ਆਪਾਂ ਕਿੱਥੇ ਮਿਲੇ ਸੀ
—————————————————।
ਪਿਛਲੇ ਕੁੱਝ ਕੁ ਮਹੀਨੇ ਪਹਿਲਾਂ ਫੇਸ ਬੁੱਕ ਤੇ ਇਕ ਰਿਵਾਜ ਚੱਲ ਪਿਆ ਇਕ ਦੂਜੇ ਨੂੰ ਇਹ ਪੁੱਛਣ ਦਾ
“ ਦੋਸਤੋ ਪਹਿਲੀ ਵਾਰ ਆਪਾਂ ਕਿੱਥੇ ਮਿਲੇ ਸੀ “ ।
ਇਹੋ ਜਿਹੀਆਂ ਪੋਸਟਾਂ ਪੜ੍ਹ ਕੇ ਮੈਨੂੰ ਇਕ ਪੁਰਾਣੀ ਘਟਨਾ ਯਾਦ ਆ ਗਈ । ਸੱਤਰਵਿਆਂ ਦੇ ਦਹਾਕੇ ਵਿੱਚ ਮੇਰੇ ਨਾਨਕੇ ਪਿੰਡ (ਹਰਿਆਣੇ ਵਿੱਚ )ਦੇਸੀ ਸ਼ਰਾਬ ਬੜੇ ਜ਼ੋਰ ਸ਼ੋਰ ਨਾਲ ਨਿਕਲਦੀ ਹੁੰਦੀ ਸੀ । ਪਿੰਡ ਦੇ ਇਕ ਅਤਿ ਦਰਜੇ ਦੇ ਸ਼ਰੀਫ ਮਜਬੀ ਸਿੱਖਾਂ ਦਾ ਮੁੰਡਾ ਸ਼ਰਾਬ ਕੱਢਣ ਦੇ ਗੋਰਖ ਧੰਦੇ ਵਿੱਚ ਜੁੜ ਗਿਆ । ਉਸ ਦੇ ਪਿਤਾ ਨੂੰ ਸਾਰਾ ਪਿੰਡ ਭਗਤ ਕਹਿਕੇ ਬੁਲਾਉਂਦਾ ਸੀ । ਨਵੀਂ ਪੀੜੀ ਉਸਦੇ ਅਸਲੀ ਨਾਮ ਤੋਂ ਜਾਣਦੀ ਹੀ ਨਹੀਂ ਸੀ । ਜੱਟ ਤੇ ਸੀਰੀ ਦੇ ਪਵਿੱਤਰ ਰਿਸ਼ਤੇ ਨੂੰ ਨਿਭਾਉਣ ਵਾਲੇ ਉਸ ਭਗਤ ਕਿਰਤੀ ਕਾਮੇ ਦੀ ਸਾਰੇ ਪਿੰਡ ਵਿੱਚ ਬੜੀ ਇਜ਼ਤ ਸੀ । ਭਗਤ ਦਾ ਮੁੰਡਾ ਇਹੋ ਜਿਹਾ ਸ਼ਨਿਛਰੀ ਨਿਕਲਿਆ ਕਿ ਹਰ ਚੌਥੇ ਦਿਨ ਠਾਣੇ ਵਿੱਚੋਂ ਛੁਡਵਾਉਣ ਲਈ ਭਗਤ ਨੂੰ ਲੇਲੜੀਆਂ ਕੱਢਣੀਆਂ ਪਿਆ ਕਰਨ । ਪਿੰਡ ਦੇ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲੇ ਬੰਦੇ ਭਗਤ ਦਾ ਚੰਗਾ ਰਸੂਖ਼ ਵੇਖਕੇ ਪੈਰ ਜੁੱਤੀ ਨਾਂ ਪਾਉਦੇ, ਝੱਟ ਤੁਰ ਪੈਂਦੇ ਉਸ ਨਾਲ ਕੋਰਟ ਕਚਹਿਰੀ ਵੱਲ ।
ਇਕ ਵਾਰ ਪਿੰਡ ਦਾ ਇਕ ਵੱਡਾ ਜ਼ਿਮੀਂਦਾਰ ਦਿਹਾੜੀ ਤੇ ਕਾਮੇਂ ਪੁੱਛਣ ਲਈ ਵਿਹੜੇ ਗਿਆ । ਅੱਗੋਂ ਭੱਗਤ ਦਾ ਮੁੰਡਾ ਆਪਣੇ ਸਾਥੀਆਂ ਨਾਲ ਤਾਸ਼ ਦੀ ਬਾਜ਼ੀ ਲਾ ਰਿਹਾ ਸੀ । ਜ਼ਿਮੀਂਦਾਰ ਨੇ ਤਾਸ਼ ਵਾਲੀ ਢਾਣੀ ਨੂੰ ਪੁੱਛਿਆ , “ ਮੁੰਡਿਓ ਕੱਲ ਨੂੰ ਦਿਹਾੜੀ ਤੇ ਚੱਲੋ ਭਾਈ “ । ਤਾਸ ਖੇਡਦਿਆਂ ਵਿੱਚੋਂ ਇਕ ਨੇ ਪੁੱਛਿਆ “ ਕੀ ਕੰਮ ਐ ਜ਼ਿਮੀਂਦਾਰਾ “ ? ਸਰੋਂ ਵੱਢਣੀ ਐ, ਜ਼ਿਮੀਂਦਾਰ ਦਾ ਜਵਾਬ ਸੀ । ਭਗਤ ਦੇ ਮੁੰਡੇ ਨੇ ਪੁੱਛਿਆ, ਦਿਹਾੜੀ ਕੀ ਦੇਵੇਗਾ ਜ਼ਿਮੀਂਦਾਰਾ ? ਆਹੀ ਜਿਹੜੀ ਪਿੰਡ ਵਿੱਚ ਚਲਦੀ ਐ ਪੰਜਾਹ ਰੁਪਈਏ ।ਜ਼ਿਮੀਂਦਾਰ ਦਾ ਜਵਾਬ ਸੁਣਕੇ ਭਗਤ ਦਾ ਮੁੰਡਾ ਪੱਤਾ ਸੁੱਟ ਕੇ ਕਹਿੰਦਾ “ ਤੂੰ ਸਾਡੀ ਭੱਠੀ ਥੱਲੇ ਝੋਕਾ ਲਾ ਦੇਵੀਂ ਅਸੀਂ ਤੈਨੂੰ ਪੂਰਾ ਸੌ ਦੇ ਦਿਆਂਗੇ” । ਇਹ ਸੁਣਕੇ ਜ਼ਿਮੀਂਦਾਰ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ । ਪਹਿਲਾ ਤਾਂ ਓਹ ਭਰਿਆ ਪੀਤਾ ਪਿੰਡ ਦੇ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲ਼ਿਆਂ ਦੇ ਘਰ ਉਲ਼ਾਭੇ ਦੇ ਕੇ ਆਇਆ । ਆਖੇ ਤੁਹਾਡੇ ਚੰਭਲ਼ਾਏ ਹੋਏ ਸਾਨੂੰ ਅੱਖਾਂ ਦਿਖਾਉਂਦੇ ਐ । ਬੇਇਜ਼ਤੀ ਮੰਨ ਕੇ ਜ਼ਿਮੀਂਦਾਰ ਤੁਰ ਗਿਆ ਠਾਣੇ ਜੇਬ ਨੋਟਾਂ ਨਾਲ ਭਰਕੇ । ਅਗਲੇ ਦਿਨ ਭਗਤ ਦਾ ਮੁੰਡਾ ਪੁਲੀਸ ਆਉਂਦੀ ਵੇਖ ਪੱਤਰਾ ਵਾਚ ਗਿਆ ਤੇ ਪੰਜਾਬ ਦੀ ਹੱਦ ਵਿੱਚ ਜਾ ਵੜਿਆ ।
ਦਸ ਬਾਰਾਂ ਸਾਲ ਉਸ ਨੇ ਪਿੰਡ ਵੱਲ ਮੂੰਹ ਨਾਂ ਕੀਤਾ । ਭਗਤ ਪਿੰਡ ਦੇ ਨਾਲ ਲਗਦੀ...
ਡਰੇਨ ਦੇ ਬਣ ਰਹੇ ਪੁਲ਼ ਤੇ ਠੇਕੇਦਾਰ ਨਾਲ ਦਿਹਾੜੀ ਕਰਦਾ ਸੀ । ਇਕ ਦਿਨ ਡਰੇਨ ਦੇ ਬਣ ਰਹੇ ਪੁਲ਼ ਦੇ ਖੂਹ ਵਿੱਚ ਡਿੱਗਕੇ ਦਮ ਤੋੜ ਗਿਆ । ਭਗਤ ਦੇ ਮੁੰਡੇ ਦੀ ਕੋਈ ਉੱਘ ਸੁਘ ਨਾਂ ਨਕਲੀ । ਸਕੇ ਸੰਬੰਧੀਆਂ ਨੇ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ । ਸਾਰੇ ਪਿੰਡ ਨੇ ਭਗਤ ਦੇ ਤੁਰ ਜਾਣ ਦਾ ਅਫ਼ਸੋਸ ਮਨਾਇਆ । ਪਰ ਮੁੰਡੇ ਦਾ ਕੋਈ ਥੌਹ ਪਤਾ ਨਾਂ ਨਿਕਲਿਆ ।
ਦਸਾਂ ਕੁ ਸਾਲਾਂ ਬਾਅਦ ਇਕ ਦਿਨ ਨੇੜੇ ਦੇ ਕਸਬੇ ਵਿੱਚ ਬੱਸ ਅੱਡੇ ਤੇ ਟਰੱਕ ਯੂਨੀਅਨ ਦੇ ਪਾਲ਼ੇ ਦੋ ਵੈਲੀ ਪੁੱਤ ਮਸਾਲੇ ਦਾਰ ਗੱਲਾਂ ਸੁਣਾਕੇ ,ਕੋਲ ਖੜਿਆਂ ਨੂੰ ਹਸਾ ਹਸਾ ਕੇ ਢਿੱਡੀ ਪੀੜਾਂ ਪਾ ਰਹੇ ਸੀ । ਏਨੇ ਚਿਰ ਨੂੰ ਭਗਤ ਦਾ ਮੁੰਡਾ ਟਰੱਕ ਯੂਨੀਅਨ ਵਾਲੇ ਵੈਲੀ ਪੁੱਤਾਂ ਕੋਲ ਆ ਕੇ ਕਹਿੰਦਾ ਸੌਸਰੀਕਾਰ ਜੀ ( ਸਤਿ ਸ਼੍ਰੀ ਅਕਾਲ ਜੀ ) ।
ਟਰੱਕ ਯੂਨੀਅਨ ਵਾਲੇ ਇਨ੍ਹਾਂ ਦੋਵੇਂ ਵੈਲੀ ਪੁੱਤਾਂ ਦਾ ਅਕਸਰ ਸੁਧਾਰ ਘਰ ਚ’ ਨਾਨਕੇ ਘਰ ਵਾਂਗੂ ਜਾਣ ਆਉਣ ਬਣਿਆ ਰਹਿੰਦਾ ਸੀ । ਚੰਗਾ ਅਸਰ ਰਸੂਖ਼ ਰੱਖਣ ਵਾਲਾ ਯੂਨੀਅਨ ਪ੍ਰਧਾਨ ਇਨ੍ਹਾਂ ਦੀ ਜ਼ਮਾਨਤ ਵੀ ਕਰਵਾ ਦਿੰਦਾ ਤੇ ਲਾਹਨਤਾਂ ਵੀ ਪਾਉਂਦਾ । ਇਲਾਕੇ ਵਿੱਚ ਪ੍ਰਧਾਨ ਦਾ ਇਕ ਸਮਾਜ ਸੇਵੀ ਦੇ ਤੌਰ ਤੇ ਕਾਫ਼ੀ ਸਤਿਕਾਰ ਸੀ , ਜਿਸ ਕਰਕੇ ਵੈਲੀ ਪੁੱਤਾਂ ਨੂੰ ਵੀ ਕੋਈ ਮਾੜਾ ਨਹੀਂ ਸੀ ਕਹਿੰਦਾ ।
ਹੁਣ ਜਦੋਂ ਭਗਤ ਦੇ ਮੁੰਡੇ ਨੇ ਫ਼ਤਿਹੇ ਬੁਲਾਈ ਤਾਂ ਵੈਲੀ ਪੁੱਤਾਂ ਵਿੱਚੋਂ ਰਿੰਗ ਲੀਡਰ ਜਾਣੇ ਜਾਂਦੇ ਵੱਡੇ ਨੇ ਫਤਿਹੇ ਦਾ ਜਵਾਬ ਦੇਕੇ ਭਗਤ ਦੇ ਮੁੰਡੇ ਨੂੰ ਹੱਸ ਕੇ ਪੁੱਛਿਆ “ ਬੱਲੇ ਬੱਲੇ ਕੀ ਹਾਲ ਨੇ ਤੇਰੇ “ । ਹਾਲ ਪੁੱਛ ਕੇ ਓਹਨੇ ਆਪਣੇ ਤੋਂ ਛੋਟੀ ਪਦਵੀ ਵਾਲੇ ਵੈਲੀ ਨੂੰ ਪੁੱਛਿਆ, “ ਪਛਾਣਿਆ ਇਹਨੂੰ “ । ਓਹ ਕਹਿੰਦਾ ਨਾਂ ਮੈ ਨੀ ਪਛਾਣਿਆ । ਵੱਡੇ ਨੇ ਫੇਰ ਕਿਹਾ “ ਪਾ ਦਿਮਾਗ ਤੇ ਬੋਝ , ਕਰ ਯਾਦ, ਬੰਦਾ ਬੜਾ ਕੰਮ ਦੈ “ । ਛੋਟੇ ਰੁਤਬੇ ਵਾਲੇ ਨੇ ਭਗਤ ਦੇ ਮੁੰਡੇ ਵੱਲ ਗੌਹ ਨਾਲ ਵੇਖਿਆ ਤੇ ਫਿਰ ਆਪਣੇ ਸੀਨੀਅਰ ਵੱਲ ਮੂੰਹ ਕਰਕੇ ਕਿਹਾ , ਆਪਾਂ ਜੇਲ਼ ਵਿੱਚ ਤਾਂ ਨੀ ਮਿਲੇ ਕਿਤੇ । ਸੀਨੀਅਰ ਕਹਿੰਦਾ ਹੋਰ ਸਾਲ਼ਿਆ ਆਪਾਂ ਅਕੈਡਮੀ ਚ’ ਮਿਲੇ ਸੀ, ਇੱਕੋ ਤਾਂ ਟਿਕਾਣਾ ਐ ਆਪਣਾ । ਏਨੀ ਗੱਲ ਸੁਣਕੇ ਪਹਿਲਾਂ ਹੱਸ ਰਹੀ ਭੀੜ ਹੋਰ ਵੀ ਖਿੜ ਖੜਾ ਕੇ ਹੱਸਣ ਲੱਗ ਪਈ ।
ਹੁਣ ਜਦੋਂ ਫੇਸ ਬੁੱਕ ਤੇ ਇਹ ਪੁੱਛੇ ਜਾਣ ਦਾ ਰਿਵਾਜ ਚੱਲ ਪਿਆ ਤਾਂ ਮੈਨੂੰ ਚਾਲੀ ਸਾਲ ਪਹਿਲਾ ਵਾਲੀ ਉਪਰੋਕਤ ਗੱਲ ਯਾਦ ਆ ਗਈ ਤੇ ਇੱਕ ਦੋ ਦੋਸਤਾਂ ਦੀ ਪੋਸਟ ਤੇ ਕੁਮੈਂਟ ਕਰਕੇ ਕਹਿ ਦਿੱਤਾ “ ਮੰਗਲ ਗ੍ਰਿਹ ਤੇ “ ।
ਕੁਲਵੰਤ ਸਿੰਘ ਧਲੇਵਾਂ
ਬੁਢਲਾਡੇ ਵਾਲਾ ।