ਭੈਣ ਜੀ ਮੈਥੋਂ ਛੇ ਸਾਲ ਵੱਡੀ ਸੀ..!
ਅਕਸਰ ਨਿੱਕੀ ਨਿੱਕੀ ਗੱਲ ਤੋਂ ਲੜਾਈ ਹੋ ਜਾਇਆ ਕਰਦੀ..ਜ਼ੁਬਾਨੀ ਬੋਲ-ਬੁਲਾਰਾ ਤੇ ਮਗਰੋਂ ਹਥੋਪਾਈ!
ਉਹ ਮੈਥੋਂ ਤਕੜੀ ਸੀ ਪਰ ਫੇਰ ਵੀ ਮੈਥੋਂ ਹਰ ਵਾਰ ਹਾਰ ਜਾਇਆ ਕਰਦੀ..!
ਮੇਰੇ ਮਨ ਅੰਦਰ ਦੀ ਹਰ ਗੱਲ ਸੌਖਿਆਂ ਹੀ ਬੁੱਝ ਲਿਆ ਕਰਦੀ..!
ਗੂੜੀ ਨੀਂਦਰ ਸੁੱਤੇ ਪਏ ਨੂੰ ਹਲੂਣਾ ਦੇ ਕੇ ਜਗਾਉਂਦੀ..ਅਖ਼ੇ ਉੱਠ ਸਕੂਲੋਂ ਲੇਟ ਹੋ ਜਾਣਾ..!
ਕਈ ਵੇਰ ਬੋਲ ਚਾਲ ਬੰਦ ਹੁੰਦੀ ਤਾਂ ਵੀ ਤੁਰਿਆਂ ਜਾਂਦਿਆਂ ਪੁੱਛ ਲਿਆ ਕਰਦੀ..”ਹਿਸਾਬ ਦੇ ਸਵਾਲ ਕੱਢੇ ਈ..ਹਿੰਦੀ ਦਾ ਕੰਮ ਕੀਤਾ ਈ?
ਮੈਂ ਅੱਗਿਓਂ ਚੁੱਪ ਕਰ ਜਾਂਦਾ..ਉਹ ਸਮਝ ਜਾਇਆ ਕਰਦੀ!
ਫੇਰ ਸਾਰੇ ਗੁੱਸੇ ਗਿਲੇ ਪਾਸੇ ਰੱਖ ਮੈਨੂੰ ਸੜਕ ਤੋਂ ਓਹਲੇ ਜਿਹੇ ਕਰ ਛਾਵੇਂ ਬਿਠਾ ਲਿਆ ਕਰਦੀ..ਦਸਾਂ ਮਿੰਟਾਂ ਵਿਚ ਹੀ ਸਾਰਾ ਕੁਝ ਖਤਮ ਕਰ ਕਾਪੀਆਂ ਵਾਪਿਸ ਮੇਰੇ ਬਸਤੇ ਵਿਚ ਪਾ ਨਾਲ ਤੋਰ ਲਿਆ ਕਰਦੀ..!
ਇੱਕ ਵੇਰ ਪੰਜਾਬੀ ਵਾਲੇ ਮਾਸਟਰ ਜੀ ਨੇ ਲਿਖਾਈ ਪਛਾਣ ਲਈ..!
ਝੂਠ ਫੜਿਆ ਗਿਆ..ਭੈਣ ਜੀ ਸਿਆਣਿਆਂ ਵਾਂਙ ਆਖਣ ਲੱਗੀ ਕੇ “ਜੀ ਕਸੂਰ ਮੇਰਾ ਏ..ਮੇਰੇ ਵੀਰ ਨੂੰ ਕੁਝ ਨਾ ਆਖਿਓ..ਜਦੋਂ ਤੁਸੀਂ ਰਿਪੋਰਟ ਘਰੇ ਲਿਖ ਭੇਜ ਦਿੰਨੇ ਹੋ ਤਾਂ ਇਸਨੂੰ ਸਾਰੇ ਬੜੀਆਂ ਝਿੜਕਾਂ ਮਾਰਦੇ ਨੇ..ਮੈਥੋਂ ਜਰੀਆਂ ਨਹੀਂ ਜਾਂਦੀਆਂ..”
ਮੈਨੂੰ ਹਰ ਦੁਨਿਆਵੀਂ ਕੁੱਟ ਮਾਰ ਤੋਂ ਬਚਾਂਉਦੀ ਹੋਈ ਉਹ ਮੈਨੂੰ ਬੇਬੇ ਨਾਨਕੀ ਦਾ ਹੀ ਦੂਜਾ ਰੂਪ ਲੱਗਦੀ..ਉਸ ਕੋਲ ਮੇਰੇ ਹਰ ਰੋਗ ਦਾ ਇਲਾਜ ਹੋਇਆ ਕਰਦਾ..!
ਫੇਰ ਇੱਕ ਦਿਨ ਉਹ ਬੜੀ ਦੂਰ ਵਿਆਹ ਦਿੱਤੀ ਗਈ..!
ਉਸ ਵੇਲੇ ਤਾਂ ਮਹਿਸੂਸ ਨਾ ਹੋਇਆ ਪਰ ਮਗਰੋਂ ਖਾਲੀ ਵਿਹੜਾ ਖਾਣ ਨੂੰ ਪਿਆ ਕਰਦਾ..ਲੜ ਝਗੜ ਕੇ ਗੁਜ਼ਾਰ ਦਿੱਤੀਆਂ ਕਿੰਨੀਆਂ ਘੜੀਆਂ ਅਕਸਰ ਚੇਤੇ ਆਇਆ ਕਰਦੀਆਂ..!
ਫੇਰ ਇੱਕ ਦਿਨ ਘਰਦਿਆਂ ਨੇ ਮੇਰੇ ਕਾਰਜ ਵੀ ਆਰੰਭ ਦਿੱਤੇ..ਓਧਰ ਐਨ ਮੌਕੇ ਤੇ ਭੈਣ ਜੀ ਦਾ ਆਉਣਾ ਕੈਂਸਲ ਹੋ ਗਿਆ..!
ਘੋੜੀ ਚੜੇ ਹੋਏ ਦੀ “ਵਾਗ ਫੜਾਈ” ਦੀ ਰਸਮ ਹੋ ਰਹੀ ਸੀ ਤਾਂ ਹੰਝੂ ਆ ਗਏ..ਗੁੱਸਾ ਵੀ ਆਇਆ..ਮਨ ਹੀ ਮਨ ਧਾਰ ਲਿਆ ਜਦੋਂ ਵੀ ਅੱਪੜੇਗੀ ਤਾਂ ਬਿਲਕੁਲ ਵੀ ਕਵਾਉਣਾ ਨੀ ਭਾਵੇਂ ਜਿੰਨੇ ਮਰਜੀ ਹਾੜੇ ਕੱਢ ਲਵੇ..!
ਫੇਰ ਨਾਸ਼ਤੇ ਵੇਲੇ ਕੋਈ ਚੀਜ ਖਾਂਦਿਆਂ ਅਚਾਨਕ ਸੰਘ ਵਿਚ ਲੱਗੀ “ਬੁਰਕੀ” ਕਾਰਨ ਖੰਗ ਸ਼ੁਰੂ ਹੋ ਗਈ..ਮੈਂ ਰੋਕਣ ਦੀ ਬਥੇਰੀ ਕੋਸ਼ਿਸ਼ ਕੀਤੀ..ਪਰ ਗੱਲ ਨਾ ਬਣੀ!
ਘੜੀ ਮੁੜੀ ਸਿਹਰਾ ਪਾਸੇ ਜਿਹੇ ਕਰਕੇ ਗੇਟ ਵੱਲ ਵੇਖ ਲਿਆ ਕਰਦਾ..ਸ਼ਾਇਦ ਹੁਣ ਹੀ ਆ ਹੀ ਜਾਵੇ..ਅੰਦਰੋਂ ਅੰਦਰ ਡਰ ਜਿਹਾ ਵੀ ਲੱਗਣ ਲੱਗ ਪਿਆ ਕੇ ਜੇ ਐਨ...
ਅਨੰਦ ਕਾਰਜ ਵੇਲੇ ਛਿੜ ਗਈ ਤਾਂ ਫੇਰ ਓਦੋਂ ਕੀ ਕਰੂੰ?
“ਪਹਿਲੀ ਲਾਂਵ” ਵਾਲੇ ਸ਼ਲੋਕ ਪੜਨ ਵਿਚ ਅਜੇ ਕੁਝ ਘੜੀਆਂ ਹੀ ਬਾਕੀ ਸਨ ਕੇ ਕਿਸੇ ਨੇ ਪਿੱਛਿਓਂ ਮੋਢੇ ਤੇ ਹੱਥ ਰੱਖ ਹਲੂਣਾ ਦਿੱਤਾ..ਓਹੀ ਹਲੂਣਾ ਜਿਹੜਾ ਭੈਣ ਜੀ ਨਿੱਕੇ ਹੁੰਦਿਆਂ ਦਿਆ ਕਰਦੀ ਸੀ..ਵੇਖਿਆ ਤਾਂ ਪਿੱਛੇ ਵਾਕਿਆ ਹੀ ਭੈਣ ਜੀ ਸੀ..”ਪਾਣੀ ਦਾ ਗਲਾਸ” ਫੜੀ ਖਲੋਤੀ ਹੋਈ..!
ਮੈਂ ਉਸਨੂੰ ਨਾ ਕਵਾਉਣ ਵਾਲੀ ਪਾਈ ਸਹੁੰ ਭੁੱਲ ਗਿਆ ਤੇ ਮੇਰਾ ਰੋਣ ਨਿੱਕਲ ਗਿਆ..ਪਰ ਉਸਨੇ ਕਿਸੇ ਹੋਰ ਨੂੰ ਪਤਾ ਨਾ ਲੱਗਣ ਦਿੱਤਾ ਤੇ ਮੈਨੂੰ ਆਪਣੀ ਚੁੰਨੀ ਹੇਠ ਲੁਕੋ ਲਿਆ..!
ਵਿਸ਼ਵਾਸ ਜਿਹਾ ਨਾ ਹੋਵੇ ਕੇ ਇਹ ਭੈਣ ਜੀ ਹੀ ਏ..ਉਹ ਅੱਗੋਂ ਸਿਰ ਤੇ ਹੱਥ ਰੱਖ ਆਖਣ ਲੱਗੀ “ਬਾਕੀ ਮਿਲਣੀਆਂ ਬਾਅਦ ਵਿਚ ਪਹਿਲਾਂ ਇਹ “ਮੁਲੱਠੀ ਦੇ ਰਸ ਵਾਲਾ ਪਾਣੀ ਪੀ ਲੈ”!
ਸਿਰੋਂ ਇੱਕ ਦਮ ਹੀ ਭਾਰ ਜਿਹਾ ਉੱਤਰ ਗਿਆ ਅਤੇ ਉਹ ਕਰਾਮਾਤੀ ਪਾਣੀ ਪੀਂਦਿਆਂ ਹੀ ਕਿੰਨੇ ਚਿਰ ਤੋਂ ਆਉਂਦੀ ਖੰਗ ਪੂਰੀ ਤਰਾਂ ਠੀਕ ਹੋ ਗਈ..!
ਅੱਜ ਏਨੇ ਵਰੇ ਲੰਘ ਗਏ ਪਰ ਅੱਜ ਤਕ ਇਹ ਪਤਾ ਨਹੀਂ ਚੱਲ ਸਕਿਆ ਕੇ ਲੰਮੇ ਸਫ਼ਰ ਦੀ ਥੱਕੀ ਹੋਈ ਨੂੰ ਉਸ ਦਿਨ ਆਉਂਦਿਆਂ ਸਾਰ ਹੀ ਮੇਰੀ “ਖੰਗ” ਬਾਰੇ ਕਿੱਦਾਂ ਪਤਾ ਲੱਗ ਗਿਆ..?
ਦੋਸਤੋ ਇਹ ਸਾਰਾ ਕੁਝ ਸ਼ਾਇਦ ਓਹਨਾ ਵੇਲਿਆਂ ਦੇ “ਰੱਬ” ਵੱਲੋਂ ਸਿਰਜੇ ਹੋਏ ਕਿਸੇ ਐਸੇ “ਦੂਰ ਸੰਚਾਰ” ਵਾਲੇ ਸਿਸਟਮ ਕਰਕੇ ਹੀ ਸੰਭਵ ਹੋ ਸਕਿਆ ਹੋਵੇਗਾ ਜਿਸਨੂੰ ਲੋਕ “ਰੱਬ ਦਾ ਰੇਡੀਓ” ਆਖ ਯਾਦ ਕਰਿਆ ਕਰਦੇ ਸਨ..!
ਭਾਵੇਂ “ਸੈੱਲ ਫੋਨ” ਨਹੀਂ ਸਨ ਹੋਇਆ ਕਰਦੇ ਪਰ ਤਾਂ ਵੀ ਇਸ ਸਿਸਟਮ ਵਿਚ ਏਡੀ ਕਰਾਮਾਤੀ ਤਾਕਤ ਹੁੰਦੀ ਕੇ ਸਚੇ ਮਨੋਂ ਭੇਜਿਆ ਗਿਆ ਹਰ ਸੁਨੇਹਾ ਮਿੰਟਾਂ ਸਕਿੰਟਾਂ ਵਿਚ ਹੀ ਆਪਣੀ ਮੰਜਿਲ-ਏ-ਮਕਸੂਦ ਤੱਕ ਅੱਪੜ ਆਪਣਾ ਅਸਰ ਵਿਖਾ ਹੀ ਜਾਇਆ ਕਰਦਾ ਸੀ..ਤੇ ਬਾਕੀ ਦੀ ਦੁਨੀਆ ਇੱਕ ਦੂਜੇ ਦਾ ਮੂੰਹ ਤੱਕਦੀ ਬੱਸ ਇਹੋ ਸੋਚਦੀ ਰਹਿ ਜਾਇਆ ਕਰਦੀ ਕੇ ਇਹ ਸਾਰਾ ਕੁਝ ਹੋ ਕਿੱਦਾਂ ਗਿਆ?
ਦੋਸਤੋ ਬੇਸ਼ੱਕ ਪੁਲ ਹੇਠੋਂ ਲੰਘਿਆ ਪਾਣੀ ਅਤੇ ਗੁਜਰ ਗਿਆ ਵਕਤ ਮੁੜ ਪਰਤ ਕੇ ਦੁਬਾਰਾ ਨਹੀਂ ਆਉਂਦਾ ਪਰ ਓਹਨਾ ਵੇਲਿਆਂ ਨੂੰ ਯਾਦ ਕਰ ਲੈਣਾ ਤੇ ਅਜੇ ਵੀ ਸਾਡੇ ਵੱਸ ਵਿਚ ਹੀ ਹੈ..!
ਹਰਪ੍ਰੀਤ ਸਿੰਘ ਜਵੰਦਾ