ਨਿੱਕੀ ਹੁੰਦੀ ਜਦੋਂ ਵੀ ਸੈਰ ਕਰਨ ਜਾਂਦੀ ਤਾਂ ਦਾਰ ਜੀ ਦੇ ਖਹਿੜੇ ਪੈ ਜਾਂਦੀ..ਮੈਨੂੰ ਗਿਰਗਿਟ ਵਿਖਾਓ..!
ਅੱਗੋਂ ਹੱਸ ਪਿਆ ਕਰਦੇ..ਆਖਦੇ ਬੇਟਾ ਕਿੰਨੇ ਸਾਰੇ ਰੰਗ ਬਦਲਣ ਵਾਲਾ ਇਹ ਅਜੀਬ ਜਿਹਾ ਜਾਨਵਰ ਸ਼ਹਿਰਾਂ ਵਿਚ ਨਹੀਂ ਸਗੋਂ ਦੂਰ ਜੰਗਲਾਂ ਵਿਚ ਹੀ ਵਿਖਾਈ ਦਿੰਦਾ ਏ..!
ਵੱਡੀ ਹੋਈ..ਪੜਾਈ ਮਗਰੋਂ ਪ੍ਰੋਫੈਸਰ ਵੀ ਲੱਗ ਗਈ..ਪਰ ਗਿਰਗਿਟ ਵੇਖਣ ਜੰਗਲ ਵਿਚ ਜਾਣ ਦਾ ਮੌਕਾ ਕਦੀ ਨਾ ਮਿਲਿਆ..!
ਫੇਰ ਵਿਆਹ ਹੋਇਆ..ਚਾਰੇ ਬੰਨੇ ਧੁੰਮਾਂ ਪੈ ਗਈਆਂ..ਏਨਾ ਸਦਾ ਵਿਆਹ..ਏਡੀ ਗੁਰਸਿੱਖ ਫੈਮਲੀ..ਬਰਾਤ ਸਿਰਫ ਗਿਆਰਾਂ ਬੰਦੇ..ਗੁਰੂਦੁਆਰੇ ਲੰਗਰ ਛੱਕ ਕੇ ਬਿਨਾ ਦਾਜ ਤੋਂ ਤਿੰਨਾਂ ਕੱਪੜਿਆਂ ਵਿਚ ਮੇਰੀ ਵਿਦਾਈ ਹੋ ਗਈ..!
ਅਗਲੇ ਘਰ ਵਿਚ ਮਹੀਨਾ ਕਿੰਝ ਲੰਘਿਆਂ ਪਤਾ ਹੀ ਨਹੀਂ ਲੱਗਿਆ..
ਫੇਰ ਇੱਕ ਸ਼ਾਮ ਬਦਲੇ ਜਿਹੇ ਮਾਹੌਲ ਵਿਚ ਇੱਕਠਿਆਂ ਬੈਠਿਆਂ ਗੱਲ ਚੱਲ ਪਈ..
ਆਪਣਾ ਵੱਖਰਾ ਘਰ ਹੋਣਾ ਬਹੁਤ ਜਰੂਰੀ ਏ..ਘਰਾਂ ਦੇ ਰੇਟ ਵੀ ਵਧਦੇ ਜਾ ਰਹੇ..ਪੈਸੇ ਬੰਕ ਵਿਚ...
ਰੱਖਣ ਦਾ ਕੋਈ ਫਾਇਦਾ ਨਹੀਂ..ਇਨਵੈਸਟ ਕਰ ਦੇਣੇ ਚਾਹੀਦੇ ਨੇ..
ਫੇਰ ਭਾਪਾ ਜੀ ਵੱਲੋਂ ਮੇਰੇ ਅਕਾਊਂਟ ਵਿਚ ਪਾਏ ਪੰਜਾਹ ਲੱਖ ਦਾ ਹਵਾਲਾ ਆ ਗਿਆ..ਅਖ਼ੇ ਕੋਲ ਸਸਤੀ ਜਮੀਨ ਮਿਲਦੀ ਏ..ਸੋਚਦੇ ਹਾਂ ਜੇ ਤੂੰ ਹੁੰਗਾਰਾ ਭਰੇਂ ਤਾਂ ਲੈ ਲਈ ਜਾਵੇ..!
ਅਗਲੇ ਦਿਨ ਚੈਕ ਤੇ ਦਸਤਖਤ ਕਰਦੀ ਹੋਈ ਨੂੰ ਇੰਝ ਦਾ ਮਹਿਸੂਸ ਹੋ ਰਿਹਾ ਸੀ ਜਿੱਦਾਂ ਦਾਜ ਦੀ ਪਹਿਲੀ ਕਿਸ਼ਤ ਅਦਾ ਕਰ ਰਹੀ ਹੋਵਾਂ ਪਰ ਨਾਲ ਹੀ ਏਨੀ ਗੱਲ ਵੀ ਜਰੂਰ ਪਤਾ ਲੱਗ ਗਈ ਕੇ ਗਿਰਗਿਟ ਸਿਰਫ ਜੰਗਲਾਂ ਵਿਚ ਹੀ ਨਹੀਂ ਸਗੋਂ ਕਦੀ ਕਦੀ ਸ਼ਹਿਰਾਂ ਵਿਚ ਵੀ ਵਿਖਾਈ ਦੇ ਜਾਂਦੀ ਏ!
ਹਰਪ੍ਰੀਤ ਸਿੰਘ ਜਵੰਦਾ