ਮਿੱਤਰ ਪਿਆਰਾ ਸੀ..ਉਚੇਚੀ ਸਹੁੰ ਪਵਾਈ ਅਖ਼ੇ ਨਵੇਂ ਆਇਆਂ ਬਾਰੇ ਕੁਝ ਨੀ ਲਿਖੇਂਗਾ..ਤਸੱਲੀ ਦਿੱਤੀ ਨਹੀਂ ਲਿਖਦਾ..!
ਫੇਰ ਅਮ੍ਰਿਤਸਰ ਅੱਡੇ ਤੇ ਰੁਲਦੀ ਆਮ ਜਨਤਾ ਦਿਸ ਪਈ..ਥਾਂ ਥਾਂ ਲੱਗਿਆ ਵੱਡਾ ਜਾਮ..ਸਵਾ ਤਿੰਨ ਲੱਖ ਕਰੋੜ ਕਰਜੇ ਵਾਲਿਆਂ ਪੂਰੇ ਢਾਈ ਤਿੰਨ ਕਰੋੜ ਘੜੀਆਂ ਪਲਾਂ ਵਿੱਚ ਹੀ ਅਹੁ ਗਏ ਅਹੁ ਗਏ ਕਰ ਦਿੱਤੇ..!
ਆਖਣ ਲੱਗਾ ਟ੍ਰਾੰਸਪੋਰਟ ਮਹਿਕਮੇਂ ਨੂੰ ਪੂਰਾ ਭੁਗਤਾਨ ਹੋਵੇਗਾ..ਆਖਿਆ ਨੱਕ ਚੋਂ ਕੱਢ ਗੱਲ ਤੇ ਲਾ ਦਿੱਤਾ..ਸਵਾਦ ਤੇ ਤਾਂ ਸੀ ਜੇ ਭੁਗਤਾਨ ਪਾਰਟੀ ਫ਼ੰਡ ਵਿਚੋਂ ਹੁੰਦਾ..!
ਨਾਲ ਹੀ ਬਾਪੂ ਜੀ ਚੇਤੇ ਆ ਗਿਆ..ਅਖ਼ੇ ਚਾਹ ਫਿੱਕੀ ਬਣਾਇਆ ਕਰੋ..ਸ਼ੂਗਰ ਏ..ਪਰ ਵੇਸਣ ਦੀਆਂ ਚਾਰ ਪੇਸੀਆਂ ਖਾ ਗਿਆ!
ਵੱਡੀ ਭਾਬੀ ਕੰਮ ਨੂੰ ਬਾਹਲੀ ਢਿੱਲੀ..ਧਾਰਾਂ ਮੇਰੀ ਬੇਬੇ ਚੋਵੇ..ਗੋਹਾ ਫੇਰੇ ਬੇਬੇ..ਚੁੱਲ੍ਹਾ ਚੌਂਕਾ ਸਾਂਹਬੇ ਬੇਬੇ..ਉਹ ਸਿਰ ਨੂੰ ਚੁੰਨੀ ਦੀ ਗੰਢ ਮਾਰ ਮੰਜੇ ਤੇ ਹੀ ਪਈ ਰਿਹਾ ਕਰੇ..!
ਅਖੀਰ ਨਿੱਕਾ ਵੀਰ ਵਿਆਹ ਦਿੱਤਾ..ਅਖ਼ੇ ਨਵੀਂ ਆਈ ਬੜੀ ਸਚਿਆਰੀ ਹਰ ਕੰਮ ਭੱਜ ਭੱਜ ਕੇ ਕਰਦੀ..ਆਲੂਆਂ ਦੇ ਪਰੌਠੇ ਤੇ ਏਡੇ ਸਵਾਦ ਬਣਾਉਂਦੀ ਕੇ...
ਗਵਾਂਢ ਮਥਾ ਵੀ ਰਾਲਾ ਸੁੱਟਣ ਲਾ ਦਵੇ..!
ਵਿਆਹ ਮਗਰੋਂ ਪੂਰਾ ਹਫਤਾ ਲੰਘ ਗਿਆ..ਕਮਰੇ ਵਿਚੋਂ ਬਾਹਰ ਹੀ ਨਾ ਨਿੱਕਲੀ..ਜੇਠ ਦਾ ਮੁੰਡਾ ਖਹਿੜੇ ਪੈ ਗਿਆ ਅਖੇ ਚਾਚੀ ਦੇ ਹੱਥ ਦੇ ਪ੍ਰਾਉਂਠੇ ਖਾਣੇ..ਬੀਬੀ ਨੂੰ ਹੋਰ ਕੋਈ ਗੱਲ ਨਾ ਅਹੁੜੀ..ਆਖਣ ਲੱਗੀ ਜਿੰਨਾ ਚਿਰ ਅਗਲੀ ਹੱਥੀਂ ਪਾਇਆ ਚੂੜਾ ਨਹੀਂ ਵਧਾਉਂਦੀ ਮੈਂ ਚੋਂਕੇ ਨਹੀਂ ਚੜਾਉਣੀ..!
ਹੁਣ ਇਹਨਾਂ ਨਵੇਂ ਆਇਆਂ ਨੂੰ ਵੀ ਉਡੀਕਣਾ ਪੈਣਾ ਕਦੋਂ ਚੋਂਕੇ ਚੜ੍ਹਦੇ..ਓਨੀ ਦੇਰ ਸਬਰ ਵੀ ਰੱਖਣਾ ਪੈਣਾ..ਦੁੱਧ ਦੇ ਸੜੇ ਹਾਂ..ਲੱਸੀ ਨੂੰ ਫੂਕਾਂ ਮਾਰਨੀਆਂ ਮਜਬੂਰੀ ਬਣ ਗਈ..ਜੇ ਇਹਨਾਂ ਦੇ ਚੋਂਕੇ ਚੜਿਆਂ ਵੀ ਪਰੌਠੇ ਬੀਬੀ ਨੂੰ ਹੀ ਬਣਾਉਣੇ ਪਏ ਤਾਂ ਫੇਰ ਏਨੀ ਗੱਲ ਤਾਂ ਜਰੂਰ ਆਖਾਂਗੇ ਕੇ “ਜਿਸ ਰੋਗ ਨਾਲ ਮਰੀ ਸੀ ਬੱਕਰੀ..ਓਹੀ ਰੋਗ ਪਠੋਰੇ ਨੂੰ”!
ਹਰਪ੍ਰੀਤ ਸਿੰਘ ਜਵੰਦਾ