ਗੱਡੀ ਹਾਈਵੇ ਤੇ ਉੱਡਣ ਖਟੋਲਾ ਬਣੀ ਜਾ ਰਹੀ ਸੀ। ਆਲਾ ਦੁਆਲਾ ਲੰਘੀਆਂ ਉਮਰਾ ਵਾਗ ਪਿੱਛੇ ਨੂੰ ਭੱਜਿਆ ਜਾ ਰਿਹਾ ਸੀ। ਐਨੀ ਖੁਸ਼ੀ ਉਹਨੂੰ ਕਦੇ ਈ ਹੋਈ ਹੋਊ। ਬਿੰਦਰ ਟੇਢਾ ਝਾਕ ਕੇ ਬੋਲਿਆ ਸੀ ‘ ਗੱਲ ਸੁਣ! ਮੇਰੀ ਕਹਾਣੀ ਲਿਖ ਯਾਰ ਕਦੇ’
‘ਮੈ ਕਿਹੜਾ ਸੈਕਸ਼ਪੀਅਰ ਆਂ ਲਿਖਣ ਨੂੰ, ਚੱਲ ਸੁਣਾ’
’ਕਹਿੰਦੇ ਐ ਬਾਰਾਂ ਸਾਲ ਬਾਅਦ ਪੂਰਨ ਖੂਹ ਚੋਂ ਗੋਰਖ ਨੇ ਕੱਢ ਲਿਆ ਸੀ, ਬਾਰਾਂ ਸਾਲ ਰਾਂਝਾ ਮੱਝਾ ਚਾਰੀ ਗਿਆ ਤੇ ਆਮ ਈ ਕਹਿ ਦਿੰਦੇ ਐ ਕਿ ਬਾਰਾਂ ਸਾਲ ਬਾਅਦ ਰੱਬ ਰੂੜੀ ਦੀ ਵੀ ਸੁਣਦੈ, ਪਰ ਤੇਰੇ ਬਾਈ ਬਿੰਦਰ ਦੀ ਵੀਹਾਂ ਸਾਲਾਂ ਬਾਅਦ ਸੁਣੀ ਰੱਬ ਨੇ।
ਉਦੋ ਮੁੱਛ ਜਿਹੀ ਫੁੱਟਦੀ ਸੀ ਜਾਂ ਕਹਿ ਕਿ ਮੂੰਹਜੋਰ ਜਵਾਨੀ ਦਾ ਪਹਿਲਾ ਸਾਲ ਸੀ। ਮੈ ਦੁਨੀਆਂ ਤੋ ਲੋਕਾਂ ਦੀਆਂ ਗੱਲਾਂ ਤੋ ਪਰੇ ਆਪਣੇ ਮਿੱਤਰਾਂ ਨਾਲ ਮਸਤ ਰਹਿਣੇ ਵਾਲਾ ਆਪਣੇ ਆਪ ਨੂੰ ਇਸ ਲਾਇਕ ਈ ਸਮਝਦਾ ਸੀ ਕਿ ਨਾ ਤੇਰੇ ਲਈ ਕੋਈ ਬਣਿਐ ਨਾ ਤੂੰ ਕਿਸੇ ਲਈ।
ਉਸ ਦਿਨ ਆਥਣ ਦੀ ਲਾਲੀ ਹਲੇ ਉੱਘੜਨ ਲਈ ਅੰਗੜਾਈਆਂ ਭੰਨਦੀ ਸੀ ਜਦੋ ਮੈ ਵੀਹੀ ਚੋਂ ਲੰਘਦੇ ਨੇ ਕਿਸੇ ਦੇ ਵਾਲਾਂ ਚੋ ਆਪਣੀ ਜਿੰਦਗੀ ਦੇਖੀ ਸੀ। ਖੁੱਲੇ ਦਰਵਾਜੇ ਚ’ ਬਾਹਰ ਵੱਲ ਨੂੰ ਪਿੱਠ ਕਰੀ ਉਹ ਵਾਲ ਵਾਹ ਰਹੀ ਸੀ। ਕੋਈ ਖਿਆਲਾਂ ਚ ਐਨਾ ਸੋਹਣਾ ਕਿਵੇ ਲੱਗ ਸਕਦੈ।
ਇੱਕ ਗੱਲ ਦੱਸਾਂ? ਤਸੱਲੀ ਹੁਸਨ ਸੁਹੱਪਣ ਪੜ੍ਹਾਈ ਲਿਖਾਈ ਜਾਂ ਸੂਝਬੂਝ ਵਾਲੇ ਹਾਣੀ ਨਾਲ ਨੀ ਹੁੰਦੀ, ਤਸੱਲੀ ਇਸ਼ਕ ਨਾਲ ਹੁੰਦੀ ਐ ਤੇ ਇਹ ਉਹਦੇ ਨਾਲ ਈ ਹੁੰਦੈ ਜਿਹਦੇ ਗਲ ਲੱਗ ਕੇ ਮਰਨ ਨੂੰ ਜੀ ਕਰੇ, ਜੀਹਦੇ ਤੋ ਆਪਾ ਵਾਰਨ ਨੂੰ ਜੀ ਕਰੇ। ਉਹ ਆਪਣੇ ਨਾਨਕੇ ਆਈ ਹੋਈ ਸੀ ਅਤੇ ਮੈ ਮਾਸੀ ਕੋਲ ਰਹਿੰਦਾ ਸੀ। ਫਿਰ ਉਹ ਗਲੀ ਮੇਰਾ ਨਿੱਤ ਦਾ ਲਾਂਘਾ ਹੋ ਗਈ। ਇੱਕ ਦਿਨ ਉਹਦੀਆਂ ਅੱਖਾਂ ਨਾਲ ਅੱਖਾਂ ਜਾ ਮਿਲੀਆਂ। ਕਹਿਣਾ ਤਾ ਦੂਰ ਸਾਹ ਲੈਣੇ ਵੀ ਜਿਵੇਂ ਭੁੱਲ ਈ ਗਿਆ ਸੀ। ਇੱਕ ਦਿਨ ਦੋ ਦਿਨ ਤਿੰਨ ਦਿਨ ਗਏ ਤੇ ਚੌਥੇ ਦਿਨ ਸਾਡੇ ਘਰ ਮੂਹਰਿਓ ਆਥਣ ਟੈਮ ਆਪਣੇ ਮਾਮੇ ਦੀ ਕੁੜੀ ਨਾਲ ਲੰਘੀ ਤੇ ਲੰਘਣ ਲੱਗੀ ਉਹਦੇ ਮਾਮੇ ਦੀ ਕੁੜੀ ਨੇ ਉਹਦਾ ਨਾਲ ‘ਸਮਰੀਤ’ ਲੈ ਕੇ ਕੋਈ ਗੱਲ ਕੀਤੀ ਸੀ।
ਮੈ ਰੋਜ ਆਥਣੇ ਉਡੀਕਦਾ ਅਤੇ ਉਹ ਰੋਜ ਲੰਘਦੀ। ਸਿਰਫ ਇੱਕ ਵਾਰ ਅੱਖਾਂ ਚ ਅੱਖਾਂ ਪੈਂਦੀਆਂ ਤੇ ਫਿਰ ਸਾਡੀ ਦੋਨਾਂ ਦੀ ਨੀਵੀ ਪੈ ਜਾਂਦੀ। ਮੈ ਕਦੇ ਉਹਦੀਆਂ ਅੱਖਾਂ ਪੜਨ ਦੀ ਕੋਸ਼ਿਸ਼ ਹੀ ਨਹੀ ਕੀਤੀ, ਬੱਸ ਇੱਕ ਵਾਰ ਦਿਖਣਾ ਈ ਮੇਰੇ ਲਈ ਬਹੁਤ ਸੀ।
ਇੱਕ ਦਿਨ ਮਾਸੀ ਨੇ ਦੁਪਿਹਰੇ ਹਾਕ ਮਾਰ ਕੇ ਕਿਹਾ ਕਿ ਬਿੰਦਰਾ ਜਾਹ ਕੇਸਰ ਕੇ...
ਘਰੋਂ ਪੰਸੇਰੀ ਆਲਾ ਵੱਟਾ ਲਿਆ ਫੜਕੇ। ਉਸ ਦਿਨ ਜਿਵੇ ਰੱਬ ਨੇ ਰਹਿਮਤਾ ਦੀ ਝੜੀ ਲਾ ਦਿੱਤੀ ਸੀ। ਮੈ ਜਿਵੇ ਉੱਡਦਾ ਜਾ ਰਿਹਾ ਸੀ।ਸਮਰੀਤ ਤੋ ਵੱਟਾ ਫੜਨ ਲੱਗੇ ਉਹਦੇ ਦੋਵੇ ਹੱਥਾਂ ਨੂੰ ਮੇਰੇ ਹੱਥ ਛੋਹ ਗਏ। ਉਸ ਵਕਤ ਮੈ ਉਹਦੀਆਂ ਅੱਖਾਂ ਵਿੱਚ ਵੀ ਨਾ ਦੇਖ ਸਕਿਆ। ਉਸ ਦਿਨ ਇਉ ਲੱਗਿਆ ਸੀ ਜਿਵੇ ਮੈ ਸਾਰੀ ਜਿੰਦਗੀ ਜਿਉ ਆਇਆ ਹੋਵਾਂ। ਸਾਰੀ ਦੁਨੀਆ ਦੇ ਚਾਅ ਮੇਰੀ ਹਿੱਕ ਵਿਚ ਇਕੱਠੇ ਸੀ। ਸਾਰੀਆਂ ਖੁਸ਼ੀਆਂ ਉਸ ਦਿਨ ਪੂਰੀਆਂ ਹੋ ਗਈਆਂ ਸੀ। ਮੇਰੇ ਯਾਦ ਐ ਉਸ ਦਿਨ ਮੈ ਕਿਹਾ ਸੀ ਬੱਸ ਰੱਬਾ ਹੋਰ ਕੁਸ਼ ਨੀ ਚਾਹੀਦਾ ਹੁਣ।
ਫਿਰ ਕਦੇ ਉਹ ਉਸ ਵਿਹੜੇ ਵਿੱਚ ਨੀ ਦਿਖੀ। ਵਕਤ ਲੰਘੀ ਗਿਆ। ਵਿਆਹ ਜਵਾਕ ਜਿੰਮੇਵਾਰੀਆਂ ਸਾਰਾ ਕੁਸ਼ ਵਕਤ ਉਗਲ ਲਾ ਕੇ ਨਾਲ ਤੋਰੀ ਗਿਆ। ਉਹਦੇ ਨਾਲ ਇੱਕਪਾਸੜ ਜਿਹਾ ਤਿਉ ਲਗਦਾ ਸੀ, ਜਿਹੜਾ ਸਮੇ ਦੇ ਝੱਖੜਾਂ ਨਾਲ ਉੱਡ ਗਿਆ ਸੀ, ਪਰ ਮੈਨੂੰ ਉਹਦੇ ਪਹਿਲੀ ਵਾਰ ਦੇਖੇ ਵਾਲ ਕਦੇ ਵੀ ਨੀ ਭੁੱਲੇ। ਕਦੇ ਕਦੇ ਸੋਚਦਾ ਹੁੰਨਾ ਕਿ ਕੋਈ ਕੋਈ ਚਿੱਟਾ ਉਹਦੇ ਵਾਲਾਂ ਚ’ ਚਾਂਦੀ ਵਾਂਗ ਚਮਕਣ ਲੱਗ ਪਿਆ ਹੋਣੈ ਜਾਂ ਭਲਾਂ ਜੇ ਹੁਣ ਮਿਲਾਂ ਤਾ ਪਛਾਣ ਲਊ? ਉਹਨੂੰ ਮੇਰਾ ਨਾਮ ਪਤਾ ਹੋਊ? ਸਹੁਰੇ ਕਿਵੇ ਦੇ ਹੋਣਗੇ ਉਹਦੇ?
ਪਰ ਤੈਨੂੰ ਪਤੈ? ਮੈ ੳਸੇ ਜਿੰਦਗੀ ਚ ਵਾਪਿਸ ਜਾ ਆਇਆਂ..ਘਰ ਮੂਹਰੇ ਖੜੇ ਨੂੰ ਉਸੇ ਰਾਹ ਤੇ ਪੇਕੇ ਮਿਲਣ ਆਈ ਉਹਦੇ ਮਾਮੇ ਦੀ ਧੀ ਛਿੰਦੋ ਮਿਲੀ ਸੀ। ਸਰਸਰੀ ਗੱਲਬਾਤ ਮਗਰੋ ਅੱਜ ਪਹਿਲੀ ਵਾਰ ਮੇਰੇ ਮੂੰਹੋ ਨਿਕਲਿਆ ਸੀ ਕਿ ਦੇਖਲਾ ਛਿੰਦੋ ਕਦੇ ਤੂੰ ਤੇ ਸਮਰੀਤ ਐਥੋ ਲੰਘਦੀਆਂ ਹੁੰਦੀਆਂ ਸੀ।ਉਹਨੇ ਮੇਰੇ ਚਿਹਰੇ ਵੱਲ ਧਿਆਨ ਨਾਲ ਦੇਖਿਆ ਤੇ ਬੋਲੀ ਇੱਕ ਗੱਲ ਦੱਸਾਂ? ਸਮਰੀਤ ਹੁਣ ਵੀ ਬਹੁਤ ਗੱਲਾਂ ਕਰਦੀ ਹੁੰਦੀ ਐ ਤੇਰੀਆਂ…. ਐਨਾ ਕਹਿ ਕੇ ਉਹ ਚਲੀ ਗਈ। ਹਾਏ ਰੱਬਾ! ਮੈ ਵੀ ਕਿਸੇ ਲਈ ਬਣਿਆ ਸੀ… ਬੱਸ ਰੱਬਾ ਹੋਰ ਕੁਸ਼ ਨੀ ਚਾਹੀਦਾ ਹੁਣ……
ਨਾਲ ਈ ਬਿੰਦਰ ਨੇ ਡਿਸਕ ਨੂੰ ਪਲੇਅਰ ਦੇ ਅੰਦਰ ਧੱਕ ਦਿੱਤਾ ਅਤੇ ਆਪਣਾ ਸਿਰ ਸੀਟ ਉੱਪਰ ਪਿੱਛੇ ਨੂੰ ਸਿੱਟ ਕੇ ਅੱਖਾਂ ਬੰਦ ਕਰਕੇ ਬੁੱਲਾਂ ਵਿੱਚ ਮੁਸਕਰਾਇਆ…..
ਮਿੱਠਾ ਜਿਹਾ ਮਿਊਜਕ ਉੱਚਾ ਹੋਇਆ… ਕਲੇਰ ਕੰਠ ਦੀ ਆਵਾਜ ਕੰਨੀਂ ਪਈ..
‘ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ…
ਅਸੀਂ ਫੇਰ ਰਾਹਾਂ ਵਿੱਚ ਖੜੀਏ ਜਿੱਥੋ ਤੂੰ ਲੰਘੇ’
ਚੰਨ ਤੋ ਸੋਹਣਿਆਂ ਸੱਜਣਾ ਤੈਨੂੰ ਤੱਕਣੇ ਲਈ,
ਅਸੀ ਫੇਰ ਬਹਾਨੇ ਘੜੀਏ ਜਿੱਥੋ ਤੂੰ ਲੰਘੇ…….
~ਦਾਊਮਾਜਰਾ