ਮਿੰਨੀ ਕਹਾਣੀ
ਵਰ
ਅੱਜ ਉਹ ਮੈਨੂੰ ਵਿਆਹ ਤੋਂ ਬਾਅਦ ਬਹੁਤ ਚਿਰ ਮਗਰੋਂ ਮਿਲੀ। ਪਰ ਮੈਂ ਹੈਰਾਨ ਹੋਈ ਉਸ ‘ਚ ਆਈ ਤਬਦੀਲੀ ਨੂੰ ਤੱਕੀ ਜਾ ਰਹੀ ਸੀ । ਉਸ ਦੇ ਸਰੀਰ ਤੇ ਕੋਈ ਗਹਿਣਾ ਨਹੀਂ ਸੀ । ਇਕਦਮ ਸਾਧਾਰਨ ਜਿਹੇ ਪਹਿਰਾਵੇ ‘ਚ ਸਾਧਾਰਨ ਜਿਹੀ ਲੱਗਦੀ ਉਹ ਬੇਹੱਦ ਖ਼ੁਸ਼ ਸੀ। ਮੈਨੂੰ ਯਾਦ ਆਇਆ ਕਿ ਕਾਲਜ ਪੜ੍ਹਦਿਆਂ ਤਾਂ ਉਹ ਘੜੀ ਕੁ ਪਿੱਛੋਂ ਸ਼ੀਸ਼ਾ ਕੱਢ ਕੇ ਦੇਖਦੀ ਹੁੰਦੀ ਸੀ ਕੇ ਕਿੱਧਰੇ ਮੇਕਅੱਪ ਵਿਗੜ ਤਾਂ ਨਹੀਂ ਗਿਆ ਜਾਂ ਵਾਲ਼ ਕਿੱਧਰੇ ਖਿੱਲਰ ਤਾਂ ਨਹੀਂ ਗਏ ।
ਮੈਂ ਉਸ ਤੋਂ ਹੈਰਾਨੀ ‘ਚ ਉਸ ‘ਚ ਉਸ ਚ ਆਈ ਇੰਨੀ ਸਾਰੀ ਤਬਦੀਲੀ ਦਾ ਕਾਰਨ ਪੁੱਛਿਆ। ਉਹ ਬੋਲੀ ,”ਤੈਨੂੰ ਨੀ ਪਤਾ ,ਮੇਰੇ ਪਤੀ ਅੰਮ੍ਰਿਤਧਾਰੀ ਨੇ ਤੇ ਉਨ੍ਹਾਂ ਨੇ ਮੈਨੂੰ ਵੀ ਅੰਮ੍ਰਿਤ...
ਛਕਾ ਦਿੱਤਾ ਹੈ ਤੇ ਉਨ੍ਹਾਂ ਨੂੰ ਮੇਰਾ ਇਹ ਹੀ ਰੂਪ ਪਸੰਦ ਹੈ । ਫੇਰ ਮੈਨੂੰ ਕੀ ਲੋੜ ਏ ਝੰਜਟਾਂ ‘ਚ ਪੈਣ ਦੀ ? ਨਾਲੇ ਤੈਨੂੰ ਪਤੈ ਅਸੀਂ ਸਵੇਰੇ-ਸ਼ਾਮ ਇਕੱਠੇ ਬੈਠ ਕੇ ਪਾਠ ਵੀ ਕਰਦੇ ਆਂ । ” ਉਹ ਗੱਲਾਂ ਕਰਦੀ- ਕਰਦੀ ਹੱਸੀ ਜਾ ਰਹੀ ਸੀ । ਮੈਨੂੰ ਉਸ ਦਾ ਇਹ ਰੂਪ ਦੇਖ ਕੇ ਬੇਅੰਤ ਖ਼ੁਸ਼ੀ ਹੋਈ ਤੇ ਮੈਂ ਕਾਮਨਾ ਕੀਤੀ ਕਿ ਹਰ ਲੜਕੀ ਨੂੰ ਇਵੇਂ ਦਾ ਹੀ ਯੋਗ ਵਰ ਮਿਲੇ ।
ਲੇਖਿਕਾ ਮਨਪ੍ਰੀਤ ਕੌਰ ਭਾਟੀਆ,
ਐਮ. ਏ ,ਬੀ .ਐੱਡ ।
ਫਿਰੋਜ਼ਪੁਰ ਸ਼ਹਿਰ ।