More Punjabi Kahaniya  Posts
ਮੁਸ਼ਕਿਲਾਂ


ਸਾਹਮਣੇ ਵਾਲੇ ਖਾਲੀ ਪਲਾਟ ਵਿਚ ਕੋਠੀ ਬਣ ਰਹੀ ਸੀ..
ਮੈਂ ਆਪਣੇ ਗੇਟ ਤੇ ਕੁਰਸੀ ਡਾਹ ਕੇ ਬੈਠਾ ਅਖਬਾਰ ਪੜ੍ਹਦਾ ਹੋਇਆ ਅਕਸਰ ਦੇਖਦਾ ਕਿ ਮਜਦੂਰਾਂ ਦੇ ਬੱਚੇ ਰੋਜ ਹੀ ਇੱਕ ਦੂਜੇ ਦੀ ਕਮੀਜ ਫੜ ਗੱਡੀ ਬਣਾ ਕੇ ਖੇਡਦੇ ਰਹਿੰਦੇ..ਇੱਕ ਅਗਲੇ ਦੀ ਕਮੀਜ ਪਿੱਛਿਓਂ ਫੜ ਲੈਂਦਾ ਤੇ ਦੂਸਰਾ ਉਸਦੀ ਪਿੱਛੋਂ..ਇੰਝ ਕਦੀ ਕੋਈ ਇੰਜਣ ਬਣ ਜਾਂਦਾ..ਓਹੀ ਅਗਲੇ ਦਿਨ ਵਿਚਕਾਰਲਾ ਡੱਬਾ ਬਣ ਜਾਂਦਾ..ਸਾਰੇ ਵਾਰੀਆਂ ਬਦਲਦੇ ਰਹਿੰਦੇ..ਪਰ ਗੌਰਤਲਬ ਸੀ ਇੱਕ ਨਿੱਕਾ ਜਿਹਾ ਮੁੰਡਾ ਹਮੇਸ਼ਾਂ ਸਭ ਤੋਂ ਪਿਛਲੇ ਪਾਸੇ “ਗਾਰਡ ਦਾ ਡੱਬਾ” ਹੀ ਬਣਦਾ
ਇੱਕ ਦਿਨ ਸੈਨਤ ਮਾਰ ਕੋਲ ਸੱਦ ਲਿਆ..ਰੋਜ ਰੋਜ ਸਭ ਤੋਂ ਪਿੱਛੇ ਗਾਰਡ ਬਣਨ ਦਾ ਕਾਰਨ ਪੁੱਛਿਆ..!
ਹੱਸ ਪਿਆ..ਆਖਣ ਲੱਗਾ ਕਿ ਅੰਕਲ ਜੀ ਮੇਰੇ ਕੋਲ ਗਲ ਪਾਉਣ ਨੂੰ ਕਮੀਜ ਹੈਨੀਂ..ਸੋ ਜੇ ਇੰਜਣ ਬਣ ਗਿਆ ਤਾਂ ਪਿਛਲਾ ਮੇਰੀ ਕਮੀਜ ਕਿੱਦਾਂ ਫੜੂ..ਏਨੀ ਗੱਲ ਦੱਸਦਾ ਉਹ ਰੋਇਆ ਨਹੀਂ..ਨਾ ਹੀ ਜਜ਼ਬਾਤੀ ਹੀ ਹੋਇਆ..!
ਪਰ ਜਾਂਦਾ ਹੋਇਆ ਮੈਨੂੰ ਜਰੂਰ ਭਾਵੁਕ ਕਰ ਗਿਆ..ਇੱਕ ਸਬਕ ਸਿਖਾ ਗਿਆ ਕਿ ਹਰੇਕ ਦੀ ਜ਼ਿੰਦਗੀ ਵਿਚ ਕੋਈ ਨਾ ਕੋਈ ਕਮੀਂ ਜਰੂਰ ਰਹਿੰਦੀ ਏ..ਸਰਬ ਕਲਾ ਸੰਪੂਰਨ ਕੋਈ ਨੀ ਹੁੰਦਾ..ਹਾਲਾਤ ਨਾਲ ਸਮਝੌਤਾ ਕਰਨਾ ਆਉਣਾ ਚਾਹੀਦਾ..ਉਹ ਤਿੰਨ-ਚਾਰ ਸਾਲ ਦਾ ਮਾਸੂਮ ਮਾਂ ਪਿਓ ਅੱਗੇ ਆਕੜ ਵੀ ਸਕਦਾ ਸੀ ਕਿ ਮੈਨੂੰ ਵੀ ਕਮੀਜ ਲੈ ਕੇ ਦਿਓ..ਪਰ ਹਾਲਾਤ ਮੁਤਾਬਿਕ ਸਮਝੌਤਾ ਕਰ ਖੇਡ ਦਾ ਹਿੱਸਾ ਬਣ ਗਿਆ!
ਮੇਰੇ ਸਾਹਮਣੇ ਪਈ ਅਖਬਾਰ ਵਿਚ ਨਿੱਕੀ ਜਿੰਨੀ ਖਬਰ ਸੀ..”ਨੌਵੀ ਵਿਚ ਪੜਦੇ ਨੇ ਬੁਲੇਟ ਮੋਟਰਸਾਈਕਲ ਨਾ ਮਿਲਣ ਤੇ ਗੱਡੀ ਹੇਠ ਸਿਰ ਦੇ ਦਿੱਤਾ”
ਫੇਰ ਓਥੇ ਬੈਠਾ ਸੋਚਦਾ ਰਿਹਾ ਕਿ ਅਸੀ ਨਾ-ਸ਼ੁਕਰੇ ਜ਼ਿੰਦਗੀ ਨਾਲ ਸ਼ਿਕਾਇਤਾਂ ਕਰਦੇ ਰੋਂਦੇ ਖਪਦੇ ਹੀ ਰਹਿੰਦੇ ਹਾਂ…
ਕਦੀ ਰੰਗ ਗੋਰਾ ਨੀ..ਕਦੀ ਨੈਣ ਨਕਸ਼ ਸੋਹਣੇ ਨੀ..ਕਦੇ ਕੱਦ ਛੋਟਾ, ਕਦੀ ਪਤਲਾਪਣ ਤੇ ਕਦੀ ਢਿੱਡ ਮੋਟਾ..
ਕਦੀ ਗੁਆਂਢੀ ਵਰਗੀ ਮਹਿੰਗੀ ਕਾਰ ਹੈਨੀ..
ਕਦੀ ਗੁਆਂਢਣ ਦਾ ਨੌ ਲੱਖਾ ਹਾਰ ਤੇ ਕਦੀ ਆਈਲੈਟਸ ਵਿਚੋਂ ਘੱਟ ਬੈਂਡਸ..
ਕਦੀ ਅੰਗਰੇਜੀ, ਕਦੀ ਬੈੰਕ ਬੈਲੇਂਸ ਤੇ ਕਦੀ...

ਧੰਦੇ ਅਤੇ ਬੇਰੁਜ਼ਗਾਰੀ ਦੀ ਮਾਰ..
ਕਦੀ ਵੀਜਾ ਨੀ ਲੱਗਾ..ਤੇ ਕਦੀ ਮਨਪਸੰਦ ਹਾਣੀ ਨਹੀਂ ਮਿਲਿਆ..ਕਦੀ ਦਾਜ ਵਿਚ ਕਾਰ ਰਹਿ ਗਈ..
ਕਦੀ ਜੋ ਕੋਲ ਹੈ ਉਹ ਗਵਾਚ ਹੀ ਨਾ ਜਾਵੇ..ਚੋਵੀ ਘੰਟੇ ਬੱਸ ਇਸੇ ਦਾ ਫਿਕਰ..ਤੇ ਕਦੀ ਜੋ ਮਿਲਿਆ ਉਹ ਗਵਾਂਢੀ ਨਾਲੋਂ ਬਹੁਤ ਘੱਟ…
ਇਸ ਸਾਰੇ ਵਿਚੋਂ ਬਾਹਰ ਆਉਣਾ ਪੈਣਾ..ਜੋ ਹੈ ਓਸੇ ਵਿਚ ਰਹਿਣ ਦੀ ਜੀਵਨ ਜਾਂਚ ਸਿੱਖਣੀ ਪੈਣੀ।
ਨਿੱਕੀ ਚਿੜੀ ਤਾਕਤਵਰ ਚੀਲ ਨੂੰ ਉੱਚੇ ਅਸਮਾਨ ਚ ਉੱਡਦਿਆਂ ਦੇਖ ਕਦੀ ਡਿਪਰੈਸ਼ਨ ਵਿਚ ਨਹੀਂ ਗਈ..
ਕੱਛੂਕੁੰਮਾ ਸਾਹੇ ਦੀ ਤੇਜ ਰਫ਼ਤਾਰ ਤੋਂ ਕਦੀ ਨਹੀਂ ਸੜਿਆ..ਤੇ ਨਾ ਹੀ ਸਾਹੇ ਨੂੰ ਕੱਛੂ ਦੀ ਲੰਮੀ ਉਮਰ ਤੋਂ ਕਦੀ ਜੈਲਸੀ ਹੋਈ..
ਨਾ ਕਦੀ ਹਿਰਨ ਤੋਤੇ ਮੱਝਾਂ ਗਾਵਾਂ ਨੇ ਕੋਈ ਰਿਟਾਇਰਮੈਂਟ ਪਲਾਨ ਹੀ ਲਿਆ… ਤਾਂ ਵੀ ਰੱਬ ਦੀ ਰਜਾ ਵਿਚ ਹਮੇਸ਼ਾ ਖੁਸ਼..ਹਰੇਕ ਆਪਣੀ ਤੋਰੇ ਤੁਰਿਆ ਰਹਿੰਦਾ ਏ..!

ਬਸ ਇਨਸਾਨ ਹੀ ਆਪਣੇ ਕੋਲੋਂ ਅੱਗੇ ਲੰਘਦੇ ਹੋਏ ਨੂੰ ਦੇਖ ਆਪਣੀ ਰਫ਼ਤਾਰ ਵਧਾ ਲੈਂਦਾ ਤੇ ਫੇਰ ਭੰਬਲਬੂਸੇ ਵਿੱਚ ਹੋਏ ਹਾਦਸੇ ਵਿਚ ਸਭ ਕੁਝ ਗਵਾ ਸਾਰੀ ਉਮਰ ਰੋਣੇ ਰੋਂਦਾ ਹੀ ਰਹਿ ਜਾਂਦਾ..!
ਜਨੌਰ ਸਾਨੂੰ ਸਿਖਾਉਂਦੇ ਨੇ ਕਿ ਰੀਸ ਤੋਂ ਬਚੋ ਤੇ ਖੁਸ਼ ਰਹੋ..ਖਾਲੀ ਹੱਥ ਆਏ ਹਾਂ ਤੇ ਖਾਲੀ ਹੱਥ ਹੀ ਜਾਣਾ ਏ..ਕਹਿਣਾ ਔਖਾ ਏ ਪਰ ਕਰ ਕੇ ਜਰੂਰ ਦੇਖਿਓ..ਨਾ ਕਿਸੇ ਨਾਲ ਈਰਖਾ ਤੇ ਨਾ ਹੀ ਕਿਸੇ ਨਾਲ ਮੁਕਾਬਲਾ..ਆਪਣੀ ਤੋਰੇ ਤੁਰ ਕੇ ਦੇਖਿਓ ਕਿੰਨਾ ਅਨੰਦ ਆਉਂਦਾ ਏ ਜਿਊਣ ਦਾ..!
ਦੋਸਤੋ ਮੁੱਕਦੀ ਗੱਲ ਇਹ ਹੈ ਕਿ ਹਾਲਾਤ ਕਦੀ ਮੁਸ਼ਕਿਲ ਨਹੀਂ ਬਣਦੇ..ਸਗੋਂ ਮੁਸ਼ਕਿਲਾਂ ਓਦੋਂ ਪਹਾੜ ਬਣ ਰਾਹ ਡੱਕ ਲੈਂਦੀਆਂ ਜਦੋਂ ਇਨਸਾਨ ਨੂੰ ਹਾਲਾਤ ਨਾਲ ਨਜਿੱਠਣਾ ਨਹੀਂ ਆਉਂਦਾ..!

(ਲੇਖ ਦਾ ਮੂਲ ਸਿਰਜਣਹਾਰ ਮੈਂ ਨਹੀਂ ਹਾਂ ਸਿਰਫ ਪੰਜਾਬੀ ਅਨੁਵਾਦ ਮੇਰਾ ਹੈ)
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)