ਸਹੁੰ
ਸੜਕ ਤੇ ਤੁਰੇ ਜਾਂਦੇ ਹਰਪਿੰਦਰ ਨੂੰ ਹਾਰਨ ਸੁਣਾਈ ਦਿੱਤਾ। ਹਾਰਨ ਲਗਾਤਾਰ ਵੱਜ ਰਿਹਾ ਸੀ ।ਉਸ ਨੇ ਖਿਝ ਕੇ ਪਿੱਛੇ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ ਕਾਰ ਵਿੱਚ ਤਾਂ ਸੰਦੀਪ ਬੈਠਾ ਸੀ । ਸੰਦੀਪ ਦੀ ਕਾਰ ਬਹੁਤ ਮਹਿੰਗੇ ਮੁੱਲ ਦੀ ਸੀ । ਸੰਦੀਪ ਦੇ ਲੀੜਾ ਕੱਪੜਾ ਬਹੁਤ ਚੰਗਾ ਪਾਇਆ ਹੋਇਆ ਸੀ ।
ਕਾਲਜ ਦੇ ਦਿਨਾਂ ਵਿੱਚ ਉਨ੍ਹਾਂ ਦੋਵਾਂ ਦੀ ਜੋੜੀ ਬਹੁਤ ਮਸ਼ਹੂਰ ਸੀ ।ਦੋਨਾਂ ਉੱਤੇ ਸਮਾਜਵਾਦ ਦਾ ਰੰਗ ਚੜ੍ਹਿਆ ਸੀ। ਦੋਵੇਂ ਹਰ ਸਮੇਂ ਮਨੁੱਖਤਾ ਅਤੇ ਉਸ ਦੇ ਭਲੇ ਲਈ ਕੁਰਬਾਨ ਹੋਣ ਦੀਆਂ ਗੱਲਾਂ ਕਰਦੇ ਰਹਿੰਦੇ ਸੀ ।ਕਾਲਜ ਤੋਂ ਬਾਅਦ ਰਾਹ ਵੱਖ ਵੱਖ ਹੋ ਗਏ ਉਹ ਉੱਚ ਸਿੱਖਿਆ ਕੈਨਡਾ ਚਲਾ ਗਿਆ ਸੀ। ਸੰਦੀਪ ਨੇ ਪਿਤਾ ਪੁਰਖੀ ਵਪਾਰ ਨੂੰ ਛੱਡ ਕੇ ਨਵਾਂ ਧੰਦਾ ਸ਼ੁਰੂ ਕਰਨ ਦੀ ਸਲਾਹ ਬਣਾ ਲਈ ਸੀ।
ਸੰਦੀਪ ਨੇ ਹੱਥ ਹਿਲਾ ਕੇ ਕਾਰ ਅੰਦਰ ਆਉਣ ਦਾ ਇਸ਼ਾਰਾ ਕੀਤਾ । ਉਸਦੇ ਠਾਠ ਬਾਠ ਦੇਖ ਕੇ ਉਸ ਦੇ ਦਿਲ ਨੂੰ ਸਕੂਨ ਵੀ ਮਿਲ ਰਿਹਾ ਸੀ।ਉਹ ਕਾਰ ਦੀ ਤਾਕੀ ਖੋਲ੍ਹ ਕੇ ਬੈਠ ਗਿਆ।ਉਸ ਨੇ ਹੱਥ ਮਿਲਾਉਂਦੇ ਪੁੱਛਿਆ ਬੜੀਆਂ ਚੜਾਇਆ ਨੇ ਮੇਰੇ ਵੀਰ ਦੀਆਂ।”
ਸੰਦੀਪ ਨੇ ਮੁਸਕਰਾ ਕੇ ਜੁਆਬ ਦਿੱਤਾ,” ਵੀਰ ਸਭ ਉੱਪਰ ਵਾਲੇ ਦੀ ਕ੍ਰਿਪਾ ਹੈ।”
ਸੰਦੀਪ ਨੇ ਪੁੱਛਿਆ,” ਕਿੱਥੇ ਚੱਲਿਏ।”
ਉਸਨੇ ਕਿਹਾ,”ਘਰ ਚਲਦੇ ਹਾ।”
ਉਸਦੀ ਗੱਲ ਸੁਣ ਕੇ ਸੰਦੀਪ ਨੇ ਗੱਡੀ ਘਰ ਵਾਲੀ ਸੜਕ ਤੇ ਪਾ ਲਈ।
ਹਰਪਿੰਦਰ ਚਾਰ ਸਾਲ ਬਾਅਦ ਕੈਨੇਡਾ ਤੋਂ ਉੱਚ ਸਿੱਖਿਆ ਪ੍ਰਾਪਤ ਕਰਕੇ ਵਾਪਸ ਆਇਆ ਸੀ ।ਉਹ ਸੰਦੀਪ ਦੀ ਤਰੱਕੀ ਦੇਖ ਕੇ ਹੈਰਾਨ ਸੀ ।ਜਦੋਂ ਉਹ ਪਿਛਲੀ ਵਾਰ ਮਿਲੀਆ ਸੀ ਤਾਂ ਉਸਦੇੇ ਬੁਰੇ ਹਾਲ ਸਨ ।ਉਸ ਸਮੇਂ ਸੰਦੀਪ ਨੇ ਦੱਸਿਆ ਸੀ ਕਿ ਉਹ ਤੇਲ ਦਾ ਵਪਾਰ ਸ਼ੁਰੂ ਕਰ ਬੈਠਾ ਹੈ। ਪਿਛਲੀ ਵਾਰੀ ਤਾਂ ਸੰਦੀਪ ਇੰਨਾ ਪ੍ਰੇਸ਼ਾਨ ਸੀ ਕਿ ਉਸ ਨੂੰ ਕੈਨੇਡਾ ਜਾ ਕੇ ਡਰ ਲੱਗਿਆ ਰਿਹਾ ਕਿ ਕਿਤੇ ਕੋਈ ਅਣਹੋਣੀ ਨਾ ਕਰ ਦੇਵੇ।
“ਵਾਹ ਯਾਰ ਬੜੀ ਤਰੱਕੀ ਕਰ ਲਈ,” ਹਰਪਿੰਦਰ ਨੇ ਖੁਸ਼ ਹੁੰਦੇ ਪੁੱਛਿਆ।
ਸੰਦੀਪ ਨੇ ਜਵਾਬ ਦਿੱਤਾ,” ਵਪਾਰ ਨੇ ਹੀ ਵਾਰੇ ਨਿਆਰੇ ਕੀਤੇ ਹਨ।”
” ਉਹ ਕਿਵੇਂ,ਕੋਈ ਨਵਾਂ ਵਪਾਰ ਕਰ ਲਿਆ “ਹਰਪਿੰਦਰ ਨੇ ਹੈਰਾਨ ਹੁੰਦੇ ਕਿਹਾ।
ਸੰਦੀਪ ਨੇ ਉਤਰ ਦਿੱਤਾ,” ਨਹੀਂ ਯਾਰ ਵਪਾਰ ਤਾ ਤੇਲ ਦਾ ਹੀ ਹੈ,ਬਸ ਵਪਾਰ ਕਰਨਾ ਆ ਗਿਆ।”
ਹਰਪਿੰਦਰ ਨੇ ਗੱਲ ਦੀ ਤਹਿ ਤੱਕ ਜਾਣ ਲਈ ਕਿਹਾ,”ਉਹ ਕਿਵੇਂ।”
...
ਸੰਦੀਪ ਨੇ ਜਵਾਬ ਦਿੱਤਾ,”ਪਹਿਲਾਂ ਮੈਂ ਪੂਰੀ ਸ਼ੁੱਧਤਾ ਨਾਲ ਤੇਲ ਤਿਆਰ ਕਰਕੇ ਲੈ ਕੇ ਜਾਂਦਾ ਸੀ ,ਪਰ ਹੋਲਸੇਲਰ ਉਸ ਦੇ ਤੇਲ ਨੂੰ ਘੱਟ ਹੀ ਅੱਗੇ ਵੇਚਦਾ ਸੀ ,ਜਦੋ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਤਾਂ ਸਿਰਫ ਸਸਤੇ ਰੇਟ ਵਾਲਾ ਤੇਲ ਹੀ ਅੱਗੇ ਵੇਚਦਾ ਹੈ ,ਜੇਕਰ ਉਹ ਮਹਿੰਗਾ ਵੇਚੇਗਾ ਤਾ ਉਸ ਨੂੰ ਘੱਟ ਕਮਾਈ ਹੋਵੇਗੀ,,ਜੇਕਰ ਉਸ ਨੇ ਕੁਝ ਕਰਨਾ ਹੈ ਤਾਂ ਤੇਲ ਘੱਟੋ ਘੱਟ ਰੇਟ ਵਿੱਚ ਬਣਾ ਕੇ ਲੈ ਕੇ ਆਵੇ।,”
‘ਫੇਰ ਤੂੰ ਕੀ ਕੀਤਾ?”ਉਸ ਨੇ ਪੁੱਛਿਆ।ਸੰਦੀਪ ਨੇ ਦੱਸਿਆ,”ਮੈਂ ਹੈਰਾਨ ਪ੍ਰੇਸ਼ਾਨ ਹੋ ਗਿਆ ਸੀ,ਸਿਰ ਤੇ ਵੱਡਾ ਕਰਜ਼ਾ ਚੜ੍ਹ ਗਿਆ ਸੀ। ਤੇਲ ਦਾ ਕੋਈ ਗ੍ਰਾਹਕ ਹੀ ਨਹੀਂ ਸੀ,ਤੇ ਹੁਣ ਮੇਰਾ ਬ੍ਰਾਂਡ ਬਾਹਰਲੀਆਂ ਸਟੇਟਾ ਵਿਚ ਵੀ ਵਿੱਕਣ ਲੱਗ ਪਿਆ।”
ਹਰਪਿੰਦਰ ਨੇ ਪੁੱਛਿਆ,”ਇਹ ਤਬਦੀਲੀ ਇਕਦਮ ਕਿਵੇਂ ਆ ਗਈ।”
ਉਸ ਨੇ ਦੱਸਿਆ ,”ਮੈਂ ਹੋਲ ਸੇਲਰ ਦੀ ਗੱਲ ਸੁਣ ਕੇ ਲੰਬੀ ਖੋਜ ਕੀਤੀ ਤੇ ਮੈਨੂੰ ਪਤਾ ਲੱਗਿਆ ਕਿ ਸਰ੍ਹੋਂ ਦੇ ਤੇਲ ਦੇ ਰੂਪ ਵਿੱਚ ਕੁਝ ਹੋਰ ਹੀ ਵਿਕਦਾ ਹੈ, ਮਰਦਾ ਕੀ ਨਾ ਕਰਦਾ, ਮੈਂਨੂੰ ਵੀ ਅੱਕ ਚੱਬਣਾ ਪਿਆ।”
ਹਰਪਿੰਦਰ ਹੋਰ ਅਚੰਭਿਤ ਹੋ ਗਿਆ ਸੀ,” ਅੱਛਾ ਅਜਿਹਾ ਕੀ ਕਰ ਲਿਆ ।”
ਸੰਦੀਪ ਦੱਸਣ ਲੱਗਿਆ,”ਵੀਰ ਤੇਲ ਦੀ ਬਜਾਏ ਵਿਦੇਸ਼ੀ ਪਾਮ ਆਇਲ ਅਤੇ ਚੌਲਾਂ ਦਾ ਰਾਈਸ ਬ੍ਰਾਨ ਵਿਕਦਾ ਹੈ,ਮੈਂ ਵੀ ਦੋਨੇ ਵੱਡੀ ਮਾਤਰਾ ਵਿਚ ਇਕੱਠੇ ਕਰਕੇ ਵੇਚਣ ਲੱਗਿਆ ਤਾਂ ਮੈਨੂੰ ਇਹ ਬਹੁਤ ਸਸਤਾ ਪੈਣ ਲੱਗਿਆ,ਹੋਲ ਸੇਲਰ ਨੂੰ ਮੈਂ ਦੂਜਿਆਂ ਨਾਲੋਂ ਘੱਟ ਰੇਟ ਤੇ ਵੇਚਣ ਲੱਗਿਆ, ਸਾਲ ਕੁ ਵਿੱਚ ਹੀ ਆਪਣਾ ਬ੍ਰਾਂਡ ਬਹੁਤ ਮਸ਼ਹੂਰ ਹੋ ਗਿਆ ,ਹੁਣ ਤਾਂ ਵੀਰ ਮੌਜਾਂ ਕਰੀ ਦੀਆ।”
ਉਹਦੀ ਗੱਲ ਸੁਣ ਕੇ ਹਰਪਿੰਦਰ ਦਾ ਮਨ ਖ਼ਰਾਬ ਹੋ ਗਿਆ ।ਪਰ ਸੰਦੀਪ ਆਪਣੀ ਧੁਨ ਵਿੱਚ ਹੀ ਦੱਸਦਾ ਰਿਹਾ,” ਪਿਛਲੇ ਛੇ ਮਹੀਨੇ ਤਾਂ ਮੈਂ ਬਿਲਕੁਲ ਵੀ ਸਰ੍ਹੋਂ ਤੇਲ ਨਹੀਂ ਵੇਚਿਆ,ਇਹੀ ਦੋਵੇਂ ਰਲਾ ਕੇ ਵੇਚਦਾ ਰਿਹਾ,ਵਾਧੂ ਮੁਨਾਫਾ ਹੋ ਗਿਆ,ਇੱਕ ਦਿਨ ਪਿਤਾ ਜੀ ਲੜਨ ਲੱਗ ਪਏ ਕਿ ਬੇਟਾ ਧਰਮ ਕਰਮ ਵੀ ਕੋਈ ਚੀਜ਼ ਹੁੰਦੀ ਏ ਕਿ ਜੇ ਕੱਲ੍ਹ ਨੂੰ ਸਹੁੰ ਖਾਣੀ ਪਏਗੀ ਫੇਰ ਕੀ ਕਰਾਂਗੇ, ਉਨ੍ਹਾਂ ਦੀ ਗੱਲ ਸੁਣ ਕੇ ਹੁਣ ਮੈਂ ਇੱਕ ਟਰੱਕ ਵਿੱਚ ਦੋ ਪੀਪੇ ਸਰੋ ਦੇ ਤੇਲ ਦੇ ਵੀ ਰਲਾ ਦਿਨਾਂ ਤਾਂ ਕਿ ਜੇ ਕਿਤੇ ਸਹੁੰ ਖਾਣੀ ਪੈ ਜਾਵੇ ਤਾਂ ਕਹਿ ਸਕੀਏ ਕਿ ਸਰੋਂ ਤੇਲ ਹੈ।”
ਉਸ ਦੀ ਗੱਲ ਨੇ ਹਰਪਿੰਦਰ ਦਾ ਸਾਰਾ ਸੁਆਦ ਹੀ ਖਰਾਬ ਕਰ ਦਿੱਤਾ । ਹੁਣ ਉਸਨੂੰ ਉਸਦੀ ਦੋਸਤੀ ਵੀ ਚੰਗੀ ਨਹੀਂ ਲੱਗ ਰਹੀ ਸੀ ।ਅਗਲੇ ਮੋੜ ਤੇ ਹੀ ਹਰਪਿੰਦਰ ਬਹਾਨਾ ਮਾਰ ਕੇ ਫਿਰ ਮਿਲਣ ਦਾ ਵਾਅਦਾ ਕਰਦਾ ਉੱਤਰ ਗਿਆ