ਪ੍ਰਦੇਸ – ਇੱਕ ਸੁੰਦਰ ਜਾਪਦਾ ਸ਼ਬਦ! ਸਭ ਦੀਆਂ ਸਧਰਾਂ, ਸਭ ਦੇ ਚਾਵਾਂ ਦਾ ਪੂਰਕ ਜਾਪਦਾ ਸ਼ਬਦ – ਪ੍ਰਦੇਸ!
ਕਹਾਣੀ ਸ਼ੁਰੂ ਹੁੰਦੀ ਹੈ ਇੱਕ ਸੁਪਨਾ ਲੈਣ ਨਾਲ, ਸੁਪਨਾ… ਸੁੰਦਰ ਭਵਿੱਖ ਦਾ, ਸੁਪਨਾ… ਸੁੰਦਰ ਜ਼ਿੰਦਗੀ ਦਾ, ਸੁਪਨਾ ਪਰਿਵਾਰ ਦੀ ਖੁਸ਼ਹਾਲੀ ਦਾ, ਸੁਪਨਾ ਸੁੰਦਰ ਜੀਵਨ ਸਾਥੀ ਦਾ! ਹੋ ਸਕਦਾ ਹੈ ਕਿ ਬੰਦ ਅੱਖਾਂ ਨਾਲ ਲਏ ਸੁਪਨੇ ਪੂਰੇ ਨਾ ਹੋ ਸਕਣ ਪਰ ਖੁੱਲੀਆਂ ਅੱਖਾਂ ਨਾਲ ਲਏ ਸੁਪਨੇ ਪੂਰੇ ਹੋ ਸਕਦੇ ਨੇ, ਇਹ ਯਕੀਨਨ ਕਿਹਾ ਜਾ ਸਕਦਾ ਹੈ। ਸੁਪਨੇ ਲੈਣਾ ਗੁਨਾਹ ਨਹੀਂ ਹੈ, ਪਰ ਕੀ ਇਹ ਜਰੂਰੀ ਹੈ ਕਿ ਸਭ ਦੇ ਸੁਪਨੇ ਪੂਰੇ ਹੋਣ। ਜਿੱਥੇ ਬਹੁਤ ਸਾਰੇ ਲੋਕੀਂ ਚਾਅ ਨਾਲ਼ ਪ੍ਰਦੇਸੀਂ ਆਉਂਦੇ ਨੇ, ਬਹੁਤ ਸਾਰੇ ਮਜ਼ਬੂਰੀਆਂ ਦੇ ਮਾਰੇ ਵੀ ਜਹਾਜ਼ ਦੇ ਹੂਟੇ ਦਾ ਨਿੱਘ ਮਾਨਣਾ ਚਾਹੁੰਦੇ ਨੇ। ਮਜ਼ਬੂਰੀਆਂ ਕਿਸੇ ਵੀ ਕਿਸਮ ਦੀਆਂ ਹੋ ਸਕਦੀਆਂ ਨੇ, ਬੇਰੋਜ਼ਗਾਰੀ, ਘਟਦੀਆਂ ਜ਼ਮੀਨਾਂ, ਪਰਿਵਾਰ ਦਾ ਸੁੱਖ ਆਰਾਮ।
ਹਰ ਨੌਜਵਾਨ ਚਾਹੁੰਦਾ ਹੈ ਕਿ ਉਹ ਆਪਣੇ ਬਾਪੂ ਦੀ ਮਿਹਨਤ ਦਾ ਸਿਲਾ ਦੇਵੇ। ਬਹੁਤ ਸਾਰੇ ਨੌਜਵਾਨ ਅਜਿਹੇ ਵੀ ਨੇ, ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਭੁੱਲ, ਆਪਣੇ ਤੇ ਸਿਰਫ਼ ਆਪਣੇ ਸੁੱਖ ਆਰਾਮ ਦੀ ਸੋਚਦੇ ਨੇ। ਝੂਠੀਆਂ ਯਾਰੀਆਂ ਮਗਰ ਲੱਗ ਆਪਣੀਆਂ ਕੀਮਤੀ ਜਵਾਨੀਆਂ ਨੂੰ ਗੋਲੀਆਂ, ਟੀਕਿਆਂ, ਵੱਖ ਵੱਖ ਕਿਸਮ ਦੇ ਪਾਊਡਰਾਂ ਬਦਲੇ ਰੋਲ ਦਿੰਦੇ ਨੇ। ਬਾਪ ਦੀ ਗਾੜ੍ਹੇ ਖੂਨ ਪਸੀਨੇ ਦੀ ਕੀਤੀ ਕਮਾਈ ਨੂੰ ਡਾਂਗਾਂ ਦੇ ਗਜ਼ ਦੇ ਕੇ ਮਿਣਦੇ ਨੇ। ਪਤਾ ਨਹੀਂ ਕਿਉਂ ਅਜਿਹੇ ਨੌਜਵਾਨਾਂ ਨੂੰ ਬਾਪੂ ਰਾਤ ਨੂੰ ਵੱਟਾਂ ‘ਤੇ ਸੱਪ ਮਿੱਧਦਾ ਨਜ਼ਰ ਨਹੀਂ ਆਉਂਦਾ? ਪਤਾ ਨਹੀਂ ਕਿਉਂ ਅਜਿਹੇ ਨੌਜਵਾਨਾਂ ਨੂੰ ਬਾਪੂ ਸਾਰੀ ਰਾਤ ਪਾਣੀ ਲਾ ਕੇ, ਦਿਨੇ ਢੂਈ ਦੀ ਪੀੜ ਤੋਂ ਗੋਲੀਆਂ ਖਾ ਕੇ ਸੁੱਤਾ ਨਜ਼ਰੀਂ ਨਹੀਂ ਆਉਂਦਾ? ਪਤਾ ਨਹੀਂ ਕਿਉਂ ਉਹਨਾਂ ਨੂੰ ਬਾਪੂ ਦਾ ਅੰਗੂਠਾ, ਸ਼ਾਹੂਕਾਰ ਦੀ ਵਹੀ ‘ਤੇ ਲੱਗਿਆ ਨਜ਼ਰ ਨਹੀਂ ਆਉਂਦਾ? ਇਹ ਵੀ ਨਹੀਂ ਪਤਾ ਉਹਨਾਂ ਨੂੰ ਮਾਂ ਦੇ ਸਿਰ ਵਿਚ ਚਾਂਦੀ ਦੀਆਂ ਵਧਦੀਆਂ ਤਾਰਾਂ ਵੀ ਕਿਉਂ ਨਜ਼ਰੀਂ ਨਹੀਂ ਪੈਂਦੀਆਂ? ਮੈਨੂੰ ਬਹੁਤ ਸਾਰੇ ਨੌਜਵਾਨਾਂ ਦੀਆਂ ਛੋਟੀਆਂ ਭੈਣਾਂ ਦਾ ਕੱਦ ਸਰੂ ਵਰਗਾ ਹੁੰਦਾ ਪਤਾ ਨਹੀਂ ਕਿਉਂ ਦਿਸੀ ਜਾ ਰਿਹਾ ਹੈ? ਆਲੇ-ਦੁਆਲੇ ਰਹਿੰਦੀਆਂ ਉਹਨਾਂ ਮੁਟਿਆਰ ਹੁੰਦੀਆਂ ਕੁੜੀਆਂ ਦੀਆਂ ਅੱਖਾਂ ‘ਚ ਸਧਰਾਂ, ਚਾਅ, ਮਲ੍ਹਾਰ ਜਵਾਨ ਹੁੰਦੇ ਦਿਸਦੇ ਨੇ। ਜੇਕਰ ਉਹਨਾਂ ਦਾ ਬਚਪਨ ਦੂਰ ਜਾ ਰਿਹਾ ਹੈ ਤਾਂ ਉਹਨਾਂ ਦਾ ਕੀ ਕਸੂਰ? ਇਹ ਤਾਂ ਸਮੇਂ ਦੀ ਚਾਲ ਹੈ। ਪਰ ਬਹੁਤ ਸਾਰੇ ਨੌਜਵਾਨਾਂ ਨੂੰ ਉਹ ਮਾਸੂਮ ਬੇਜ਼ੁਬਾਨ ਜਿੰਦਾਂ ਵੀ ਨਹੀਂ ਦਿਖਾਈ ਨਹੀਂ ਦਿੰਦੀਆਂ। ਜਿਹਨਾਂ ਨੂੰ ਦਿਸਦੀਆਂ ਨੇ ਉਹ ਕਮਰਕੱਸਾ ਕਰ ਲੈਂਦੇ ਨੇ, ਆਪਣੀ ਮਿਹਨਤ ਦੇ ਬਲ ‘ਤੇ ਜ਼ਿੰਦਗੀ ਦੀ, ਪਰਿਵਾਰ ਦੀ ਹਰ ਔਕੜ, ਹਰ ਸ਼ੈਅ ਨੂੰ ਆਪਣੇ ਅੰਜਾਮ ਤੱਕ ਪਹੁੰਚਾਉਣ ਲਈ।
ਪ੍ਰਦੇਸਾਂ ਵਿਚ ਪ੍ਰਵਾਸ ਕਰਨਾ ਆਸਾਨ ਨਹੀਂ ਹੈ। ਜਿਹਨਾਂ ਕੋਲ ਚੰਗੀਆਂ ਪੈਲੀਆਂ (ਜਿਹੜੀਆਂ ਕਿ ਬਹੁਤ ਜ਼ਿਆਦਾ ਨਹੀਂ ਹਨ) ਚੰਗੇ ਬਿਜ਼ਨਿਸ ਹਨ, ਫੈਕਟਰੀਆਂ ਹਨ, ਜਿਹਨਾਂ ਨੂੰ ਉਚ-ਤਬਕੇ ‘ਚ ਰੱਖ ਸਕਦੇ ਹਾਂ, ਉਹ ਪ੍ਰਦੇਸਾਂ ਵਿਚ ਸਿਰਫ਼ ਘੁੰਮਣ ਫਿਰਨ, ਇੰਨਜੌਏ ਕਰਨ ਲਈ ਆਉਂਦੇ ਹਨ। ਬਾਕੀ ਬਚਿਆ ਮਧਿਅਮ ਵਰਗ, ਜਿਹਨਾਂ ਕੋਲ ਬਹੁਤ ਜ਼ਿਆਦਾ ਪੈਲੀਆਂ ਨਹੀਂ ਹੁੰਦੀਆਂ, ਫੈਕਟਰੀਆਂ ਨੂੰ ਸਿਰਫ਼ ਗੇਟ ਤੋਂ ਬਾਹਰੋਂ ਹੀ ਦੇਖ ਸਕਦੇ ਨੇ, ਜਿਹਨਾਂ ਦੇ ਬਾਪ ਮਾੜੀਆਂ ਮੋਟੀਆਂ ਦੁਕਾਨਦਾਰੀਆਂ ਕਰਦੇ ਨੇ। ਅਜਿਹੇ ਵਰਗ ਦੇ ਨੌਜਵਾਨਾਂ ਦੇ ਸੁਪਨੇ ਬਹੁਤ ਉਚੇ ਹੁੰਦੇ ਹਨ, ਜਦਕਿ ਸਾਧਨ ਬਹੁਤ ਘੱਟ। ਅਜਿਹੇ ਨੌਜਵਾਨ ਹੀ ਤਾਰੇ ਤੋੜਨ ਦੇ ਸੁਪਨੇ ਤੱਕਦੇ ਹਨ। ਹਾਲਾਂਕਿ ਉਹਨਾਂ ਦੀਆਂ ਫਸਲਾਂ ਨੂੰ ਹੀ ਅਮਰੀਕਨ ਸੁੰਡੀਆਂ ਪੈਂਦੀਆਂ ਨੇ, ਉਹਨਾਂ ਦੇ ਟਰੈਕਟਰਾਂ ਨੂੰ ਹੀ ਰਿਪੇਅਰਾਂ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ। ਉਹਨਾਂ ਦੀਆਂ ਮੱਝਾਂ ਹੀ ਕੱਟੇ ਬਾਹਲੇ ਦਿੰਦੀਆਂ ਨੇ ਤੇ ਉਹਨਾਂ ਦੇ ਵੱਡੇ ਬਾਈਆਂ ਨੂੰ ਹੀ ਸਪਰੇ ਕਰਦਿਆਂ, ਦਵਾਈਆਂ ਚੜ੍ਹਦੀਆਂ ਨੇ। ਹਾੜ੍ਹੀ ਸੌਣੀ ਅਜਿਹੇ ਮਧਿਅਮ ਵਰਗ ਦੇ ਨੌਜਵਾਨਾਂ ਦੇ ਘਰਾਂ ‘ਚ ਹੀ ਬੈਂਕਾਂ ਵਾਲਿਆਂ ਦੀਆਂ ਚਿੱਠੀਆਂ ਆਉਂਦੀਆਂ ਨੇ। ਅਜਿਹੇ ਨੌਜਵਾਨਾਂ ਦੇ ਸਮੇਂ ਤੋਂ ਪਹਿਲਾਂ ਬੁੜ੍ਹੇ ਹੁੰਦੇ ਜਾਂਦੇ ਬਾਪੂ ਹੀ, ਫਸਲ ਦੇ ਜਵਾਨ ਹੋਣ ਤੋਂ ਲੈ ਕੇ ਫਸਲ ਮੰਡੀ ‘ਚ ਸਿੱਟਣ ਤੱਕ, ਉਸਤੋਂ ਬਾਅਦ ਤੁਲਨ ਤੱਕ ਤੇ ਅੰਤ ਫਸਲ ਦਾ ਹਿਸਾਬ ਕਰਨ ਤੱਕ, ਚਿੱਟੇ ਸਿਰਾਣੇ ਦੀ ਢੋ ਲਾ ਕੇ ਬੈਠੇ ਸ਼ਾਹੂਕਾਰ ਦੇ ਸਾਹਮਣੇ ਹੱਥ ਜੋੜ ਕੇ ਬੈਠਣ ਲਈ ਮਜ਼ਬੂਰ ਹੁੰਦੇ ਹਨ। ਚਿੱਟੀਆਂ ਗੱਦੀਆਂ ‘ਤੇ ਬੈਠੇ ਤੇ ਚਿੱਟੇ ਸਿਰਾਣਿਆਂ ਨਾਲ ਢੋ ਲਾਈ ਬੈਠੇ ਸ਼ਾਹੂਕਾਰ, ਜਿਹਨਾਂ ਚੋਂ ਬਹੁਤ ਸਾਰੇ ਜੋਕਾਂ ਬਣ ਕੇ ਮਜ਼ਬੂਰ ਕਿਰਤੀਆਂ ਦਾ ਖੂਨ ਚੂਸਦੇ ਨੇ, ਤੁਪਕਾ ਤੁਪਕਾ ਕਰਕੇ। ਉਹਨਾਂ ਦੀਆਂ ਹੱਟੀਆਂ ‘ਤੇ ਲੱਗੀਆਂ ਧੂਪਾਂ ਦੀ ਮਨਮੋਹਕ ਖੁਸ਼ਬੋ ਵਿਚ ਉਹਨਾਂ ਢਿੱਡਲ ਜੋਕਾਂ ਦੇ ਗੰਦੇ ਪੱਦਾਂ ਦਾ ਮੁਸ਼ਕ ਵੀ ਸੁੰਘਣ ਲਈ ਮਜ਼ਬੂਰ ਹੁੰਦਾ ਹੈ, ਮਿਹਨਤਕਸ਼ ਕਿਰਤੀ।
ਉਹ ਮਿਹਨਤਕਸ਼ ਕਿਰਤੀ, ਜਿਸਦੇ ਪਸੀਨੇ ‘ਚੋਂ ਸਭ ਨੂੰ ਮੁਸ਼ਕ ਆਉਂਦਾ ਹੈ। ਮਿਹਨਤ ਦਾ ਮੁਸ਼ਕ, ਮਿਹਨਤ ਦੇ ਪਸੀਨੇ ਦਾ ਮਨ ਨੂੰ ਮੋਹ ਲੈਣ ਵਾਲਾ ਮੁਸ਼ਕ। ਜਿਸਨੂੰ ਇਹ ਪਸੀਨਾ ਨਹੀਂ ਆਉਂਦਾ, ਉਹ ਇਸਦੀ ਖੁਸ਼ਬੋ ਦਾ ਆਨੰਦ ਸੱਤ ਜਨਮਾਂ ਤੱਕ ਵੀ ਨਹੀਂ ਮਹਿਸੂਸ ਕਰ ਸਕਦਾ। ਉਸ ਮਿਹਨਤਕਸ਼ ਬਾਪ ਦਾ ਪੁੱਤਰ ਜੇਕਰ ਪ੍ਰਦੇਸੀਂ ਪੁੱਜ ਜਾਵੇ ਤਾਂ ਅਰਦਾਸਾਂ ਕਰਦਾ ਹੈ, ਬਹੁਤ ਸਾਰੀਆਂ ਕਮਾਈਆਂ ਕਰਨ ਦੀਆਂ, ਹਾਲਾਂ ਕਿ ਉਹ ਆਇਆ ਹੁੰਦਾ ਹੈ ਸਟੂਡੈਂਟ ਬਣ ਕੇ। ਪ੍ਰਦੇਸੀਂ ਪੁੱਜ ਕੇ ਉਚੀਆਂ ਉਚੀਆਂ ਬਿਲਡਿੰਗਾਂ ਦੇਖ ਕੇ ਉਸਦਾ ਮਨ ਉਚੀਆਂ ਉਡਾਨਾਂ ਭਰਦਾ ਹੈ, ਬਿਨਾਂ ਇਹ ਜਾਣੇ ਕਿ ਇਹ ਸਭ ਬੇਗਾਨੀਆਂ ਹਨ।
ਕੁਝ ਕੁ ਦਿਨ ਯਾਰਾਂ ਦੋਸਤਾਂ ਕੋਲ ਗੁਜ਼ਾਰ ਕੇ, ਜ਼ਿੰਦਗੀ ਦੀ ਹਕੀਕਤ ਨਾਲ ਵਾਹ ਪੈਂਦਾ ਹੈ। ਜਿਸਨੇ ਕਦੀ ਪਾਣੀ ਦਾ ਗਿਲਾਸ ਚੁੱਕ ਕੇ ਨਹੀਂ ਪੀਤਾ ਹੁੰਦਾ, ਰੋਟੀ ਵੀ ਛੋਟੀ ਭੈਣ ਟੈਲੀਵਿਜ਼ਨ ਦੇ ਸਾਹਮਣੇ ਬੈਠੇ ਨੂੰ ਪਰੋਸ ਕੇ ਦਿੰਦੀ ਹੈ, ਪ੍ਰਦੇਸਾਂ ‘ਚ ਆ ਕੇ ਉਸ ਨੂੰ ਰੋਟੀਆਂ ਖੁਦ ਲਾਹੁਣੀਆਂ ਪੈਂਦੀਆਂ ਹਨ। ਵੀਂਗੀਆਂ ਰੋਟੀਆਂ, ਟੇਢੀਆਂ ਰੋਟੀਆਂ, ਕਦੀ ਕੱਚੀਆਂ ਤੇ ਕਦੀ ਸੜੀਆਂ ਰੋਟੀਆਂ। ਪਰ ਉਹ ਖਾਂਦੈ, ਉਹ ਕੱਚੀਆਂ ਤੇ ਸੜੀਆਂ ਰੋਟੀਆਂ ਵੀ ਖਾਂਦਾ ਹੈ। ਕਾਲਜਾਂ ਦੀਆਂ ਫੀਸਾਂ ਲਾਹੁਣ ਲਈ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਕਰਨਾ ਪੈਂਦਾ ਹੈ। ਤੜਕੇ ਸਦੇਹਾਂ ਕੰਮ ‘ਤੇ ਜਾਣ ਲਈ ਰੋਟੀ ਕਿਹੜਾ ਮਾਂ ਨੇ ਪਕਾ ਕੇ ਦੇਣੀ ਹੁੰਦੀ ਹੈ, ਆਪ ਹੀ ਲਾਹੁਣੀਆਂ ਹੁੰਦੀਆਂ ਹਨ। ਅਜੇ ਨੀਂਦ ਵੀ ਪੂਰੀ ਨਹੀਂ ਹੋਈ ਹੁੰਦੀ, ਕਿ ਦੋ ਸਾਲਾਂ ਲਈ ਕੌਂਟਰੈਕਟ ‘ਤੇ ਲਏ ਮੋਬਾਇਲ ਦਾ ਅਲਾਰਮ ਵੱਜ ਪੈਂਦਾ ਹੈ ਤੇ ਫਿਰ ਉਠਣਾ ਹੀ ਪੈਂਦਾ ਹੈ। ਨਾ ਉਠਣ ਦੀ ਜ਼ਿੱਦ ਵੀ ਕਰੇ ਤਾਂ ਕਿਸ ਕੋਲ? ਨਾਲ ਦੇ ਵੀ ਤਾਂ ਸਭ ਸੰਘਰਸ਼ ਦੇ ਦੌਰ ‘ਚੋਂ ਨਿੱਕਲ ਰਹੇ ਹੁੰਦੇ ਹਨ। ਤੜਕੇ ਉਠਕੇ ਗੈਸ ਬਾਲ ਕੇ ਨਾਲ ਦੀ ਨਾਲ ਤਵਾ ਰੱਖ, ਦੰਦਾਂ ‘ਤੇ ਬੁਰਸ਼ ਕਰਨਾ ਪੈਂਦਾ ਹੈ। ਕਾਹਲੀ ‘ਚ ਕਦੀ ਕਦੀ ਰੋਟੀਆਂ ਲਾਹੁਣ ਲੱਗਿਆਂ ਹੱਥ ਵੀ ਤਵੇ ਨੂੰ ਲੱਗ ਜਾਂਦਾ ਹੈ ਤੇ ਸੜ ਜਾਂਦਾ ਹੈ। ਕੀ ਹੁੰਦਾ ਹੈ ਮੁੜ, ਜੋ ਦਰਦ ਉਹ ਦਿਲ ਮਹਿਸੂਸ ਕਰ ਸਕਦਾ ਹੈ, ਸ਼ਾਇਦ ਕੋਈ ਵੀ ਨਾ ਕਰ ਸਕੇ ।
ਕੋਈ ਵੀ ਪ੍ਰਦੇਸੀਂ ਕਿਉਂ ਆਉਂਦਾ ਹੈ? ਉਹ ਬਹੁਤ ਸਾਰੀਆਂ ਉਮੀਦਾਂ ਲੈ ਕੇ ਆਉਂਦਾ ਹੈ, ਪੈਸੇ ਕਮਾਉਣ ਲਈ ਆਉਂਦਾ ਹੈ। ਬਹੁਤ ਸਾਰੇ ਖੁਸ਼ਕਿਸਮਤ ਵੀ ਹੁੰਦੇ ਹਨ, ਜੋ ਕਿ ਸਭ ਕੁਝ ਪ੍ਰਾਪਤ ਕਰ ਲੈਂਦੇ ਹਨ, ਆਉਂਦਿਆਂ ਹੀ ਚੰਗੀ ਜੌਬ, ਚੰਗੇ ਡਾਲਰ ਜਾਂ ਪੌਡ ਜਾਂ ਯੂਰੋ। ਉਹਨਾਂ ਲਈ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪਲ ਉਹੀ ਹੁੰਦੇ ਹਨ ਜੋ ਉਹ ਗੁਜ਼ਾਰ ਰਹੇ ਹੁੰਦੇ ਹਨ। ਚੰਗੇ ਕੈਰੀਅਰ ਵੱਲ ਉਹਨਾਂ ਦੀਆਂ ਮੁਹਾਰਾਂ ਆਪ ਮੁਹਾਰੇ ਮੁੜ ਜਾਂਦੀਆਂ ਹਨ। ਡਾਲਰਾਂ ਤੇ ਪੌਡਾਂ ਦੀ ਚਮਕ, ਪਿੰਡ, ਘਰ, ਵਤਨ ਜਾਂ ਮਾਪਿਆਂ ਦੀ ਯਾਦ ਨੂੰ ਕੁਝ ਸਮੇਂ ਲਈ ਮੱਧਮ ਕਰ ਦਿੰਦੀ ਹੈ। ਪਰ ਇਹਨਾਂ ਖੁਸ਼ਕਿਸਮਤ ਲੋਕਾਂ ਤੋਂ ਵੀ ਜ਼ਿਆਦਾ ਲੋਕ ਇਤਨੇ ਖੁਸ਼ਕਿਸਮਤ ਨਹੀਂ ਹੁੰਦੇ। ਪ੍ਰਦੇਸ ਚਾਹੇ ਕੋਈ ਵੀ ਹੋਵੇ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਇੰਗਲੈਂਡ ਜਾਂ ਯੂਰਪ ਦਾ ਕੋਈ ਹੋਰ ਦੇਸ਼, ਮਿਹਨਤਕਸ਼ਾਂ ਲਈ ਸਭ ਬਰਾਬਰ ਹੁੰਦੇ ਹਨ। ਜਿਹਨਾਂ ਦੀ ਬੇੜੀ ਪਾਰ ਲੱਗ ਗਈ ਉਹ ਤਾਂ ਬਹੁਤ ਖੁਸ਼ਨਸੀਬ ਹੁੰਦੇ ਨੇ ਪਰ ਜਿਹਨਾਂ ਦੀ ਬੇੜੀ ਹਾਲਾਤਾਂ ਦੀਆਂ ਘੁੰਮਣਘੇਰੀਆਂ ‘ਚ ਫਸ ਗਈ, ਉਹਨਾਂ ਲਈ ਸਮੱਸਿਆ ਪੈਦਾ ਹੋ ਜਾਂਦੀ ਹੈ।
ਬਹੁਤ ਸਾਰੇ ਪ੍ਰਦੇਸੀ ਉਹ ਵੀ ਹੁੰਦੇ ਹਨ, ਜਿਹੜੇ ਜਾਇਜ਼ ਨਜਾਇਜ਼ ਤਰੀਕਿਆਂ ਨਾਲ ਪ੍ਰਦੇਸਾਂ ‘ਚ ਜਾਣ ਦਾ ਯਤਨ ਕਰਦੇ ਹਨ। ਉਹਨਾਂ ਦੀਆਂ ਕਹਾਣੀਆਂ ਲੂੰ ਕੰਡੇ ਖੜੇ ਕਰ ਦਿੰਦੀਆਂ ਹਨ। ਮਾਲਟਾ ਕਾਂਡ ਤਾਂ ਸਭ ਨੂੰ ਯਾਦ ਹੀ ਹੋਏਗਾ। ਬਹੁਤ ਸਾਰੇ ਦੁਨੀਆਂ ਤੋਂ ਤੁਰ ਜਾਂਦੇ ਹਨ, ਬਹੁਤ ਸਾਰੇ ਲਾਪਤਾ ਹੋ ਜਾਂਦੇ ਹਨ। ਘਰ ਦਿਆਂ ਨੂੰ ਇਹ ਪਤਾ ਹੀ ਨਹੀਂ ਚੱਲਦਾ ਕਿ ਉਹਨਾਂ ਦੇ ਜਿਗਰ ਦਾ ਟੁਕੜਾ ਦੁਨੀਆ ‘ਚ ਕਿਤੇ ਚੋਗਾ ਚੁਗ ਵੀ ਰਿਹਾ ਹੈ ਜਾਂ ਨਹੀਂ? ਪ੍ਰਦੇਸੀਆਂ ਦੀ ਕਹਾਣੀ ਚਾਹੇ ਅੱਜ ਦੀ ਹੋਵੇ ਜਾਂ ਦਹਾਕੇ ਪਹਿਲਾਂ ਦੀ, ਆਸਟ੍ਰੇਲੀਆ ਦੀ ਹੋਵੇ ਜਾਂ ਯੂਰਪ ਦੀ, ਬਹੁਤਾ ਫ਼ਰਕ ਨਹੀਂ ਹੁੰਦਾ। ਇਤਨੀ ਗੱਲ ਤਾਂ ਜ਼ਰੂਰ ਹੈ ਕਿ ਅਸੀਂ ਜੋ ਲੋਕ ਕਾਨੂੰਨੀ ਤਰੀਕੇ ਨਾਲ ਆਸਟ੍ਰੇਲੀਆ ਆਏ ਹਾਂ, ਇਕ ਸੁਨਹਿਰੇ ਭਵਿੱਖ ਦੀ ਆਸ ‘ਚ, ਸ਼ਿੱਪਾਂ ਜਾਂ ਕਿਸ਼ਤੀਆਂ ਰਾਹੀਂ ਪ੍ਰਦੇਸੀਂ ਜਾਣ ਵਾਲਿਆਂ ਨਾਲੋਂ ਬਹੁਤ ਚੰਗੇ ਹਾਂ। ਘੱਟੋ ਘੱਟ ਅਸੀਂ ਖੁੱਲੀ ਫਿਜ਼ਾ ‘ਚ ਸਾਹ ਤਾਂ ਲੈ ਸਕਦੇ ਹਾਂ। ਖੁੱਲੇ ਘੁੰਮ ਫਿਰ ਤਾਂ ਸਕਦੇ ਹਾਂ, ਇੱਕ ਸੁਨਿਹਰੇ ਭਵਿੱਖ ਦੀ ਆਸ ਤਾਂ ਹੈ ਪਰ ਸ਼ਾਇਦ ਸਾਡੇ ‘ਚੋਂ ਵੀ ਬਹੁਤ ਸਾਰੇ ਹਾਲਤਾਂ ਦੀ ਭੇਂਟ ਚੜ੍ਹ ਗਏ ਤੇ ਅੱਜ ਬਹੁਤ ਔਖਾ ਜੀਵਨ ਬਤੀਤ ਕਰ ਰਹੇ ਨੇ। ਡਰਦੇ ਨੇ...
ਇੱਕ ਸ਼ਬਦ ਤੋਂ ਜਿਸਨੂੰ ਇੰਮੀਗ੍ਰੇਸ਼ਨ ਕਿਹਾ ਜਾਂਦਾ ਹੈ।
ਇਹ ਦਰਦ ਭਰੀਆਂ ਕਹਾਣੀਆਂ ਕੇਵਲ ਨੌਜਵਾਨ ਮੁੰਡਿਆਂ ਦੀਆਂ ਹੀ ਨਹੀਂ, ਬਹੁਤ ਸਾਰੀਆਂ ਨੌਜਵਾਨ ਕੁੜੀਆਂ ਵੀ ਹਨ, ਜੋ ਪ੍ਰਦੇਸਾਂ ਦੇ ਦਰਦਾਂ ਨੂੰ ਹੰਢਾ ਰਹੀਆਂ ਹਨ। ਅਖਬਾਰਾਂ ਫਰੋਲ ਕੇ ਦੇਖ ਲਵੋ, ਬਹੁਤ ਸਾਰੇ ਮਾਪੇ ਆਪਣੀਆਂ ਧੀਆਂ ਨੂੰ ਆਈਲੈਟਸ ਕਰਾ ਕੇ ਅਖਬਾਰਾਂ ‘ਚ ਮੈਟਰੀਮੋਨੀਅਲ ਦਿੰਦੇ ਹਨ। ਉਹਨਾਂ ਨੂੰ ਮੋਟੀਆਂ ਸਾਮੀਆਂ ਚਾਹੀਦੀਆਂ ਹੁੰਦੀਆਂ ਹਨ, ਜੋ ਕਿ ਉਹਨਾਂ ਦੀਆਂ ਧੀਆਂ ਨਾਲ ਸਾਰਾ ਖਰਚਾ ਪੱਲਿਓਂ ਕਰਕੇ ਵਿਆਹ ਕਰਨ ਤੇ ਉਹਨਾਂ ਨੂੰ ਮੁਫ਼ਤ ‘ਚ ਪ੍ਰਦੇਸੀਂ ਲੈ ਜਾਣ। ਮੁੜ ਜੇਕਰ ਉਹ ਪ੍ਰਦੇਸਾਂ ‘ਚ ਸੈੱਟ ਹੋ ਜਾਣ ਤਾਂ ਬਾਪੂ, ਬੇਬੇ ਸਣੇ ਛੋਟੇ ਭੈਣ ਭਰਾਵਾਂ ਦੇ ਵੀਜ਼ੇ ਲਵਾ ਕੇ ਧੀ ਦੇ ਬੂਹੇ ਆ ਬਹਿੰਦੇ ਨੇ ਤੇ ਸਾਰਾ ਟੱਬਰ ਮਿਹਨਤ ਕਰਕੇ ਕੁਝ ਵਰ੍ਹਿਆਂ ‘ਚ ਸੈੱਟ ਹੋਣ ਦੇ ਸੁਪਨੇ ਤੱਕਦੇ ਹਨ। ਬਹੁਤ ਨਿੱਘਰੇ ਹੋਏ ਮਾਪੇ ਆਪਣੀਆਂ ਧੀਆਂ ਦੇ ਵਿਆਹ ਠੇਕੇ ‘ਤੇ ਕਰਦੇ ਹਨ। ਉਹ ਲੋਕ ਆਪਣੀਆਂ ਜੁਆਨ ਧੀਆਂ ਨੂੰ ਬੂਹਿਓਂ ਵਿਦਾ ਤਾਂ ਕਰ ਦਿੰਦੇ ਹਨ ਪਰ ਕੇਵਲ ਕਾਗਜ਼ੀਂ ਪੱਤਰੀਂ। ਉਹਨਾਂ ਕੁੜੀਆਂ ਦੀਆਂ ਸਧਰਾਂ, ਚਾਅ ਤੇ ਉਮੰਗਾਂ ਦੀਆਂ ਕੁਰਬਾਨੀਆਂ ਉਸਦੇ ਜੰਮਣਦਾਤਿਆਂ ਵੱਲੋਂ ਹੀ ਦਿੱਤੀਆਂ ਜਾਂਦੀਆਂ ਹਨ। ਆਪਣੇ ਜਾਅਲੀ ਵਿਆਹ ਦੇ ਮੌਕੇ ‘ਤੇ ਸੂਹੇ ਜੋੜੇ ‘ਚ ਲਿਪਟੀ ਮੁਟਿਆਰ, ਸ਼ਾਇਦ ਉਸ ਸਮੇਂ ਕੁਰਬਾਨੀ ਵਾਲਾ ਬੱਕਰਾ ਹੀ ਬਣੀ ਜਾਪਦੀ ਹੋਵੇਗੀ। ਸਭ ਹੱਸ ਹੱਸ ਕੇ ਫੋਟੂਆਂ ਖਿਚਵਾਉਂਦੇ ਨੇ, ਮੂਵੀਆਂ ਬਣਵਾਉਂਦੇ ਨੇ। ਰੱਸਗੁਲਿਆਂ ਤੇ ਗੁਲਾਬਜਾਮਣਾਂ ਵੀ ਪਨੀਰ ਦੇ ਪਕੌੜਿਆਂ ਤੋਂ ਬਾਅਦ ‘ਚ ਖਾਂਦੇ ਨੇ। ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਕੁੜੀ ਦਾ ਪਿਓ, ਆਪਣੀ ਧੀ ਦਾ ਪੱਲਾ ਵੀ ਮੁੰਡੇ ਦੇ ਹੱਥ ‘ਚ ਫੜਾਉਂਦਾ ਹੈ ਪਰ ਸਿਰਫ਼ ਫੋਟੋ ਖਿਚਵਾਉਣ ਲਈ, ਕਿਉਂਜੋ ਵੀਜ਼ਾ ਲਗਵਾਉਣ ਲਈ ਵਿਆਹ ਦਾ ਸਬੂਤ ਵੀ ਚਾਹੀਦਾ ਹੁੰਦਾ ਹੈ। ਪਰ ਲਾਵਾਂ… ਲਾਵਾਂ ਸ਼ਾਇਦ ਚਾਰ ਨਹੀਂ ਹੁੰਦੀਆਂ। ਇੱਥੇ ਮਹਿੰਗੇ ਫੋਟੋਗਰਾਫਰਾਂ ਦੀ ਕਲਾ ਆਪਣਾ ਕਮਾਲ ਦਿਖਾਉਂਦੀ ਹੈ। ਸ਼ਰੇਆਮ ਆਪਣੇ ਉਸ ਗੁਰੂ ਨੂੰ ਧੋਖਾ ਦਿੱਤਾ ਜਾਂਦਾ ਹੈ, ਜਿਸਨੂੰ ਅਸੀਂ ਦਾਤਾਰ, ਪਰਵਰਦਿਗਾਰ ਕਹਿੰਦੇ ਹਾਂ। ਜਿਸਦੇ ਸਾਹਮਣੇ ਸਾਰੀ ਉਮਰ ਅਸੀਂ ਗੋਡੇ ਟੇਕਦੇ ਹਾਂ, ਮੱਥੇ ਰਗੜਦੇ ਹਾਂ, ਝੋਲੀਆਂ ਅੱਡਦੇ ਹਾਂ, ਲੇਲੜੀਆਂ ਕੱਢਦੇ ਹਾਂ। ਪਰ ਡਾਲਰਾਂ ਤੇ ਪੌਂਡਾਂ ਦੀ ਚਮਕ ਦੇ ਸਾਹਮਣੇ ਅਸੀਂ ਇਤਨੇ ਅੰਨ੍ਹੇ ਹੋ ਜਾਂਦੇ ਹਾਂ ਕਿ ਇਹ ਮਹਿਸੂਸ ਕਰਦੇ ਹਾਂ ਕਿ ਇੱਕ ਰੁਮਾਲੇ ਤੇ ਕੁਝ ਸੌ ਦੇ ਚੜ੍ਹਾਵੇ ਨਾਲ ਸਾਡੇ ਗੁਰੂ ਨੂੰ ਕੁਝ ਨਜ਼ਰ ਨਹੀਂ ਆਵੇਗਾ। ‘ਤੇ ਉਸ ਗ੍ਰੰਥੀ ਬਾਰੇ ਕੀ ਵਿਚਾਰ ਹੈ, ਜੋ ਅਧੂਰੀਆਂ ਲਾਵਾਂ ਦੁਆ ਕੇ ਵਿਆਹ ਦੇ ਸੰਪੂਰਣ ਹੋਣ ਦੀਆਂ ਅਰਦਾਸਾਂ ਕਰਦੇ ਨੇ।
ਡਾਲਰਾਂ ਦੇ ਲਾਲਚੀ ਮਾਪੇ ਆਪਣੀ ਜਵਾਨ ਧੀ ਦੀਆਂ ਸਧਰਾਂ ਦਾ ਸੌਦਾ ਕਰਦੇ ਹਨ। ਕੀ ਕਹੀਏ, ਕਿ ਉਹ ਕੁੜੀ ਉਸ ਸਮੇਂ ਇਤਨੀ ਮਜ਼ਬੂਰ ਹੁੰਦੀ ਹੈ ਕਿ ਉਸਨੂੰ ਵੀ ਚੰਗੇ ਮਾੜੇ ਦੀ ਪਹਿਚਾਣ ਨਹੀਂ ਰਹਿੰਦੀ ਜਾਂ ਉਹ ਵੀ ਜਹਾਜ਼ ਦੇ ਠੂਣੇ ਲੈਣ ਪਿੱਛੇ ਆਪਣੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ‘ਵਿਆਹ ਦਾ ਦਿਨ’ ਲਾਲਚ ਦੀ ਭੇਂਟ ਚੜ੍ਹਾ ਦਿੰਦੀ ਹੈ। ਸ਼ਾਇਦ ਬਹੁਤ ਸਾਰੀਆਂ ਅਜਿਹੀਆਂ ਵੀ ਹੁੰਦੀਆਂ ਨੇ ਜੋ ਆਪਣੇ ਬਾਪ ਦੀ ਪੱਗ, ਉਸਦੀ ਇੱਜ਼ਤ, ਉਸਦੀ ਸ਼ਾਨ ਪਿੱਛੇ, ਵਤਨੀਂ ਰਹਿੰਦੀਆਂ ਚੰਗੀ ਪੜ੍ਹਾਈ ਕਰਨ ਦੇ ਬਾਵਜੂਦ ਆਪਣੇ ਨਾਲ ਕਿਸੇ ਵੀ ਪੱਖੋਂ ਮੇਲ ਨਾ ਖਾਂਦੇ ਵਰ ਨਾਲ ਪ੍ਰਦੇਸਾਂ ਦੀ ਖ਼ਾਕ ਛਾਨਣ ਲਈ ਉਸਦੇ ਮਗਰ ਮਗਰ ਆ ਜਾਂਦੀਆਂ ਹਨ। ਉਸ ਵਰ ‘ਚ ਇੱਕ ਗੁਣ ਤਾਂ ਹੁੰਦਾ ਹੈ, ਪੈਸੇ ਦਾ ਗੁਣ, ਅਮੀਰ ਬਾਪ ਦਾ ਪੁੱਤਰ ਹੋਣ ਦਾ ਗੁਣ, ਚਾਹੇ ਚਪੜਾਸੀ ਲੱਗਣ ਦੇ ਵੀ ਕਾਬਲ ਨਾ ਹੋਵੇ ਪਰ ਇੱਕ ਪੜ੍ਹੀ ਲਿਖੀ ਮਜ਼ਬੂਰ ਕੁੜੀ ਦਾ ਪਤੀ ਪ੍ਰਮੇਸ਼ਵਰ ਬਣ, ਧੌਣ ਅਕੜਾ ਕੇ ਪ੍ਰਦੇਸੀਂ ਆ ਬਹਿੰਦਾ ਹੈ। ਮੁੜ ਸਿਲਸਿਲਾ ਸ਼ੁਰੂ ਹੁੰਦਾ ਹੈ, ਬੇਨਾਗਾ, ਕਦੀ ਖਤਮ ਨਾ ਹੋਣ ਵਾਲੀਆਂ ਸ਼ਿਫ਼ਟਾਂ ਦਾ। ਕੋਹਲੂ ਦੇ ਬਲਦ ਵਾਂਗ ਜੌਬ ਤੋਂ ਘਰ ਤੇ ਘਰ ਤੋਂ ਜੌਬ ਦੀ ਜਿੰਦਗੀ ਜਿਉਂਦਿਆਂ ਪਤਾ ਹੀ ਨਹੀਂ ਲੱਗਦਾ ਕਿੰਨੇ ਵਰ੍ਹੇ ਬੀਤ ਜਾਂਦੇ ਨੇ।
ਬਹੁਤ ਸਾਰੇ ਨੌਜਵਾਨ ਜੋ ਜਾਇਜ਼ ਨਜਾਇਜ਼ ਤਰੀਕਿਆਂ ਨਾਲ਼ ਵਿਦੇਸ਼ਾਂ ਵਿਚ ਸੈੱਟ ਹੋ ਜਾਂਦੇ ਨੇ, ਪੰਜਾਬ ‘ਚ ਜਦ ਵਿਆਹ ਕਰਵਾਉਣ ਲਈ ਜਾਂਦੇ ਨੇ ਤਾਂ ਉਹਨਾਂ ਦੀ ਵਿਆਹ ਦੀ ਉਮਰ ਆਪਣੇ ਆਖਰੀ ਪੜਾਅ ‘ਤੇ ਹੁੰਦੀ ਹੈ। ਉਹਨਾਂ ‘ਚੋਂ ਬਹੁਤ ਸਾਰੇ ਸ਼ਿਕਾਰੀ ਟਾਈਪ ਬੰਦੇ ਸੂਟਬੂਟ ਪਾ ਕੇ ਆਪਣੀਆਂ ਮਹਿੰਗੀਆਂ ਕਾਰਾਂ ਪੰਜਾਬ ‘ਚ ਕਾਲਜਾਂ ਦੇ ਮੂਹਰੇ ਖੜਾ ਕੇ ਆਪਣਾ ਸ਼ਿਕਾਰ ਲੱਭਦੇ ਨੇ। ਵਾਸਨਾਂ ਭਰੀਆਂ ਅੱਖਾਂ ਨਾਲ ‘ਟੀਸੀ ਵਾਲਾ ਬੇਰ’ ਲੱਭਣ ਦੀ ਤਾਕ ‘ਚ ਕਈ ਕਈ ਦਿਨ ਕਾਲਜਾਂ ਦੇ ਸਾਹਮਣੇ ਖੜ੍ਹੇ ਰਹਿੰਦੇ ਨੇ ਤੇ ਜਦ ਉਹਨਾਂ ਦੇ ਮਨ ਨੂੰ ਕੋਈ ਮੁਟਿਆਰ ਭਾ ਜਾਂਦੀ ਹੈ ਤਾਂ ਉਹਨਾਂ ਦਾ ਪਿੱਛਾ ਕਰਕੇ ਘਰ ਦਾ ਪਤਾ ਕਰਦੇ ਨੇ ਤੇ ਆਪਣਾ ਰਿਸ਼ਤਾ ਭੇਜਦੇ ਨੇ। ਬਹੁਤ ਸਾਰੇ ਅਕਲ ਦੇ ਅੰਨੇ ਮਾਪਿਆਂ ਨੂੰ ਮਿੰਟਾਂ ਸਕਿੰਟਾਂ ‘ਚ ਸਾਰਾ ਟੱਬਰ ਜਹਾਜ਼ੇ ਚੜ੍ਹਿਆ ਨਜ਼ਰ ਆਉਂਦਾ ਹੈ ਤੇ ਕੁੜੀ ਦੀ ਮਰਜ਼ੀ ਦੀ ਪਰਵਾਹ ਕੀਤੇ ਬਿਨਾਂ ਜਾਇਜ਼-ਨਜਾਇਜ਼ ਧੱਕੇ ਨਾਲ ਉਸਦਾ ਰਿਸ਼ਤਾ ਤੈਅ ਕਰ ਦਿੱਤਾ ਜਾਂਦਾ ਹੈ। ਕੁੜੀ ਪੜ੍ਹਨਾ ਚਾਹੁੰਦੀ ਹੈ, ਪੜ੍ਹ ਲਿਖ ਕੇ ਕੋਈ ਡਾਕਟਰ, ਇੰਜੀਨੀਅਰ ਜਾਂ ਅਫ਼ਸਰ ਬਣਨਾ ਚਾਹੁੰਦੀ ਹੈ? ਪ੍ਰਦੇਸ ਨਹੀਂ ਜਾਣਾ ਚਾਹੁੰਦੀ, ਉਸਨੂੰ ਮੁੰਡਾ ਪਸੰਦ ਹੈ ਜਾਂ ਨਹੀਂ, ਉਸਨੂੰ ਕੌਣ ਪੁੱਛਦਾ ਹੈ? ਬੱਸ ਹਾਣਦੀਆਂ ਕੁੜੀਆਂ ਦੀਆਂ ਮਸ਼ਕਰੀਆਂ ਤੇ ਵਧਾਈਆਂ ‘ਚ ਉਸਦੀ ਆਵਾਜ਼ ਦਬ ਕੇ ਰਹਿ ਜਾਂਦੀ ਹੈ। ਮੁੰਡੇ ਵਿਚ ਕੁਝ ਨਹੀਂ ਦੇਖਿਆ ਜਾਂਦਾ, ਉਸਦੀ ਉਮਰ, ਰੰਗ ਰੂਪ, ਨੈਣ ਨਕਸ਼, ਕੰਮ ਕਾਜ। ਬੱਸ ਦੇਖਿਆ ਜਾਂਦਾ ਹੈ ਤਾਂ ਉਸਦਾ ਪਾਸਪੋਰਟ। ਅਜਿਹੇ ਵਿਚ ਜੇਕਰ ਕੋਈ ਧੀ ਆਪਣੇ ਮਾਪਿਆਂ ਨਾਲ ਗਿਲਾ ਕਰੇਗੀ ਤਾਂ ਕੀ ਉਹ ਗਲਤ ਹੋਵੇਗੀ ?
ਕੌੜੀ ਸੱਚਾਈ ਹੈ, ਇਹ ਸੱਚਾਈ ਬਹੁਤ ਕੌੜੀ ਹੈ। ਪਰ ਇਸ ਦਾ ਹੱਲ ਕੀ ਹੈ? ਹੱਲ ਤਾਂ ਸਾਰਿਆਂ ਨੂੰ ਰਲ ਮਿਲ ਕੇ ਹੀ ਲੱਭਣਾ ਪਵੇਗਾ। ਸਿਆਣੇ ਕਹਿੰਦੇ ਨੇ ਕਿ ਹਿੰਮਤ ਤੇ ਹੌਸਲਾ ਹਾਰਿਆਂ ਕੁਝ ਨਹੀਂ ਬਣਦਾ। ਸੁਆਲ ਇਹ ਹੈ ਕਿ ਕਰਨਾ ਕੀ ਹੋਵੇਗਾ? ਸ਼ਾਇਦ ਲਾਲਚ ਨੂੰ ਤਿਆਗਣਾ ਪਵੇਗਾ। ਪ੍ਰਮਾਤਮਾ ਦੇ ਭਾਣੇ ‘ਚ ਸਬਰ ਕਰਨਾ ਸਿੱਖਣਾ ਪਵੇਗਾ। ਜੇਕਰ ਅਸੀਂ ਕਹਿੰਦੇ ਹਾਂ ਕਿ ਸਾਡਾ ਗੁਰੂ ਤਾਂ ਗੁਰੂ ਦੀਆਂ ਸਿੱਖਿਆਵਾਂ ‘ਤੇ ਅਮਲ ਕਰਨਾ ਸਿੱਖਣਾ ਪਵੇਗਾ। ਫੇਰ ਹੀ ਸਾਡੇ ‘ਚ ਸਬਰ ਤੇ ਸੰਤੋਖ ਆ ਸਕੇਗਾ। ਨਹੀਂ ਤਾਂ ਜੋ ਕੁਝ ਹੁਣ ਤੱਕ ਚੱਲਦਾ ਆ ਰਿਹਾ ਹੈ, ਅੱਗੇ ਵੀ ਚੱਲੇਗਾ। ਅੱਜ ਤੱਕ ਕੌਣ ਕਿਸੇ ਦੀ ਸੋਚ ਨੂੰ ਬਦਲ ਸਕਿਆ ਹੈ ਤੇ ਅੱਗੇ ਵੀ ਕੌਣ ਬਦਲ ਸਕੇਗਾ। ਸ਼ਾਇਦ ਕੋਈ ਨਹੀਂ। ਜੇਕਰ ਸਾਡਾ ਪਰਵਰਦਿਗਾਰ ਸਾਡੇ ‘ਤੇ ਮਿਹਰ ਕਰੇ ਤਾਂ ਸ਼ਾਇਦ ਸਾਡਾ ਭਲਾ ਹੋ ਜਾਏ। ਸ਼ਾਇਦ ਸਾਡੀ ਸੋਚ ਇਸ ਕਾਬਲ ਹੋ ਜਾਏ ਕਿ ਅਸੀਂ ਚੰਗੇ ਤੇ ਬੁਰੇ ਦੇ ਫਰਕ ਨੂੰ ਸਮਝ ਸਕੀਏ। ਬਾਕੀ ਜਿੱਥੋ ਤੱਕ ਗੱਲ ਹੈ ਪ੍ਰਦੇਸੀਂ ਆਇਆਂ ਹੋਇਆਂ ਦੀ, ਸੰਘਰਸ਼ ਕਰ ਰਹੇ ਨੌਜਵਾਨਾਂ ਦੀ, ਉਹਨਾਂ ਦੀ ਮਿਹਨਤ ਤੇ ਸਿਰੜ ਨੂੰ ਤਾਂ ਸਲਾਮ ਕਰਨਾ ਬਣਦਾ ਹੀ ਹੈ। ਛੋਟੀ ਛੋਟੀ ਉਮਰ ਦੇ ਮੁੰਡੇ ਕੁੜੀਆਂ, ਵੀਹ ਵੀਹ, ਬਾਈ ਬਾਈ ਸਾਲ ਦੇ ਬਹੁਤ ਮਿਹਨਤ ਕਰ ਰਹੇ ਹਨ। ਜਿਹੜੀ ਉਮਰ ਉਹਨਾਂ ਦੀ ਹੁੰਦੀ ਹੈ, ਬੇਬੇ ਨੂੰ ਬਾਪੂ ਨੂੰ ਝੂਠ ਬੋਲ ਕੇ ਵੱਧ ਜੇਬ ਖਰਚਾ ਲੈਣ ਦੀ, ਉਸ ਉਮਰ ‘ਚ ਉਹ ਪ੍ਰਦੇਸੀਂ ਆ ਗਏ ਨੇ ਤੇ ਇੰਨੀ ਜਿਆਦਾ ਮਿਹਨਤ ਕਰ ਰਹੇ ਹਨ, ਇੰਨੀ ਜਿਆਦਾ ਮਿਹਨਤ ਕਰ ਰਹੇ ਹਨ ਕਿ ਸ਼ਾਇਦ ਵਤਨੀ ਰਹਿੰਦਿਆਂ ਉਹਨਾਂ ਦੇ ਦੋ-ਦੋ ਤਿੰਨ-ਤਿੰਨ ਭੈਣ ਭਰਾ ਰਲ ਕੇ ਵੀ ਉਤਨੀ ਮਿਹਨਤ ਨਹੀਂ ਕਰ ਸਕਦੇ, ਜਿੰਨੀ ਉਹ ਹੁਣ ਕਰ ਰਹੇ ਨੇ। ਮਿਹਨਤ ਤਾਂ ਕਰਨੀ ਹੀ ਪਏਗੀ।
ਇਹੀ ਪ੍ਰਦੇਸਾਂ ਦਾ ਸੱਚ ਹੈ, ਪਰ ਪਿਆਰੇ ਦੋਸਤੋ, ਮੇਰੇ ਵੱਲੋਂ ਇਹੀ ਗੁਜਾਰਿਸ਼ ਹੈ ਕਿ ਤੁਸੀਂ ਜਿੰਨੇ ਮਰਜੀ ਤੰਗੀਆਂ ਦੇ ਦੌਰ ‘ਚੋਂ ਗੁਜ਼ਰ ਰਹੇ ਹੋ ਆਪਣੀ ਮਿਹਨਤ ਤੇ ਹਮੇਸ਼ਾ ਭਰੋਸਾ ਰੱਖਿਓ, ਆਪਣੀ ਹਿੰਮਤ ‘ਤੇ ਭਰੋਸਾ ਰੱਖਿਓ! ਸਭ ਤੋਂ ਵਧ ਕੇ ਉਸ ਪ੍ਰਮਾਤਮਾ ਦਾ ਪੱਲਾ ਕਦੇ ਨਾ ਛੱਡਿਓ! ਅਰਦਾਸ ਕਰਿਓ! ਆਪਣੇ ਲਈ ਨਹੀਂ, ਹੋਰਨਾਂ ਲਈ, ਸਰਬੱਤ ਲਈ, ਸਰਬੱਤ ਦਾ ਭਲਾ ਮੰਗਣਾਂ। ਜਦ ਤੁਸੀਂ ਆਪਣੇ ਲਈ ਅਰਦਾਸ ਕਰੋਗੇ ਤਾਂ ਸਿਰਫ਼ ਆਪਣਾ ਭਲਾ ਮੰਗੋਗੇ। ਪਰ ਜੇਕਰ ਸਰਬੱਤ ਦੀ ਅਰਦਾਸ ਕਰੋਗੇ ਤਾਂ ਪਤਾ ਨਹੀਂ ਕਿੰਨੇ ਕੁ ਲੋਕਾਂ ਦਾ ਭਲਾ ਮੰਗੋਗੇ। ਕੀ ਸੋਚ ਰਹੇ ਹੋ ਕਿ ਤੁਹਾਡਾ ਕੀ ਹੋਏਗਾ? ਚਿੰਤਾ ਕਿਓਂ ਕਰਦੇ ਹੋ ਮੇਰੇ ਯਾਰੋ, ਕਿ ਤੁਹਾਡਾ ਕੀ ਹੋਏਗਾ? ਜੇਕਰ ਤੁਸੀਂ ਆਪਣੀਆਂ ਦੁਆਵਾਂ ‘ਚ ਸਰਬੱਤ ਨੂੰ ਯਾਦ ਰੱਖੋਗੇ ਤਾਂ ਜਦ ਹੋਰ ਲੋਕ ਸਰਬੱਤ ਦਾ ਭਲਾ ਮੰਗਣਗੇ ਤਾਂ ਤੁਹਾਡੀ ਵਾਰੀ ਵਾਰ ਵਾਰ ਆਏਗੀ। ਮੇਰੇ ਵੱਲੋਂ ਤਾਂ ਇਹੀ ਗੁਜਾਰਿਸ਼ ਹੈ।
ਮੈਂ ਵੀ ਜ਼ਿੰਦਗੀ ਦਾ ਬਹੁਤ ਤਜਰਬਾ ਹਾਸਲ ਕੀਤਾ ਹੋਇਆ ਹੈ। ਜ਼ਿੰਦਗੀ ਦੇ ਇਸ ਤਜਰਬੇ ‘ਚੋਂ ਇੱਕ ਗੱਲ ਸਿੱਖੀ ਹੈ ਮਿਹਨਤ ਤੇ ਇਮਾਨਦਾਰੀ, ਸੁੱਖ ਮੰਗੋ ਆਪਣੇ ਕੰਮ ਦੀ ਅਤੇ ਉਸ ਕਾਰੋਬਾਰ ਦੀ, ਉਸ ਬਿਜ਼ਨਸ ਦੀ ਜਿੱਥੇ ਤੁਸੀਂ ਜੌਬਾਂ ਕਰਦੇ ਹੋ। ਟੈਕਸੀ ਦੀ, ਟਰੱਕ, ਰੈਸਟੋਰੈਂਟ ਜਿੱਥੇ ਡਿਸ਼ਵਾਸ਼ਿੰਗ ਕਰਦੇ ਹੋ, ਫਾਰਮ ਦੀ ਸੁੱਖ ਮੰਗੋ ਜਿੱਥੇ ਬੇਰੀਆਂ ਤੋੜਦੇ ਹੋ, ਸੰਤਰੇ ਤੋੜਦੇ ਹੋ। ਉਸ ਦਫ਼ਤਰ ਦੀ, ਫੈਕਟਰੀ ਦੀ ਸੁੱਖ ਮੰਗੋ ਜਿੱਥੇ ਤੁਸੀਂ ਕਲੀਨਿੰਗ ਕਰਦੇ ਹੋ। ਤੁਹਾਡੀਆਂ ਮਿਹਨਤਾਂ ਨੂੰ ਜਰੂਰ ਫਲ ਲੱਗਣਗੇ ਤੇ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ!
– ਰਿਸ਼ੀ