ਜਦੋਂ ਮੇਰੀ ਵਾਰੀ ਆਈ ਤਾਂ ਮੈਨੂੰ ਕੁਰਸੀ ਤੇ ਬਿਠਾਉਂਦਿਆਂ ਸਾਰ ਹੀ ਪੁੱਛਣ ਲੱਗੇ..”ਹਾਂ ਦੱਸ ਪੁੱਤਰਾ ਕੀ ਰੋਗ ਏ ਤੈਨੂੰ?
“ਕੁਝ ਦਿਨਾਂ ਤੋਂ ਅੱਖਾਂ ਵਿਚ ਬਹੁਤ ਜਿਆਦਾ ਜਲਨ..ਖੁਸ਼ਕੀ ਅਤੇ ਰੁੱਖਾਪਣ ਜਿਹਾ ਮਹਿਸੂਸ ਹੋਈ ਜਾ ਰਿਹਾ ਏ..ਪਤਾ ਨੀ ਕਿਓਂ?
ਓਹਨਾ ਨੇੜੇ ਹੋ ਕੇ ਮੇਰੀਆਂ ਅੱਖੀਆਂ ਚੈਕ ਕੀਤੀਆਂ ਤੇ ਫੇਰ ਸਹਿ ਸੁਭਾ ਪੁੱਛ ਲਿਆ “ਆਖਰੀ ਵਾਰ ਕਦੋਂ ਰੋਇਆ ਸੈਂ ਪੁੱਤਰ”?
ਇੱਕ ਤਜੁਰਬੇਕਾਰ ਡਾਕਟਰ ਵੱਲੋਂ ਪੁੱਛਿਆ ਗਿਆ ਇਹ ਅਜੀਬ ਜਿਹਾ ਸੁਆਲ ਸੁਣ ਮੈਂ ਹੈਰਾਨ ਹੋ ਕੇ ਰਹਿ ਗਿਆ ਤੇ ਅੱਗੋਂ ਝੱਟਪੱਟ ਹੀ ਏਨੀ ਗੱਲ ਅੱਖ ਦਿੱਤੀ ਕੇ “ਰੋਣਾ ਕੋਈ ਚੰਗੀ ਗੱਲ ਥੋੜਾ ਏ ਡਾਕਟਰ ਸਾਬ..ਉਹ ਵੀ ਮਰਦਾਂ ਵਾਸਤੇ”
“ਜੀ ਹਾਂ ਪੁੱਤਰ ਜੀ ਰੋਣਾ ਬੜੀ ਚੰਗੀ ਗੱਲ ਹੈ..ਜੋ ਰੋਂਦੇ ਨਹੀਂ ਓਹਨਾ ਦੀਆਂ ਅੱਖੀਆਂ ਤੇ ਦਿਲ ਦੋਨੋਂ ਹੀ ਪੱਥਰ ਦੇ ਹੋ ਜਾਂਦੇ ਨੇ..ਸੋ ਕਦੀ ਕਦੀ ਕਾਰਨ ਅਕਾਰਨ ਹੀ ਅੱਖੀਆਂ ਚੋਂ ਨੀਰ ਵਹਾ ਦਿਲ ਹੌਲਾ ਕਰ ਲੈਣਾ ਕੋਈ ਮਾੜੀ ਗੱਲ...
ਨਹੀਂ..ਸੋ ਪੁੱਤਰ ਜੀ ਰੋ ਲਿਆ ਕਰ ਕਦੀ ਕਦੀ”
“ਪਰ ਕਿੱਦਾਂ ਕਦੋਂ ਤੇ ਕਿਹੜੇ ਬਹਾਨੇ ਨਾਲ ਰੋਇਆ ਕਰਾਂ..ਮੈਨੂੰ ਤੇ ਕਾਰਨ ਅਕਾਰਣ ਰੋਣਾ ਆਉਂਦਾ ਹੀ ਨਹੀਂ..ਇਸਦਾ ਵੀ ਤਾਂ ਕੋਈ ਹੱਲ ਦੱਸੋ”
“ਇਕਾਂਤ ਵਿਚ ਜਦੋਂ ਕਦੀ ਰੱਬ ਦੀ ਬੰਦਗੀ ਕਰਦੇ ਹੋਏ ਖੁਦ ਵੱਲੋਂ ਜਾਣੇ ਅਣਜਾਣੇ ਵਿਚ ਹੀ ਹੋ ਗਏ “ਕਿੰਨੇ ਸਾਰੇ ਪਾਪ ਅਤੇ ਗੁਨਾਹ” ਚੇਤੇ ਆਉਣ ਲੱਗਣ ਤਾਂ ਓਦੋਂ ਰੱਜ ਕੇ ਰੋ ਲਿਆ ਕਰ”
ਇਹ ਰੂਹਾਨੀ ਜਿਹਾ ਜੁਆਬ ਸੁਣ ਲਗਪਗ ਸੁੰਨ ਹੋ ਗਏ ਨੂੰ ਮੁਸਕੁਰਾਉਂਦੇ ਹੋਏ ਲੰਮੇ ਦਾਹੜੇ ਵਾਲੇ ਉਹ ਸਰਦਾਰ ਜੀ ਅੱਜ ਡਾਕਟਰ ਘੱਟ ਪਰ ਨਿੱਕੇ ਹੁੰਦਿਆਂ ਹਮੇਸ਼ਾਂ ਬਾਣੀ ਪੜਨ ਲਈ ਪ੍ਰੇਰਦੇ ਹੋਏ ਮੇਰੇ ਦਾਦਾ ਜੀ ਜਿਆਦਾ ਲੱਗ ਰਹੇ ਸਨ..!
ਹਰਪ੍ਰੀਤ ਸਿੰਘ ਜਵੰਦਾ