ਰਸੋਈ ‘ਚੋਂ ਪਾਣੀ ਲੈਣ ਗਈ ਦੀ ਸਰਸਰੀ ਨਜਰ ਨਿਆਣਿਆਂ ਦੇ ਕਮਰੇ ਵੱਲ ਨੂੰ ਜਾ ਪਈ।
ਨੌ ਕੁ ਸਾਲਾਂ ਦੀ ਕੁੜੀ ਕੰਧ ਤੇ ਟੰਗੀ ਇੱਕ ਫੋਟੋ ਵੱਲ ਦੇਖਦੀ ਹੋਈ ਆਪਣੇ ਨਿੱਕੇ ਵੀਰ ਦਾ ਸਿਰ ਆਪਣੀ ਗੋਦ ਵਿਚ ਲੈ ਉਸਨੂੰ ਸੁਆਉਣ ਦਾ ਯਤਨ ਕਰ ਰਹੀ ਸੀ।
ਇਹ ਸਭ ਕੁਝ ਦੇਖ ਉਹ ਵਾਪਿਸ ਆਪਣੇ ਕਮਰੇ ਵਿਚ ਆ ਗਈ ਤੇ ਨਾਲਦੇ ਨੂੰ ਆਖਣ ਲੱਗੀ ਕਿ “ਪਤਾ ਨੀ ਕਿਉਂ ਮੈਨੂੰ ਸਾਡਾ ਇਸ ਤਰਾਂ ਆਪਣੇ ਕਮਰੇ ਵਿਚ ਬੰਦ ਹੋ ਜਾਣਾ ਠੀਕ ਜਿਹਾ ਨਹੀਂ ਲਗਦਾ..ਉਹ ਵੀ ਓਦੋਂ ਜਦੋਂ ਦੋਵੇਂ ਬੱਚੇ ਅਜੇ ਜਾਗਦੇ ਹੋਣ।”
ਫੇਰ ਥੋੜਾ ਰੁਕ ਕੇ ਮੁੜ ਬੋਲਣਾ ਸ਼ੁਰੂ ਕਰ ਦਿੱਤਾ…
“ਅੱਜ ਜਦੋ ਮੈਂ ਇਸ ਘਰ ਦੀਆਂ ਬਰੂਹਾਂ ਟੱਪੀਆਂ ਤਾਂ ਮੈਨੂੰ ਦੋਵੇਂ ਨਿਆਣੇ ਡਰੇ-ਡਰੇ ਤੇ ਸਹਿੰਮੇ ਜਿਹੇ ਲੱਗੇ..ਨਿੱਕਾ ਤੇ ਇੱਕ ਵਾਰ ਵੀ ਮੇਰੇ ਲਾਗੇ ਨਹੀਂ ਲੱਗਾ..ਦੋ ਵਾਰੀ ਕੋਲ ਸੱਦਿਆ ਪਰ ਦੋਵੇਂ ਵਾਰ ਭੱਜ ਕੇ ਭੈਣ ਦੀ ਬੁੱਕਲ ਵਿਚ ਜਾ ਵੜਿਆ ਏ..ਪਲੀਜ ਮੈਨੂੰ ਥੋੜਾ ਟਾਈਮ ਚਾਹੀਦਾ ਏ..ਥੋੜਾ ਘੁਲ-ਮਿਲ ਲੈਣ ਦਿਓ ਇਹਨਾਂ ਨਾਲ..ਬਾਕੀ ਸਭ ਕੁਝ ਫੇਰ ਦੇਖਿਆ ਜਾਊ।”
ਆਪਣਾ ਚੂੜੇ ਵਾਲਾ ਹੱਥ ਛੁਡਾਉਂਦੀ ਹੋਈ ਨੇ ਇੱਕੋ ਸਾਹੇ ਕਿੰਨਾ ਕੁਝ ਆਖ ਦਿੱਤਾ।
👳♂️“ਪਰ ਅੱਜ ਹੀ ਤੇ ਆਪਣੀ ਕੋਰਟ ਮੈਰਿਜ ਹੋਈ ਹੈ..ਹਰ ਨਵੀਂ ਵਿਆਹੀ ਦੀਆਂ ਪਹਿਲੀ ਰਾਤ ਨੂੰ ਲੈ ਕੇ ਕਿੰਨੀਆਂ ਸਾਰੀਆਂ ਸੱਧਰਾਂ ਤੇ ਅਰਮਾਨ ਹੁੰਦੇ ਨੇ..ਖੈਰ ਤੈਨੂੰ ਤੇ ਪਤਾ ਹੀ ਹੈ ਕਿ ਮੈਨੂੰ ਇਹ ਸਭ ਕੁਝ ਕਿਨ੍ਹਾਂ ਹਲਾਤਾਂ ਵਿਚ ਕਰਨਾ ਪਿਆ”..ਏਨੀ ਗੱਲ ਆਖ ਉਸਨੇ ਨੀਵੀਂ ਜਿਹੀ ਪਾ ਲਈ..ਸ਼ਾਇਦ ਉਸਤੋਂ ਅੱਗੋਂ ਬੋਲਿਆ ਹੀ ਨਹੀਂ ਸੀ ਗਿਆ।
🧕“ਪਰ ਹਰੇਕ ਕੁੜੀ ਦਾ ਵਿਆਹ ਵੀ ਤੇ ਇਹਨਾਂ ਹਾਲਾਤਾਂ ਵਿਚ ਨਹੀਂ ਹੋਇਆ ਹੁੰਦਾ।”
ਏਨੀ ਗੱਲ ਆਖ ਉਹ ਬੱਚਿਆਂ ਦੇ ਕਮਰੇ ਵੱਲ ਨੂੰ ਹੋ ਤੁਰੀ ਤੇ ਜਾ ਬੂਹਾ ਖੜਕਾਇਆ।
ਸਹਿਮੀ ਜਿਹੀ ਏਧਰ-ਓਧਰ ਝਾਕਦੀ ਹੋਈ ਨੇ ਆਣ ਕੁੰਡਾ ਖੋਲ ਦਿਤਾ..ਨਿੱਕਾ ਮੁੰਡਾ ਉਸਦੇ ਸੂਟ ਦੀ ਕੰਨੀ ਫੜੀ ਉਸਦੇ ਮਗਰ ਹੀ ਲੁਕਿਆ ਰਿਹਾ।
“ਬੇਟਾ ਕੀ ਮੈਂ ਅੰਦਰ ਆ ਸਕਦੀ ਹਾਂ?”..ਉਸਨੇ ਪੁੱਛਿਆ..
ਕੁੜੀ ਨੇ ਅੱਗੋਂ ਹੌਲੀ ਜਿਹੀ “ਹਾਂ” ਵਿਚ ਸਿਰ ਹਿਲਾ ਦਿੱਤਾ ਤੇ ਉਹ ਨਾਲ ਹੀ ਅੰਦਰ ਵੜ ਓਹਨਾਂ ਦੇ ਮੰਜੇ ਤੇ ਜਾ ਬੈਠੀ..
ਮੁਸਕੁਰਾਉਂਦੀ ਹੋਈ ਨੇ ਫੇਰ ਦੋਨਾਂ ਨੂੰ ਸੈਨਤ ਮਾਰ ਆਪਣੇ ਕੋਲ ਸੱਦ ਲਿਆ ਤੇ ਆਪਣੇ ਨਾਲ ਹੀ ਬਿਠਾ ਲਿਆ।
ਫੇਰ ਦੋਨਾਂ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਦੀ ਨੇ ਕੁੜੀ ਨੂੰ ਉਸਦਾ ਨਾਮ ਪੁੱਛਿਆ।
ਅੱਗੋਂ ਆਖਣ ਲੱਗੀ “ਮੇਰਾ ਨਾਮ ਮਿੱਠੀ ਹੈ ਤੇ ਇਹ ਮੇਰਾ ਨਿੱਕਾ ਵੀਰ “ਰੇਸ਼ਮ”..ਹੁਣ ਤੱਕ ਚੁੱਪਚਾਪ...
ਕੋਲ ਬੈਠਾ “ਰੇਸ਼ਮ” ਵੀ ਕੋਲ ਹੁੰਦੀ ਗੱਲਬਾਤ ਸੁਣ ਥੋੜਾ ਠੀਕ ਜਿਹਾ ਮਹਿਸੂਸ ਕਰ ਰਿਹਾ ਲੱਗ ਰਿਹਾ ਸੀ !
ਉਹ ਫੇਰ ਦੋਵਾਂ ਨੂੰ ਆਪਣੀ ਬੁੱਕਲ ਵਿਚ ਲੈਣ ਦੀ ਹੋਈ ਆਖਣ ਲੱਗੀ ਕੇ ਅੱਜ ਤੋਂ ਬਾਅਦ ਅਸੀਂ ਤਿੰਨੋਂ ਜਣੇ ਇਸੇ ਕਮਰੇ ਵਿਚ ਇਕੱਠੇ ਹੀ ਸੋਇਆ ਕਰਾਂਗੇ ਤੇ ਨਾਲ ਹੀ ਉਸਨੇ ਆਪਣੀਆਂ ਬਾਹਵਾਂ ਦੇ ਸਿਰਹਾਣੇ ਬਣਾ ਦੋਨੋਂ ਬੱਚੇ ਆਪਣੇ ਨਾਲ ਪਾ ਲਏ।
ਡਰ ਅਤੇ ਸਹਿਮ ਇੱਕਦਮ ਖੰਭ ਲਾ ਕੇ ਉਡ ਗਏ ਜਾਪੇ ਅਤੇ ਹੁਣ ਉਹ ਦੋਵੇਂ ਆਪਣੇ ਸਕੂਲ ਤੇ ਆਸ-ਪਾਸ ਦੀਆਂ ਅਨੇਕਾਂ ਗੱਲਾਂ ਆਪਣੀ ਨਵੀਂ ਮਾਂ ਨਾਲ ਸਾਂਝੀਆਂ ਕਰਨ ਲੱਗੇ ਹੋਏ ਸਨ।
“ਮਿੱਠੀ” ਦੱਸਣ ਲੱਗੀ ਕਿ ਡੈਡੀ ਜਦੋਂ ਵੀ ਬਿਮਾਰ ਮਾਂ ਨੂੰ ਦੇਖਣ ਹਸਪਤਾਲ ਚਲਾ ਜਾਂਦਾ ਤਾਂ ਸਾਹਮਣੇ ਵਾਲੀ ਆਂਟੀ ਅਕਸਰ ਹੀ ਘਰ ਆ ਜਾਇਆ ਕਰਦੀ ਤੇ ਆਖਿਆ ਕਰਦੀ ਕਿ ਤੁਹਾਡੀ ਮਾਂ ਨੇ ਨਹੀਂ ਬਚਣਾ ਤੇ ਮਗਰੋਂ ਤੁਹਾਡੇ ਪਿਓ ਨੇ ਨਵੀਂ ਮਾਂ ਲੈ ਆਉਣੀ ਹੈ ਤੇ ਉਸਦੇ ਆਉਂਦਿਆਂ ਹੀ ਤੁਹਾਡਾ ਪਾਪਾ ਬਦਲ ਜਾਊ ਅਤੇ ਹੋ ਸਕਦਾ ਨਵੀਂ ਮੰਮੀ ਨਾਲ ਰਲ ਕੇ ਤੁਹਾਨੂੰ ਕੁੱਟਿਆ-ਮਾਰਿਆ ਵੀ ਕਰੂ..ਏਨੀ ਗੱਲ ਸੁਣ “ਰੇਸ਼ਮ” ਅਕਸਰ ਹੀ ਰੋਣ ਲੱਗ ਜਾਂਦਾ..ਉਹ ਖੁਦ ਵੀ ਡਰ ਜਾਇਆ ਕਰਦੀ ਪਰ ਰੋਂਦੀ ਨਾ ਕਿਓੰਕਿ ਜੇ ਉਹ ਖੁਦ ਰੋ ਪੈਂਦੀ ਤੇ ਰੇਸ਼ਮ ਨੂੰ ਕੌਣ ਚੁੱਪ ਕਰਾਉਂਦਾ..ਜਿਹੜਾ ਅਕਸਰ ਹੀ ਡਰ ਕੇ ਮੇਰੀ ਬੁੱਕਲ ਵਿਚ ਵੜ ਜਾਇਆ ਕਰਦਾ…. ਪਰ ਤੁਸੀਂ ਤੇ ਮੈਨੂੰ ਏਦਾਂ ਦੇ ਬਿਲਕੁਲ ਵੀ ਨਹੀਂ ਲਗਦੇ।”
ਫੇਰ ਦੇਰ ਰਾਤ ਤੱਕ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਰਹੀਆਂ ਤੇ ਬੇਗਾਨੇਪਣ ਅਤੇ ਕਿੰਨੇ ਸਾਰੇ ਭਰਮ-ਭੁਲੇਖਿਆਂ ਦੇ ਬੱਦਲ ਛੱਟਦੇ ਗਏ ਤੇ ਫੇਰ ਪਤਾ ਹੀ ਨਹੀਂ ਲੱਗਾ ਕਦੋਂ ਤਿੰਨੋਂ ਗੂੜ੍ਹੀ ਨੀਂਦਰ ਸੌਂ ਗਏ।
ਉਹ ਅੱਧੀ ਰਾਤ ਨੂੰ ਉਠਿਆ ਤੇ ਉਹਨਾਂ ਦੇ ਕਮਰੇ ਵੱਲ ਨੂੰ ਹੋ ਤੁਰਿਆ..ਗਲਵੱਕੜੀ ਪਾ ਕੇ ਸੁੱਤੇ ਤਿੰਨਾਂ ਨੂੰ ਚਾਦਰ ਨਾਲ ਢੱਕਿਆ ਤੇ ਫੇਰ ਬੱਤੀ ਬੁਝਾ ਮੁੜ ਆਪਣੇ ਕਮਰੇ ਵਿਚ ਆ ਗਿਆ।
ਨਾਮੁਰਾਦ ਰੋਗ ਦੀ ਭੇਂਟ ਚੜੀ ਨਿਆਣਿਆਂ ਦੀ ਪਹਿਲੀ ਮਾਂ ਦੀ ਫੋਟੋ ਉੱਤੇ ਅੱਜ ਅਜੀਬ ਹੀ ਤਰ੍ਹਾਂ ਦਾ ਸੁਕੂਨ ਜਿਹਾ ਸੀ..ਅਤੇ ਫੋਟੋ ਅੱਗੇ ਅਡੋਲ ਖਲੋਤੇ ਨੇ ਅੱਜ ਆਪਣੇ ਅੰਦਰ ਕਿੰਨੇ ਚਿਰ ਤੋਂ ਡੱਕੇ ਹੋਏ ਖਾਰੇ ਪਾਣੀ ਦੇ ਵੱਡੇ ਸਾਰੇ ਸਮੁੰਦਰ ਦੇ ਸਾਰੇ ਬੰਨ ਤੋੜ ਸੁੱਟੇ…!!!
ਹਰਪ੍ਰੀਤ ਸਿੰਘ ਜਵੰਦਾ
Gagan chandi
nice story