ਘਰ ਘਰ ਏਹਾ ਅੱਗ
ਅਸੀਂ ਰੇਤਲੇ ਇਲਾਕਿਆਂ ਵਾਲੇ ਦੁਖੀ ਹਾਂ ਕਿ ਫਸਲ ਘਟ ਹੁੰਦੀ ਹੈ ਪਾਣੀ ਨਹੀ ਖੜਦਾ ਝੋਨਿਆਂ ਵਿੱਚ ਵੇਖੋ ਦਰਿਆ ਨੇੜੇ ਤਕੜੀ ਧਰਤੀ ਹੈ ਕਿੱਡੇ ਭਾਰੇ ਝੋਨੇ ਹਨ।
ਫਸਲ ਜ਼ਿਆਦਾ ਹੋ ਜਾਂਦੀ ਹੈ ਘੱਟ ਮਿਹਨਤ ਨਾਲ ਵੀ।
ਓਧਰ ਦਰਿਆ ਕਿਨਾਰੇ ਵਾਲੇ ਦੁਖੀ ਹਨ ਝੋਨਾ ਫਸਲ ਪਾਣੀ ਮਾਰ ਜਾਂਦਾ ਹੈ ਕਈ ਵਾਰ ਤਾਂ ਬਿਲਕੁਲ ਪੱਕੀ ਫਸਲ ਤਬਾਹ ਹੋ ਜਾਂਦੀ ਹੈ ਕਈ ਵਾਰ ਘਰ ਖਾਲੀ ਕਰਨੇ ਪੈਂਦੇ ਹਨ ਡਰ ਬਣਿਆ ਰਹਿੰਦਾ ਹੈ।
ਦੂਰ ਸਿਰੇ ਵਾਲਾ ਦੁਖੀ ਹੈ ਮੋਘੇ ਦਾ ਪਾਣੀ ਪੂਰਾ ਨਹੀਂ ਅਪੜਦਾ ਏਨਾ ਲੰਮਾ ਖਾਲ ਸੰਵਾਰਨਾ ਪੈਦਾ ਹੈ ਨਹਿਰ ਨਾਲ ਖੇਤ ਵਾਲੇ ਟਿਊਬ ਲਾ ਕੇ ਚੋਰੀ ਵੀ ਝੋਨਾ ਭਰ ਲੈਂਦੇ ਹਨ।
ਓਧਰ ਨਹਿਰ ਵਾਲਾ ਦੁਖੀ ਹੈ ਜਦੋਂ ਟੁੱਟ ਜਾਂਦੀ ਹੈ ਫਸਲ ਤਬਾਹ ਹੋ ਜਾਂਦੀ ਹੋ ਪਸ਼ੂ ਡੰਗਰ ਨਹਿਰ ਤੇ ਚਲਦੇ ਉਜਾੜਾ ਕਰ ਜਾਂਦੇ ਹਨ।
ਗੁਰਦੁਆਰੇ ਦੂਰ ਘਰ ਵਾਲਾ ਦੁਖੀ ਹੈ ਆਉਣਾ ਜਾਣਾ ਵਾਟ ਪੈਂਦੀ ਹੈ ਅਨਾਊਂਸਮੈਂਟ ਵੀ ਨਹੀਂ ਸੁਣਦੀ ਕੀ ਬੋਲਿਆ ਗਿਆ ਹੈ
ਓਧਰ ਨੇੜੇ ਵਾਲਾ ਦੁਖੀ ਹੈ ਸਾਡਾ ਸਪੀਕਰ ਨੇ ਲਹੂ ਪੀ ਲਿਆ ਜਵਾਕ ਪੜ ਨਹੀਂ ਸਕਦੇ ਫੋਨ ਵੀ ਨਹੀਂ ਸੁਣ ਸਕਦੇ ਨਾ ਹੀ ਕਰ ਸਕਦੇ ਜਦੋ ਸਪੀਕਰ ਚਲਦਾ ਹੋਵੇ।
ਦੂਰ ਵਾਲਾ ਦੁਖੀ ਹੈ ਵੇਖੋ ਜੀ ਟੀ ਰੋਡ ਉਤਲਿਆਂ ਦਾ...
ਜ਼ਮੀਨ ਦਾ ਭਾਅ ਅਸਮਾਨੀ ਹੈ ਸਾਡੀ ਦਾ ਓਸ ਤੋਂ ਤੀਜਾ ਹਿੱਸਾ ਵੀ ਮੁੱਲ ਨਹੀਂ।
ਓਧਰ ਰੋਡ ਵਾਲਾ ਦੁਖੀ ਹੈ ਛੇ ਕੁ ਮਹੀਨਿਆਂ ਬਾਅਦ ਸੜਕ ਮਹਿਕਮਾ ਸੜਕ ਚੌੜੀ ਕਰਨ ਦਾ ਸੁਣਾ ਦਿੰਦਾ ਹੈ ਪਤਾ ਨਹੀਂ ਘਰ ਦਾ ਅਗਲਾ ਹਿੱਸਾ ਢਾਹੁਣਾ ਪਵੇ। ਤਿੰਨ ਵਾਰ ਸੜਕ ਉੱਚੀ ਕਰ ਦਿੱਤੀ ਸਾਨੂੰ ਮਕਾਨ ਵੀ ਉਚੇ ਕਰਨੇ ਪਏ।
ਗ਼ਰੀਬ ਦੁਖੀ ਹੈ ਮੇਰੇ ਕੋਲ਼ ਗੱਡੀ ਨਹੀਂ ਕਦੇ ਬਿਮਾਰ ਨੂੰ ਬਜ਼ਾਰ ਲਿਜਾਣਾ ਪਵੇ ਕਿਸੇ ਦੀ ਮਿੰਨਤ ਕਰਨੀ ਪੈਂਦੀ ਹੈ ਕਈ ਵਾਰ ਮੌਕੇ ਤੇ ਕੋਈ ਲਭਦਾ ਹੀ ਨਹੀਂ।
ਓਧਰ ਗੱਡੀ ਵਾਲਾ ਦੁਖੀ ਹੈ ਨਿੱਤ ਦਾ ਖਰਚਾ ਟੁੱਟ ਭੱਜ ਵਖਰੀ ਫੇਰ ਕੋਈ ਵਗਾਰ ਪਾ ਦਿੰਦਾ ਰਿਸ਼ਤੇ ਦਾਰ ਨੂੰ ਲੈਕੇ ਆ ਛੱਡ ਕੇ ਆ ਜਾਂ ਬਿਮਾਰ ਹਸਪਤਾਲ ਲਿਜਾਣਾ ਹੈ।
ਬੱਸ ਇੱਕ ਦੂਜੇ ਨੂੰ ਵੇਖ ਵੇਖ ਦੁਨੀਆਂ ਦੁਖੀ ਹੋ ਰਹੀ ਹੈ।
ਏਥੇ ਬਾਬਾ ਫਰੀਦ ਜੀ ਦਾ ਇਹ ਸਲੋਕ ਢੁੱਕਦਾ ਹੈ ਕਿ
ਫਰੀਦਾ ਮੈ ਜਾਨਿਆ ਦੁਖ ਮੁਝ ਕੂ ਦੁਖ ਸਬਾਇਆ ਜਗੁ।।
ਉਚੇ ਚੜ ਕੇ ਦੇਖਿਆ ਘਰ ਘਰ ਏਹਾ ਅਗਿ।।
ਨਰ ਸਿੰਘ ਫਾਜ਼ਿਲਕਾ
31-7-2022