ਤਕਰੀਬਨ ਤਿੰਨ ਦਹਾਕੇ ਪਹਿਲਾਂ ਉਹ ਇੱਕ ਫਾਰਮ ਹਾਊਸ ਤੇ ਮਿਲਿਆ ਸੀ!
ਓਹੀ ਰੁਟੀਨ..ਪਹਿਲਾਂ ਨਿੱਤਨੇਮ ਤੇ ਫੇਰ ਸੀਪ..ਸੀਪ ਦਾ ਏਨਾ ਸ਼ੁਕੀਨ ਕੇ ਕਈ ਵਾਰ ਰੋਟੀ ਖਾਣੀ ਵੀ ਭੁੱਲ ਜਾਂਦਾ..ਫੇਰ ਅਸੀਂ ਅੱਧਾ ਕੂ ਘੰਟਾ ਗੱਲਾਂ ਕੀਤੀਆਂ!
ਕੁਝ ਦਿਨ ਮਗਰੋਂ ਉਸਦੀ ਖਬਰ ਛਪ ਗਈ..
ਕੱਲਾ ਨਹੀਂ ਦੋ ਹੋਰ ਵੀ ਨਾਲ ਸਨ..ਅਖਬਾਰਾਂ ਦੀ ਓਹੀ ਘਿਸੀ ਪਿੱਟੀ ਕਹਾਣੀ..ਨਾਕੇ ਤੇ ਰੋਕਿਆ..ਅੱਗੋਂ ਗੋਲੀ ਚਲਾ ਦਿੱਤੀ..ਜੁਆਬੀ ਕਾਰਵਾਈ..ਤਿੰਨੋਂ ਮਾਰੇ ਗਏ..ਕਿੰਨੇ ਸਾਰੇ ਕਤਲਾਂ ਡਾਕਿਆਂ ਲਈ ਜੁੰਮੇਵਾਰ!
ਦੋ ਦਿਨ ਰੋਟੀ ਨਾ ਲੰਘੀ..ਉਹ ਏਨੇ ਕਤਲ ਕਿੱਦਾਂ ਕਰ ਸਕਦਾ..ਉਸਨੇ ਤੇ ਕਦੀ ਕੀੜੀ ਤੱਕ ਨੀ ਸੀ ਮਾਰੀ!
ਫੇਰ ਕਦੀ ਕਦੀ ਸੁਫ਼ਨੇ ਵਿਚ ਆਉਣਾ ਸ਼ੁਰੂ ਕਰ ਦਿੱਤਾ..ਮੈਂ ਪੁੱਛਦਾ ਤਾਂ ਉਹ ਅੱਗੋਂ ਸਫਾਈਆਂ ਹੀ ਦਿੰਦਾ ਰਹਿੰਦਾ..ਸਿਰਫ ਹੱਕ ਹੀ ਤਾਂ ਮੰਗੇ ਸਨ..ਓਹਨਾ ਹੱਥਾਂ ਵਿਚ ਹਥਿਆਰ ਫੜਾ ਦਿੱਤੇ..ਕਿਓੰਕੇ ਜਾਣਦੇ ਸਨ ਕੇ ਹਥਿਆਰਾਂ ਤੋਂ ਬਗੈਰ ਇਹਨਾਂ ਦੇ ਸਿਰਾਂ ਦੇ ਇਨਾਮ ਰਖਣੇ ਔਖੇ ਸਨ..!
ਅਸੀ ਫੇਰ ਵੀ ਸੁਨੇਹੇ ਘੱਲਦੇ ਰਹੇ..ਮੰਗਾਂ ਮੰਨ ਲਵੋ ਅਸੀਂ ਹਥਿਆਰ ਛੱਡ ਦਿੰਨੇ..
ਪਰ ਉਹ ਬਜਿਦ ਸਨ..ਅਖੇ ਇੱਕ ਵਾਰ ਫੜ ਲਏ ਤੇ ਫੜ ਲਏ..ਹੁਣ ਛੱਡਣ ਨਹੀਂ ਦੇਣੇ..ਹੁਣ ਤੇ ਬੱਸ ਤੁਹਾਡਾ ਸ਼ਿਕਾਰ ਹੀ ਹੋਊ!
ਜਿਸਨੇ ਮਾਰਿਆ..ਉਹ ਵੀ ਹੁਣ ਦੁਨੀਆਂ ਤੇ ਹੈਨੀ..ਪਰ ਉਸਦਾ ਮੁੰਡਾ ਮੇਰਾ ਹਾਣੀ..ਇਥੇ ਕਨੇਡਾ ਵਿਚ ਹੀ!
ਮਿਲਿਆ ਤਾਂ ਪੁੱਛ ਲਿਆ..ਕਿਓਂ ਮਾਰਿਆ ਸੀ ਤੇਰੇ ਬਾਪ ਨੇ ਉਸਨੂੰ..?
ਕਹਿੰਦਾ ਡੈਡੀ ਨੇ ਕਿਤਾਬ...
ਲਿਖੀ ਏ..ਸਾਰਾ ਕੁਝ ਲਿਖਿਆ ਉਸ ਵਿਚ..ਪੜ ਲਵੀਂ!
ਪੜੀ ਤਾਂ ਕਿੰਨਾ ਕੁਝ..ਕਤਲ ਬਲਾਤਕਾਰ..ਲੁੱਟਾਂ ਖੋਹਾਂ..ਇੱਕ ਵਾਰ ਤੇ ਮੇਰੀ ਵਿਚਾਰਧਾਰਾ ਵੀ ਬਦਲ ਗਈ..ਏਨੇ ਗਲਤ ਕੰਮ..ਉਹ ਵੀ ਪੰਥ ਦੇ ਨਾਮ ਤੇ..ਫੇਰ ਓਸਨੂੰ ਕਦੀ ਚੇਤੇ ਨਾ ਕੀਤਾ!
ਇੱਕ ਦਿਨ ਫੇਰ ਆ ਗਿਆ..ਸੁਫ਼ਨੇ ਵਿਚ..ਬੂਹਾ ਖੜਕਾਈ ਜਾਵੇ..ਮੈਂ ਆਖਿਆ ਨਹੀਂ ਬੋਲਣਾ ਤੇਰੇ ਨਾਲ!
ਆਖਦਾ ਯਾਰ ਬਾਰ ਤੇ ਖੋਲ ਇੱਕ ਵਾਰ..ਮੈਨੂੰ ਪਤਾ ਤੈਨੂੰ ਕਾਹਦੀ ਨਰਾਜਗੀ ਏ..ਤੂੰ ਉਸਦੀ ਲਿਖੀ ਕਿਤਾਬ ਪੜੀ ਹੋਣੀ ਏ..!
ਮੈਂ ਪਸੀਜ ਗਿਆ..ਏਨੀ ਠੰਡ ਏ ਕਿਧਰੇ ਬਿਮਾਰ ਹੀ ਨਾ ਹੋ ਜਾਵੇ..ਬਾਰ ਖੋਲ ਦਿੱਤਾ..
ਉਹ ਅੰਦਰ ਲੰਘ ਆਇਆ..ਫੇਰ ਕਿੰਨੀਆਂ ਗੱਲਾਂ ਦੱਸੀਆਂ..ਫੇਰ ਸੀਪ ਖੇਡਦਿਆਂ ਸਾਡੀ ਪੱਕੀ ਸੁਲਾ ਹੋ ਗਈ..ਫੇਰ ਏਨੀ ਗੱਲ ਆਖ ਚਲਾ ਗਿਆ ਕੇ ਅੱਗੋਂ ਕਦੀ ਨਰਾਜ ਨਾ ਹੋਵੀਂ!
ਸੁਵੇਰੇ ਜਾਗ ਖੁੱਲੀ ਤਾਂ ਵੇਹੜੇ ਵਿਚ ਖਲੋਤੇ ਟਰੈਕਟਰ ਤੇ ਲੱਗਿਆ ਗੀਤ..”ਜਾਗਰਾ ਲਾ ਸੀਪ ਦੀ ਬਾਜੀ..ਓ ਸੱਥਾਂ ਖਾਲੀ ਹੋ ਚੱਲੀਆਂ..”
ਓਸੇ ਵੇਲੇ ਦਿੱਲੀਓਂ ਫੋਨ ਆ ਗਿਆ..ਮੋਰਚੇ ਤੇ ਗਿਆ ਯਾਰ ਸੀ..ਵਾਰ ਵਾਰ ਆਖ ਰਿਹਾ ਸੀ..ਇਸ ਵਾਰ ਖਾਲੀ ਨਹੀਂ ਹੋਣ ਦਿੰਦੇ..ਕੰਮ ਸਿਰੇ ਲੱਗੂ ਤੇ ਵਾਪਿਸ ਮੁੜਕੇ ਸੱਥਾਂ ਤੇ ਸੀਪ ਵੀ ਚੱਲੂ!
ਹਰਪ੍ਰੀਤ ਸਿੰਘ ਜਵੰਦਾ