸੱਚ ਨੂੰ ਫਾਂਸੀ”ਨਾਮ ਦਾ ਨਾਵਲ ਲਿਖਿਆ!
ਸ਼੍ਰੋਮਣੀ ਕਮੇਟੀ ਅਮ੍ਰਿਤਸਰ ਅੱਸੀ ਰੁਪਈਏ ਮਹੀਨੇ ਤੇ ਕੰਮ ਕਰਦਿਆਂ ਕਾਫੀ ਵੱਡੇ ਵੱਡੇ ਲੋਕ ਮਿਲਣ ਆਇਆ ਕਰਦੇ!
ਨਾਨਕ ਸਿੰਘ ਨੂੰ ਕਿਸੇ ਮਿਹਣਾ ਮਾਰਿਆ ਅਖ਼ੇ ਅੰਮ੍ਰਿਤਸਰ ਜਾ ਕੇ ਵੇਖ..ਤੇਰਾ ਸ਼ਰੀਕ ਜਨਮ ਪਿਆ ਈ..!
ਵਾਕਿਆ ਹੀ ਨਾਨਕ ਸਿੰਘ ਮੈਨੂੰ ਮਿਲਣ ਆ ਗਿਆ..
ਮੇਰੀਆਂ ਲਿਖਤਾਂ ਤੋਂ ਪ੍ਰਭਾਵਿਤ ਹੋ ਕੇ ਆਖਣ ਲੱਗਾ “ਕੰਵਲ” ਇਥੇ ਨੌਕਰੀ ਕਰਦਿਆਂ ਕਿਧਰੇ ਅਕਾਲੀਆਂ ਵਰਗਾ ਹੀ ਨਾ ਹੋ ਜਾਵੀਂ..!
ਉਸ ਦਿਨ ਮਗਰੋਂ ਸਿਆਸਤ ਤੋਂ ਤੌਬਾ ਕਰ ਲਈ..ਨਾਵਲ ਲਿਖਣੇ ਬੇਹਤਰ ਸਮਝਿਆ..ਪਰ ਸੱਚ ਨੂੰ ਫਾਂਸੀ ਅਜੇ ਰੁਕੀ ਨਹੀਂ..ਇਹ ਅੱਜ ਵੀ ਸ਼ਰੇਆਮ ਸੂਲੀ ਤੇ ਟੰਗਿਆ ਜਾ ਰਿਹਾ ਏ!
ਕੁਤਬ ਮੀਨਾਰ ਦਾ ਸਿਰਜਣਹਾਰ ਅਤੇ ਹਿੰਦੁਸਤਾਨ ਦਾ ਬਾਦਸ਼ਾਹ ਕੁਤੁਬ-ਦੀਨ-ਐਬਕ (1150-1210)..
ਦੱਸਦੇ ਸ਼ਿਕਾਰ ਖੇਡਦਿਆਂ ਤੀਰ ਇੱਕ ਮੁੰਡੇ ਦੇ ਜਾ ਵਜਿਆ ਤੇ ਉਸਦੀ ਮੌਤ ਹੋ ਗਈ!
ਮ੍ਰਿਤਕ ਮਾਂ ਦਾ ਇਕਲੌਤਾ ਕਮਾਊ ਪੁੱਤ ਸੀ
ਬਾਦਸ਼ਾਹ ਨੇ ਅਗਲੇ ਦਿਨ ਖੁਦ ਤੇ ਕਤਲ ਦਾ ਮੁਕਦਮਾ ਵੀ ਚਲਵਾ ਦਿੱਤਾ!
ਕਾਜੀ ਨੇ ਬਾਦਸ਼ਾਹ ਮੁੰਡੇ ਦੀ ਮਾਂ ਦੇ ਹਵਾਲੇ ਕਰ ਦਿੱਤਾ ਤੇ ਆਖਿਆ ਕੇ ਜੋ ਮਰਜੀ ਚਾਹਵੇ ਸਜਾ ਦੇ ਸਕਦੀ ਏ!
ਮਾਂ ਆਖਣ ਲੱਗੀ ਕੇ ਹਿੰਦੁਸਤਾਨ ਦੇ ਬਾਦਸ਼ਾਹ ਕੋਲੋਂ ਗਲਤੀ ਨਾਲ ਕਤਲ ਹੋ ਗਿਆ ਹੋਵੇ ਤੇ ਉਹ ਸਮਰਥ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਕਨੂੰਨ ਦੇ ਹਵਾਲੇ ਕਰ ਦੇਵੇ..
ਮੇਰੇ ਧੰਨ ਭਾਗ ਕੇ ਮੈਂ ਏਨੇ ਇਨਸਾਫ ਪਸੰਦ ਰਾਜ ਵਿਚ ਜੀਵਨ ਜੀ ਰਹੀ ਹਾਂ..
ਮੈਂ ਉਸਨੂੰ...
ਬਰੀ ਕਰਦੀ ਹਾਂ!
ਕਾਜੀ ਬਾਦਸ਼ਾਹ ਨੂੰ ਆਖਣ ਲੱਗਾ “ਜੇ ਤੂੰ ਅੱਜ ਬਤੌਰ ਬਾਦਸ਼ਾਹ ਕਿਸੇ ਕਨੂੰਨੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਈ ਰੱਤੀ ਭਰ ਵੀ ਕੋਸ਼ਿਸ਼ ਕੀਤੀ ਹੁੰਦੀ ਤਾਂ ਮੈਂ ਤੈਨੂੰ ਮਿਰਤਕ ਦੀ ਮਾਂ ਦੇ ਹਵਾਲੇ ਕਰਨ ਦੀ ਥਾ ਖੁਦ ਫਾਂਸੀ ਦੀ ਸਜਾ ਸੁਣਾ ਦੇਣੀ ਸੀ”
ਅੱਗੋਂ ਡੱਬ ਵਿਚ ਲੁਕਾਇਆ ਖੰਜਰ ਵਿਖਾਉਂਦਾ ਆਖਣ ਲੱਗਾ ਕੇ ਕਾਜੀ ਸਾਬ ਜੇ ਤੂੰ ਵੀ ਅੱਜ ਮੇਰੀ ਬਾਦਸ਼ਾਹੀ ਨੂੰ ਮੱਦੇ ਨਜਰ ਫੈਸਲਾ ਸੁਣਾਉਣ ਵੇਲੇ ਰੱਤੀ ਭਰ ਵੀ ਰਿਆਇਤ ਕੀਤੀ ਹੁੰਦੀ ਤਾਂ ਇਹ ਖੰਜਰ ਮੈਂ ਖੁਦ ਆਪਣੇ ਸੀਨੇ ਵਿਚ ਖੋਬ ਲਿਆ ਹੁੰਦਾ!
ਦੋਸਤੋ ਇਹ ਓਸੇ ਹਿੰਦੁਸਤਾਨ ਦੀ ਕਨੂੰਨ ਵਿਵਸਥਾ ਦਾ ਸਰੂਪ ਹੋਇਆ ਕਰਦਾ ਸੀ ਜਿਥੇ ਅੱਜ ਨਿਸ਼ਾਨ ਸਾਹਿਬ ਸਾਬ ਵੀ ਖਾਲਿਸਤਾਨ ਦਾ ਪ੍ਰਤੀਕ ਕਰਾਰ ਦੇ ਦਿੱਤਾ ਗਿਆ!
ਮਹਾਰਾਜਾ ਰਣਜੀਤ ਸਿੰਘ ਦੇ ਚਾਲੀ ਸਾਲ (1799-1839)
ਨਾ ਕਿਸੇ ਨੂੰ ਫਾਂਸੀ ਹੋਈ..ਨਾ ਬਗਾਵਤ ਨੇ ਸਿਰ ਚੁੱਕਿਆ ਤੇ ਨਾ ਹੀ ਕਦੀ ਕੋਈ ਦੰਗਾ ਫਸਾਦ ਹੋਇਆ..ਤੇ ਨਾ ਹੀ ਕਦੀ ਅਨਾਜ ਦੀ ਕਮੀਂ ਹੀ ਹੋਈ ਸੀ..!
ਬਦਕਿਸਮਤੀ ਨਾਲ ਸੁਨਹਿਰੀ ਇਤਿਹਾਸ ਦੇ ਮਜਬੂਤ ਤਣਿਆਂ ਨੂੰ ਵੱਢਦੀ ਹੋਈ ਕੁਲਹਾੜੀ ਨੂੰ ਲੱਕੜ ਦਾ ਦਸਤਾ ਵੀ ਇਸੇ ਜੰਗਲ ਨੇ ਹੀ ਪ੍ਰਦਾਨ ਕੀਤਾ ਏ..!
ਪਰ ਕੁਦਰਤ ਦੇ ਨਿਜ਼ਾਮ ਦੀ ਇਕ ਖੂਬੀ ਇਹ ਵੀ ਏ ਕੇ ਕਈ ਵਾਰ ਐਸਾ ਚੱਕਰ ਚੱਲਦਾ ਏ ਕੇ ਹਰ ਵੇਲੇ ਹੀ ਉਚੀ ਹਵਾ ਵਿਚ ਪਰਵਾਜ਼ ਕਰਦੇ ਰਹਿਣ ਵਾਲਿਆਂ ਨੂੰ ਵੀ ਇੱਕ ਦਿਨ ਅਖੀਰ ਓਹਨਾ ਦਾ ਆਸਰਾ ਲੈਣਾ ਪੈ ਹੀ ਜਾਂਦਾ ਜਿਹੜੇ ਉਸਨੂੰ ਉਚਾਈ ਤੋਂ ਕਦੀ ਵੀ ਭੋਏਂ ਤੇ ਰੀਂਗਦੇ ਹੋਏ ਮਾਮੂਲੀ ਕੀੜਿਆਂ ਤੋਂ ਵੱਧ ਨਹੀਂ ਸਨ ਲੱਗੇ!
ਹਰਪ੍ਰੀਤ ਸਿੰਘ ਜਵੰਦਾ