ਸਿਖਿਆ ਵਿਭਾਗ ਵਿਚੋਂ ਅਫਸਰ ਰਿਟਾਇਰ ਹੋਏ ਭਾਪਾ ਜੀ ਦੇ ਸੁਬਾਹ ਵਿਚ ਅਧਰੰਗ ਦੇ ਦੌਰੇ ਮਗਰੋਂ ਕਿੰਨਾ ਬਦਲਾਓ ਆ ਗਿਆ ਸੀ..!
ਹੱਡੀਆਂ ਦੀ ਮੁੱਠ ਬਣ ਗਏ ਉਹ ਕਿੰਨੇ ਸਾਰੇ ਸਵਾਲ ਵਾਰ-ਵਾਰ ਪੁੱਛਦੇ ਰਹਿੰਦੇ..ਦਫਤਰ ਦੀਆਂ ਟੈਂਸ਼ਨਾਂ ਅਤੇ ਪ੍ਰੋਮੋਸ਼ਨ ਦੀ ਦੌੜ..ਕਈ ਵਾਰ ਥੱਕਿਆ ਟੁਟਿਆ ਆਇਆ ਓਹਨਾ ਤੇ ਖਿਝ ਵੀ ਜਾਇਆ ਕਰਦਾ..!
ਉਹ ਅੱਗੋਂ ਚੁੱਪ ਜਿਹੇ ਕਰ ਗੁਟਕਾ ਫੜ ਪਾਠ ਕਰਨ ਲੱਗ ਜਾਂਦੇ..ਫੇਰ ਕਿੰਨੀ ਦੇਰ ਨਜਰ ਨਾ ਮਿਲਾਉਂਦੇ..ਮੈਨੂੰ ਗਲਤੀ ਦਾ ਇਹਸਾਸ ਹੁੰਦਾ ਤੇ ਮੈਂ ਕਿੰਨਾ ਕਿੰਨਾ ਚਿਰ ਕੋਲ ਬੈਠ ਗੱਲਾਂ ਕਰਦਾ ਰਹਿੰਦਾ..!
ਫੇਰ ਓਹਨਾ ਦੀ ਟਹਿਲ ਪਾਣੀ ਲਈ ਇੱਕ ਮੁੰਡਾ ਰੱਖ ਲਿਆ..!
ਓਹੀ ਕੱਪੜੇ ਬਦਲਦਾ..ਮੂੰਹ ਧੋਵਾ ਸਿਰ ਤੇ ਪਰਨਾ ਬੰਨ੍ਹਦਾ..ਅਤੇ ਰੋਟੀ ਪਾਣੀ ਤੇ ਦਵਾਈਆਂ ਦਾ ਖਿਆਲ ਵੀ ਰੱਖਦਾ!
ਇੱਕ ਵਾਰ ਉਸਨੇ ਤਿੰਨ ਦਿਨ ਦੀ ਛੁੱਟੀ ਮਾਰ ਲਈ..ਸਾਰੇ ਕੰਮ ਮੈਨੂੰ ਕਰਨੇ ਪਏ..ਮੈਂ ਟਾਈਮ ਕੱਢ ਇੱਕ ਦੋ ਵਾਰ ਘਰੇ ਆ ਜਾਂਦਾ..!
ਇੱਕ ਦਿਨ ਪਜਾਮਾ ਕੁੜਤਾ ਲੱਬਦੇ ਹੋਏ ਨੂੰ ਪੂਰਾਣੀ ਐਲਬੰਮ ਦਿਸ ਪਈ..ਵਰਕੇ ਫਰੋਲਦਾ ਹੋਇਆ ਬਚਪਨ ਵਿਚ ਅੱਪੜ ਗਿਆ..!
ਇੱਕ ਫੋਟੋ ਵਿਚ ਭਾਪਾ ਘੋੜਾ ਬਣੇ ਹੋਏ ਸਨ ਤੇ ਮੈਂ ਓਹਨਾ ਦੀ ਪਿੱਠ ਤੇ ਚੜਿਆ ਹੱਸ ਰਿਹਾ ਸਾਂ..ਇੱਕ ਓਦੋਂ ਦੀ ਸੀ ਜਦੋਂ ਪਹਿਲੀ ਵਾਰ ਸਾਈਕਲ ਦੀ ਜਾਚ ਸਿੱਖੀ..ਓਹਨਾ ਸਾਈਕਲ ਮਗਰੋਂ ਘੁੱਟ ਕੇ ਫੜਿਆਂ ਹੋਇਆ ਸੀ..!
ਇੱਕ ਵਿਚ ਦੀਵਾਲੀ ਪਟਾਕਿਆਂ ਦਾ ਢੇਰ ਅਤੇ ਕਿੰਨੇ ਕਿਸਮ ਦੀ ਮਠਿਆਈ ਅਤੇ ਹੋਰ ਵੀ ਕਿੰਨਾ ਕੁਝ..!
ਇੱਕ ਹੋਰ ਵਿਚ ਗੋਡੇ ਤੇ ਲੱਗੀ ਸੱਟ ਤੇ ਪੱਟੀ ਬੰਨ੍ਹਦੇ ਹੋਏ..ਇੱਕ ਵਿਚ ਮੈਨੂੰ ਰੋਂਦੇ ਹੋਏ ਨੂੰ ਆਪਣੀ ਬੁੱਕਲ ਵਿਚ ਲੈ ਕੇ ਚੁੱਪ ਕਰਵਾ ਰਹੇ ਸਨ..ਇੱਕ ਹੋਰ ਵਿਚ ਮੈਨੂੰ ਪਹਾੜੀ ਚੜ੍ਹਦੇ ਹੋਏ ਆਪਣੇ ਕੰਧਾੜੇ ਚੜਾਇਆ ਹੋਇਆ ਸੀ..!
ਤਸਵੀਰਾਂ ਬਣ ਚਾਰੇ ਪਾਸੇ ਖਿੱਲਰ ਗਿਆ ਬਚਪਨ ਵੇਖ ਮੈਂ ਸੁੰਨ ਜਿਹਾ ਹੋ ਗਿਆ..ਸੋਚਣ ਲੱਗਾ ਕਿੰਨੇ ਸੋਹਣੇ ਹੁੰਦੇ ਸਨ ਭਾਪਾ ਜੀ..ਮੋਟੇ ਮੋਟੇ ਡੌਲੇ,ਮੋਟੀਆਂ...
ਮੋਟੀਆਂ ਪਿੰਨੀਆਂ ਅਤੇ ਉਚਾ ਲੰਮਾ ਕਦ..!
ਜਦੋਂ ਵੀ ਦਾਰਾ ਸਿੰਘ ਦੀ ਫਿਲਮ ਆਉਂਦੀ ਤਾਂ ਧਿਆਨ ਕੋਲ ਬੈਠੇ ਭਾਪਾ ਜੀ ਵੱਲ ਚਲਿਆ ਜਾਂਦਾ..ਉਹ ਮੈਨੂੰ ਦੁਨੀਆ ਦੇ ਸਭ ਤੋਂ ਤਾਕਤਵਰ ਇਨਸਾਨ ਜਾਪਦੇ!
ਸੋਚਾਂ ਦੀ ਘੁੰਮਣ ਘੇਰੀ ਵਿਚੋਂ ਨਿੱਕਲ ਛੇਤੀ ਨਾਲ ਵਾਪਿਸ ਕਮਰੇ ਵਿਚ ਆਇਆ ਤਾਂ ਥੋੜੀ ਮੁਸ਼ਕ ਜਿਹੀ ਆਈ..ਉਹ ਬਿਸਤਰੇ ਵਿਚੋਂ ਬਾਹਰ ਆਉਣ ਦੀ ਨਾਕਾਮ ਕੋਸ਼ਿਸ਼ ਵਿਚ ਲੱਗੇ ਹੋਏ ਸਨ..ਸ਼ਾਇਦ ਪਿਸ਼ਾਬ ਨਿੱਕਲ ਗਿਆ ਸੀ..!
ਮੈਨੂੰ ਵੇਖ ਸਹਿਮ ਗਏ ਤੇ ਨਜਰਾਂ ਬਚਾਉਂਦੇ ਹੋਏ ਹੋਰ ਜਿਆਦਾ ਕੋਸ਼ਿਸ਼ ਕਰਨ ਲੱਗੇ ਪਰ ਕਮਜ਼ੋਰ ਸਰੀਰ ਸਾਥ ਨਹੀਂ ਸੀ ਦੇ ਰਿਹਾ..!
ਮੈਂ ਦੌੜ ਕੇ ਜਾ ਜੱਫੀ ਪਾ ਲਈ ਤੇ ਆਖਣ ਲੱਗਾ ਫਿਕਰ ਨਾ ਕਰੋ ਹੁਣੇ ਹੀ ਸਭ ਕੁਝ ਬਦਲ ਦਿੰਦਾ ਹਾਂ..
ਬੇਬਸ ਹੋ ਗਿਆਂ ਦਾ ਰੋਣ ਨਿੱਕਲ ਗਿਆ ਤੇ ਆਖਣ ਲੱਗੇ..ਨਹੀਂ ਤੂੰ ਕਿੱਦਾਂ ਕਰੇਗਾਂ ਮੈਂ ਆਪੇ ਕਰ ਲੈਂਦਾ ਹਾਂ..”
“ਕਿਓਂ ਨਹੀਂ..ਤੁਸੀਂ ਵੀ ਤੇ ਕਰਿਆ ਕਰਦੇ ਸੌ ਜਦੋਂ ਨਿੱਕਾ ਹੁੰਦਾ ਸਾਂ..ਓਦੋਂ ਮੈਂ ਥੋਡਾ ਬੇਟਾ ਸਾਂ ਤੇ ਹੁਣ ਤੁਸੀਂ ਮੇਰੇ..”
ਗਿੱਲੀ ਹੋ ਗਈ ਚਾਦਰ ਬਦਲਦੇ ਹੋਏ ਨੂੰ ਇਸ ਵੇਰ ਮੁਸ਼ਕ ਬਿਲਕੁਲ ਵੀ ਨਾ ਆਈ ਸਗੋਂ ਇੰਝ ਮਹਿਸੂਸ ਹੋਇਆ ਜਿੱਦਾਂ ਉਸ ਦਾਰਾ ਸਿੰਘ ਦੇ ਮੋਢਿਆਂ ਤੇ ਚੜ ਬੇਸ਼ੁਮਾਰ ਮੌਜਾਂ ਮਾਣ ਰਿਹਾ ਹੋਵਾਂ ਜਿਸਨੂੰ ਮੇਰੇ ਨਿੱਕਲ ਗਏ ਪਿਸ਼ਾਬ ਨਾਲ ਗਿੱਲੀ ਹੋ ਗਈ ਆਪਣੀ ਬੁਨੈਣ ਬਦਲਣ ਨਾਲੋਂ ਇਸ ਗੱਲ ਦਾ ਫਿਕਰ ਵਧੇਰੇ ਹੁੰਦਾ ਕੇ ਇੱਕ ਸੋਹਣੇ ਮੁੱਖੜੇ ਤੇ ਪੱਸਰ ਗਏ ਕੀਮਤੀ ਜਿਹੇ ਹਾਸੇ ਦੀ ਮਣਿਆਦ ਕਿਧਰੇ ਘੱਟ ਹੀ ਨਾ ਹੋ ਜਾਵੇ..ਕਦੇ ਨਾ ਥੱਕਣ ਵਾਲਾ ਮੋਟੇ ਡੌਲਿਆਂ ਵਾਲਾ ਦਾਰਾ ਸਿੰਘ..!
ਹਰਪ੍ਰੀਤ ਸਿੰਘ ਜਵੰਦਾ