ਗਲ ਅੱਜ ਤੋਂ ਕਾਫੀ ਸਾਲ ਪਹਿਲਾਂ ਦੀ ਆ। ਜਦੋਂ ਸਾਡਾ ਸਾਂਝਾ ਪਰਿਵਾਰ ਸੀ ਤੇ ਸਾਂਝਾ ਵਿਹੜਾ ਸੀ। ਸਾਡਾ ਘਰ 1990 ਵਿੱਚ ਬਣਿਆ ਸੀ। ਘਰ ਵਿੱਚ ਇਕ ਵੱਡਾ ਕਮਰਾ ਜੀਹਦੇ ਵਿੱਚ ਬੇਬੇ ਦੀ ਪੇਟੀ , ਸੰਦੂਕ ਤੇ ਮਾਤਾ ਦੀ ਪੇਟੀ ਸੀ। ਓਦੇ ਨਾਲ ਹੀ ਇਕ ਨਿੱਕਾ ਕਮਰਾ ਜਿਹਨੂੰ ਬੈਡ ਆਲਾ ਕਮਰਾ ਵੀ ਕਹਿੰਦੇ ਸੀ। ਇਕ ਆਏ ਗਏ ਦੇ ਬੈਠਣ ਲਈ ਬੈਠਕ ਤੇ ਇਕ ਰਸੋਈ ਸੀ।ਅੱਗੇ ਇੱਕ ਬਰਾਂਡਾ ਵੀ ਸੀ। ਇਕ ਨਿੱਕੀ ਬੈਠਕ ਬਿਲਕੁਲ ਮੇਨ ਗੇਟ ਕੋਲ ਸੀ। ਜਿੱਥੇ ਅਕਸਰ ਦਾਦਾ ਜੀ ਬੈਠਿਆ ਕਰਦੇ ਸੀ। ਬਾਕੀ ਵੱਡਾ ਸਾਰਾ ਕੱਚਾ ਵਿਹੜਾ ਸੀ। ਘਰ ਦੀ ਇਕ ਕੰਧ ਨਾਲ ਡੰਗਰਾਂ ਆਲੀ ਖੁਰਲੀ ਤੇ ਛੋਟਾ ਜਿਹਾ ਤੂੜੀ ਆਲਾ ਸੀ।ਇਸਦੇ ਨੇੜੇ ਹੀ ਇਕ ਚੱਬਚਾ ਵੀ ਸੀ। ਸਰਦੀਆਂ ਵਿੱਚ ਅਕਸਰ ਸਾਰੇ ਜਨੇ ਵੱਡੇ ਕਮਰੇ ਵਿੱਚ ਸੋਇਆ ਕਰਦੇ ਸੀ। ਮੈ ਦਾਦੀ ਜੀ ਨਾਲ ਸੋਇਆ ਕਰਦੀ ਸੀ। ਕਹਾਣੀਆ , ਬਾਤਾਂ ਸੁਣਦੇ ਜਾਂ ਫਿਰ ਛੱਤ ਦੇ ਬਾਲੇ ਗਿਣਦੇ ਕਦੋਂ ਨੀਂਦ ਆ ਜਾਂਦੀ ਪਤਾ ਹੀ ਨੀ ਲਗਦਾ ਸੀ। ਫਿਰ ਕੁਝ ਸਮੇਂ ਬਾਅਦ ਚਾਚਾ ਜੀ ਦਾ ਵਿਆਹ ਹੋਇਆ । ਆਏ ਗਏ ਆਲੀ ਬੈਠਕ ਚ ਚਾਚੀ ਦੇ ਬੈਡ ਰੱਖੇ ਗਏ ਤੇ ਵੱਡੇ ਕਮਰੇ ਚ ਇਕ ਹੋਰ ਪੇਟੀ ਆਗੀ। ਹੁਣ ਅਸੀਂ 8 ਜਨੇ ਸੀ ਪਰਿਵਾਰ ਵਿੱਚ। ਗਰਮੀਆਂ ਵਿੱਚ ਅਕਸਰ ਅਸੀਂ ਬਾਹਰ ਵਿਹੜੇ ਚ ਮੰਜੇ ਡਾਹ ਕੇ ਸੌਂਦੇ ਸੀ। ਚਾਚਾ ਜੀ, ਦਾਦਾ ਜੀ ਤੇ ਪਾਪਾ ਤਿੰਨੋ ਜਨਿਆ ਲਈ ਅਲੱਗ ਫਰਾਟਾ ਤੇ ਮਾਤਾ , ਦਾਦੀ, ਚਾਚੀ ਤੇ ਅਸੀਂ ਦੋਨੋਂ ਭੈਣ ਭਾਈ ਅਸੀਂ ਕੂਲਰ ਲਗਾ ਕੇ ਸੌਂਦੇ ਸੀ। ਪੂਰੇ ਵੇਹੜੇ ਵਿੱਚ ਮੰਜਿਆਂ ਦੀ ਲਾਈਨ ਹੁੰਦੀ ਸੀ। ਰਾਤ ਨੂੰ ਦਾਦੀ ਗੁਰੂਆਂ ਦੀਆਂ ਕਥਾ ਕਹਾਣੀਆਂ ਜਾਂ ਫਿਰ ਚੋਰਾਂ ਡਾਕੂਆਂ ਦੀਆਂ ਗੱਲਾਂ ਸੁਣਾਇਆ ਕਰਦੀ ਸੀ। ਵੇਹੜੇ ਚ ਪਿਅਾ ਨੂੰ ਸਾਰਾ ਆਸਮਾਨ ਦਿਖਦਾ ਸੀ। ਕਿੰਨੇ ਸਾਰੇ ਤਾਰੇ, ਤੇ ਚੰਨ ਨੂੰ ਢਕਣ ਦੀ ਕੋਸ਼ਿਸ ਕਰਦੇ ਬਦਲ। ਜਦੋਂ ਕਦੇ ਅੱਧੀ ਰਾਤ ਲਾਈਟ ਚਲੀ ਜਾਂਦੀ। ਦਾਦੀ ਨਾਲ ਦੀ ਨਾਲ ਪੱਖੀ ਝਲ੍ਹਣ ਲੱਗ ਜਾਂਦੀ। ਜੇ ਕਦੇ ਉਠ ਜਾਂਦੇ ਤਾਂ ਬਾਤਾਂ ਸੁਣਾ ਕੇ ਜੀਅ ਲਵਾਈ ਰੱਖਦੀ। ਜਿਵੇਂ ਜਿਵੇਂ ਦਿਨ ਚੜਦਾ ਜਾਂਦਾ ਮੰਜਿਆਂ ਦੀ ਲਾਈਨ ਘਟਦੀ ਜਾਂਦੀ। ਸਵੇਰੇ ਸਾਰਾ ਟੱਬਰ ਵੇਹੜੇ ਚ ਫਿਰਦਾ ਦਿਖਦਾ ਵਿਆਹ ਜੇ ਵਰਗਾ ਮਾਹੌਲ ਹੁੰਦਾ। ਮਾਤਾ ਤੇ ਚਾਚੀ ਗੋਹਾ ਤੇ ਧਾਰਾ ਦਾ ਨਿਬੇੜ ਕੇ ਚੁੱਲ੍ਹੇ ਵੱਲ ਨੂੰ ਹੋ ਜਾਂਦੀਆਂ। ਪਾਪਾ ਤੇ ਚਾਚਾ ਖੇਤ ਜਾਣ ਦੀ ਤਿਆਰੀ ਚ ਹੁੰਦੇ। ਰੇਹੜੇ ਵਿੱਚ ਪੱਲੀਆ, ਦਾਤੀਆ ਸਬਜੀ ਲਿਆਉਣ ਲਈ ਝੋਲਾ ਇਹੋ ਜਿਹਾ ਸਮਾਨ ਇਕਠਾ ਕਰ ਰਹੇ ਹੁੰਦੇ। ਇਕ ਇਕ ਕਰਕੇ ਸਾਰੇ ਮੰਜੇ ਚੱਕੇ ਜਾਂਦੇ। ਬਸ ਦਾਦੀ ਦਾ ਮੰਜਾ ਵੇਹੜੇ ਚ ਹੀ ਹੁੰਦਾ। ਇਕੱਲਾ ਬਿਸਤਰਾ ਅੰਦਰ ਰੱਖ ਦਿੱਤਾ ਜਾਂਦਾ। ਜਿਵੇਂ ਜਿਵੇਂ ਸੂਰਜ ਘੁੰਮਦਾ ਦਾਦੀ ਦਾ ਮੰਜਾ ਵੀ ਘੁੰਮਦਾ। ਜਿੱਧਰ ਜਿੱਧਰ ਵੇਹੜੇ ਚ ਲੱਗੇ ਨਿੰਮ ਦਾ ਪਰਛਾਵਾਂ ਜਾਂਦਾ ਓਧਰ ਓਧਰ ਦਾਦੀ ਦਾ ਮੰਜਾ। ਦਾਦੀ ਮੰਜੇ ਤੇ ਬੈਠੀ ਖੇਸਾ ਦੇ ਬੰਬਲ ਵੱਟੀ ਜਾਂਦੀ ਰਹਿੰਦੀ। ਸੂਤ ਦੇ ਗੋਲੇ ਕਰਦੀ। ਸ਼ਾਮ ਲਈ ਸਬਜੀ ਕਟ ਦਿੰਦੀ। ਕਦੇ ਕਦਾਈਂ ਜੇ ਮੰਮੀ ਤੇ ਚਾਚੀ ਵੇਹੜੇ ਚ ਦਰੀਆ ਬੁਣਿਆ ਕਰਦੀਆ ਸੀ। ਬੜਾ ਜੀਅ ਲਗਦਾ ਸੀ। ਅਸੀਂ...
ਵੀ ਵੇਹੜੇ ਚ ਮਾਤਾ ਤੇ ਚਾਚੀ ਦੇ ਕੰਮ ਕਰਦਿਆਂ ਕੋਲ ਮਿੱਟੀ ਚ ਖੇਡੀ ਜਾਣਾ, ਜਾਂ ਫਿਰ ਸਾਈਕਲ ਦੇ ਪਹੀਏ ਨੂੰ ਡੰਡੇ ਨਾਲ ਸਾਰੇ ਵੇਹੜੇ ਚ ਭਜਾਈ ਫਿਰਨਾ।ਬੜਾ ਸੋਹਣਾ ਸਮਾਂ ਲੰਘ ਰਿਹਾ ਸੀ। ਫਿਰ ਦਾਦਾ ਜੀ ਮੌਤ ਪਿੱਛੋਂ ਦਾਦੀ ਵੀ ਵਾਲਾ ਸਮਾਂ ਨਹੀਂ ਰਹੀ। ਦਾਦਾ ਦਾਦੀ ਦੇ ਜਾਣ ਮਗਰੋਂ ਅਸੀਂ ਅਲਗ ਹੋਗੇ। ਵੇਹੜੇ ਵਿਚ ਕੰਧ ਨਿਕਲ ਗਈ। ਘਰ ਵੰਡਿਆ ਗਿਆ ਤੇ ਵਿਹੜਾ ਵੀ। ਓਦੋ ਮੈ 6-7 ਸਾਲ ਦੀ ਸੀ। ਘਰ ਓਹੀ ਸੀ ਪਰ ਅੱਧਾ ਰਹਿ ਗਿਆ ਸੀ। ਹੁਣ ਜੀਅ ਨੀ ਲਗਦਾ ਸੀ । ਪਹਿਲਾ ਪਹਿਲ ਤਾਂ ਜਮੀ ਨੀ ਬੋਲਦੇ ਸੀ। ਪਰ ਅਪਣਿਆ ਦਾ ਮੋਹ ਕਦੇ ਵੀ ਨੀ ਜਾਂਦਾ ਹੁੰਦਾ। ਫਿਰ ਹੌਲੀ ਹੌਲੀ ਮਾਤਾ ਤੇ ਚਾਚੀ ਕੰਮ ਜੇ ਨਿਬੇੜ ਕੇ ਵੇਹੜੇ ਵਿਚਲੀ ਕੰਧ ਤੇ ਖਲੋ ਕੇ ਗੱਲਾਂ ਕਰਿਆ ਕਰਦੇ ਸੀ। ਅਸੀ ਜਵਾਕ ਵੀ ਕੰਧ ਟੱਪ ਇਧਰ ਓਧਰ ਆਉਣ ਜਾਣ ਲੱਗ ਗਏ। ਫਿਰ ਦੋਨਾਂ ਘਰਾਂ ਨੇ ਕੋਠੀਆਂ ਪਾਉਣੀਆਂ ਸ਼ੁਰੂ ਕਰਤਿਆ। ਬੜਾ ਚਾਅ ਸੀ ਨਵੀਆਂ ਕੋਠੀਆਂ ਦਾ। ਸਹਿਰ ਤੋਂ ਨਕਸ਼ਾ ਬਣਵਾਇਆ। ਸੁਖ ਨਾਲ ਦੋਨੋ ਕੋਠੀਆਂ ਸੋਹਣੀਆ ਪੈ ਗਈਆਂ। ਇੱਕੋ ਦਿਨ ਛੱਤ ਪਈ ਸੀ। ਮੰਮੀ ਚਾਚੀ ਦੋਨੋ ਸਿਰ ਤੇ ਪ੍ਰਾਂਤਾ ਰੱਖ ਕੇ ਪਿੰਡ ਚ ਦੇਗ ਫੇਰਨ ਗਈਆਂ ਸੀ। ਪਰ ਨਵੀਆਂ ਕੋਠੀਆਂ ਸਾਡਾ ਵੇਹੜਾ ਖਾ ਗਈਆਂ। ਘਰ ਦੇ ਖੁੱਲੇ ਬਰਾਂਡੇ ਦੀ ਜਗ੍ਹਾ ਲੋਬੀ ਨੇ ਲੈ ਲਈ। ਕੋਠੀਆਂ ਚ ਏ.ਸੀ ਤੇ ਹੀਟਰ ਹੋਣ ਕਾਰਨ ਸਬ ਸਾਰਾ ਸਾਲ ਕਮਰਿਆਂ ਚ ਹੀ ਸੌਂਦੇ ਸੀ। ਹੁਣ ਕਿੰਨੇ ਸਾਲਾਂ ਤੋਂ ਉਹ ਤਾਰਿਆਂ ਭਰਿਆ ਆਸਮਾਨ ਦੇਖਿਅਾ ਹੀ ਨਹੀਂ। ਮੰਜਿਆਂ ਦੀ ਜਗ੍ਹਾ ਨਵੇਂ ਬੈੱਡਾ ਨੇ ਲੈ ਲਈ ਤੇ ਪੇਟੀਆਂ ਤੇ ਸੰਦੂਕਾਂ ਦੀ ਜਗ੍ਹਾ ਕੱਪ ਬੋਰਡਾਂ ਨੇ। ਸਾਰੇ ਘਰ ਵਿੱਚ ਸੋਹਣਾ ਚਿੱਟਾ ਪੱਥਰ ਲੱਗ ਗਿਆ। ਬਾਹਰ ਜੋ ਵੇਹੜੇ ਦੇ ਨਾਮ ਤੇ ਜਗ੍ਹਾ ਬਚੀ ਸੀ ਮਸਾ 2 ਕੁ ਮੰਜਿਆਂ ਜਿੰਨੀ ਉੱਥੇ ਲਾਕ ਇੱਟ ਪੈ ਗਈ। ਕੱਚਾ ਵੇਹੜਾ ਨਹੀਂ ਰਿਹਾ ਹੁਣ। ਵੇਹੜੇ ਵਿਚ ਲੱਗੇ ਨਿੰਮ ਦੀ ਜਗ੍ਹਾ ਗਮਲੇ ਵਿੱਚ ਲੱਗੇ ਮਨੀ ਪਲਾਂਟ ਨੇ ਲ਼ੈ ਲਈ। ਹੁਣ ਰਾਤ ਨੂੰ ਕੋਈ ਬਾਤਾਂ ਜਾਂ ਕਹਾਣੀਆ ਨੀ ਸੁਣਾਉਂਦਾ ਤੇ ਸਾਇਦ ਨਾ ਹੀ ਕੋਈ ਸੁਣਨਾ ਚਾਉਂਦਾ। ਹੁਣ ਬਸ ਹੱਥ ਚ ਫੋਨ ਫੜਿਆ ਹੀ ਨੀਂਦ ਆ ਜਾਂਦੀ ਤੇ ਅੱਖ ਖੁੱਲਦੇ ਹੀ ਫਿਰ ਫੋਨ ਚੱਕ ਲੈਣੇ ਆ। ਬਦਲਦੇ ਸਮੇਂ ਨਾਲ ਘਰ ਤੇ ਘਰ ਵਿੱਚ ਰਹਿਣ ਆਲੇ ਸਬ ਬਦਲ ਗਏ। ਕੁਝ ਪਹਿਲਾ ਵਰਗਾ ਨਹੀਂ ਰਿਹਾ ਸਬ ਮਾਡਰਨ ਹੋ ਗਿਆ ਘਰ ਵੀ ਤੇ ਲੋਕ ਵੀ। ਕਾਫੀ ਕੁਝ ਪਾ ਲਿਆ ਪਰ ਪੁਰਾਣਾ ਸਬ ਗਵਾ ਕੇ।
ਲਿਖਤ – ਗਗਨਦੀਪ ਕੌਰ
ਨੋਟ – ਮੈਂ ਹਜੇ ਆਪਣਾ ਸਫ਼ਰ ਸ਼ੁਰੂ ਕੀਤਾ। ਤੁਹਾਡੇ ਸਬ ਦੇ ਸਾਥ ਦੀ ਲੋੜ ਹੈ। ਜੇਕਰ ਕਿਸੇ ਦਾ ਕੋਈ ਵੀ ਸੁਝਾਅ ਹੋਵੇ ਤਾਂ ਮੈਨੂੰ ਕਮੈਂਟਸ ਵਿੱਚ ਦੱਸ ਸਕਦਾ। ਖਿੜੇ ਮੱਥੇ ਪ੍ਰਵਾਨ ਹੋਊ।
ਸੁਝਾਵ ਦੇਣ ਲਈ ਈਮੇਲ ਵੀ ਕਰ ਸਕਦੇ ਉ gagannanarh931@gmail.com
ਧੰਨਵਾਦ।
Lky Singh
story boht sohni c .bs eho jhe subject te likhde reho jo hun sade virse cho lupat ho reha ha…jive charkha,khuhh,madani chatti, chajj, ohi purana Punjab…baba g kirpa krn
Gurjit Singh
nice
Gagandeep kaur
yr eh story mere favourites ch ni add ho rhi??..kise nu kj pta kyuu??
Jagman
Dil de jazbaat