ਰਿਆੜਕੀ ਕਾਲਜ ਤੁਗਲਵਾਲ ਅਜੇ ਹਾਇਰ-ਸਕੈਂਡਰੀ ਵਿਚ ਦਾਖਲਾ ਲਿਆ ਹੀ ਸੀ..ਕੇ ਮਾਮੇ ਹੁਰਾਂ ਨਵੀਂ ਮਿੰਨੀ ਬੱਸ ਵੀ ਓਸੇ ਰੂਟ ਤੇ ਪਾ ਲਈ..!
ਮਾਮਾ ਆਪ ਟਿਕਟਾਂ ਕਟਿਆ ਕਰਦਾ ਤੇ “ਤਾਰੀ ਵੀਰ” ਬੱਸ ਚਲਾਇਆ ਕਰਦਾ..!
ਓਹਨੀ ਦਿੰਨੀ ਜਿਆਦਾਤਰ ਟਾਂਗੇ ਤੇ ਸਾਈਕਲ ਹੀ ਹੋਇਆ ਕਰਦੇ ਸਨ..!
ਸਾਡਾ ਘਰ ਸੜਕ ਤੋਂ ਚਾਰ-ਪੰਜ ਕਿੱਲੇ ਹਟਵਾਂ ਸੀ..ਨਾਨਕਿਆਂ ਦੀ ਬੱਸ ਦਾ ਏਨਾ ਹੰਕਾਰ ਕੇ ਮਜਾਲ ਏ ਕੇ ਤਾਰੀ ਵੀਰ ਮੈਨੂੰ ਉਡੀਕੇ ਬਿਨਾ ਬੱਸ ਅਗਾਂਹ ਤੋਰ ਲਵੇ..!
ਮੈਂ ਮਰਜੀ ਨਾਲ ਘਰੋਂ ਨਿੱਕਲਦੀ..ਫੇਰ ਮਟਕ ਮਟਕ ਤੁਰ ਕੇ ਅੱਪੜ ਬੜੀ ਸ਼ਾਨ ਨਾਲ ਬੱਸ ਅੰਦਰ ਵੜ ਜਾਇਆ ਕਰਦੀ ਤੇ ਪਹਿਲੋਂ ਤੋਂ ਖਾਲੀ ਰੱਖੀ ਸੀਟ ਤੇ ਬੈਠ ਜਾਇਆ ਕਰਦੀ..!
ਬੱਸ ਵਿਚ ਖੁਸਰ ਫੁਸਰ ਸ਼ੁਰੂ ਹੋ ਜਾਂਦੀ..ਕੋਈ ਆਖਦਾ..”ਭਾਣਜੀ ਜੂ ਹੋਈ..ਏਨਾ ਹੱਕ ਤੇ ਬਣਦਾ ਈ ਹੈ..ਕੋਈ ਮੇਰੀਆਂ ਕਿਤਾਬਾਂ ਵੱਲ ਤੇ ਕੋਈ ਮੇਰੇ ਗੱਲ ਪਾਏ ਸੂਟ ਵੱਲ ਵੇਖਦੀ ਰਹਿੰਦੀ..ਪਰ ਮਜਾਲ ਏ ਕੇ ਕੋਈ ਮੈਨੂੰ ਕੁਝ ਵੀ ਆਖ ਸਕਦਾ!
ਅਚਾਨਕ ਇੱਕ ਦਿਨ ਨਾਨਕੇ ਜਮੀਨ ਜਾਇਦਾਤ ਦਾ ਰੌਲਾ ਪੈ ਗਿਆ..!
ਮੇਰੀ ਮਾਂ ਨੂੰ ਤਿੰਨ ਭਰਾਵਾਂ ਚੋਂ ਕਿਸੇ ਇੱਕ ਦੀ ਹਾਮੀ ਭਰਨੀ ਪੈ ਗਈ..ਬੱਸ ਵਾਲਾ ਮਾਮਾ ਨਰਾਜ ਹੋ ਗਿਆ..ਬੋਲ ਚਾਲ ਬੰਦ ਹੋ ਗਈ ਤੇ ਫੇਰ “ਤਾਰੀ ਵੀਰੇ” ਨੇ ਬੱਸ ਖਲਿਆਰਨੀ ਬੰਦ ਕਰ ਦਿੱਤੀ..!
ਮੈਂ ਓਥੇ ਬੱਸ ਉਡੀਕਦੀ ਰਹਿੰਦੀ ਪਰ ਉਹ ਬਿਨਾ ਨਜਰਾਂ ਮਿਲਾਏ ਹੀ ਕੋਲੋਂ ਦੀ ਲੰਘਾ ਕੇ ਲੈ ਜਾਇਆ ਕਰਦਾ..!
ਅਖੀਰ ਘਰਦਿਆਂ ਮੈਨੂੰ ਸਾਈਕਲ ਲੈ ਦਿੱਤਾ..!
ਹੁਣ ਜਦੋਂ ਕਦੀ ਪਿੱਛਿਓਂ ਆਉਂਦੀ ਬੱਸ ਦਿਸ ਪੈਂਦੀ ਤਾਂ ਸਾਈਕਲ ਪਾਸੇ ਖੜਾ ਕਰ ਓਨੀ ਦੇਰ ਡਰਾਈਵਰ ਦੀ ਸੀਟ ਤੇ ਬੈਠੇ “ਤਾਰੀ ਵੀਰੇ” ਨੂੰ ਵੇਖਦੀ ਰਹਿੰਦੀ ਜਦੋਂ ਤੱਕ ਉਹ ਕੋਲੋਂ ਦੀ ਲੰਘਾ ਲੈ ਨਾ ਜਾਇਆ ਕਰਦਾ..!
ਕਈ ਮਜਾਕ ਕਰਦੀਆਂ..ਨੀ ਕੀ ਹੋਇਆ ਮਾਮੇ ਦੀ ਬੱਸ ਨੂੰ..ਕੁਝ ਹਮਦਰਦੀ ਵੀ ਕਰਦੀਆਂ..ਅਖ਼ੇ ਨਾਨਕਿਆਂ ਦੀ ਬੱਸ ਹੋਵੇ ਤਾਂ ਫੇਰ ਵੀ ਭਾਣਜੀ ਵਿਚਾਰੀ ਨੂੰ ਪੈਡਲ ਮਾਰਨੇ ਪੈਣ..ਕਿੰਨੀ ਮਾੜੀ ਗੱਲ ਏ..ਇਹ ਸਭ ਸੁਣ ਮੇਰਾ ਕਾਲਜਾ ਵਲੂੰਧਰਿਆਂ ਜਾਂਦਾ!
ਇੰਝ ਹੀ ਛੇ ਮਹੀਨੇ ਲੰਘ ਗਏ..ਕਈ ਵਾਰ ਮੇਰਾ ਸਾਈਕਲ ਖਰਾਬ ਹੋ ਜਾਂਦਾ..ਫੇਰ ਮੀਂਹ ਕਣੀ ਵਾਲੇ ਦਿਨ ਟਾਂਗੇ ਤੇ ਹੀ ਆਉਣਾ ਜਾਣਾ ਪੈਂਦਾ..!
ਇੱਕ ਦਿਨ ਟਾਂਗਾ ਉਡੀਕਦੀ ਛਾਵੇਂ ਖਲੋਤੀ ਹੋਈ ਸਾਂ ਕੇ ਬੱਸ ਆਉਂਦੀ ਦਿਸੀ..!
ਮੈਂ ਜਾਣ ਕੇ ਹੀ ਧਿਆਨ ਦੂਜੇ ਪਾਸੇ ਕਰ ਲਿਆ..ਹੁਣ ਮੈਨੂੰ ਵੀ ਤਾਰੀ ਵੀਰ ਨਾਲ ਨਫਰਤ ਹੋ...
ਗਈ ਸੀ!
ਬੱਸ ਅਚਾਨਕ ਕੋਲ ਆ ਕੇ ਖਲੋ ਗਈ..ਹੈਰਾਨ ਹੋਈ ਨੇ ਵੇਖਿਆ..ਅੱਜ ਡਰਾਈਵਰ ਵਾਲੀ ਸੀਟ ਤੇ “ਤਾਰੀ ਵੀਰ” ਨਹੀਂ ਸਗੋਂ ਕੋਈ ਹੋਰ ਸੀ..ਮਗਰ ਟਿਕਟਾਂ ਵੀ ਕੋਈ ਹੋਰ ਹੀ ਕੱਟ ਰਿਹਾ ਸੀ..!
ਓਪਰਾ ਜਿਹਾ ਡਰਾਈਵਰ ਬਾਰੀ ਖੋਲ ਕੋਲ ਆ ਗਿਆ ਤੇ ਆਖਣ ਲੱਗਾ..ਭੈਣੇ ਤੇਰੀ ਸੀਟ ਮੱਲੀ ਹੋਈ ਏ..”
“ਤੇ ਤਾਰੀ ਵੀਰ ਕਿਥੇ ਏ ਤੇ ਟਿਕਟਾਂ ਕੱਟਦਾ ਮੇਰਾ ਮਾਮਾ ਵੀ ਨੀ ਦੀਂਹਦਾ?
ਉਹ ਚੁੱਪ ਜਿਹਾ ਕਰ ਗਿਆ ਫੇਰ ਹੌਲੀ ਜਿਹੀ ਆਖਣਾ ਸ਼ੁਰੂ ਕੀਤਾ ਕੇ..ਭੈਣੇ ਤੇਰਾ ਮਾਮਾ ਤੇ ਕੱਲ ਦਾ ਪੂਰਾ ਹੋ ਗਿਆ ਤੇ ਭੋਗ ਤੱਕ ਇਹ ਬੱਸ ਹੁਣ ਮੈਂ ਹੀ ਚਲਾਊਂ..ਤਾਰੀ ਨੇ ਮੈਨੂੰ ਪੱਕੀ ਕੀਤੀ ਸੀ ਕੇ ਫਲਾਣੀ ਥਾਂ ਤੇ..ਫਲਾਣੇ ਰੰਗ ਦਾ ਸੂਟ ਪਾਈ ਜੇ ਕੋਈ ਕੁੜੀ ਖਲੋਤੀ ਦਿਸੇ ਤਾਂ ਉਹ ਟਾਂਗਾ ਉਡੀਕਦੀ ਮੇਰੀ ਭੈਣ ਹੀ ਹੋਊ..ਉਸਨੂੰ ਉਸਦੇ ਮਾਮੇ ਵਾਲਾ ਸੁਨੇਹਾ ਜਰੂਰ ਦੇ ਦੇਵੀਂ!
ਮੇਰੇ ਹੱਥੋਂ ਕਿਤਾਬਾਂ ਛੁੱਟ ਗਈਆਂ ਤੇ ਮੈਂ ਵਾਹੋ ਦਾਹੀ ਘਰ ਵੱਲ ਨੂੰ ਦੌੜ ਪਈ..ਤੇ ਧੂ ਕੇ ਜਾ ਰੋਟੀਆਂ ਪਕਾਉਂਦੀ ਮਾਂ ਦੇ ਗੱਲ ਲੱਗ ਗਈ..!
ਫੇਰ “ਮਾਂ ਜਾਏ” ਦੀ ਖਬਰ ਸੁਣ ਜੋ ਹਾਲ ਮੇਰੀ ਮਾਂ ਦਾ ਹੋਇਆ ਉਸਦਾ ਜਿਕਰ ਕਰਨਾ ਸ਼ਾਇਦ ਮੇਰੇ ਵੱਸ ਵਿਚ ਨਾ ਹੋਵੇ..!
ਅੱਜ ਏਨੇ ਵਰ੍ਹਿਆਂ ਬਾਅਦ ਪੰਜਾਬ ਗਈ ਤਾਂ ਗੱਡੀ ਠੀਕ ਓਸੇ ਥਾਂ ਰੁਕਵਾ ਲਈ ਜਿਥੇ ਕਦੇ ਖਲੋ ਕੇ “ਤਾਰੀ ਵੀਰੇ” ਦੀ ਬੱਸ ਉਡੀਕਿਆ ਕਰਦੀ ਸਾਂ..!
ਸਾਰਾ ਕੁਝ ਬਦਲ ਜਿਹਾ ਗਿਆ ਸੀ..ਸੜਕ ਖੁੱਲੀ ਕਰਨ ਦੇ ਨਾਮ ਹੇਠ ਜਾਲਮਾਂ ਨੇ ਉਹ ਬੋਹੜ ਵੀ ਵੱਢ ਘੱਤਿਆ ਜਿਹੜਾ ਕਦੀ ਮੈਨੂੰ ਮੀਂਹ ਕਣੀ ਧੁੱਪਾਂ ਅਤੇ ਤੂਫ਼ਾਨਾਂ ਤੋਂ ਬਚਾਇਆ ਕਰਦਾ ਸੀ!
ਮੈਂ ਕੋਲੋਂ ਲੰਘਦੀਆਂ ਜਾਂਦੀਆਂ ਮੋਟਰ ਗੱਡੀਆਂ ਦਾ ਉੱਡਦਾ ਮਣਾਂ-ਮੂਹੀਂ ਘੱਟਾ ਆਪਣੇ ਵਜੂਦ ਤੇ ਪਵਾਉਂਦੀ ਹੋਈ ਨਿੱਕੇ ਹੁੰਦਿਆਂ ਦੀਆਂ ਓਹਨਾ ਗਵਾਚ ਗਈਆਂ ਕੀਮਤੀ ਘੜੀਆਂ ਬਾਰੇ ਸੋਚੀਂ ਜਾ ਰਹੀ ਸਾਂ ਜਿਹੜੀਆਂ ਅਕਸਰ ਹੀ ਸਾਡੀਆਂ ਆਪੇ ਸਹੇੜੀਆਂ ਨਰਾਜਗੀਆਂ ਅਤੇ ਹਉਮੈਂ ਦੀ ਭੇਟ ਚੜ ਜਾਇਆ ਕਰਦੀਆਂ ਤੇ ਮਗਰੋਂ ਰਹਿ ਜਾਂਦੇ ਨੇ ਢੇਰ ਸਾਰੇ ਉਹ ਗਿਲੇ ਸ਼ਿਕਵੇ ਅਤੇ ਪਛਤਾਵੇ..ਜਿਹੜੇ ਮੜੀ ਤੱਕ ਵੀ ਸਾਡਾ ਪਿੱਛਾ ਨਹੀਂ ਛੱਡਦੇ!
ਹਰਪ੍ਰੀਤ ਸਿੰਘ ਜਵੰਦਾ
Dilpreet gill
Bhut hi dil nu lgn wali story c thodi