ਹੁਣ ਚੰਗੀ ਤਰਾਂ ਯਾਦ ਨਹੀਂ| ਸ਼ਇਦ ਸਾਡੀ ਗੱਡੀ ਪੁਰਾਣੀ ਦਿੱਲੀ ਸਟੇਸ਼ਨ ਤੇ ਲੱਗੀ ਸੀ ਤੇ ਉਥੋਂ ਹੀ ਅੱਗੇ ਮਦਰਾਸ (ਅੱਜ ਕਲ ਚਿੰਨ੍ਹਈ) ਵਾਲੀ ਗੱਡੀ ਲੱਗਣੀ ਸੀ| ‘ਦੱਖਣ-ਪੂਰਬ’ ਵਲ ਜਾਣ ਵਾਲੀਆਂ ਗੱਡੀਆਂ ਪੁਰਾਣੀ ਦਿੱਲੀ ਤੋਂ ਚਲਦੀਆਂ ਸਨ ਤੇ ‘ਦੱਖਣ-ਪੱਛਮ’ ਵਲ ਜਾਣ ਵਾਲੀਆਂ ਗੱਡੀਆਂ ਨਵੀਂ ਦਿੱਲੀ ਤੋਂ| ਅੱਜਕਲ ਦਾ ਪਤਾ ਨਹੀਂ| ਅਸੀਂ ਦੱਖਣ ਪੂਰਬੀ ਤੱਟ ਉਤੇ ਵਸੇ ਸ਼ਹਿਰ ਮਦਰਾਸ ਜਾਣਾ ਸੀ , ਫਿਰ ਓਥੋਂ ਦੱਖਣ ਪੱਛਮੀ ਤੱਟ ਤੇ ਵਸੇ ਸ਼ਹਿਰ ਕੋਚੀਨ ਦੇ ਸਟੇਸ਼ਨ, ਕੋਚੀਨ HT (ਹਾਰਬਰ ਟਰਮੀਨਸ) ਜਾਣਾ ਸੀ| ਸਾਡੇ ਵੱਡੇ ਭਰਾ ਨਿਰਭੈ ਸਿੰਘ ਸਹੋਤਾ ਅਤੇ ਧਰਮ ਪਾਲ ਪਾਰਾਸ਼ਰ ਸਾਡੀ ਅਗਵਾਈ ਕਰ ਰਹੇ ਸਨ| ਉਹ ਜਮਾਨੇ ਅੱਜ ਵਾਂਗ ਸ਼ੱਕੀ (cunning ) ਸੁਭਾ ਵਾਲੇ ਨਹੀਂ ਸਨ| ਵੱਡੇ ਭਰਾ ਸਾਡੇ ਗਾਈਡ ਹੁੰਦੇ ਸਨ। ਸਾਡੇ ਮਾਸਟਰ ਸਾਡੇ ਆਦਰਸ਼ ਹੁੰਦੇ ਸਨ, ਸਾਡੇ ਮਾਂ ਬਾਪ ਸਾਡਾ ਰੱਬ ਹੁੰਦੇ ਸਨ, ਚਾਚਾ ਨਹਿਰੂ ਦੇਸ਼ ਦਾ ਰੱਖਵਾਲਾ ਸੀ, ਜੋ ਕਦੀ ਵੀ ਦੇਸ਼ ਬਾਰੇ ਜਾਂ ਸਾਡੇ ਬਾਰੇ ਗਲਤ ਸੋਚ ਹੀ ਨਹੀਂ ਸਕਦਾ ਸੀ| ਸਾਡੇ ਹਿਸਟਰੀ ਵਿਚ ਪੜ੍ਹੇ ਦਿੱਲੀ ਦੇ ਸ਼ਾਸਕ ਸਾਡੇ ਰਾਜੇ ਹੁੰਦੇ ਸਨ, ਤੇ ਸਾਡੀ ਸ਼ਰਧਾ ਦੇ ਪਾਤਰ ਹੁੰਦੇ ਸਨ| ਅੱਜ ਕਲ ਪੰਜਵੀਂ ਦਾ ਬਚਾ ਵੀ ਮੁਗ਼ਲ ਸ਼ਾਸਕਾਂ ਦਾ ਨਾਮ ਸੁਣਕੇ ਹੀ ਉਹਨਾਂ ਨੂੰ ਜਾਲਿਮ ਰਾਜੇ, ਹਿੰਦੂ ਵਿਰੋਧੀ, ਜਜ਼ੀਆ ਲਾਉਣ ਵਾਲੇ, ਦੇਸ਼ ਦੇ ਮੰਦਰ ਤੋੜ ਕੇ ਮਸਜਿਦਾਂ ਬਣਾਉਣ ਵਾਲੇ ਨਫਰਤ ਦੇ ਪਾਤਰ ਵਾਲੀ ਧਾਰਨਾ ਲਈ ਬੈਠੇ ਹਨ| ਜਦ ਕਿ ਸਾਡੀ ਸੋਚ ਵਿਚ ਅਕਬਰ ਮਹਾਨ ਸੀ ਕੁਤਬਦੀਨ ਐਬਕ ਨੇ ਕੁਤਬਿਨਾਰ ਬਣਾਈ, ਦਿੱਲੀ ਦਾ ਲਾਲ ਕਿਲਾ ਜਾਮਾ ਮਸਜਦ, ਤਾਜ ਮਹਲ, ਗਜ਼ਬ ਦੀਆਂ ਇਮਾਰਤਾਂ ਦਾ ਨਿਰਮਾਣ ਕੀਤਾ| ਪਰ ਅੱਜ ਦਾ ਬੱਚਾ ਵੀ ਇਹ ਧਾਰਨਾ ਲਈ ਬੈਠਾ ਹੈ ਕਿ ਹਰ ਚੰਗੀ ਬਿਲਡਿੰਗ ਦੇ ਥੱਲੇ ਕੋਈ ਹਿੰਦੂ ਬਿਲਡਿੰਗ ਦੱਬੀ ਹੋਈ ਹੈ| ਐਸੀ ਹਿੰਦੂ-ਮੁਸਲਿਮ ਨਫਰਤ ਦੀ ਭਾਵਨਾ ਫੈਲੀ ਹੋਈ ਹੈ| ਇਹ ਸਾਡੇ ਵੇਲੇ ੬੦-੭੦ ਸਾਲ ਪਹਿਲਾਂ ਨਹੀਂ ਸੀ|
ਅਸੀਂ ਦਿੱਲੀ ਦੇ ਸਟੇਸ਼ਨ ਤੇ ਪੈਰ ਰੱਖਦੇ ਹੀ ਰੋਮਾਂਚਿਤ ਹੋ ਉਠੇ| ਸਾਡੇ ਦੇਸ਼ ਦੀ ਰਾਜਧਾਨੀ | ਚਾਚਾ ਨਹਿਰੂ ਦਾ ਸ਼ਹਿਰ| ਸਾਡੀਆਂ ਅੱਖਾਂ ਚਾਰ ਚੁਫੇਰੇ ਕੁਤਬਮਿਨਾਰ ਲੱਭ ਰਹੀਆਂ ਸਨ ਤੇ ਸਟੇਸ਼ਨ ਤੋਂ ਖੜੇ ਸਾਨੂੰ ਕੁਤਬਮਿਨਾਰ ਦਿਸ ਵੀ ਪਿਆ| ਸਾਡੀਆਂ ਖੁਸ਼ੀਆਂ ਦਾ ਕੋਈ ਅੰਤ ਨਾ ਰਿਹਾ| ਅਸੀਂ ਜਾਣ ਲਿਆ ਕਿ ਸੱਚੀਂ ਇਹ ਦਿੱਲੀ ਹੀ ਹੈ| (ਪਰ ਹੁਣ ਤਾਂ ਸਾਨੂੰ ਪਤਾ ਲੱਗ ਗਿਆ ਹੈ ਕਿ ਉਹ ਕੁਤਬ ਮੀਨਾਰ ਨਹੀਂ, ਇਕ ਫੈਕਟਰੀ ਦੀ ਬਹੁਤ ਉੱਚੀ ਚਿਮਨੀ ਸੀ ਜਿਸ ਤੇ ਲਾਲ ਰੰਗ ਕੀਤਾ ਹੋਇਆ ਸੀ, ਨਹੀਂ ਤਾਂ ਮਹਿਰੌਲੀ ਵਿਚ ਬਣਿਆ ਕੁਤਬਮਿਨਾਰ ਓਥੋਂ ਭਲਾ ਕਿਵੇਂ ਦਿਸ ਸਕਦਾ ਸੀ) |
ਦੂਜੇ ਦਿਨ ਜਾਗੇ ਤੇ ਦੇਖਿਆ ਗੱਡੀ ਚਲਦੀ ਜਾ ਰਹੀ ਹੈ| ਫਸਲਾਂ ਦੀ ਕਿਸਮ, ਖੇਤਾਂ ਦੀਆਂ ਸ਼ਕਲਾਂ ਬਦਲ ਗਈਆਂ ਹਨ| ਲੋਕ ਬਾਗ ਬਦਲ ਗਏ ਹਨ, ਬਲਦਾਂ ਦੇ ਵੱਡੇ ਵੱਡੇ ਸਿੰਗ ਹਨ ਤੇ ਉਹਨਾਂ ਤੇ ਲਾਲ ਪੀਲਾ ਜਾਂ ਸਤਰੰਗੀ ਪੀਂਘ ਵਰਗਾ ਪੇਂਟ ਕੀਤਾ ਹੋਇਆ ਹੈ| ਸਾਡਾ ਦਿਲ ਕਰੇ ਕਿ ਉੱਤਰ ਕੇ ਜਰਾ ਇਹਨਾਂ ਨਾਲ ਗੱਲ ਬਾਤ ਕਰੀਏ ਕਿ ਇਹ ਕਿਹੜਾ ਮੁਲਕ ਹੈ | ਕਿਵੇਂ ਕਿਵੇਂ ਦੀਆਂ ਭਾਵਨਾਵਾਂ ਬਣ ਰਹੀਆਂ ਸਨ ਸਾਡੇ ਬਾਲ ਮਨ ਵਿਚ, ਇਹ ਭਾਰਤ ਦੇਸ਼ ਹੈ ਮੇਰਾ, ਕਿੰਨਾ ਵਿਸ਼ਾਲ ਹੈ, ਕਿੰਨਾ ਫੈਲਿਆ ਹੋਇਆ ਹੈ – ਕੱਲ ਸਵੇਰ ਦੇ ਗੱਡੀ ਚ ਬੈਠੇ ਹਾਂ ਤੇ ਅਜੇ ਤੱਕ ਅੱਧ ਵੀ ਨਹੀਂ ਆਇਆ|
ਇੰਨੇ ਵਿਚ ਝਾਂਸੀ ਸਟੇਸ਼ਨ ਆ ਗਿਆ | ਗੱਡੀ ਨੇ ਅੱਧੇ ਘੰਟੇ ਤੋਂ ਜਾਂਦਾ ਰੁਕਣਾ ਸੀ, ਪਾਣੀ ਭਰਨਾ ਸੀ| ਝਾਂਸੀ ਦਾ ਨਾਮ ਸੁਣਕੇ ਮੇਰੇ ਸ਼ਰੀਰ ਵਿਚ ਕੰਬਣੀ ਹੋਈ – ਇਹ ਹੈ ‘ਝਾਂਸੀ ਕੀ ਰਾਣੀ’ ਦਾ ਸ਼ਹਿਰ ? ਦਿਲ ਕਰੇ ਉੱਤਰ ਕੇ ਜਮੀਨ ਚੁੰਮ ਲਵਾਂ, ਉਸ ਮਰਦਾਨੀ ਦੇ ਸ਼ਹਿਰ ਦੀ, ਜਿਸ ਨੇ ਅੰਗਰੇਜਾਂ ਦੇ ਛੱਕੇ ਛੁਡਾ ਦਿੱਤੇ ਸਨ |
–“ਬੁੰਦੇਲੇ ਹਰਬੇਲੋਂ ਕੇ ਮੁਖ, ਹਮਨੇ ਸੁਣੀ ਕਹਾਣੀ ਥੀ, ਖੂਬ ਲੜੀ ਮਰਦਾਨੀ ਵੋ ਤੋਂ ਝਾਂਸੀ ਵਾਲੀ ਰਾਣੀ ਥੀ|”
ਮੈਂ ਸੁਤੇਸਿੱਧ ਗੱਡੀ ਚੋਂ ਉਤਰ ਕੇ ਜਰਾ ਬਾਹਰ ਵੱਲ ਨੂੰ ਵਧਿਆ, ਇਹ...
ਦੇਖਣ ਲਈ ਕਿ ਕੀ ਮਾਸਟਰ ਮਹਿੰਗਾ ਰਾਮ ਜੀ ਦੇ ਦੱਸਣ ਮੁਤਾਬਿਕ ਧਰਤੀ ਖੂਨ ਨਾਲ ਲਾਲ ਹੋ ਗਈ ਸੀ ਜੋ ਅੱਜ ਤਕ ਵੀ ਲਾਲ ਭਾਅ ਮਾਰਦੀ ਹੈ| ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਬੇਕਾਰ ਨਹੀਂ ਗਿਆ| ਦੇਖੀਏ ਕੀ ਇਹ ਸੱਚ ਹੈ ਭਲਾ| ਏਨੀ ਭਾਵਨਾ ਸੀ ਮੇਰੇ ਦਿਲ ਵਿਚ ਝਾਂਸੀ ਲਈ ਅਤੇ ਝਾਂਸੀ ਕੀ ਰਾਣੀ ਲਈ| ਅੱਜ ਦੇ ਬੱਚੇ ਤਾਂ ਉਸਨੂੰ ਦੇਸ਼ ਭਗਤ ਮੰਨਦੇ ਹੀ ਨਹੀਂ, ਕਹਿੰਦੇ ਉਹ ਆਪਣੇ ਗੋਦੀ ਲਏ ਹੋਏ ਪੁੱਤਰ ਦੀ ਖਾਤਿਰ ਲੜੀ, ਆਪਣੀ ਝਾਂਸੀ ਬਚਾਉਣ ਲਈ ਲੜੀ, ਦੇਸ਼ ਦੀ ਉਸਨੂੰ ਕੀ ਪ੍ਰਵਾਹ ਸੀ ਵਗੈਰਾ ਵਗੈਰਾ, ਅੱਜ ਕਲ ਦੇ ਬੱਚੇ ਤਾਂ ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਨਹੀਂ ਮੰਨਦੇ, ਉਸਦੇ ਬੁੱਤਾਂ ਦੀ ਨਿੰਦਾ ਕਰਦੇ ਹਨ, ਉਸ ਬਾਰੇ ਘਟੀਆ ਘਟੀਆ ਕਿੱਸੇ ਦੱਸਦੇ ਹਨ, ਪਤਾ ਨਹੀਂ ਕੌਣ ਉਹਨਾਂ ਨੂੰ ਐਸਾ ਪੜ੍ਹਾਉਂਦਾ ਹੈ|
ਮੈਂ ਬਾਹਰ ਨਿਕਲ ਕੇ ਦੇਖਿਆ, ਧਰਤੀ ਤਾਂ ਲਾਲ ਨਹੀਂ ਹੈ| ਆਮ ਧਰਤੀ ਵਰਗੀ ਹੀ ਹੈ| ਮਾਸਟਰ ਮਹਿੰਗਾ ਰਾਮ ਜੀ ਐਨਾ ਝੂਠ ਤਾਂ ਨਹੀਂ ਬੋਲ ਸਕਦੇ, ਫਿਰ ਕਿਤਾਬ ਵਿਚ ਭੀ ਲਿਖਿਆ ਹੈ| ਕਿਤਾਬ ਲਿਖਣ ਵਾਲਾ ਕਿਤੇ ਹਨੂੰਮਾਨ ਵਾਂਗ ਗੁੱਸੇ ਵਿਚ ਤਾਂ ਨਹੀਂ ਸੀ ?
ਹਨੂੰਮਾਨ ਦੀ ਕਹਾਣੀ ਯਾਦ ਆ ਗਈ – ਕਹਿੰਦੇ ਹਨ ਕਿ ਤੁਲਸੀ ਦਾਸ ਜੀ ਰਮਾਇਣ ਲਿਖਣ ਦੇ ਨਾਲ ਨਾਲ ਸ਼ਾਮ ਨੂੰ ਰੋਜ ਸਤਸੰਗ ਵੀ ਕਰਦੇ ਹੁੰਦੇ ਸਨ| ਉਹਨਾਂ ਦਾ ਸਤਸੰਗ ਇਨਾ ਪ੍ਰਭਾਵ ਸ਼ਾਲੀ ਹੁੰਦਾ ਸੀ ਕਿ ਦੇਵਤੇ ਭੀ ਆ ਕੇ ਸੁਣਦੇ ਸਨ| ਇਕ ਦਿਨ ਸਵਾਮੀ ਤੁਲਸੀ ਦਾਸ ਜੀ ਕਥਾ ਵਿਚ ਸੀਤਾ ਮਾਤਾ ਦੀ ਕੈਦ ਬਾਰੇ ਦੱਸ ਰਹੇ ਸਨ| — “ਰਾਵਣ ਦੇ ਮਹਿਲ ਦੇ ਬਾਹਰ ਬਣੀ ਅਸ਼ੋਕ ਬਾਟਿਕਾ ਵਿਚ ਸੀਤਾ ਜੀ ਕੈਦ ਸਨ| ਕਈ ਰਾਖਸ਼ਨੀਆਂ ਪਹਿਰਾ ਦੇ ਰਹੀਆਂ ਸਨ| ਚਾਰੇ ਪਾਸੇ ਸਫੇਦ ਕਲੀਆਂ ਦੇ ਸੁਗੰਧਿਤ ਫੁਲ ਖਿੜੇ ਹੋਏ ਸਨ ਪਰ ਸੀਤਾ ਜੀ ਉਦਾਸ ਸਨ | ….. ” ਜਦੋਂ ਹੀ ਤੁਲਸੀ ਜੀ ਨੇ ਇਹ ਕਿਹਾ ਸੰਗਤ ਵਿੱਚੋ ਅਵਾਜ ਆਈ– ਚਿੱਟੇ ਨਹੀਂ ਲਾਲ ਫੁੱਲ ਖਿਲੇ ਹੋਏ ਸਨ| ਤੁਲਸੀ ਜੀ ਅਟਕ ਗਏ, ਫਿਰ ਅੱਗੇ ਬੋਲਣ ਲੱਗੇ –” ਚਾਰੇ ਪਾਸੇ ਚਿੱਟੇ ਸਫੇਦ ਫੁਲ ਖਿੜੇ ਹੋਏ ਸਨ, ,,” ਫਿਰ ਅਵਾਜ ਆਈ -ਚਿੱਟੇ ਨਹੀਂ ਲਾਲ ਫੁਲ ਖਿੜ ਰਹੇ ਸਨ| ਤੁਲਸੀ ਨੇ ਕਿਹਾ “ਭਾਈ ਕੌਣ ਬੋਲੀ ਜਾਂਦਾ, ਅੱਗੇ ਆਓ ਤੇ ਜੋ ਕਹਿਣਾ ਹੈ ਇਥੇ ਆਕੇ ਕਹੋ” ਸੰਗਤ ਨੇ ਦੇਖਿਆ ਹਨੂੰਮਾਨ ਜੀ ਪ੍ਰਗਟ ਹੋ ਗਏ ਹਨ , ਬੋਲੇ — ਸਵਾਮੀ ਜੀ ਮੈਂ ਓਥੇ ਗਿਆ ਸੀ ਸੀਤਾ ਮਾਤਾ ਉਦਾਸ ਸੀ ਚਾਰੇ ਪਾਸੇ ਲਾਲ ਫੁੱਲ ਖਿੜੇ ਹੋਏ ਸਨ|
ਸਾਰੀ ਸੰਗਤ ਨੇ ਸੁਣਿਆਂ ਕਿ ਸਵਾਮੀ ਜੀ ਕਹਿ ਰਹੇ ਹਨ ਚਿੱਟੇ ਫੁੱਲ ਸਨ ਤੇ ਹਨੂੰਮਾਨ ਜੋ ਉਸ ਵਕਤ ਓਥੇ ਮੌਜੂਦ ਸਨ ਉਹ ਦੱਸ ਰਹੇ ਹਨ ਕੀ ਲਾਲ ਸਨ| ਹੁਣ ਨਿਰਣਾ ਕਿਵੇਂ ਹੋਵੇ? ਸੰਗਤ ਬੋਲ ਪਈ — ਸਵਾਮੀ ਜੀ ਨਿਰਣਾ ਕਰੋ, ਹਨੂੰਮਾਨ ਤਾਂ ਆਪ ਓਥੇ ਸੀ ਜਿਸਨੇ ਗਵਾਹੀ ਦਿੱਤੀ ਹੈ ਤੇ ਤੁਹਾਡੇ ਕੋਲ ਕੀ ਸਬੂਤ ਹੈ ਕਿ ਫੁਲ ਚਿੱਟੇ ਸਨ| ਤੁਸੀਂ ਹਜਾਰਾਂ ਸਾਲ ਬਾਦ ਪੈਦਾ ਹੋਏ ਹੋ| ਤੁਲਸੀ ਜੀ ਨੇ ਪ੍ਰਾਰਥਨਾ ਕੀਤੀ| ਸ਼੍ਰੀ ਰਾਮ ਜੀ ਆਪ ਪ੍ਰਗਟ ਹੋ ਗਏ, ਹਨੂੰਮਾਨ ਉਹਨਾਂ ਦੇ ਚਰਨਾਂ ਵਿਚ ਝੁਕ ਗਿਆ| ਸ਼੍ਰੀ ਰਾਮ ਜੀ ਬੋਲੇ -“ਹਨੂੰਮਾਨ, ਫੁਲ ਚਿੱਟੇ ਹੀ ਸਨ ਪੁੱਤਰ| ਤੂੰ ਬਹੁਤ ਕ੍ਰੋਧ ਵਿਚ ਸੀ, ਤੇਰੀਆਂ ਅੱਖਾਂ ਲਾਲ ਸਨ ਇਸ ਲਈ ਤੈਨੂੰ ਫੁਲ ਵੀ ਲਾਲ ਦਿਸ ਰਹੇ ਸਨ|”
ਮੈਂ ਸੋਚਿਆ ਉਸ ਕਵੀ ਨੂੰ, ਜਿਸਨੇ ਲਿਖਿਆ ਹੈ ਕਿ ਝਾਂਸੀ ਦੀ ਧਰਤੀ ਲਾਲ ਹੋ ਗਈ ਸੀ ਜੋ ਅੱਜ ਤਕ ਵੀ ਲਾਲ ਹੈ, ਕਿਤੇ ਇਹ ਹਨੂਮਾਨ ਵਾਲੀ ਹੀ ਬਿਮਾਰੀ ਤਾਂ ਨਹੀਂ ਸੀ? ਖੈਰ ,..ਗੱਡੀ ਦੇ ਇੰਜਣ ਨੇ ਵਿਸਲ ਮਾਰੀ, ਘੰਟਾ ਮੈਨ ਨੇ ਘੰਟਾ ਖੜਕਾਇਆ, ਮੈਂ ਦੌੜ ਕੇ ਗੱਡੀ ਵਿਚ ਆ ਗਿਆ ਤੇ ਗੱਡੀ ਅੱਗੇ ਚਲ ਪਈ …..
Bhupinder Singh Chadha