ਖੁੱਲਾ ਦਰਵਾਜ਼ਾ
ਘਰ ਦੇ ਨਾਲ ਹੀ ਇੱਕ ਬੀਜੀ ਰਹਿੰਦੇ ਹਨ। ਕੁੱਝ ਸਮਾਂ ਪਹਿਲਾਂ ਕੈਨੇਡਾ ਗਏ। ਘਰ ਦੀ ਚਾਬੀ ਸਾਨੂੰ ਦੇ ਗਏ। ਉਸ ਦਿਨ ਸਫ਼ਾਈ ਕਰਵਾਈ ਤਾਂ ਜਿੰਦਾ ਲਗਾਉਣਾ ਭੁੱਲ ਗਈ। ਉਧਰੋਂ ਬੀਜੀ ਨੇ ਵੀ ਉਸ ਦਿਨ ਹੀ ਆਉਣਾ ਸੀ। ਜਦੋਂ ਉਹ ਆਏ ਤਾਂ ਮੈਂ ਬਾਹਰ ਗਈ ਤਾਂ ਉਹ ਕਹਿੰਦੇ,” ਹਾਏ ਹਾਏ! ਇਹ ਤਾਂ ਦਰਵਾਜ਼ਾ ਖੁੱਲਾ ਹੈ। ਡਰਦੇ ਡਰਦੇ ਅਸੀਂ ਅੰਦਰ ਗਏ ਤਾਂ ਦੇਖਿਆ ਕਿ ਪਹਿਲਾਂ ਤਾਂ ਇੱਕ ਕੁੱਤਾ ਬਾਹਰ ਆਇਆ। ਬਾਅਦ ਵਿੱਚ ਡਰ ਲੱਗੇ ਕਿ ਕੋਈ ਹੋਰ ਹੀ ਨਾ ਹੋਵੇ ਅੰਦਰ। ਜਦੋਂ ਉੱਚੀ ਉੱਚੀ ਆਵਾਜ਼ ਦਿੱਤੀ ਕਿ ਕੋਈ ਹੈ ਤਾਂ ਨਹੀਂ? ਤਾਂ ਬਾਥਰੂਮ ਵਿਚੋਂ ਇੱਕ ਔਰਤ ਬਾਹਰ ਨਿਕਲੀ ਜਿਸਦੀ ਕੁੱਛੜ ਵਿੱਚ ਇੱਕ ਨਿੱਕੀ ਜਿਹੀ ਜਾਨ ਉਸਦੀ ਕੁੜੀ ਸੀ।
ਅਸੀਂ ਤਾਂ ਡਰ ਹੀ ਗਏ। ਉਸਨੂੰ ਪੁੱਛਿਆ ਕਿ ਕੌਣ ਹੈਂ ਭੈਣ ਤੂੰ??
ਸ਼ਕਲ ਤੋਂ ਤਾਂ ਇੱਕ ਮੁਰਝਾਏ ਹੋਏ ਫੁੱਲ ਵਾਂਗ ਲੱਗਦੀ ਸੀ। ਜਿਸ ਦੀ ਖ਼ੁਸ਼ਬੂ ਤੇ ਰਸ ਜਿਵੇਂ ਕਿਸੇ ਨੇ ਨਿਚੋੜ ਲਿਆ ਹੋਵੇ। ਉਸਦੀ ਬੱਚੀ ਵੱਲ ਦੇਖਿਆ ਤਾਂ ਉਹ ਤਾਂ ਏਦਾਂ ਲੱਗਦੀ ਸੀ ਜਿਵੇਂ ਕੂੜੇ ਵਿਚੋਂ ਚੁੱਕ ਕੇ ਲਿਆਂਦੀ ਹੋਵੇ। ਪਤਾ ਨਹੀਂ ਕੱਪੜਿਆਂ ਤੇ ਸਰੀਰ ਤੇ ਕੀ ਕੁੱਝ ਲੱਗਿਆ ਹੋਇਆ ਸੀ। ਕੱਪੜੇ ਪੂਰੀ ਤਰ੍ਹਾਂ ਫਟੇ ਹੋਏ ਸਨ। ਪਰ ਉਸ ਕੁੜੀ ਦੇ ਸਿਰ ਦੇ ਲਾਗੇ ਇੱਕ ਚਿੱਟੇ ਰੰਗ ਦੀ ਚਿੜੀ ਚੱਕਰ ਕੱਟੀ ਜਾਵੇ, ਏਦਾਂ ਲੱਗਦਾ ਸੀ ਜਿਵੇਂ ਉਸਦੀ ਰਖਵਾਲੀ ਕਰਦੀ ਹੋਵੇ। ਚੀਂ ਚੀਂ ਕਰਦੀ ਆਲੇ ਦੁਆਲੇ।
ਉਸਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸਦੇ ਕੁੜੀ ਹੋਈ ਤਾਂ ਉਸਦੇ ਘਰਵਾਲੇ ਨੇ ਪੀ ਕੇ ਉਸਨੂੰ ਬਹੁਤ ਕੁੱਟਿਆ। ਰੋਂਦੇ ਰੋਂਦੇ ਉਸਦੇ ਅੱਥਰੂ ਉਸਦੀਆਂ ਮੈਲੀਆਂ ਗੱਲਾਂ ਵਿਚੋਂ ਦੀ ਰਸਤਾ ਬਣਾ ਬਣਾ ਕੇ ਵਗੀ ਜਾ ਰਹੇ ਸੀ। ਉਸਨੇ ਦੱਸਿਆ ਕਿ ਉਹ ਮੇਰੀ ਕੁੱਖੋਂ ਜਾਈ ਨੂੰ ਮੇਰੇ ਸੁੱਤਿਆਂ ਹੀ ਚੁੱਕ ਕੇ ਲੈ ਗਿਆ ਤੇ ਕੂੜੇ ਵਿੱਚ ਸੁੱਟ ਦਿੱਤਾ। ਭਲਾ!! ਉਸ ਰੱਬ ਦਾ ਤੇ ਇਸ ਨਿਮਾਣੀ ਚਿੜੀ ਦਾ ਕਿ ਮੇਰੀ ਜਾਗ ਖੁੱਲ ਗਈ ਤੇ ਇਸ ਚਿੜੀ ਨੇ ਚੀਂ ਚੀਂ ਕਰ ਕੇ ਮੈਨੂੰ ਕੁੱਝ ਦੱਸਣਾ ਚਾਹਿਆ। ਮੈਂ ਇਸਦੇ...
ਮਗਰ ਮਗਰ ਗਈ ਤਾਂ ਉੱਥੇ ਮੇਰੀ ਜਾਨ ਦਾ ਟੁਕੜਾ ਗੰਦ ਦੇ ਢੇਰ ਤੇ ਪਿਆ ਸੀ।
ਮੇਰਾ ਉਸ ਹੈਵਾਨ ਦੇ ਘਰ ਵਾਪਿਸ ਜਾਣ ਨੂੰ ਦਿਲ ਨਹੀਂ ਕੀਤਾ ਜਿਸ ਨੇ ਆਪਣੇ ਜਿਗਰ ਦੇ ਟੁਕੜੇ ਨਾਲ ਇੰਨਾ ਵੈਰ ਕਮਾਇਆ। ਬੱਸ ਫਿਰ ਕੀ ਸੀ। ਚੱਲ ਪਈ ਏਸੇ ਤਰ੍ਹਾਂ। ਆਹ ਘਰ ਖੁੱਲਾ ਦੇਖਿਆ ਤਾਂ ਸੋਚਿਆ ਭੁੱਖ ਲੱਗੀ ਹੈ, ਮੈਂ ਕੁੱਝ ਖਾਣ ਨੂੰ ਹੀ ਮੰਗ ਲਵਾਂ। “ਨਿਆਣੀ ਨੂੰ ਪਿਆਉਣ ਲਈ ਦੁੱਧ ਵੀ ਤਾਂ, ਤਾਂ ਹੀ ਆਊ!” ਪਰ ਇੱਥੇ ਦੇਖਿਆ ਤਾਂ ਕੋਈ ਨਹੀਂ ਸੀ। ਮੈਂ ਅੰਦਰ ਆਈ ਤਾਂ ਪਿੱਛੋਂ ਹੀ ਤੁਹਾਡੀ ਬਿੜਕ ਆ ਗਈ ਮੈਂ ਲੁਕ ਗਈ ਕਿ ਕਿਤੇ ਮੈਨੂੰ ਚੋਰ ਹੀ ਨਾ ਸਮਝ ਲਵੇ ਕੋਈ।
ਉਸ ਦੀ ਕਹਾਣੀ ਸੁਣ ਅਸੀਂ ਦੋਵੇਂ ਹੀ ਬੀਜੀ ਤੇ ਮੈਂ ਭੁੱਲ ਹੀ ਗਏ ਸਾਡੀ ਪ੍ਰੇਸ਼ਾਨੀ ਨੂੰ। ਉਹਨਾਂ ਨੂੰ ਬਿਠਾਇਆ ਤੇ ਮੈਂ ਚਾਹ ਬਣਾਈ। ਬੀਜੀ ਨੇ ਇੱਕ ਦਮ ਹੀ ਇੱਕ ਫੈਸਲਾ ਸੁਣਾਇਆ, ਕਹਿੰਦੇ,” ਬੀਬਾ ਹੁਣ ਤੂੰ ਤੇ ਤੇਰੀ ਧੀ ਮੇਰੇ ਕੋਲ ਰਹੋਗੇ।” ਮੈਂ ਹੱਕੀ ਬੱਕੀ ਰਹਿ ਗਈ ਤੇ ਉਹ ਵੀ। ਬੀਜੀ ਵੀ ਕੱਲੇ ਹੀ ਸੀ। ਉਹਨਾਂ ਨੂੰ ਵੀ ਸਹਾਰਾ ਮਿਲ ਗਿਆ ਤੇ ਉਹ ਔਰਤ ਤੇ ਉਸਦੀ ਪਿਆਰੀ ਜਿਹੀ ਜਿੰਦ ਨੂੰ ਵੀ।
ਇਸ ਗੱਲ ਨੂੰ ਅੱਜ ਤਿੰਨ ਸਾਲ ਹੋ ਗਏ। ਉਹ ਨਿੱਕੀ ਜਿਹੀ ਨਵੀ ਹੁਣ ਵੱਡੀ ਹੋ ਗਈ, ਬਹੁਤ ਪਿਆਰੀ ਤੇ ਨਟਖਟ। ਸਾਰਾ ਦਿਨ ਬੀਜੀ ਦੇ ਆਲੇ – ਦੁਆਲੇ ਤੋਤਲੀ ਆਵਾਜ਼ ਵਿੱਚ ਬੀਜੀ ਬੀਜੀ ਕਰਦੀ ਚੱਕਰ ਕੱਢ ਦੀ ਹੈ ਤੇ ਉਸਦੇ ਨਾਲ ਹੀ ਉਹ ਨਿੱਕੀ ਚਿੱਟੀ ਚਿੜੀ ਵੀ। ਜੋ ਇੱਕ ਫ਼ਰਿਸ਼ਤੇ ਵਾਂਗ ਉਸਦੇ ਅੰਗ ਸੰਗ ਰਹੀ, ਉਸਦੀ ਰੂਹ ਹੀ ਜਾਪਦੀ ਹੈ।
ਕਈ ਵਾਰ ਦਰਵਾਜ਼ੇ ਚਾਹੇ ਦਿਲ ਦੇ ਹੋਣ ਚਾਹੇ ਘਰ ਦੇ ਕਿਸੇ ਦੀ ਵੀ ਕਿਸਮਤ ਖੋਲ ਦਿੰਦੇ ਨੇ।
ਲਿਖਤ
ਮੁਨੱਜ਼ਾ ਇਰਸ਼ਾਦ