ਮੈਂ ਬੀ.ਏ ਪਾਸ ਕਰਕੇ ਬੀ.ਐਡ ਚ ਦਾਖ਼ਲਾ ਲੈ ਲਿਆ।ਸਾਡੇ ਵੇਲੇ ਦਸ ਕੁ ਮਹੀਨਿਆਂ ਚ ਬੀ ਐਡ ਹੋ ਜਾਂਦੀ ਸੀ।ਮੇਰੇ ਦਸ ਮਹੀਨੇ ਕਦੋਂ ਹੋ ਗਏ ਅਤੇ ਕਦੋਂ ਮੇਰੀ ਬੀ,ਐਡ ਹੋ ਗਈ ਪਤਾ ਹੀ ਨਾ ਚੱਲਿਆ।
ਮੈਂ ਚੰਗੇ ਨੰਬਰ ਲੈ ਕੇ ਬੀ ਐਡ ਕਰ ਗਿਆ ਅਤੇ ਮੇਰੀ ਸਿਲੈਕਸ਼ਨ ਗਣਿਤ ਦੇ ਅਧਿਆਪਕ ਵੱਜੋਂ ਇੱਕ ਸਰਕਾਰੀ ਸਕੂਲ ਚ ਹੋ ਗਈ।
ਜਿਸ ਪਿੰਡ ਚ ਮੈਂ ਅਧਿਆਪਕ ਲੱਗਿਆ ਸੀ ਉਸ ਪਿੰਡ ਚ ਗ਼ਰੀਬੀ ਬੜੀ ਸੀ।ਇਸ ਗੱਲ ਦਾ ਅੰਦਾਜ਼ਾ ਮੈਂ ਬੱਚਿਆਂ ਦੇ ਪੈਰਾਂ ਚ ਪਾਈਆਂ ਚੱਪਲਾਂ ਅਤੇ ਗੱਟੇ ਦੇ ਥੈਲਿਆਂ ਤੋਂ ਹੀ ਲਗਾ ਲਿਆ ਸੀ।
ਮੈਂ ਨਵਾਂ ਨਵਾਂ ਮਾਸਟਰ ਬਣਿਆ ਸੀ ਅਤੇ ਮੇਰੇ ਦਿਲ ਚ ਬੜਾ ਚਾਅ ਸੀ ਕਿ ਗ਼ਰੀਬ ਬੱਚੇ ਵੀ ਪੜ੍ਹ ਲਿਖ ਜਾਣ ਕਿਉਂਕਿ ਸਾਡੇ ਕੋਲ ਸਿਰਫ ਗ਼ਰੀਬਾਂ ਦੇ ਬੱਚੇ ਹੀ ਪੜ੍ਹਦੇ ਸਨ।
ਮੈਂ ਹਰ ਰੋਜ਼ ਦੀ ਤਰ੍ਹਾਂ ਸਕੂਲ ਗਿਆ,ਮੇਰੇ ਨਾਲ ਲੱਗੀ ਇੱਕ ਅਧਿਆਪਕਾ ਦੀ ਬੇਟੀ ਦਾ ਜਨਮ ਦਿਨ ਸੀ।ਉਹ ਆਪਣੀ ਮੰਮੀ ਨਾਲ ਸਕੂਲ ਆਈ ਹੋਈ ਸੀ,ਮੈਡਮ ਨੇ ਸਟਾਫ਼ ਰੂਮ ਚ ਦੱਸਿਆ ਕਿ ਇਸਦਾ ਅੱਜ ਜਨਮਦਿਨ ਹੈ ਅਤੇ ਕਹਿੰਦੀ ਮੈਂ ਨਾਲ ਜਾਣਾ ਹੈ।
ਸਾਰੇ ਅਧਿਆਪਕਾਂ ਨੇ ਲੜਕੀ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਆਪੋ ਆਪਣੀ ਜਮਾਤ ਚ ਚਲੇ ਗਏ।
ਜਦੋਂ ਅੱਧੀ ਛੁੱਟੀ ਵੇਲੇ ਖਾਣਾ ਖਾਣ ਬੈਠੇ ਤਾਂ ਮੈਡਮ ਨੇ ਨਾਲ ਲਿਆਂਦੀਆਂ ਟੋਫ਼ੀਆਂ ਬੱਚਿਆਂ ਨੂੰ ਅਤੇ ਮਠਿਆਈ ਅਧਿਆਪਕਾਂ ਨੂੰ ਵੰਡੀ।
ਛੋਟੀ ਜਮਾਤ ਦੇ ਬੱਚੇ ਮੈਡਮ ਦੀ ਬੇਟੀ ਨੂੰ ਚੱਕੀ ਫਿਰਦੇ ਸਨ,ਛੋਟੇ ਬੱਚਿਆਂ ਨੂੰ ਚਾਅ ਜਿਹਾ ਚੜ ਜਾਂਦਾ ਹੈ ਜਦੋਂ ਕਿਸੇ ਅਧਿਆਪਕ ਦਾ ਛੋਟਾ ਬੱਚਾ ਨਾਲ ਆਵੇ।
ਅਗਲੇ ਦਿਨ ਮੈਂ ਫਿਰ ਸਕੂਲ ਗਿਆ ਤਾਂ ਮੇਰੀ ਅੱਠਵੀਂ ਜਮਾਤ ਦੀ ਪ੍ਰਿਅੰਕਾ ਦਾ ਜਨਮਦਿਨ ਸੀ,ਮੈਂ ਬੱਚੀ ਨੂੰ ਵਧਾਈ ਦਿੱਤੀ ਤਾਂ ਬੱਚੀ ਬਹੁਤ ਖ਼ੁਸ਼ ਹੋਈ।ਬੱਚੀ ਪੜਨ ਚ ਬਹੁਤ ਹੁਸ਼ਿਆਰ ਸੀ,ਪਰ ਉਸਦੇ ਮਾਪੇ ਬੇਹੱਦ ਗ਼ਰੀਬ ਸਨ।
ਮੈਂ ਪੀਰੀਅਡ ਲਗਾ ਕੇ ਵਾਪਸ ਸਟਾਫ਼ ਰੂਮ ਚ ਆ ਗਿਆ।ਲੰਚ ਟਾਇਮ ਤੋਂ ਬਾਅਦ ਮੇਰੇ ਨਾਲ ਦਾ ਇੱਕ ਅਧਿਆਪਕ ਨਾ ਆਉਣ ਕਰਕੇ ਮੇਰੀ ਐਡਜਸਟਮੈਂਟ ਅੱਠਵੀਂ ਜਮਾਤ ਚ ਲਗਾ ਦਿੱਤੀ।ਮੈਂ ਫਿਰ ਅੱਠਵੀਂ ਜਮਾਤ ਚ ਚਲਾ ਗਿਆ।
ਮੈਂ ਪ੍ਰਿਅੰਕਾ ਨੂੰ ਕੋਲ ਬੁਲਾਇਆ ਤੇ ਹੌਲੀ ਜਿਹੇ ਕਿਹਾ ਕਿ ਟੌਫ਼ੀਆਂ ਕਿਉਂ ਨਹੀਂ ਵੰਡੀਆਂ ਤਾਂ ਕਹਿੰਦੀ ਕਿ ਮੈਂ ਆਪਣੇ ਡੈਡੀ ਨੂੰ...
ਕਿਹਾ ਸੀ ਕਿ ਟੋਫ਼ੀਆਂ ਲਿਆ ਦਿਉ ਤਾਂ ਉਹ ਕਹਿੰਦੇ ਛੱਡ ਪੁੱਤ ਕੁੜੀਆਂ ਦੇ ਕੋਣ ਜਨਮਦਿਨ ਮਨਾਉਂਦਾ ਹੈ ਇਹ ਵੱਡੇ ਘਰਾਂ ਦੇ ਚੋਜ਼ ਹਨ ਅਤੇ ਸਭ ਪੈਸੇ ਦੀ ਖੇਡ ਹੈ।
ਮੈਂ ਬੱਚੀ ਦੀ ਗੱਲ ਸੁਣ ਹੈਰਾਨ ਰਹਿ ਗਿਆ ਤੇ ਸੋਚਿਆ ਕਿ ਇਸਦਾ ਕੀ ਮਤਲਬ ਹੋਇਆ ਕਿ ਕੁੜੀਆਂ ਦਾ ਜਨਮ ਦਿਨ ਕੋਣ ਮਨਾਉਂਦਾ ਹੈ।
ਮੇਰੇ ਤੋਂ ਰਿਹਾ ਨਾ ਗਿਆ ਮੈਂ ਦੋ ਸੋ ਰਪਏ ਬੱਚੀ ਨੂੰ ਟੌਫ਼ੀਆਂ ਲਈ ਦਿੱਤੇ ਤੇ ਉਹ ਝੱਟ ਆਪਣੀ ਸਹੇਲੀ ਨੂੰ ਲੈ ਕੇ ਕੰਟੀਨ ਤੋਂ ਟਾਫ਼ੀਆਂ ਲੈ ਆਈ ਤੇ ਸਾਰੀ ਕਲਾਸ ਨੂੰ ਵੰਡ ਦਿੱਤੀਆਂ।ਉਸਦੇ ਚੇਹਰੇ ਤੋਂ ਖ਼ੁਸ਼ੀ ਸਾਫ਼ ਝਲਕ ਰਹੀ ਸੀ ਪਰ ਨਾਲ ਹੀ ਗ਼ਰੀਬ ਹੋਣ ਦਾ ਦੁੱਖ ਵੀ ਦਿਸ ਰਿਹਾ ਸੀ।
ਨਾਲ ਬੈਠੀ ਸੁਮਨ ਨੇ ਮਜ਼ਾਕ ਨਾਲ ਕਿਹਾ ਕਿ ਸਰ ਇਸਨੇ ਕੇਕ ਵੀ ਕੱਟਣਾ ਹੈ ਸ਼ਾਮ ਨੂੰ ਤਾਂ ਉਸਦੀ ਅੱਖ ਚ ਹੰਝੂ ਆ ਗਏ,ਪਰ ਉਸਨੇ ਕਿਸੇ ਨੂੰ ਮਹਿਸੂਸ ਨਹੀਂ ਹੋਣ ਦਿੱਤੇ ਪਰ ਮੈਂ ਉਸਦੇ ਬਾਪ ਸਮਾਨ ਵਾਂਗ ਹੋਣ ਕਰਕੇ ਸਮਝ ਗਿਆ ਅਤੇ ਮੈਂ ਹੌਲੀ ਦੇਣੇ ਉਸਨੂੰ ਬਾਹਰ ਆਉਣ ਲਈ ਕਿਹਾ ਅਤੇ ਜੇਬ ਚੋਂ ਕੇਕ ਲਈ ਪੈਸੇ ਦੇ ਦਿੱਤੇ ਅਤੇ ਕਿਹਾ ਕਿ ਬੇਟਾ ਖ਼ੁਸ਼ੀ ਖ਼ੁਸ਼ੀ ਜਨਮਦਿਨ ਮਨਾ ਲਈ ਮੈਂ ਵੀ ਤੇਰੇ ਪਿਤਾ ਸਮਾਨ ਹਾਂ,ਬੱਚੀ ਬਹੁਤ ਖ਼ੁਸ਼ ਹੋਈ।
ਐਨੇ ਹੀ ਪੀਰੀਅਡ ਬਦਲ ਗਿਆ ਅਤੇ ਮੈਂ ਪ੍ਰਿੰਸੀਪਲ ਸਾਹਿਬ ਕੋਲ ਚਲਾ ਗਿਆ,ਸਰ ਵੀ ਬਹੁਤ ਚੰਗੇ ਸੁਭਾਅ ਦੇ ਸਨ।
ਮੈਂ ਸਾਰੀ ਗੱਲ ਉਹਨਾਂ ਨੂੰ ਦੱਸੀ ਕਿ ਛੋਟੀ ਜਿਹੀ ਬੱਚੀ ਮੈਨੂੰ ਕਹਿੰਦੀ ਕਿ ਕੁੜੀਆਂ ਦੇ ਜਨਮਦਿਨ ਮਨਾਉਣੇ ਸਭ ਪੈਸੇ ਦੀ ਖੇਡ ਹੈ,ਸਰ ਵੀ ਸੁਣਕੇ ਹੈਰਾਨ ਰਹਿ ਗਏ।
ਮੇਰੇ ਸਾਹਿਬ ਨੇ ਸ਼ਾਮ ਛੁੱਟੀ ਵਖ਼ਤ ਪੰਜ ਮਿੰਟ ਮੀਟਿੰਗ ਕਰਕੇ ਅੱਗੇ ਤੋਂ ਸਭ ਲੜਕੀਆਂ ਦੇ ਜਨਮਦਿਨ ਸਕੂਲ ਮਨਾਉਣ ਦੀ ਗੱਲ ਸਟਾਫ ਕੋਲ ਕੀਤੀ ਤਾਂ ਸਾਰੇ ਬਹੁਤ ਖ਼ੁਸ਼ ਹੋਏ।
ਲਉ ਜੀ ਅਸੀਂ ਲੜਕੀਆਂ ਦੇ ਜਨਮਦਿਨ ਮਨਾ ਕੇ ਪੈਸੇ ਦੀ ਖੇਡ ਨੂੰ ਝੂਠਾ ਸਾਬਿਤ ਕਰ ਦਿੱਤਾ।
ਮਨਜਿੰਦਰ ਸਿੰਘ “ਜੌੜਕੀ”
ਪਿੰਡ ਤੇ ਡਾ:-ਜੌੜਕੀ ਅੰਧੇ ਵਾਲੀ।
ਫਾਜ਼ਿਲਕਾ।
ਮੋਬਾਇਲ:-82838-30069