ਚੰਡੀਗੜ ਜੰਮੀ ਪਲੀ ਦਾ ਮਾਝੇ ਰਿਸ਼ਤਾ ਤਹਿ ਹੋ ਗਿਆ ਤਾਂ ਬੜਾ ਮਜਾਕ ਉੱਡਿਆ..
ਸਹੇਲੀਆਂ ਆਖਣ ਲੱਗੀਆਂ ਲੋਕ ਤਰੱਕੀ ਕਰਦੇ ਨੇ ਤੇ ਤੂੰ ਅੰਨ੍ਹੇ ਖੂਹ ਵਿਚ ਜਾ ਡਿੱਗੀ ਏਂ..ਘਰਦੇ ਕੋਸ਼ਿਸ਼ ਕਰਦੇ ਤਾਂ ਦਿੱਲੀ ਗੁੜਗਾਓਂ ਵੱਲ ਸੋਹਣੇ ਰਿਸ਼ਤੇ ਮਿਲ ਜਾਣੇ ਸਨ!
ਇਹ ਓਹਨਾ ਦਿਨਾਂ ਵਿਚ ਬਟਾਲੇ ਕਾਲਜ ਪੜਾਇਆ ਕਰਦੇ ਸਨ..
ਸ਼ਹਿਰ ਦੇ ਨਾਲ ਜਮੀਨ ਜਾਇਦਾਤ ਵਾਹਵਾ ਸੀ..ਤੇ ਸੁਬਾਹ ਵੀ ਸਮੁੰਦਰ ਵਾਂਙ ਖੁੱਲ੍ਹਾ ਡੁੱਲ੍ਹਾ!
ਪਰ ਇੱਕ ਅਜੀਬ ਆਦਤ ਹੋਇਆ ਕਰਦੀ ਸੀ..ਸੁਵੇਰੇ ਸੈਰ ਤੇ ਜਾਂਦੇ ਤਾਂ ਹਰ ਸਬਜੀ ਅਤੇ ਰਿਕਸ਼ੇ ਵਾਲਾ ਇਹਨਾਂ ਨੂੰ ਫਤਹਿ ਬੁਲਾ ਕੇ ਲੰਘਦਾ..ਕਈਆਂ ਨਾਲ ਗੱਲਾਂ ਮਾਰਦੇ ਰਹਿੰਦੇ..ਕਿਸੇ ਦਾ ਔਲਾਦ ਦਾ ਮਸਲਾ..ਭਰਨ ਵਾਲਾ ਫਾਰਮ.. ਕੋਈ ਘਰੇਲੂ ਔਕੜ..ਹਰੇਕ ਦਾ ਦੁੱਖ ਸੁਖ ਪੁੱਛ ਕੇ ਕੇ ਅਗੇ ਤੁਰਦੇ!
ਮੈਨੂੰ ਅਕਸਰ ਮਹਿਸੂਸ ਹੁੰਦਾ ਕੇ ਇਨਸਾਨ ਨੂੰ ਆਪਣੀ ਹੈਸੀਅਤ ਦੇ ਬੰਦਿਆਂ ਨਾਲ ਹੀ ਮੇਲ ਜੋਲ ਰੱਖਣਾ ਚਾਹੀਦਾ ਏ..!
ਫੇਰ ਏਨੀ ਗੱਲ ਸੋਚ ਪ੍ਰੇਸ਼ਾਨ ਹੋ ਜਾਇਆ ਕਰਦੀ ਕੇ ਜੇ ਕਦੀ ਕੋਈ ਪੇਕਿਓਂ ਆਇਆ ਰਿਸ਼ਤੇਦਾਰ ਇਹਨਾਂ ਦਾ “ਇਹਨਾਂ ਛੋਟੇ ਲੋਕਾਂ” ਨਾਲ ਇੰਝ ਦਾ ਮੇਲ ਮਿਲਾਪ ਦੇਖ ਲਵੇ ਤਾਂ ਪਤਾ ਨੀ ਕੀ ਸੋਚੂ..!
ਕਈ ਵਾਰ ਗੱਲ ਵੀ ਕੀਤੀ ਪਰ ਇਹਨਾਂ ਦਾ ਹਮੇਸ਼ਾਂ ਏਹੀ ਜੁਆਬ ਹੁੰਦਾ ਕੇ ਸ੍ਰਦਾਰਨੀਏ ਕੋਈ ਆਪਣੀ ਹੈਸੀਅਤ ਕਰਕੇ ਛੋਟਾ ਵੱਡਾ ਨਹੀਂ ਹੁੰਦਾ ਸਗੋਂ ਉਸਦੇ ਕੀਤੇ ਕਰਮ ਹੀ ਉਸਨੂੰ ਉੱਚਾ-ਨੀਵਾਂ ਬਣਾਉਂਦੇ ਨੇ..ਪਤਾ ਨਹੀਂ ਕੌਣ ਕਦੋਂ ਕਿਥੇ ਅਤੇ ਕਿੱਦਾਂ ਰੱਬ ਬਣ ਬਹੁੜ ਆਵੇ..ਕੋਈ ਪਤਾ ਨੀ!
ਮਨ ਹੀ ਮਨ ਸੋਚਦੀ ਰਹਿੰਦੀ ਕੇ ਦੋ ਵੇਲੇ ਦੀ ਰੋਟੀ ਲਈ ਚੋਵੀ ਘੰਟੇ ਸੰਘਰਸ਼ ਕਰਦੇ ਇਹ ਛੋਟੀ ਪੱਧਰ ਦੇ ਆਮ ਜਿਹੇ ਲੋਕ ਭਲਾ ਸਾਡੀ ਕਾਹਦੀ ਮਦਦ ਕਰ ਸਕਦੇ ਨੇ!
ਉਸ ਦਿਨ ਵੀ ਸੈਰ ਤੋਂ ਮੁੜਦੇ ਹੋਏ ਇਹ ਆਪਣੀ ਆਦਤ ਮੁਤਾਬਿਕ ਕਿਸੇ ਸਾਈਕਲ ਵਾਲੇ ਦੇ ਕਾਗਜ ਪੱਤਰ ਵੇਖਣ ਸੜਕ ਤੇ ਹੀ ਖਲੋ ਗਏ..ਮੈਨੂੰ ਵੀ ਕੋਲ ਖਲੋਣਾ ਪੈ...
ਗਿਆ!
ਅਚਾਨਕ ਪਿੱਛਿਓਂ ਰੌਲਾ ਜਿਹਾ ਸੁਣਾਈ ਦਿੱਤਾ..!
ਨੁੱਕਰ ਤੇ ਗੰਨੇ ਦੇ ਰਸ ਦੀ ਰੇਹੜੀ ਲਾਉਂਦੇ ਬਜੁਰਗ ਬਾਬਾ ਜੀ ਰੌਲਾ ਪਾਉਂਦੇ ਹੋਏ ਪਿਛਲੇ ਪਾਸਿਓਂ ਮੇਰੇ ਵੱਲ ਤੇਜੀ ਨਾਲ ਭੱਜੇ ਆਉਂਦੇ ਇੱਕ ਅਵਾਰਾ ਸਾਨ੍ਹ ਨਾਲ ਭਿੜ ਗਏ..!
ਦ੍ਰਿਸ਼ ਏਨਾ ਡਰਾਉਣਾ ਸੀ ਕੇ ਕੁਝ ਚਿਰ ਮੈਨੂੰ ਬਿਲਕੁਲ ਵੀ ਸਮਝ ਨਾ ਆਈ ਕੇ ਕੀ ਹੋਇਆ..ਬੱਸ ਮੇਰਾ ਤਰਾਹ ਜਿਹਾ ਨਿੱਕਲ ਗਿਆ..!
ਵੇਖਦਿਆਂ ਵੇਖਦਿਆਂ ਹੀ ਆਸ ਪਾਸ ਦੇ ਹੋਰ ਕਿੰਨੇ ਸਾਰੇ ਆਮ ਜਿਹੇ ਲੋਕ ਉਸ ਭੂਤਰੇ ਸਾਨ੍ਹ ਦੇ ਦਵਾਲੇ ਹੋ ਗਏ..ਅਖੀਰ ਨੂੰ ਉਹ ਅੱਗੇ ਲੱਗ ਭੱਜ ਉਠਿਆ..!
ਪਰ ਭੱਜਾ-ਭੱਜਾ ਜਾਂਦਾ ਬਜ਼ੁਰਗ ਬਾਬਾ ਜੀ ਨੂੰ ਸਰੀਰਕ ਤੌਰ ਬੁਰੀ ਤਰਾਂ ਜਖਮੀਂ ਕਰ ਗਿਆ..ਹੇਠਾਂ ਤਾਂ ਬਾਪੂ ਜੀ ਡਿੱਗੇ ਪਏ ਸਨ ਪਰ ਮਾਨਸਿਕ ਤੌਰ ਤੇ ਲਹੂ ਲੁਹਾਨ ਸ਼ਾਇਦ ਮੈਂ ਹੋ ਗਈ ਸਾਂ..!
ਪਹਿਲੀ ਵਾਰ ਆਪਣੀ ਅਖੌਤੀ ਪੜੀ ਲਿਖੀ ਸੋਚ ਤੇ ਬਹੁਤ ਸ਼ਰਮਿੰਦਾ ਹੋਈ..
ਇਹ ਇਹਸਾਸ ਵੀ ਹੋਇਆ ਕੇ ਜਿਹਨਾਂ ਛੋਟੇ ਸਮਝੇ ਜਾਂਦੇ ਲੋਕਾਂ ਕੋਲ ਗਵਾਉਣ ਲਈ ਕੁਝ ਨਹੀਂ ਹੁੰਦਾ ਅਸਲ ਵਿਚ ਆਪਣੀ ਜਾਨ ਤਲੀ ਤੇ ਰੱਖ ਦੂਜਿਆਂ ਦੀ ਰਾਖੀ ਲਈ ਵੀ ਓਹ ਹੀ ਅੱਗੇ ਆਉਂਦੇ ਨੇ..!
ਪਦਾਰਥਵਾਦੀ ਸੋਚ ਵਿਚ ਲਿੱਬੜਿਆ ਸਰਦਾ ਪੁੱਜਦਾ ਤਾਂ ਹਮੇਸ਼ਾਂ ਏਹੀ ਸੋਚੂ ਕੇ ਕੀ ਲੋੜ ਏ ਬੇਵਜਾ ਕਿਸੇ ਹੋਰ ਦੇ ਪੰਗੇ ਵਿਚ ਪੈਣ ਦੀ..ਆਪਣੀ ਆਰਾਮ ਨਾਲ ਲੰਘ ਤੇ ਰਹੀ ਹੀ ਏ..!
ਦੋਸਤੋ ਇਹ ਓਹਨਾ ਭਲੇ ਵੇਲਿਆਂ ਦੀ ਗੱਲ ਏ ਜਦੋਂ ਨਰਿੰਦਰ ਬੀਬਾ ਦਾ ਇਹ ਗੀਤ ਅਕਸਰ ਹੀ ਹਰ ਜਗਾ ਵੱਜਦਾ ਹੋਇਆ ਸੁਣ ਜਾਇਆ ਕਰਦਾ ਸੀ ਕੇ “ਚੰਡੀਗੜ ਰਹਿਣ ਵਾਲੀਏ..ਅਸੀ ਪੇਂਡੂ ਨੀ ਦਿਲਾਂ ਦੇ ਮਾੜੇ”
ਹਰਪ੍ਰੀਤ ਸਿੰਘ ਜਵੰਦਾ
malkeet
kahani suru krdeya he pta chl janda k ih jawanda sahab di he likht ho skdi hai,