ਵਜੂਦ
ਉਹ ਆਪਣੇ ਘਰ ਉੱਚੀ ਉੱਚੀ ਰੌਲਾ ਪਾ ਰਿਹਾ ਸੀ। ਕਈ ਲੋਕ ਉਸ ਕੋਲ ਬੈਠ ਕੇ ਸਵਾਦ ਲੈ ਰਹੇ ਸਨ। ਉਹ ਉਸ ਨੂੰ ਬੁਰਾ ਭਲਾ ਕਹਿ ਰਿਹਾ ਸੀ। “ਉਹ ਚੰਗੀ ਨਹੀਂ, ਉਸ ਦੀ ਮਾਂ ਇਸ ਲਈ ਲੈ ਗਈ, ਕਿ ਹੋਰ ਖ਼ਸਮ ਕਰਵਾ ਦਊਗੀ। ਉਸ ਦੀ ਮਾਂ ਵੀ ਤੇ ਭੈਣਾਂ ਵੀ ਇਹੋ ਜਿਹੀਆਂ ਨੇ। ਇਹ ਤਾਂ ਸਰਾਬ ਪੀ ਕੇ ਸੌਂਦੀ ਸੀ।” ਨਾ ਤਾਂ ਉਸ ਦੀ ਮਾਂ ਉਸ ਦੇ ਮੂੰਹ ਅੱਗੇ ਹੱਥ ਦੇ ਰਹੀ ਸੀ ਨਾ ਭਰਾ, ਜਿਹੜੇ ਉਸ ਦੇ ਕੋਲ ਬੈਠੇ ਸਨ।
ਕੁਝ ਦਿਨਾਂ ਬਾਅਦ ਉਹ ਵਾਪਸ ਆ ਗਈ। ਆਢ ਗੁਆਂਢ ਦੀਆਂ ਜਨਾਨੀਆਂ ਆਣ ਇਕੱਠੀਆਂ ਹੋਈਆਂ, ਭੈਣ ਤੁੰ ਕਿਥੇ ਚਲੀ ਗਈ ਸੀ, ਤੇਰੇ ਆਦਮੀ ਨੇ ਪਿਛੋਂ ਤੇਰੀ ਬਹੁਤ ਮਿੱਟੀ ਪਲੀਤ ਕੀਤੀ। ਉਹ ਸਭ ਦੀਆਂ ਗੱਲਾਂ ਸੁਣ ਕੇ ਡੌਰ ਭੌਰੀ ਹੋ ਗਈ। ਉਸ ਨੇ ਦੱਸਿਆ, “ਕਿ ਇਹ ਨਿੱਤ ਦਿਹਾੜੇ ਸ਼ਰਾਬ ਪੀ ਕੇ ਆਉਂਦਾ, ਪੈਂਤੀ ਸੌ ਮਹੀਨੇ ਦੀ ਤਨਖਾਹ ਤੇ ਕੰਮ ਕਰਦਾ। ਤੁਹਾਡੇ ਸਾਹਮਣੇ ਮੈਂ ਕੱਪੜੇ ਸਿਉਂ ਕੇ ਮਾੜਾ ਚੰਗਾ ਗੁਜ਼ਾਰਾ ਕਰਦੀ ਆਂ। ਤਿੰਨ ਧੀਆਂ ਦਾ ਪਾਲਣ ਪੋਸ਼ਣ ਈ ਮਾਣ ਨੀ। ਕਈ ਵਾਰ ਤਾਂ ਇਹੋ ਜਿਹੇ ਹਲਾਤ ਵੀ ਹੋ ਜਾਂਦੇ ਕਿ ਸਾਨੂੰ ਗੁਰਦੁਆਰੇ ਜਾ ਕੇ ਰੋਟੀ ਛਕਣੀ ਪੈਂਦੀ, ਮੈਂ ਫਿਰ ਵੀ ਘਰ ਦਾ ਪਾਜ਼ ਨਹੀਂ ਕੱਢਿਆ। ਮੈਰੀ ਮਾਂ...
ਆਈ ਸੀ, ਉਸ ਨੇ ਅੱਖੀਂ ਸਭ ਕੁਝ ਦੇਖ ਲਿਆ। ਜਦੋਂ ਇਹਨੂੰ ਪੁਛਿਆ ਤਾਂ ਡੇਲੇ ਕੱਢਣ ਲੱਗਾ।”
ਮੈਂ ਦੁਖੀ ਹੋ ਕੇ ਚੁੱਪ ਚੁਪੀਤੇ ਮਾਂ ਨਾਲ ਚਲੀ ਗਈ, ਕਿ ਚਾਰ ਦਿਨ ਪਾਸੇ ਰਹੂੰਗੀ ਤਾਂ ਸੁਧਰ ਜਾਵੇਗਾ। ਇਹਦੀ ਇੱਜ਼ਤ ਬਚਾਉਣ ਲਈ ਮੈਂ ਕਦੇ ਉੱਚਾ ਨਹੀਂ ਬੋਲੀ, ਕਦੇ ਕਿਸੇ ਕੋਲ ਘਰ ਦਾ ਭੇਤ ਨਹੀਂ ਖੋਲ੍ਹਿਆ, ਪਰ ਇਸਨੇ ਇਹ ਕਰਤੂਤ ਕੀਤੀ, ਮੇਰਾ ਆਢ ਗੁਆਂਢ ਵਿੱਚ ਜਲੂਸ ਕੱਢਿਆ, ਮੈਂ ਕਿਸੇ ਦੇ ਮੱਥੇ ਕਿਵੇਂ ਲੱਗੂੰ, ਮੈਂ ਇਥੇ ਨਹੀਂ ਰਹਿ ਸਕਦੀ।
ਉਹ ਅਗਲੇ ਦਿਨ ਵਾਪਸ ਚਲੀ ਗਈ, ਤੇ ਕੁਝ ਦਿਨਾਂ ਬਾਅਦ ਉਝ ਵੀ ਮਗਰ ਤੁਰ ਗਿਆ, ਤੇ ਵਾਪਸ ਕਦੇ ਨਹੀਂ ਆਏ। ਇਕ ਔਰਤ ਵਿਚ ਹੀ ਸਹਿਣਸ਼ੀਲਤਾ ਹੈ, ਜੋ ਗਰੀਬੀ, ਲਾਚਾਰੀ ਅਤੇ ਜੁਲਮ ਸਹਿ ਕੇ ਵੀ ਚੁੱਪ ਸੀ, ਤੇ ਉਹ, ਨਾ ਦੱਸ ਕੇ ਜਾਣ ਵਿਚ, ਐਨਾ ਔਖਾ ਹੋ ਗਿਆ, ਕਿ ਪਲਾਂ ਵਿਚ ਉਸ ਦਾ ਪਿਆਰ, ਇੱਜ਼ਤ ਸਭ ਭੁੱਲ ਗਿਆ। ਕੀ ਔਰਤ ਦਾ ਆਦਮੀ ਲਈ ਏਨਾ ਕੁ ਵਜੂਦ ਹੁੰਦਾ, ਕਿ ਉਹ ਪਲਾਂ ਵਿਚ ਉਸ ਦੀ ਇੱਜਤ ਦੀਆਂ ਧੱਜੀਆਂ ਉਡਾ ਸਕਦਾ।
ਬਲਵਿੰਦਰ ਕੌਰ, ਅੰਮ੍ਰਿਤਸਰ।