![](https://www.punjabidharti.com/wp-content/uploads/2014/10/muk-gyi-feem.jpg)
ਇੱਕ ਕੁੜੀ ਮਲੋਟ ਨੇੜਲੇ ਕਿਸੇ ਪਿੰਡ ‘ਚ ਵਿਆਹੀ ਗਈ। ਮਾਲਵੇ ਦੇ ਜ਼ਿਆਦਾਤਰ ਬਾਪੂਆਂ ਵਾਂਗ ਕੁੜੀ ਦਾ ਸਹੁਰਾ ਵੀ ‘ਫ਼ੀਮ ਖਾਣ ਦਾ ਆਦੀ ਸੀ। ਜਦੋਂ ਨੂੰਹ ਨੇ ਸਵੇਰੇ ਸਵੇਰੇ ਚਾਹ ਦੇਣ ਜਾਣਾ ਤਾਂ ਬਾਪੂ ਨੇ ਚਾਹ ਵਾਲ਼ਾ ਗਲਾਸ ਮੰਜੇ ਦੀ ਬਾਹੀ ‘ਤੇ ਰੱਖ ਕੇ ਕੁੜਤੇ ਹੇਠਾਂ ਪਾਈ ਬਥੂਹੀ ਦੇ ਬੋਝੇ ‘ਚੋਂ ਨਾਗਣੀ ਵਾਲ਼ਾ ਮੋਮੀ ਲਫਾਫਾ ਕੱਢਣਾ ਤੇ ਗੋਂਗਲੂ ਜਿੱਡੇ ਵੱਡੇ ਗੋਲ਼ੇ ਨਾਲ਼ੋਂ ਦਰਮਿਆਨੇ ਬਾਂਟੇ ਕੁ ਜਿੰਨੀ ਤੋੜ ਕੇ ਮੂੰਹ ਵਿੱਚ ਸੁੱਟ ਲੈਣੀ ਤੇ ਫਿਰ ਚਾਹ ਦਾ ਘੁੱਟ ਭਰਨਾ। ਪੜ੍ਹੀ ਲਿਖੀ ਨੂੰਹ ਕਾਫ਼ੀ ਦਿਨਾਂ ਤੱਕ ਨੋਟ ਕਰਦੀ ਰਹੀ ਕਿ ਸਾਡੇ ਏਰੀਏ ‘ਚ ਤਾਂ ਜਦੋਂ ਬੰਦੇ ਦਾਰੂ ਪੀਂਦੇ ਆ ਤਾਂ ਤੀਜੇ ਕੁ ਪੈੱਗ ਬਾਅਦ ਬੰਿਦਆਂ ਦੀ ‘ਵਾਜ਼ ਵੀ ਬਦਲ ਜਾਂਦੀ ਆ ਤੇ ਓਦਾਂ ਵੀ ਹੁਲਾਰੇ ਜਿਹੇ ਲੈਣ ਲੱਗ ਜਾਂਦੇ ਨੇ ਤੇ ਕਈਆਂ ਦੀ ‘ਡਿਗਰੀ’ ਤਾਂ ਜੂਤ ਪਤਾਣ ਕਰਕੇ ਈ ਸੈੱਟ ਹੁੰਦੀ ਆ ਪਰ ਇਧਰਲੇ ਬਾਪੂ ਨੂੰ ਤਾਂ ਬਹੁਤਾ ਫ਼ਰਕ ਈ ਨਹੀਂ ਪੈਂਦਾ। ਹੌਲ਼ੀ ਹੌਲ਼ੀ ਜਦੋਂ ਉਹ ਘਰ ਵਿਚ ਰਚ ਮਿਚ ਗਈ ਤਾਂ ਇਕ ਦਿਨ ਚਾਹ ਦੇਣ ਗਈ ਨੇ ਜੇਰਾ ਜਿਹਾ ਕਰਕੇ ਸਹੁਰਾ ਸਾਬ੍ਹ ਨੂੰ ਪੁੱਛ ਈ ਲਿਆ, “ਬਾਪੂ ਜੀ ਤੁਹਾਨੂੰ ਇਹਦਾ ਕੋਈ ਨਸ਼ਾ ਨੁਸ਼ਾ ਤਾਂ ਹੁੰਦਾ ਨ੍ਹੀ ਫਿਰ ਖਾਂਦੇ ਕਿਉਂ ਜੇ ਰੋਜ਼?”
ਬਾਪੂ ਨੇ ਟਾਲਣ ਦੇ ਇਰਾਦੇ ਨਾਲ਼ ਕਹਿ ਦਿੱਤਾ ਕਿ “ਨਸ਼ਾ ਤਾਂ ਭਾਈ ਰੋਟੀ ‘ਚ ਵੀ ਹੁੰਦਾ, ਇਹ ਤਾਂ ਫਿਰ ‘ਫ਼ੀਮ ਆ”
ਬਾਪੂ ਦੇ ਇਸ ਜਵਾਬ ਨਾਲ਼ ਜਦੋਂ ਨੂੰਹ...
ਦੀ ਨਿਸ਼੍ਹਾ ਨਾ ਹੋਈ ਤਾਂ ਨੂੰਹ ਖਹਿੜੇ ਪੈ ਗਈ ਕਿ “ਦੱਸੋ ਏਹਦਾ ਨਸ਼ਾ ਕਿਤਰਾਂ ਦਾ ਹੁੰਦਾ”
ਬਾਪੂ ਨੇ ਬਥੇਰੀ ਵਾਹ ਲਾਈ ਪਰ ਗੂੰਗੇ ਦੇ ਗੁੜ ਖਾਣ ਵਾਂਗ ਓਹਨੂੰ ਨਸ਼ੇ ਦਾ ਅਸਰ ਡਿਸਕਰਾਈਬ ਕਰਨਾ ਨਾ ਆਇਆ। ‘ਜਗਿਆਸੂ ਬਿਰਤੀ’ ਦੀ ਤ੍ਰਿਪਤੀ ਨਾ ਹੋਣ ਕਾਰਨ ਜਦੋਂ ਨੂੰਹ ਸਵਾਲ ਕਰਨੋਂ ਨਾ ਈ ਹਟੀ ਤਾਂ ਹਾਰ ਕੇ ਬਾਪੂ ਨੇ ਬੋਝੇ ‘ਚੋਂ ਲਫਾਫਾ ਕੱਢਿਆ ਤੇ ਛੋਲਿਆਂ ਦੇ ਦਾਣੇ ਕੁ ਜਿੰਨੀ ਤੋੜ ਕੇ ਨੂੰਹ ਨੂੰ ਫੜਾ ਦਿੱਤੀ। ਜੱਕੋਤੱਕੇ ਜਿਹੇ ਕਰਦੀ ਨੂੰਹ ਨੇ ਸੋਚਿਆ ਕਿ ਜੇ ‘ਰਿਸਰਚ’ ਕਰਨੀ ਆ ਤਾਂ ‘ਇਕਸਪੈਰੀਮੈਂਟ’ ਤਾਂ ਕਰਨੇ ਈ ਪੈਣਗੇ। ਲਉ ਜੀ ਨੂੰਹ ਨੇ ਨੱਕ ਮੂੰਹ ਜਿਹੇ ਮਰੋੜਦਿਆਂ ‘ਰਿਸਰਚ’ ਦੀ ਗੋਲ਼ੀ ਖਾ ਲਈ ਤੇ ‘ਨਿਗਰਾਨ ਸਾਬ੍ਹ’ ਦੇ ‘ਦਿਸ਼ਾ ਨਿਰਦੇਸ਼ਾਂ’ ਅਨੁਸਾਰ ਉੱਪਰੋਂ ਤੇਜ਼ ਮਿੱਠੇ ਵਾਲ਼ੀ ਚਾਹ ਵੀ ਪੀ ਲਈ। ਘੰਟੇ ਕੁ ਪਿੱਛੋਂ ਜਦੋਂ ਘਰਦੇ ਕੰਮ ਧੰਦੇ ਕਰਦੀ ਨੂੰਹ ਬਾਪੂ ਦੇ ਕਮਰੇ ਵੱਲ ਆਈ ਤਾਂ ਬਾਪੂ ਨੇ ਨੂੰਹ ਰਾਣੀ ਦੀ ਤੋਰ ‘ਚ ਚੁਸਤੀ ਤੇ ਰੰਗ ਭਖਿਆ ਹੋਇਆ ਵੇਖਿਆ। ਮੁਸਕੜੀਏ ਹੱਸਦੇ ਬਾਪੂ ਨੇ ਪੁੱਛਿਆ, “ਭਾਈ ਲੱਗਾ ਕੁਛ ਪਤਾ ਇਹਦਾ ਨਸ਼ਾ ਕਿੱਤਰਾਂ ਦਾ ਹੁੰਦਾ?”
ਨੂੰਹ ਆਂਹਦੀ, “ਬਾਪੂ ਜੀ ਨਸ਼ੇ ਨੁਸ਼ੇ ਦਾ ਤਾਂ ਪਤਾ ਨ੍ਹੀ, ਬੱਸ ਮਲੋ-ਮੱਲੀ ਚਾਅ ਜਿਹੇ ਈ ਚੜ੍ਹੀ ਜਾਂਦੇ ਆ”