More Punjabi Kahaniya  Posts
ਵਰਤਮਾਨ ਹੀ ਜ਼ਿੰਦਗੀ ਹੈ


ਚੜਦੀ ਜੁਆਨੀਂ ਦੇ ਵੀਹ ਸਾਲ ਪਤਾ ਹੀ ਨੀ ਲੱਗਾ ਕਦੋਂ ਮੌਜ ਮਸਤੀ ਵਿਚ ਹਵਾ ਹੋ ਗਏ!
ਫੇਰ ਘਰੋਂ ਜ਼ੋਰ ਪਿਆ ਤੇ ਸ਼ੁਰੂ ਹੋਇਆ ਰੋਜਗਾਰ ਲੱਭਣ ਦਾ ਨਾ ਮੁੱਕਣ ਵਾਲਾ ਸੰਘਰਸ਼..ਚੰਗੀ-ਮਾੜੀ-ਕੱਚੀ-ਪੱਕੀ-ਸਰਕਾਰੀ-ਪ੍ਰਾਈਵੇਟ..ਜਿਹੜੀ ਮਰਜੀ ਮਿਲਜੇ!
ਇਸ ਗਧੀ-ਗੇੜ ਚੋਂ ਲੰਘਦੇ ਹੋਏ ਨੂੰ ਮਿਲਿਆ ਤਨਖਾਹ ਦਾ ਪਹਿਲਾ ਚੈਕ ਜਦੋਂ ਪਹਿਲੀ ਵਾਰ ਬੈਂਕ ਵਿਚ ਜਮਾ ਹੋ ਗਿਆ ਤਾਂ ਫੇਰ ਸ਼ੁਰੂ ਹੋ ਗਈ ਬੈਂਕ ਅਕਾਊਂਟ ਵਿਚ ਸਿਫਰਾਂ ਜੋੜਨ ਦੀ ਨਾ-ਮੁੱਕਣ ਵਾਲੀ ਮੱਸਿਆ ਦੀ ਕਾਲੀ ਰਾਤ!
ਰੋਜ ਸੁਵੇਰੇ ਇਹ ਸੋਚ ਕੇ ਉੱਠਦਾ ਕੇ ਅੱਜ ਕੋਈ ਐਸਾ ਕੰਮ ਕਰਨਾ ਕੇ ਬੈਂਕ ਵਿਚ ਪਈ ਪੂੰਜੀ ਦੇ ਸੱਜੇ ਪਾਸੇ ਇੱਕ ਸਿਫ਼ਰ ਹੋਰ ਜੁੜ ਜਾਵੇ!
ਇਸੇ ਚੱਕਰ ਵਿਚ ਯਾਰਾਂ ਦੋਸਤਾਂ 27 ਸਾਲ ਪੂਰੇ ਹੋਣ ਵਾਲਾ ਕੇਕ ਕੱਟ ਦਿੱਤਾ!
ਫੇਰ ਵੇਹੜੇ ਵਿਆਹ ਦਾ ਗਾਉਣ ਧਰਿਆ ਗਿਆ..ਨੌਕਰੀ ਕਰਦੀ ਚੰਨ ਵਰਗੀ ਵਹੁਟੀ ਨੇ ਆਣ ਘਰ ਦੀਆਂ ਬਰੂਹਾਂ ਟੱਪੀਆਂ!
ਖੁਸ਼ੀ ਹੋਰ ਦੂਣ ਸਵਾਈ ਹੋ ਗਈ ਕਿਓੰਕੇ ਸੱਜੇ ਪਾਸੇ ਵਾਲੀਆਂ ਸਿਫਰਾਂ ਹੋਰ ਦੋਗੁਣੀ ਰਫਤਾਰ ਨਾਲ ਵਧਣੀਆਂ ਸ਼ੁਰੂ ਹੋ ਗਈਆਂ!
ਪਹਿਲੇ ਚਾਰ ਪੰਜ ਸਾਲ ਖੁਸ਼ੀਆਂ-ਖੇੜਿਆਂ ਦੇ ਪਰੀ ਲੋਕ ਵਿਚ ਘੁੰਮਦਿਆਂ ਪਤਾ ਹੀ ਨੀ ਲੱਗਾ ਕਦੋਂ ਨਿੱਕਲ ਗਏ !
ਫੇਰ ਵੇਹੜੇ ਵਿਚ ਇੱਕ ਬੱਚੇ ਦੀ ਕਿਲਕਾਰੀ ਗੂੰਜੀ..ਲੱਗਾ ਸੱਤਾਂ ਜਹਾਨਾਂ ਦੀ ਖੁਸ਼ੀ ਖੋਲੀ ਪੈ ਗਈ ਹੋਵੇ..
ਸਾਰਾ ਕੁਝ ਨਿਆਣੇ ਦੇ ਪੰਘੂੜੇ ਤੇ ਕੇਂਦਰਿਤ ਹੋ ਗਿਆ..
ਕੱਠੇ ਖਾਣਾ ਪੀਣਾ..ਬੋਲਣਾ..ਗੱਲਾਂ ਕਰਨੀਆਂ ਦੁੱਖ ਸੁਖ ਸਾਰਾ ਕੁਝ ਬਹੁਤ ਹੱਦ ਤੱਕ ਘੱਟ ਜਿਹਾ ਹੋ ਗਿਆ !
ਗੱਡੀ ਤੇ ਘਰ ਦੀਆ ਕਿਸ਼ਤਾਂ..ਸਕੂਲ ਦੀਆਂ ਫੀਸਾਂ..ਪਾਰਟੀਆਂ ਦੇ ਖਰਚੇ..ਤੇ ਉੱਤੋਂ ਬੈਂਕ ਵਿਚ ਸਿਫਰਾਂ ਵਧਾਉਣ ਵਾਲਾ ਕਦੀ ਨਾ ਮੁੱਕਣ ਵਾਲਾ ਗੇੜ!
ਕੰਮ ਦੀ ਭੱਠੀ ਵਿਚ ਉਸਦਾ ਸੂਹੇ ਰੰਗਾ ਜੋਬਨ ਵੀ ਧੁਆਂਖਿਆ ਗਿਆ..
ਮੈਂ ਕੋਹਲੂ ਦਾ ਬੌਲਦ ਬਣਿਆ ਸੁਵੇਰੇ ਘਰੋਂ ਨਿੱਕਲਦਾ ਤੇ ਹਨੇਰੇ ਹੋਏ ਲਾਸ਼ ਬਣ ਘਰ ਮੁੜਦਾ..ਫੇਰ ਇਸੇ ਜਾਗੋ-ਮੀਟੀ ਵਿਚ ਪਤਾ ਹੀ ਨਾ ਲੱਗਾ ਕਦੋਂ ਜਿੰਦਗੀ ਦੇ 37 ਸਾਲ ਇਤਿਹਾਸ ਹੋ ਗਏ !
ਘਰ ਵਿਚ ਹਰ ਸੁਖ-ਸਹੂਲਤ ਮੌਜੂਦ ਸੀ ਪਰ ਫੇਰ ਵੀ ਸੁਵੇਰੇ ਫਿਕਰਾਂ ਦੀ ਪੰਡ ਲੈ ਉੱਠਦਾ..ਤੇ ਰਾਤ ਸੋਚਾਂ ਦੇ ਬੱਦਲ ਕਿੰਨੀ ਦੇਰ ਨੀਂਦਰ ਨਾ ਪੈਣ ਦਿੰਦੇ!
ਕਈ ਵਾਰ ਬਿਨਾ ਗੱਲ ਤੋਂ ਸ਼ੁਰੂ ਹੁੰਦੀ ਆਪਸੀ ਬਹਿਸ ਵੱਡੇ ਝਗੜੇ ਵਿਚ ਬਦਲ ਜਾਂਦੀ..ਫੇਰ ਬੋਲਚਾਲ ਘਟਦੀ ਗਈ ਤੇ ਅੰਦਰ ਦਾ ਖਾਲੀਪਨ ਵਧਦਾ ਗਿਆ!
ਉਹ ਗੱਲ ਗੱਲ ਤੇ ਚਿੜ ਜਾਂਦੀ ਤੇ ਮੈਂ ਗ੍ਰਿਹਸਥੀ ਦੀ ਗੱਡੀ ਲੀਹੇ ਪਈ ਰਹਿਣ ਖਾਤਿਰ ਚੁੱਪ ਵੱਟਣ ਦੀ ਆਦਤ ਜਿਹੀ ਪਾ ਲਈ!
ਅਚਾਨਕ ਵਿਆਹ ਦੀ ਦਸਵੀਂ ਵਰੇਗੰਢ ਵੀ ਰੇਲ ਦੇ ਨਿੱਕੇ ਜਿਹੇ ਟੇਸ਼ਨ ਵਾਂਙ ਆਈ ਤੇ ਲੰਘ ਗਈ!
ਨਿੱਕਾ ਬਾਲ ਹੁਣ ਸਿਆਣਾ ਹੋ ਗਿਆ..ਪਰ ਉਹ ਵੀ ਕੁਝ-ਕੁਝ ਆਪਣੇ ਆਪ ਵਿਚ ਰਹਿਣ ਲੱਗ ਪਿਆ..ਪਰ ਮਿੱਠੀ ਜਿਹੀ ਤੱਸਲੀ ਇਹ ਸੀ ਕੇ ਬੈਂਕ ਦੀਆਂ ਸਿਫਰਾਂ ਅਜੇ ਵੀ ਪੂਰੀ ਰਫਤਾਰ ਨਾਲ ਵੱਧ ਰਹੀਆਂ ਸਨ!
ਇਕ ਦਿਨ ਕੱਲਾ ਬੈਠਾ ਪੁਰਾਣੇ ਦਿਨ ਯਾਦ ਕਰਦੇ ਨੇ ਕੋਲੋਂ ਲੰਘਦੀ ਨਾਲਦੀ ਦਾ ਹੱਥ ਫੜ ਲਿਆ..ਆਖਿਆ ਕੇ ਆ ਘੜੀ ਕੂ ਲਈ ਮੇਰੇ ਕੋਲ ਬੈਠ..ਗੱਲਾਂ ਕਰੀਏ..ਦੁੱਖ ਸੁਖ ਫਰੋਲੀਏ ਤੇ ਨਾਲ ਹੀ ਗੁਜਾਰਿਸ਼ ਕੀਤੀ ਕੇ ਚੱਲ ਅੱਜ ਬਾਹਰ ਕਿਧਰੇ ਚੱਲਦੇ ਹਾਂ..ਇਸ ਰੌਲੇ ਰੱਪੇ ਤੋਂ ਦੂਰ..ਇਕਾਂਤ ਵਿਚ..ਸੋਹਣੇ ਰੱਬ ਦੀ ਕੁਦਰਤ ਦਾ ਆਨੰਦ ਮਾਣਦੇ ਹਾਂ!
ਅੱਗੋਂ ਖਿਝੀ ਹੋਈ ਨੇ ਮੁੜਕਾ ਪੂੰਝਿਆ ਤੇ ਆਖਣ ਲੱਗੀ “ਸਕੂਲ ਦੇ ਪੇਪਰਾਂ ਦਾ ਲੱਗਾ ਢੇਰ ਕੌਣ ਚੈਕ ਕਰੂ..ਮੈਥੋਂ ਨਹੀਂ ਕਰਾਈ ਜਾਂਦੀ ਰੋਜ ਰੋਜ ਦੀ ਕੁੱਤੇਖਾਣੀ..ਸਾਰਾ ਕਿਚਨ ਠੀਕ ਹੋਣ ਵਾਲਾ ਪਿਆ ਤੇ ਤੁਹਾਨੂੰ ਰੋਮਾਂਸ ਸੁਝ ਰਿਹਾ..ਗੁੱਸੇ ਨਾਲ ਹੱਥ ਛੁਡਾਇਆ ਤੇ ਤੁਰਦੀ ਬਣੀ ਤੇ ਮੇਰਾ ਨਿੱਕਾ ਜਿਹਾ ਸੁਪਨਾ ਚੱਕਣਾ ਚੂਰ ਹੋ ਗਿਆ!
ਫੇਰ ਚਿਠੀ ਵੰਡਦੇ ਡਾਕੀਏ ਵਾਂਙ ਇੱਕ ਦਿਨ ਜਿੰਦਗੀ ਦੇ ਪੰਜਤਾਲੀਵੈਂ ਸਾਲ ਨੇ ਆ ਦਸਤਕ ਦਿੱਤੀ!
ਐਨਕ ਲੱਗ ਗਈ..ਵਾਲ ਕਾਲੇ ਕਰਨ ਵਾਲੀਆਂ ਡਾਈਆਂ ਦੇ ਢੇਰ ਲੱਗ ਗਏ..ਕਿਸੇ ਵੇਲੇ ਅੰਗੂਰੀ...

ਭਾਹ ਮਾਰਦੀ ਚਮੜੀ ਕਿਸ਼ਮਿਸ਼ ਦਾ ਮੇਵਾ ਬਣਨੀ ਸ਼ੁਰੂ ਹੋ ਗਈ..
ਨਾਲ ਹੀ ਸ਼ੁਰੂ ਹੋ ਗਏ ਡਾਕਟਰਾਂ ਦੇ ਨਾ ਮੁੱਕਣ ਵਾਲੇ ਚੱਕਰ..ਬੱਲਡ ਪ੍ਰੈਸ਼ਰ..ਸ਼ੂਗਰ..ਕਲਿਸਟ੍ਰੋਲ ਤੇ ਡਾਈਟਿੰਗ ਦੇ ਝਮੇਲਿਆਂ ਨਾਲ ਗੂੜੀ-ਪੱਕੀ ਸਾਂਝ ਪੈ ਗਈ!
ਫੇਰ ਅਜੇ ਬੇਟੇ ਦਾ ਕਾਲਜ ਮੁੱਕਿਆ ਹੀ ਸੀ ਕੇ ਇੱਕ ਦਿਨ ਬੂਹਾ ਖੜਕਿਆ..ਡਾਕੀਆ ਸੀ..ਆਖਦਾ ਮੂੰਹ ਮਿੱਠਾ ਕਰਾਓ..ਵੀਜਾ ਲੱਗ ਗਿਆ ਕਾਕੇ ਦਾ..ਮੇਰੇ ਅੰਦਰ ਦਾ ਰੁਗ ਭਰਿਆ ਗਿਆ ਪਰ ਬਾਹਰੋਂ ਪਲਾਸਟਿਕ ਸਮਾਈਲ..
ਫੇਰ ਉਹ ਵੀ ਇੱਕ ਦਿਨ ਖੰਬ ਖਿਲਾਰ ਸੱਤ ਸਮੁੰਦਰ ਪਾਰ ਉਡਾਰੀ ਮਾਰ ਗਿਆ!
ਵੇਹੜਾ ਸੁੰਞਾ ਹੋ ਗਿਆ ਤੇ ਜਿਸ ਵੇਹੜੇ ਵਿਚ ਉਸਦੇ ਉਸਦੀ ਪਹਿਲੀ ਕਿਲਕਾਰੀ ਵੱਜੀ ਸੀ ਉਹ ਖਾਣ ਨੂੰ ਪੈਂਦਾ ਹੋਇਆ ਦਿਲ ਵਿਚ ਧੂ ਜਿਹੀ ਪਾਉਣ ਲੱਗਾ!
ਫੇਰ ਦੋਨੋਂ 50-55 ਵਾਲੇ ਗੇੜ ਵਿਚ ਪੈ ਗਏ!
ਬੈਂਕਾਂ ਵਿਚ ਕਿੰਨੀਆਂ ਸਿਫਰਾਂ ਹੋ ਗਈਆਂ ਸਨ..ਇਹ ਜਾਨਣ ਦੀ ਜਿਗਿਆਸਾ ਵੀ ਜਾਂਦੀ ਰਹੀ !
ਡਾਕਟਰਾਂ ਖਾਣ ਪੀਣ ਤੁਰਨ ਫਿਰਨ ਦੀ ਮਨਾਹੀ ਕਰ ਦਿੱਤੀ..
ਗਲੀ ਵੱਲ ਖੁੱਲਦੀ ਬਾਰੀ ਕੋਲ ਬੈਠੇ ਅਸੀਂ ਦੋਨੋਂ ਸਾਰਾ ਸਾਰਾ ਦਿਨ ਬੱਸ ਬਾਹਰ ਖੇਡਦੇ ਨਿਆਣਿਆਂ ਵਿਚ ਆਪਣਾ ਗੁਆਚਿਆ ਹੋਇਆ ਮਿੱਟੀ ਦਾ ਬਾਵਾ ਲੱਭਦੇ ਰਹਿੰਦੇ..ਤੇ ਇਸੇ ਲੁਕਣ ਮੀਟੀ ਵਿਚ ਪਤਾ ਹੀ ਨਾ ਲੱਗਦਾ ਕਦੋਂ ਸ਼ਾਮਾਂ ਪੈ ਜਾਂਦੀਆਂ!
ਫੇਰ ਇੱਕ ਦਿਨ ਫੋਨ ਦੀ ਘੰਟੀ ਵੱਜੀ..ਦੌੜ ਕੇ ਫੋਨ ਚੁੱਕਿਆ..ਦੂਜੇ ਪਾਸੇ ਸਾਡੇ ਸੁਪਨਿਆਂ ਦਾ ਸੌਦਾਗਰ ਸੀ..ਅਜੇ ਹਾਲ ਚਾਲ ਹੀ ਪੁੱਛ ਰਿਹਾ ਸਾਂ ਕੇ ਗੱਲ ਵਿਚਾਲਿਓਂ ਕੱਟ ਦਿੱਤੀ ਤੇ ਦੱਸਣ ਲੱਗਾ..ਡੈਡ ਮੈਂ ਵਿਆਹ ਕਰਾ ਲਿਆ ਹੈ ਗੋਰੀ ਹੈ ਪਰ ਸੁਭਾ ਦੀ ਬੜੀ ਚੰਗੀ..ਹੁਣ ਬਾਕੀ ਜਿੰਦਗੀ ਇਥੇ ਹੀ ਰਹੂੰ..ਬੈਂਕਾਂ ਵਾਲੀਆਂ ਸਿਫਰਾਂ ਕਿਸੇ ਅਨਾਥ ਆਸ਼ਰਮ ਨੂੰ ਦਾਨ ਕਰ ਦੇਵੋ ਕਿਓੰਕੇ ਮੈਨੂੰ ਹੁਣ ਓਹਨਾ ਦੀ ਕੋਈ ਲੋੜ ਨਹੀਂ..ਤੇ ਜੇ ਤੁਹਾਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਤੁਸੀਂ ਵੀ ਓਥੇ ਹੀ ਭਰਤੀ ਹੋ ਜਾਇਓ..ਵਾਪਿਸ ਆਉਣ ਲਈ ਮਜਬੂਰ ਨਾ ਕਰਿਓ!
ਏਡੀ ਵੱਡੀ ਗੱਲ ਸਹਿਜ ਸੁਭਾ ਹੀ ਕਰ ਗਿਆ..ਫੋਨ ਹੱਥੋਂ ਛੁੱਟ ਗਿਆ..ਲੱਗਿਆ ਕੋਈ ਆਪਣਾ ਭਰੇ ਬਾਜ਼ਾਰ ਲੁੱਟ ਪੁੱਟ ਨੰਗਾ ਕਰ ਸੁੱਟ ਕੇ ਚਲਾ ਗਿਆ ਹੋਵੇ!
ਨਾਲਦੀ ਨੂੰ ਵਾਜ ਮਾਰੀ..ਪਾਠ ਕਰਦੀ ਹੋਈ ਨੱਸੀ ਆਈ..ਕਹਿੰਦੀ ਕੀ ਹੋਇਆ..ਕਿਸਦਾ ਫੋਨ ਸੀ?
ਅੱਗੋਂ ਆਖਿਆ ਕਿਸੇ ਦਾ ਨਹੀਂ..ਫੇਰ ਹੱਥ ਫੜ ਤਰਲਾ ਜਿਹਾ ਕੀਤਾ ਕੇ ਚੱਲ ਅੱਜ ਬਾਹਰ ਚੱਲੀਏ ਕਿੱਤੇ..ਇਸ ਰੌਲੇ ਰੱਪੇ ਅਤੇ ਖ਼ੁਦਗਰਜੀ ਦੇ ਰੇਗਿਸਤਾਨ ਤੋਂ ਕੋਹਾਂ ਦੂਰ..ਅਜੇ ਗੱਲ ਕਰ ਹੀ ਰਿਹਾ ਸੀ ਕੇ ਮੈਨੂੰ ਆਪਣਾ ਸਰੀਰ ਠੰਡਾ ਹੁੰਦਾ ਜਾਪਿਆ..ਮੇਰਾ ਠੰਡਾ ਸੀਤ ਹੁੰਦਾ ਸਿਰ ਆਪਣੇ ਮੋਢਿਆਂ ਤੇ ਰੱਖ..ਅੱਥਰੂ ਵਗਾਉਂਦੀ ਹੋਈ ਆਖਣ ਲੱਗੀ..ਚਲੋ ਚਲੀਏ ਕਿਥੇ ਚੱਲਣਾ ਹੈ..ਕਿਥੇ ਗੱਲਾਂ ਕਰਨੀਆਂ..ਚਲੋ ਵੀ..ਹੁਣ ਚੱਲਦੇ ਨਹੀਂ..ਬੋਲਦੇ ਨਹੀਂ!
ਉਸਨੇ ਮੈਨੂੰ ਝੰਜੋੜਿਆ..ਪਰ ਮੈਂ ਤਾਂ ਕਦੇ ਦਾ ਉਸਦੀ ਬੁੱਕਲ ਵਿਚ ਪਿਆ ਸ਼ਾਂਤ ਹੋ ਚੁੱਕਾ ਸਾਂ..ਸਦਾ ਵਾਸਤੇ..!
ਦੋਸਤੋ ਇਹੋ ਹੈ ਮੇਰੀ ਸਿਫ਼ਰਾਂ ਦੀ ਗੁਲਾਮੀ ਕਰਦਿਆਂ ਤੇ ਜਮੀਨ ਦੇ ਕਿੱਲੇ ਗਿਣਦਿਆ ਅੱਖ ਦੇ ਫ਼ੋਰ ਵਿਚ ਲੰਘ ਗਈ ਜ਼ਿੰਦਗੀ ਦਾ ਸਾਰ ਅੰਸ਼..
ਇਹ ਜ਼ਿੰਦਗੀ ਤੁਹਾਡੀ ਆਪਣੀ ਖੁਦ ਦੀ ਹੈ ਤੇ ਇਸ ਦੇ ਮਾਪਦੰਡ ਵੀ ਤੁਸੀਂ ਖੁਦ ਹੀ ਤਹਿ ਕਰਨੇ ਹਨ..ਜ਼ਿੰਦਗੀ ਜਿਉਣ ਆਏ ਹੋ ਕੱਟਣ ਨਹੀਂ..ਆਪਣੇ ਵਾਸਤੇ ਵੀ ਜਿਓਣਾ ਸਿੱਖੋ..ਇਹ ਸ਼ੁਰੂਆਤ ਅੱਜ ਤੋਂ ਨਹੀਂ ਬਲਕਿ ਹੁਣ ਤੋਂ ਹੀ ਕਰੋ..ਕਿਓਂਕਿ ਔਲਾਦ ਅੱਗੇ ਦੌਲਤ ਦੇ ਢੇਰ ਲਗਾ ਕੇ ਜਿਹੜਾ ਸੁਨਹਿਰੀ “ਕੱਲ” ਉਡੀਕਦੇ ਪਏ ਹੋ ਓਹ ਕਦੇ ਵੀ ਨਹੀਂ ਆਵੇਗਾ!
ਸੋ ਮੁੱਕਦੀ ਗੱਲ..ਵਰਤਮਾਨ ਹੀ ਜ਼ਿੰਦਗੀ ਹੈ..ਬਾਕੀ ਤੇ ਬਸ ਕੰਧ ਤੇ ਟੰਗੇ ਕੈਲੰਡਰ ਦੀਆਂ ਉਹ ਤਰੀਕਾਂ ਹਨ..ਜਿਹਨਾਂ ਵਿਚੋਂ ਕੁਝ ਲੰਘ ਗਈਆਂ ਨੇ ਤੇ ਕੁਝ ਆਉਣ ਵਾਲੀਆਂ!
ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ..ਹੱਸਦਿਆਂ ਰਾਤ ਲੰਘੀ ਪਤਾ ਨੀ ਸੁਵੇਰ ਦਾ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

8 Comments on “ਵਰਤਮਾਨ ਹੀ ਜ਼ਿੰਦਗੀ ਹੈ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)