More Punjabi Kahaniya  Posts
ਸਬਰ ਸੰਤੋਖ ਤੇ ਨਿਮਰਤਾ


ਧੁੱਪੇ ਤੁਰੇ ਜਾਂਦੇ ਨੂੰ ਚੱਕਰ ਆਇਆ..ਓਥੇ ਹੀ ਬੈਠ ਗਿਆ..ਹੱਥ ਫੜੀ ਪਾਣੀ ਦੀ ਬੋਤਲ ਅੱਧੀ ਮੁਕਾ ਦਿੱਤੀ..!
ਬੇਧਿਆਨੀ ਵਿਚ ਹੀ ਕੋਲੋਂ ਲੰਘਦੇ ਰਿਕਸ਼ੇ ਨੂੰ ਹੱਥ ਦਿੱਤਾ..!
ਆਖਿਆ ਸਿਰ ਤੇ ਛਤਰੀ ਤਾਂਣ ਦੇਵੇ..ਵੀਹ ਲੱਖ ਦੀ ਗੱਡੀ ਵਾਲਾ ਅੱਜ ਮਾਮੂਲੀ ਰਿਕਸ਼ੇ ਵਿਚ..ਕੋਈ ਵੇਖੂ ਤੇ ਕੀ ਆਖੂ..ਰਹਿ ਰਹਿ ਕੇ ਏਜੰਸੀ ਵਾਲਿਆਂ ਤੇ ਗੁੱਸਾ ਆ ਰਿਹਾ ਸੀ..ਸਿਰਫ ਦੋ ਕਿਸ਼ਤਾਂ ਟੁੱਟਣ ਤੇ ਭਲਾ ਗੱਡੀ ਕਿੱਦਾਂ ਲੈਜਾ ਸਕਦੇ..!
ਰਿਕਸ਼ੇ ਅੰਦਰ ਬੈਠਿਆਂ ਕਿੰਨੀਆਂ ਗੱਲਾਂ ਦਿਮਾਗ ਵਿਚ ਘੁੰਮ ਗਈਆਂ..ਲਾਕ-ਡਾਊਨ..ਜੀ.ਡੀ.ਪੀ..ਘਰ ਦੀਆਂ ਕਿਸ਼ਤਾਂ..ਪਲਾਟ ਤੇ ਲਿਮਟ..ਕਰਜੇ ਦਾ ਵਿਆਜ..ਨਿਆਣਿਆਂ ਦੀ ਪੜਾਈ..ਵਧੇ ਹੋਏ ਖਰਚੇ..ਹੋਰ ਵੀ ਕਿੰਨਾ ਕੁਝ..!
ਕੋਲੋਂ ਲੰਘਦੇ ਲੋਕ ਮੇਰਾ ਮਜਾਕ ਉਡਾਉਂਦੇ ਲੱਗ ਰਹੇ ਸਨ..ਉੱਤੋਂ ਰਿਕਸ਼ੇ ਵਾਲੇ ਵੱਲੋਂ ਗਾਇਆ ਜਾ ਰਿਹਾ ਗੀਤ..ਮੈਂ ਗੁੱਸੇ ਵਿਚ ਉਸਨੂੰ ਪੈ ਨਿੱਕਲਿਆ..ਬੰਦ ਕਰ ਓਏ ਇਹ ਪਿਓ ਵਾਲਾ ਮਾਣਕ..ਇਥੇ ਜਿੰਦਗੀ ਦੀ ਵਾਟ ਲੱਗੀ ਪਈ ਏ ਤੇ ਤੈਨੂੰ ਗੀਤ ਅਹੁੜ ਰਹੇ ਨੇ”
ਉਸਨੇ ਬ੍ਰੇਕ ਮਾਰ ਲਈ..ਅਖ਼ੇ ਭਾਉ ਇਹ ਮੇਰਾ ਰਿਕਸ਼ਾ ਏ..ਮੇਰੀ ਮਰਜੀ ਗੀਤ ਗਾਵਾਂ ਜਾਂ ਚੁੱਪ ਰਹਾਂ..ਜੇ ਚੰਗਾ ਨਹੀਂ ਲੱਗਦਾ ਤਾਂ ਇਥੇ ਉੱਤਰ ਜਾ..ਬੇਸ਼ੱਕ ਪੈਸੇ ਵੀ ਨਾ ਦੇਵੀਂ!
ਮੇਰਾ ਮੱਥਾ ਠਣਕਿਆ..ਜੇ ਇਸਨੇ ਇਥੇ ਲਾਹ ਦਿੱਤਾ ਤਾਂ ਸਿਖਰ ਦੁਪਹਿਰੇ ਹੋਰ ਕੁਝ ਮਿਲਣਾ ਵੀ ਨਹੀਂ..ਉੱਤੋਂ ਕਿਸੇ ਵੇਖ ਲਿਆ ਤਾਂ ਤਮਾਸ਼ਾ ਵੱਖ ਬਣੂੰ..!
ਮੈਂ ਚੁੱਪ ਰਹਿਣਾ ਹੀ ਬੇਹਤਰ ਸਮਝਿਆ..ਉਸਨੇ ਇੱਕ ਵਾਰ ਫੇਰ ਤੋਂ ਗਾਉਣਾ ਸ਼ੁਰੂ ਕਰ ਦਿੱਤਾ..”ਸਾਰੀ ਉਮਰ ਗਵਾ ਲਈ ਤੂੰ..ਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆ”!
ਫੇਰ ਸਹਿ ਸੂਬਾ ਹੀ ਮੈਨੂੰ ਇੱਕ ਸਵਾਲ ਕਰ ਦਿੱਤਾ..ਸਰਦਾਰ ਜੀ ਥੋਡਾ ਨਾਮ ਕੀ ਏ..?
ਆਖਿਆ ਸੰਤੋਖ ਸਿੰਘ..!
ਉੱਚੀ ਉੱਚੀ ਹੱਸ ਪਿਆ ਅਖ਼ੇ ਘਰਦਿਆਂ ਗਲਤ ਨਾਮ ਰੱਖ ਦਿੱਤਾ ਤੁਹਾਡਾ..ਏਨਾ ਗੁੱਸਾ ਏਡੀ ਬੇਸਬਰੀ..ਸਬਰ ਸੰਤੋਖ ਤੇ ਨਿਮਰਤਾ ਬੜੀਆਂ ਵੱਡੀਆਂ ਸ਼ੈਆਂ ਹੁੰਦੀਆਂ..ਬਾਣੀ ਪੜਿਆ ਕਰੋ ਸਰਦਾਰ ਜੀ..ਫੇਰ ਵੇਖਿਓ ਜਿਹੋ ਜਿਹਾ ਨਾਮ ਓਹੋ ਜਿਹੀ ਸੀਰਤ ਨਾ ਬਣ ਗਈ ਤਾਂ ਮੈਨੂੰ ਫੜ ਲਿਆ ਜੇ..!
ਹੁਣ ਤੱਕ ਮੈਨੂੰ ਓਸਤੇ ਗੁੱਸਾ ਆਉਣਾ ਬਿਲਕੁਲ ਹੀ ਬੰਦ ਹੋ ਗਿਆ..!
ਪੁੱਛਿਆ ਤੇਰਾ ਟੱਬਰ..?
ਆਖਣ ਲੱਗਾ ਜੀ ਛੇ ਮਹੀਨੇ ਹੋਏ..ਨਾਲਦੀ ਤੇ ਨਿੱਕਾ ਪੁੱਤ..ਸਾਉਣ ਮਹੀਨੇ ਸੁੱਤੇ ਪਿਆਂ ਤੇ ਕੋਠਾ ਆਣ ਪਿਆ..ਦੋਵੇਂ ਥਾਏਂ ਮੁੱਕ ਗਏ..ਸਿਰਫ ਸੱਤ ਮਹੀਨੇ ਦੀ ਧੀ ਹੀ ਬਚੀ ਏ..ਮਗਰ ਪੰਘੂੜੇ ਵਿਚ ਸੁੱਤੀ ਰਹਿੰਦੀ ਏ..ਕਦੇ ਰੋਂਦੀ ਨਹੀਂ..ਬੱਸ ਜਦੋਂ ਭੁੱਖ ਲੱਗਦੀ ਓਦੋਂ ਥੋੜੇ ਬਹੁਤ ਹੱਥ ਪੈਰ ਜਰੂਰ ਮਾਰਨ ਲੱਗ ਜਾਂਦੀ!
ਮੈਂ ਮਗਰ ਭਓਂ ਕੇ ਵੇਖਿਆ..ਉਹ ਵਾਕਿਆ...

ਹੀ ਲਮਕਦੇ ਪੰਘੂੜੇ ਵਿਚ ਆਰਾਮ ਨਾਲ ਸੁੱਤੀ ਪਈ ਸੀ..!
ਪੁੱਛਿਆ ਇਸਨੂੰ ਘਰੇ ਕਿਓਂ ਨੀ ਛੱਡ ਕੇ ਆਉਂਦਾ?
ਆਖਣ ਲੱਗਾ ਜੀ ਸਮਾਂ ਬੜਾ ਭਿਆਨਕ ਆ ਗਿਆ..ਗਲੀ-ਗਲੀ ਅਵਾਰਾ ਭੇੜੀਏ ਤੁਰੇ ਫਿਰਦੇ..ਛੇਆਂ-ਛੇਆਂ ਮਹੀਨਿਆਂ ਦੀਆਂ ਨੂੰ ਵੀ ਨਹੀਂ ਬਖਸ਼ਦੇ..!
ਫਿਰ ਉਹ ਕਿੰਨੇ ਚਿਰ ਤੱਕ ਗੱਲਾਂ ਕਰੀ ਗਿਆ..ਏਨੇ ਨੂੰ ਮੋੜ ਆ ਗਿਆ ਤੇ ਉਸਨੇ ਰਿਕਸ਼ਾ ਰੋਕ ਦਿੱਤਾ..ਸੌ ਚੋਂ ਪੰਝੀ ਵਾਪਿਸ ਮੋੜਨ ਲੱਗਾ ਤਾਂ ਆਖਿਆ ਰੱਖ ਲੈ ਯਾਰ..ਏਨੀਆਂ ਸੋਹਣੀਆਂ ਗੱਲਾਂ ਕੀਤੀਆਂ..!
ਆਖਣ ਲੱਗਾ ਸਰਦਾਰ ਜੀ ਗੁਰੂ ਰਾਮਦਾਸ ਦੀ ਨਗਰੀ ਵਿਚ ਕੀਤੀ ਮੇਹਨਤ ਤੋਂ ਵੱਧ ਪੈਸੇ ਹਜਮ ਕਰਨੇ ਬੜੇ ਔਖੇ..ਮੈਂ ਨਹੀਂ ਰੱਖ ਸਕਦਾ!
ਬਕਾਇਆ ਜੇਬ ਵਿਚ ਪਾਉਂਦੇ ਹੋਏ ਦਾ ਧਿਆਨ ਅਜੇ ਵੀ ਉਸਦੇ ਗਾਏ ਗਾਣੇ ਵੱਲ ਹੀ ਸੀ..”ਦੁਨੀਆਂ ਕਰਦੀ ਮਾਇਆ-ਮਾਇਆ..ਮਾਇਆ ਹੈ ਦੋ ਪਲ ਦੀ ਛਾਇਆ..ਹੋਸ਼ ਭੁਲਾ ਲਈ ਤੂੰ ਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆ..”
ਇੰਝ ਲੱਗਾ ਜਿੱਦਾਂ ਮੁੱਕ ਗਏ ਨੂੰ ਜਿੰਦਗੀ ਜਿਊਣ ਦਾ ਇੱਕ ਟੋਟਕਾ ਦੇ ਗਿਆ ਹੋਵੇ..ਸਭ ਕੁਝ ਗਵਾ ਕੇ ਵੀ ਚੜ੍ਹਦੀ ਕਲਾ ਵਿਚ ਰੱਖਣ ਵਾਲਾ ਇੱਕ ਕੀਮਤੀ ਟੋਟਕਾ!
ਫੇਰ ਮੇਰਾ ਧਿਆਨ ਆਪਣੇ ਆਪ ਤੇ ਕੇਂਦਰਿਤ ਹੋ ਗਿਆ..ਇਸ ਹਿਸਾਬ ਨਾਲ ਤੇ ਫੇਰ ਮੇਰਾ ਕੁਝ ਵੀ ਨਹੀਂ ਸੀ ਗਵਾਚਿਆ..ਸਭ ਕੁਝ ਹੀ ਸਹੀ ਸਲਾਮਤ ਸੀ..ਮੁੱਲ ਵਿਕਦੇ ਕੁਝ ਕੂ ਦੁਨਿਆਵੀ ਖਿਡੌਣਿਆਂ ਤੋਂ ਸਿਵਾਏ..!
ਭਾਵੇਂ ਉਹ ਕਦੇ ਦਾ ਅੱਖਾਂ ਤੋਂ ਓਹਲੇ ਹੋ ਗਿਆ ਸੀ ਪਰ ਉਸਦੇ ਆਖੇ ਬੋਲ ਅਜੇ ਵੀ ਜ਼ਿਹਨ ਵਿਚ ਭੜਥੂ ਪਾ ਰਹੇ ਸਨ..”ਸਰਦਾਰ ਜੀ ਇਸ ਨਿੱਕੀ ਜਿਹੀ ਧੀ ਦੀ ਜੁੰਮੇਵਾਰੀ ਮੈਨੂੰ ਕਦੀ ਵੀ ਹੇਠਾਂ ਨਹੀਂ ਡਿੱਗਣ ਦਿੰਦੀ..ਸਗੋਂ ਜਦੋਂ ਕਦੇ ਵੀ ਮਨ ਡੋਲਣ ਜਿਹਾ ਲੱਗੇ ਤਾਂ ਇਸ ਵੱਲ ਵੇਖ ਲੈਂਦਾ ਹਾਂ..ਓਸੇ ਵੇਲੇ ਮੁੜ ਆਪਣੇ ਪੈਰਾਂ ਸਿਰ ਹੋ ਜਾਂਦਾ ਹਾਂ”!
ਸੋ ਦੋਸਤੋ ਵਾਕਿਆ ਹੀ ਜਿੰਦਗੀ ਦੀਆਂ ਕੁਝ ਜੁੰਮੇਵਾਰੀਆਂ ਬੰਦੇ ਨੂੰ ਨਿਰਾਸ਼ਾ ਵਾਲੀ ਡੂੰਘੀ ਖੱਡ ਵਿਚ ਡਿੱਗਣ ਤੋਂ ਹਮੇਸ਼ਾਂ ਹੀ ਬਚਾਈ ਰੱਖਦੀਆਂ..!
ਖਾਲੀ ਹੱਥ ਆਏ ਸਾਂ ਤੇ ਇੱਕ ਦਿਨ ਖਾਲੀ ਹੱਥ ਹੀ ਪਰਤ ਜਾਣਾ..ਵਕਤੀ ਧਰਮਸ਼ਾਲਾ ਵਿਚ ਠਹਿਰੇ ਹੋਇਆਂ ਹੋ ਗਈ ਕਿਸੇ ਊਚ-ਨੀਚ ਤੋਂ ਘਬਰਾ ਕੇ ਦਿਲ ਨਾ ਛੱਡਿਆ ਕਰੋ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)