ਵੱਟ

6

ਜਦੋਂ ਬੇਬੇ-ਬਾਪੂ ਇਸ ਜਹਾਨ ਤੋਂ ਰੁਖ਼ਸਤ ਕਰ ਗਏ ਤਾਂ ਮੈਂਨੂੰ ਇਹ ਸਮਝ ਨਾ ਆਵੇ ਕਿ ਕਬੀਲਦਾਰੀ ਚਲਾਉਣੀ ਕਿਵੇਂ ਆਂ। ਕਿਉਂਕਿ ਮੈਂ ਸ਼ੁਰੂ ਤੋਂ ਹੀ ਆਪਣੇ ਸ਼ੌਂਕ ਪਗਾਉਣ ਦੀ ਜਿੱਦ ਫੜੀ ਹੋਈ ਸੀ। ਹਰ ਗੱਲ ਵਿੱਚ ਰੇੜਕਾ ਪਾ ਲੈਣਾ ਕਿ ਮੈਂ ਆਹ ਨਹੀਂ ਲੈਣਾ, ਓਹ ਲੈਣਾ ਹੈ। ਉਹਨਾਂ ਭਲੇ ਪੁਰਸ਼ਾਂ ਨੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੁੱਤ, ਜਿੱਦ ਕੀਤਿਆਂ ਮਸਲੇ ਉਲਝ ਜਾਂਦੇ ਨੇ। ਹਰ ਥਾਂ ਹਮੇਸ਼ਾ ਆਪਣੀ ਨਹੀਂ ਪੁੱਗਦੀ। ਜਦੋਂ ਬਿਗਾਨਿਆਂ ਨਾਲ ਵਾਹ ਪੈਂਦਾ ਹੈ ਅਗਲੇ ਸਾਰੇ ਵੱਟ ਕੱਢ ਦਿੰਦੇ ਨੇ,ਪਰ ਇਹ ਓਦੋਂ ਕਿੱਥੇ ਸਮਝ ਆਉਂਦਾ ਸੀ? ਸਕੂਲ ਪੜੵਨ ਲੱਗਿਆ ਤਾਂ ਉੱਥੇ ਵੀ ਕੋਈ ਚੰਗੇ ਰੰਗ ਨਹੀਂ ਲਾਏ। ਹਰ ਵਕਤ ਸਕੂਲੋਂ ਉਲਾਂਭੇ ਖੱਟਣੇ ਤੇ ਬਜ਼ੁਰਗਾਂ ਦੀ ਥੋੜੇ ਦਿਨਾਂ ਬਾਅਦ ਕਲਾਸ ਲਵਾਉਣੀ । ਫੋਕੀ ਵਾਹ-ਵਾਹ ਪਿੱਛੇ ਪੜਾਈ ਕਰਨੀ ਛੱਡ ਦਿੱਤੀ। ਵੱਟ ਕੱਢਣ ਦੇ ਚੱਕਰ ਵਿੱਚ ਨਾ ਆਪ ਚੰਗੀ ਤਰ੍ਹਾਂ ਪੜੇ ਤੇ ਨਾ ਹੀ ਨਾਲ ਦਿਆਂ ਨੂੰ ਪੜੵਨ ਦਿੱਤਾ। ਕਦੇ-ਕਦੇ ਮੇਰਾ ਬਾਪੂ ਤੰਗ ਆ ਕੇ ਆਖ ਛੱਡਦਾ ਕਿ ਇਹ ਜਿਹੀ ਨਿਕੰਮੀ ਔਲਾਦ ਨਾਲੋਂ ਤਾਂ ਚੰਗਾ ਧੀ ਜੰਮ ਪੈਂਦੀ। ਉਹਦੀਆਂ ਤਲਖੀ ਵਾਲੀਆਂ ਗੱਲਾਂ ਸੁਣ ਕੇ ਬੇਬੇ ਮੇਰਾ ਪੱਖ ਪੂਰਨ ਲੱਗ ਜਾਂਦੀ ਕਿ ਅਜੇ ਛੋਟਾ ਹੈ, ਵੱਡਾ ਹੋ ਕੇ ਸਭ ਸਮਝ ਜਾਊ ਸਭ ਕੁੱਝ। ਪਰ ਇਹ ਗੱਲ ਮੇਰੇ ਕਿੱਥੇ ਖਾਨੇ ਪੈਣ ਵਾਲੀ ਸੀ। ਜਵਾਨੀ ਵਿੱਚ ਇਸਕ-ਮੁਸ਼ਕ ਦੀਆਂ ਗੱਲਾਂ ਤੇ ਯਾਰਾਂ-ਦੋਸਤਾਂ ਦੀ ਮਹਿਫਲ ਨੇ ਮੈਨੂੰ ਕਿਸੇ ਤਨ ਬੰਨੇ ਨਹੀਂ ਲੱਗਣ ਦਿੱਤਾ। ਹਰ ਵੇਲੇ ਘਰੋਂ ਬਾਹਰ ਰਹਿਣਾ ਜਿਵੇਂ ਪੁਲਿਸ ਮਗਰ ਲੱਗੀ ਹੋਵੇ। ਜਦੋਂ ਬੇਬੇ-ਬਾਪੂ ਡਾਢੇ ਤੰਗ ਆ ਗਏ ਤਾਂ ਉਹਨਾਂ ਨੇ ਵਿਆਹ ਕਰਨਾ ਹੀ ਮੁਨਾਸਿਬ ਸਮਝਿਆ। ਜਮੀਨ ਜਾਇਦਾਦ ਵੀ ਸਾਡੇ ਕੋਲੇ ਬਹੁਤੀ ਨਹੀਂ ਸੀ। ਬਾਪੂ ਦੀ ਖੇਤਾਂ ਵਿੱਚ ਮਿਹਨਤ ਸਦਕਾ ਤੇ ਘਰ ਦਾ ਗੁਜਾਰਾ ਥੋੜਾ ਚੱਲੀ ਜਾਂਦਾ ਸੀ। ਵਿਆਹ ਤੋਂ ਮਗਰੋਂ ਵੀ ਮੈਂ ਮੱਛਰਿਆ ਆਪਣੀ ਘਰਵਾਲੀ ਤੇ ਰੋਹਬ ਝਾੜਨ ਲੱਗਿਆ ਤਾਂ ਅਗਲੀ ਨੇ ਸਾਰਾ ਘਰ ਸਿਰ ਤੇ ਚੁੱਕ ਲਿਆ। ਜਦੋਂ ਸਾਰਾ ਆਂਢ-ਗੁਆਂਢ ਇਕੱਠਾ ਹੋ ਗਿਆ ਤਾਂ ਬੜੀ...

ਨਮੋਸ਼ੀ ਜਿਹੀ ਹੋਈ। ਫਿਰ ਮਾਂ ਨੇ ਇੱਕ ਦਿਨ ਮੈਨੂੰ ਇਕੱਲੇ ਨੂੰ ਸਮਝਾਇਆ ਕਿ ਪੁੱਤ, ਅਸੀਂ ਤਾਂ ਤੇਰਾ ਰੋਹਬ ਸਹਿ ਲਵਾਂਗੇ ਪਰ ਬਿਗਾਨੀ ਧੀ ਕਿੱਥੇ ਅਖਵਾਉਂਦੀ ਹੈ, ਵੱਧ-ਘੱਟ। ਓਦੋਂ ਕਿਤੇ ਜਾ ਕੇ ਗੱਲ ਸਮਝ ਆਈ ਕਿ ਇਹਨਾਂ ਬਜ਼ੁਰਗਾਂ ਦੀ ਜੇ ਪਹਿਲਾਂ ਮੰਨ ਲੈਂਦੇ ਤਾਂ ਸੁਖੀ ਨਾ ਵੱਸਦੇ। ਫਿਰ ਨਹੀਂ ਮੈਂ ਲੜਿਆ ਕਦੇ ਆਪਣੀ ਘਰਵਾਲੀ ਤੇ ਮਾਪਿਆਂ ਨਾਲ। ਹੁਣ ਉਹਨੇ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਬੋਲੇ ਅਪਸ਼ਬਦਾਂ ਤੇ ਰੋਣਾ ਜਿਹਾ ਆਉਂਦਾ ਹੈ। ਜਦੋਂ ਬੰਦਾ ਆਪਣੇ ਹਿੱਤ ਚਾਹੁੰਣ ਵਾਲੇ ਮਾਪਿਆਂ ਤੇ ਅਧਿਆਪਕਾਂ ਦੀ ਗੱਲ ਨਹੀ ਮੰਨਦਾ, ਉਹਦਾ ਭਲਾ ਇਸ ਜਹਾਨ ਵਿੱਚ ਤਾਂ ਕੀ ਹੋਣਾ ਸਗੋਂ ਅਗਲੇ ਜਹਾਨ ਵਿੱਚ ਵੀ ਉਹ ਦੋਜਖ ਦਾ ਭਾਗੀਦਾਰ ਹੁੰਦਾ ਹੈ। ਹੁਣ ਆਪਣੀ ਹਾਲਤ ਨਾ ਆਰ ਦੀ ਤੇ ਨਾ ਪਾਰ ਦੀ ਸੀ। ਸਗੋਂ ਬੇੜੀ ਜ਼ਿੰਦਗੀ ਰੂਪੀ ਸਮੁੰਦਰ ਦੇ ਵਿਚਾਲੇ ਘੁੰਮਣਘੇਰੀ ਵਿੱਚ ਉਲਝੀ ਹੋਈ ਸੀ। ਸ਼ੁਰੂ ਤੋਂ ਹੀ ਬਾਪੂ ਨਾਲ ਕੰਮ ਨਾ ਕਰਨ ਕਰਕੇ ਹੁਣ ਨਾਂ ਤਾਂ ਖੇਤੀ ਕਰ ਸਕਦਾ ਸੀ ਤੇ ਨਾਂ ਹੀ ਪੜਾਈ ਹੋਣ ਕਰਕੇ ਕੋਈ ਹੋਰ ਕੰਮ ਮਿਲਦਾ ਸੀ। ਅਖੀਰ ਨੂੰ ਸੌ ਮਿੰਨਤਾਂ ਕਰਕੇ ਪੰਜ ਹਜਾਰ ਦੀ ਪ੍ਰਾਈਵੇਟ ਨੌਕਰੀ ਮਿਲੀ। ਕਿੱਥੇ ਮਾਪਿਆਂ ਤੇ ਹੁਕਮ ਚਲਾਉਣ ਵਾਲਾ ਅੱਜ ਆਪਣੇ ਮਾਲਕ ਤੋਂ ਨਿੱਤ ਸੌ-ਸੌ ਕੁਬੋਲ ਸੁਣਦਾ। ਨਾਲੇ ਭਲਾਂ ਪੰਜ ਹਜਾਰ ਵਿੱਚ ਘਰ ਕਿੱਥੇ ਚੱਲਦੇ ਨੇ ਐਨੇ ਮਹਿੰਗਾਈ ਦੇ ਜਮਾਨੇ ਵਿੱਚ। ਕੰਮ ਕਰਨ ਦੀ ਵੀ ਬੰਦੇ ਨੂੰ ਓਦੋਂ ਜਾਚ ਆਉਂਦੀ ਹੈ ਜਦੋਂ ਸ਼ੁਰੂ ਵਿੱਚ ਹੀ ਕੰਮ ਕਰਨ ਦੀ ਲਗਨ ਹੋਵੇ। ਨਹੀਂ ਤਾਂ ਬੁਢਾਪੇ ਵਿੱਚ ਵਿਆਹ ਕਰਾਉਣ ਵਾਲੀ ਗੱਲ ਹੈ। ਪ੍ਰਾਈਵੇਟ ਕੰਮ ਦੇ ਨਿੱਤ ਦੇ ਕੰਜਰ ਕਲੇਸ਼ ਨੇ ਜ਼ਿੰਦਗੀ ਦਾ ਸਾਰਾ ਰਸ ਹੀ ਖਰਾਬ ਕਰ ਦਿੱਤਾ। ਜਿਹਨੂੰ ਘਰੇ ਕੋਈ ਨਹੀਂ ਪੁੱਛਦਾ, ਉਸਤੋਂ ਵੀ ਬਹੁਤ ਕੁੱਝ ਸੁਣਨਾ ਪੈਂਦਾ ਹੈ। ਪਰ ਹੁਣ ਕੁੱਝ ਵੀ ਤਾਂ ਨਹੀਂ ਹੋ ਸਕਦਾ ਸੀ। ਹੁਣ ਬੇਬੇ-ਬਾਪੂ ਦੇ ਉਹ ਵੱਟ ਵਾਲੇ ਬੋਲ ਮੈਨੂੰ ਮੁੜ-ਮੁੜ ਯਾਦ ਆਉਂਦੇ ਤੇ ਲਾਹਨਤਾਂ ਪਾਉਂਦੇ ਰਹਿੰਦੇ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ — 9464412761

Leave A Comment!

(required)

(required)


Comment moderation is enabled. Your comment may take some time to appear.

Like us!