More Punjabi Kahaniya  Posts
ਅਮੀਰ


ਬੀਜੀ ਦੀ ਰੀਝ ਸੀ ਕੇ ਮੁੰਡਾ ਵੱਡੇ ਘਰ ਵਿਆਹੁਣਾ..!
ਅਖੀਰ ਢੋ ਢੁੱਕ ਹੀ ਗਿਆ..ਸਹੁਰੇ ਰਾਜਨੈਤਿਕ ਆਰਥਿਕ ਅਤੇ ਪਹੁੰਚ ਪੱਖੋਂ ਖਾਸੇ ਵੱਡੇ ਲੈਵਲ ਤੇ ਸਨ..!
ਸ਼ੁਰੂ ਸ਼ੁਰੂ ਵਿਚ ਬੜਾ ਮਾਣ ਸਤਿਕਾਰ ਮਿਲਿਆ ਅਤੇ ਇੱਕ ਦਰਮਿਆਨੇ ਪਰਿਵਾਰ ਦੀ ਊਠਾਂ ਵਾਲਿਆਂ ਨਾਲ ਪੈ ਗਈ ਯਾਰੀ ਸੌਖਿਆਂ ਹੀ ਨਿਭੀ ਗਈ..!
ਅਖੀਰ ਬੱਚੇ ਵੱਡੇ ਹੋਏ ਤਾਂ ਪੜਾਈਆਂ,ਸ਼ੌਕ,ਫੋਨ ਅਤੇ ਕਾਰਾਂ ਪੈਟਰੋਲ ਅਤੇ ਹੋਰ ਖਰਚਿਆਂ ਨੇ ਇਹਸਾਸ ਕਰਾਉਣਾ ਸ਼ੁਰੂ ਕਰ ਦਿੱਤਾ ਕੇ ਹੁਣ ਅਗਿਓਂ ਸਿਰਫ ਪ੍ਰੋਫੈਸਰ ਦੀ ਨੌਕਰੀ ਨਾਲ ਗੱਲ ਨਹੀਂ ਬਣਨੀ..!
ਨਾਲਦੀ ਨੂੰ ਹਰ ਗੱਲ ਵਿਚ ਪੇਕਿਆਂ ਦੀ ਨਕਲ ਕਰਨੀ ਪਿਆ ਕਰਦੀ..!
ਨਿਆਣਿਆਂ ਨੂੰ ਵੀ ਨਾਨਕਿਆਂ ਵੱਲ ਦੇ ਹਾਣ ਦਿਆਂ ਦੀ ਰੀਸ ਕਰਨ ਵਿਚ ਹੀ ਜਿੰਦਗੀ ਦਿਸਦੀ..!
ਇੱਕ ਦਿਨ ਰੇਸਟੌਰੈਂਟ,ਟੂਰ,ਬਾਰਾਂ ਅਤੇ ਹੋਰ ਪਾਰਟੀਆਂ ਵਾਲੇ ਬਿੱਲਾਂ ਨੇ ਆਪਣੇ ਹਿੱਸੇ ਆਉਂਦੀ ਜਮੀਨ ਵਿਕਵਾ ਦਿੱਤੀ..!
ਨਾਲਦੀ ਨੂੰ ਆਖਿਆ ਕੇ ਕੱਲ ਨੂੰ ਨਿਆਣੇ ਵਿਆਉਣੇ ਨੇ ਅਤੇ ਮੁੰਡੇ ਨੂੰ ਵੀ ਸੈੱਟਲ ਕਰਨਾ..ਥੋੜਾ ਧਿਆਨ ਨਾਲ ਉਲਾਂਘਾਂ ਪੁੱਟੀਏ ਤੇ ਅੱਗਿਓਂ ਆਖਣ ਲੱਗੀ ਓਦੋ ਦੀ ਓਦੋ ਵੇਖੀ ਜਾਊ..ਹੁਣ ਔਲਾਦ ਨੂੰ ਕਿਸੇ ਸਾਮਣੇ ਹੌਲੇ ਥੋੜੇ ਪੈਣ ਦੇਣਾ..!
ਮੁੰਡੇ ਨੂੰ ਆਖਿਆ ਕੇ ਦਿਲ ਲਾ ਕੇ ਪੜਾਈ ਕਰਿਆ ਕਰ..ਮੈਥੋਂ ਰਿਸ਼ਵਤ ਨਹੀਂ ਦਿੱਤੀ ਜਾਣੀ ਤੇ ਆਖਣ ਲੱਗਾ ਕਨੇਡਾ ਜਾ ਕੇ ਪੜਨਾ..!
ਫੇਰ ਆਈਲੈਟਸ ਵਿਚੋਂ ਬਣਦੇ ਗ੍ਰੇਡ ਨਾ ਆਏ ਤਾਂ ਪਹਿਲੀ ਵਾਰ ਆਪਣੇ ਪ੍ਰੋਫੈਸਰ ਹੋਣ ਤੇ ਸ਼ਰਮਿੰਦਗੀ ਮਹਿਸੂਸ ਹੋਈ..!
ਕਿਸੇ ਨੇ ਸਲਾਹ ਦਿੱਤੀ ਕੇ ਹੋਰ ਕਮਾਈ ਲਈ ਬਿਜਨਸ ਵਿਚ ਹੱਥ ਪੈਰ ਮਾਰੇ ਜਾਣ..ਪਰ ਓਥੇ ਵੀ ਪੈਂਦੀ ਸੱਟੇ ਧੋਖਾ ਹੋ ਗਿਆ ਤੇ ਮੁੜ ਪੈ ਗਏ ਘਾਟੇ ਦਾ ਸਾਰਾ ਭਾਂਡਾ ਮੇਰੇ ਸਿਰ ਭੰਨ ਦਿੱਤਾ ਗਿਆ..!
ਲੈਣੇ ਦੇ ਦੇਣੇ ਪੈ ਗਏ..ਵੱਡਾ ਨੁਕਸਾਨ ਕਰਵਾ ਕੇ ਬੈਠੇ ਨੂੰ ਇੰਝ ਲੱਗਿਆ ਕਰੇ ਕੇ ਹੁਣ ਸ਼ਾਇਦ ਕਦੀ ਵੀ ਉੱਪਰ ਨਹੀ ਉੱਠ ਸਕਾਂਗਾ..!
ਵਜੂਦ ਅਤੇ ਜਮੀਰ ਦੋਵੇਂ ਅਕਸਰ ਹੀ ਦਰਕਿਨਾਰ ਜਿਹੇ ਹੋਣ ਲੱਗੇ..ਨੇੜੇ ਦੇ ਰਿਸ਼ਤੇਦਾਰ ਅਣਗੌਲਿਆਂ ਕਰਨ ਲੱਗੇ..ਅੰਨੇਵਾਹ ਲੱਗੀ ਦੌੜ ਵਿਚ ਇੰਝ ਲੱਗਿਆ ਕਰੇ ਜਿੱਦਾਂ ਬਹੁਤ ਪੱਛੜ ਗਿਆ ਹੋਵਾਂ..!
ਨਾਲਦੀ ਇਸ ਸਾਰੇ ਵਰਤਾਰੇ ਲਈ ਮੈਨੂੰ ਹੀ ਜੁੰਮੇਵਾਰ ਠਹਿਰਾਇਆ ਕਰਦੀ..ਜੁਆਕ ਵੀ ਅਕਸਰ ਮਾਂ ਦਾ ਹੀ ਸਾਥ ਦਿੰਦੇ..!
ਕੱਲਾ ਜਿਹਾ ਰਹਿ ਗਿਆ ਮਹਿਸੂਸ ਹੋਇਆ ਕਰੇ..ਇੰਝ ਲੱਗੇ ਕੋਈ ਸ਼ਰੇਆਮ ਚਪੇੜਾਂ ਮਾਰ ਕੇ ਹੁਣ ਰੋਣ ਵੀ ਨਹੀਂ ਦੇ ਰਿਹਾ..!
ਅਖੀਰ ਇੱਕ ਦਿਨ ਘਰੇ ਪਏ ਕਲੇਸ਼ ਮਗਰੋਂ ਸਾਰਾ ਦਿਨ ਕੋਲ ਵਗਦੀ ਵੱਡੀ ਨਹਿਰ ਦੇ ਕੰਢੇ ਆਣ ਬੈਠਾ ਰਿਹਾ..ਪਰ ਛਾਲ ਮਾਰਨ ਦਾ ਹੋਂਸਲਾ ਨਾ ਪਿਆ!
ਫੇਰ ਥੋੜੀ ਦੂਰ ਰੇਲਵੇ ਲਾਈਨ ਤੋਂ ਲੰਘਦੀ ਸ਼ਤਾਬਦੀ ਨੂੰ ਵੀ ਕਿੰਨਾ ਚਿਰ ਵੇਖਦਾ ਰਿਹਾ..ਪਰ ਕੋਈ ਤਾਕਤ ਸੀ ਜਿਸ ਨੇ ਮੈਨੂੰ ਰੋਕੀ ਰੱਖਿਆ!
ਜਿੰਨਾ ਨੂੰ ਕਿੰਨੇ ਸਾਰੇ ਜਫ਼ਰ ਜਾਲ ਜਾਲ ਵੱਡਿਆ ਕੀਤਾ ਜਦੋਂ ਉਹ ਹੀ ਨਜਰਅੰਦਾਜ ਜਿਹਾ ਕਰਦੇ ਤਾਂ ਕਾਲਜੇ...

ਦਾ ਰੁੱਗ ਭਰਿਆ ਜਾਂਦਾ..!
ਅਖੀਰ ਇੱਕ ਦਿਨ ਰਾਤ ਦੇ ਖਾਣੇ ਤੇ ਬੈੰਕ ਦੀਆਂ ਕਾਪੀਆਂ..ਪਾਸ ਬੁੱਕਾਂ..ਬਾਕੀ ਰਹਿੰਦੀ ਜਮੀਨ ਜਾਇਦਾਤ ਦੇ ਕਾਗਜ ਅਤੇ ਘਰ ਤੇ ਚੁੱਕੀ ਹੋਈ ਲਿਮਿਟ ਦੀ ਡਿਟੇਲ..ਸਾਰਾ ਕੁਝ ਓਹਨਾ ਦੇ ਸਾਮਣੇ ਖਿਲਾਰ ਦਿੱਤਾ..ਅਸਲੀਅਤ ਦੱਸ ਦਿੱਤੀ..ਹੋਈਆਂ ਗਲਤੀਆਂ ਦੀ ਮੁਆਫੀ ਵੀ ਮੰਗ ਲਈ..ਫੇਰ ਨਹਿਰ ਅਤੇ ਰੇਲਵੇ ਲਾਈਨ ਵਾਲੀ ਗੱਲ ਦੱਸਦਿਆਂ ਮੇਰਾ ਰੋਣ ਨਿੱਕਲ ਗਿਆ..!
ਬਾਪ ਨੂੰ ਪਹਿਲੀ ਵਾਰ ਇੰਝ ਬੱਚਿਆਂ ਵਾਂਙ ਰੋਂਦਿਆਂ ਵੇਖ ਕੁਝ ਪਲ ਲਈ ਸੱਨਾਟਾ ਜਿਹਾ ਛਾ ਗਿਆ ਪਰ ਮਗਰੋਂ ਮੇਰੀ ਧੀ ਵੀ ਜ਼ਾਰੋ-ਜਾਰ ਰੋ ਪਈ..!
ਸ਼ਾਇਦ ਉਸਨੂੰ ਇੰਝ ਹੀ ਤੁਰ ਗਿਆ ਇੱਕ ਸਹੇਲੀ ਦਾ ਬਾਪ ਚੇਤੇ ਆਗਿਆ ਸੀ..ਫੇਰ ਉਸਨੇ ਛੇਤੀ ਨਾਲ ਉੱਠ ਮੈਨੂੰ ਆਪਣੇ ਕਲਾਵੇ ਵਿਚ ਲੈ ਲਿਆ..!
ਉਸ ਦਿਨ ਮਗਰੋਂ ਕਾਫੀ ਬਦਲ ਜਿਹੀ ਗਈ..ਬਾਹਰੋਂ ਆਏ ਨੂੰ ਪਾਣੀ ਫੜਾਉਂਦੀ..ਹਾਲ ਚਾਲ ਪੁੱਛਦੀ ਤੇ ਮੁੜਕੇ ਐਸੀ ਜੱਫੀ ਪਾਇਆ ਕਰਦੀ ਕੇ ਸਾਰੇ ਦਿਨ ਦੀ ਥਕਾਵਟ ਅਤੇ ਪ੍ਰੇਸ਼ਾਨੀਆਂ ਖੰਬ ਲਾ ਕੇ ਉੱਡ ਜਾਂਦੀਆਂ..!
ਬੇਗਾਨੇ ਹੋ ਗਏ ਘਰ ਵਿਚ ਇੱਕ ਪੱਕਾ ਦੋਸਤ ਬਣ ਗਿਆ ਤੇ ਜਿੰਦਗੀ ਮੁੜ ਲੀਹਾਂ ਤੇ ਆਉਣ ਲੱਗੀ..!
ਸੋ ਦੋਸਤੋ ਇਸ ਅਸਲ ਵਾਪਰੀ ਨੂੰ ਕਲਮ ਬੰਦ ਕਰਦਿਆਂ ਤੁੱਛ ਜਿਹੀ ਸੋਚ ਨੇ ਕੁਝ ਸਿੱਟੇ ਕੱਢੇ..ਸਾਂਝੇ ਕਰ ਰਿਹਾ ਹਾਂ..!
ਨੰਬਰ ਇੱਕ..
ਅਮੀਰ ਉਹ ਨਹੀਂ ਜਿਸਦੇ ਬਟੂਏ ਵਿਚ ਨੋਟ ਅਤੇ ਵੇਹੜੇ ਵਿਚ ਮਹਿੰਗੀਆਂ ਕਾਰਾਂ ਹੋਣ..ਅਮੀਰ ਉਹ ਜਿਸਦੀ ਔਲਾਦ ਨੂੰ ਉਸਦੀਆਂ ਮਜਬੂਰੀਆਂ ਸਮਝ ਆ ਜਾਵਣ..!
ਨੰਬਰ ਦੋ..
ਮੁਕਾਬਲੇ ਬਾਜੀ ਦੀ ਲੱਗੀ ਇਸ ਅੰਨੀ ਦੌੜ ਵਿਚ ਦੂਜੇ ਦੀ ਵੇਖਾ-ਵੇਖੀ ਆਪਣੀ ਸਪੀਡ ਏਨੀ ਨਾ ਵਧਾਈ ਜਾਵੇ ਕੇ ਇੱਕ ਮੁਕਾਮ ਤੇ ਆ ਕੇ ਤੁਹਾਡੀ ਕਾਰ ਦਾ ਇੰਝਣ ਹੀ ਜੁਆਬ ਦੇ ਜਾਵੇ..!
ਨੰਬਰ ਤਿੰਨ..
ਊਠਾਂ ਵਾਲਿਆਂ ਨਾਲ ਯਾਰੀ ਲਾਉਣ ਤੋਂ ਪਹਿਲਾਂ ਇਹ ਗੱਲ ਚੰਗੀ ਤਰਾਂ ਸੋਚ ਵਿਚਾਰ ਲਈ ਜਾਵੇ ਕੇ ਕਿਧਰੇ ਸਾਰੀ ਉਮਰ ਆਪਣੀ ਕੁੱਲੀ ਦੇ ਮੂਹਰਲੇ ਵਾਲੇ ਦਰ ਉੱਚੇ ਕਰਦਿਆਂ ਹੀ ਨਾ ਨਿੱਕਲ ਜਾਵੇ..!
ਨੰਬਰ ਚਾਰ..
ਇਸਤੋਂ ਪਹਿਲਾਂ ਕੇ ਕਰੈਡਿਟ ਕਾਰਡਾਂ ਅਤੇ ਜਮੀਨ ਦੀਆਂ ਲਿਮਟਾਂ ਆਸਰੇ ਹਵਾ ਵਿਚ ਉੱਚੀ ਉੱਡਦੀ ਐਸ਼ੋਇਸ਼ਰਤ ਵਾਲੀ ਵੱਡੀ ਪਤੰਗ ਵੇਖ ਤੁਹਾਡੀ ਔਲਾਦ ਮਨ ਹੀ ਮਨ ਕੋਈ ਵੱਡਾ ਹਵਾਈ ਕਿਲਾ ਉਸਾਰ ਲਵੇ..ਉਸਨੂੰ ਆਪਣੀ ਅਸਲੀਅਤ ਦੱਸਣ ਵਿਚ ਕੋਈ ਬੁਰਾਈ ਜਾ ਸ਼ਰਮ ਨਹੀਂ..!
ਕਿਓੰਕੇ ਜਦੋਂ ਕਿਸ਼ਤਾਂ ਟੁੱਟਣ ਤੇ ਅਗਲੇ ਸ਼ਰੇ-ਬਜਾਰ ਸਾਰਾ ਟੱਬਰ ਕਾਰ ਵਿਚੋਂ ਲਾਹ ਕੇ ਕਾਰ ਭਜਾ ਕੇ ਲੈ ਜਾਂਦੇ ਨੇ ਤਾਂ ਬੰਦਾ ਨਾ ਤੇ ਅੱਖੀਆਂ ਮਿਲਾਉਣ ਜੋਗਾ ਹੀ ਰਹਿੰਦਾ ਤੇ ਨਾ ਹੀ ਉਸਨੂੰ ਜਮੀਨ ਹੀ ਵਿਹਲ ਦਿੰਦੀ ਏ!
ਹਰਪ੍ਰੀਤ ਸਿੰਘ ਜਵੰਦਾ

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)