More Punjabi Kahaniya  Posts
ਫ਼ਕੀਰ


ਉਸਨੇ ਅੱਜ ਵੀ ਆਪਣੇ ਰਿਕਸ਼ੇ ਤੋਂ ਉੱਤਰ ਕੇ ਹੱਥ ਜੋੜ ਕੇ ਮੈਨੂੰ ਨਮਸਤੇ ਬੁਲਾਈ।ਪਿਛਲੇ ਸਾਲ ਵੀ ਸ਼ਾਇਦ ਇਹਨਾਂ ਦਿਨਾਂ ਚ ਹੀ ਉਹ ਮੈਨੂੰ ਕਾਰ ਚ ਆਉਂਦਾ ਦੇਖ ਰਿਕਸ਼ੇ ਤੋਂ ਉੱਤਰ ਕੇ ਨਮਸਤੇ ਕਰਦਾ….ਪਰ ਡਿਊਟੀ ਤੇ ਜਾਣ ਦੀ ਕਾਹਲ ਚ ਮੈਂ ਕਦੇ ਰੁਕ ਕੇ ਉਸਦੀ ਗੱਲ ਨਾ ਸੁਣੀ ਪਰ ਕਾਰ ਦੇ ਅੰਦਰ ਬੈਠਾ ਹੀ ਹੱਥ ਉਠਾ ਕੇ ਜੁਆਬ ਜਰੂਰ ਦੇ ਦਿੰਦਾ ਸੀ। ਹੋ ਸਕਦਾ ਮੈਂ ਗ਼ਲਤ ਹੋਵਾਂ, ਪਰ ਕਿਸੇ ਹੋਰ ਨਾਲ ਅਜਿਹਾ ਕਰਦੇ ਮੈਂ ਕਦੇ ਨੀ ਸੀ ਦੇਖਿਆ। ਅਕਸਰ ਉਹ ਆਪਣਾ ਰਿਕਸ਼ਾ ਮੇਰੀ ਗਲੀ ਦੇ ਮੋੜ ਵਾਲੇ ਮੰਦਿਰ ਦੇ ਲਾਗੇ ਹੀ ਖੜ੍ਹਾ ਕਰਦਾ। ਅੱਜ ਉਹ ਕਾਫੀ ਦਿਨਾਂ ਦੇ ਬਾਅਦ ਨਜ਼ਰ ਆਇਆ ਤੇ ਉਸਦਾ ਇਹੀ ਵਰਤਾਰਾ ਦੇਖ ਮੈਂ ਕਾਰ ਗਲੀ ਦੇ ਮੋੜ ਤੇ ਖੜ੍ਹੀ ਕਰ ਕਾਰ ਦਾ ਸ਼ੀਸ਼ਾ ਹੇਠਾਂ ਕਰ ਲਿਆ। ਉਹਦੇ ਦੰਦ ਵਿਹੀਣ ਆਲੇ ਵਰਗੇ ਮੂੰਹ ਤੇ ਮੱਠੀ ਜਿਹੀ ਮੁਸਕਾਨ ਸੀ। ਸ਼ਾਇਦ ਉਸਨੂੰ ਤਾਂ ਅੱਜ ਵੀ ਉਮੀਦ ਨਹੀਂ ਸੀ ਕਿ ਮੈਂ ਉਸਦੇ ਕੋਲ ਰੁਕਾਂਗਾ, ਹਾਲਾਂ ਕਿ ਮੇਰਾ ਮਨ ਤਾਂ ਕਈ ਵਾਰ ਪਹਿਲਾਂ ਵੀ ਰੁਕਣ ਨੂੰ ਕੀਤਾ, ਪਰ ਮੈਂ ਕਦੇ ਰੁਕਿਆ ਨਹੀ।” ਬਾਊ ਜੀ ਦੁਪਹਿਰ ਦੀ ਰੋਟੀ ਜੋਗੇ ਪੈਸੇ ਦੇ ਦਿਉ, ਕੰਮ ਧੰਦਾ ਮੰਦਾ ਐ, ਸੁਆਰੀ ਕੋਈ ਮਿਲਦੀ ਨੀ, ਕੱਲ ਦੀ ਰੋਟੀ ਖਾਧੀ ਆ, ਦੁਪਹਿਰੇ ਦੋ ਫੁਲਕੇ ਖਾ ਲੁੰਗਾ।” ਉਸਦੇ ਚਿਹਰੇ ਤੇ ਤਰਲੇ ਤੇ ਆਸ ਦੇ ਮਿਸ਼ਰਤ ਜੇ ਭਾਵ ਸਪਸ਼ਟ ਨਜ਼ਰ ਆਉਂਦੇ ਸਨ। ਬਿਜਲੀ ਜਿਹੀ ਤੇਜੀ ਨਾਲ ਮਨ ਚ ਖਿਆਲ ਆਉਂਦੇ ਈ ਬੀ ਸਵਾਰੀ ਖਿੱਚਣ ਜੋਗਾ ਤਾਂ ਤਾਂ ਹੀ ਹੋਏਗਾ ਜੇ ਢਿੱਡ ਚ ਰੋਟੀਆਂ ਜਾਣਗੀਆਂ, ਮੇਰਾ ਹੱਥ ਜੇਬ ਵੱਲ ਆਪ ਮੁਹਾਰੇ ਹੀ ਚਲਾ ਗਿਆ ਤੇ ਮੁੜ ਇੰਨੇ ਕੂ ਰੁਪਏ ਮੈਂ ਓਹਨੂੰ ਦਿੱਤੇ ਜਿਸਦੇ ਨਾਲ ਉਹ ਦੁਪਹਿਰੇ ਰੱਜਵੀਂ ਰੋਟੀ ਖਾ ਸਕੇ ਤੇ ਨਾਲ ਹੀ ਆਦਤਣ ਉਸਨੂੰ ਵਰਜ ਵੀ ਦਿੱਤਾ ਬੀ ਦਾਰੂ ਸਿਗਰਟ ਨਾ ਪੀਵੀਂ। ” ਨੀ ਡਾਟਰ ਸਾਬ ਮੈਂ ਬਾਬੇ ਨਾਨਕ ਨੂੰ ਮੰਨਦਾ ਤੇ ਮੰਦਿਰ ਸਾਮ੍ਹਣੇ ਖਲ੍ਹੋਤਾ…. ਇਹਨਾਂ ਚੀਜਾਂ ਨੂੰ ਤਾਂ ਕਦੇ ਹੱਥ ਈ ਨੀ ਲਾਇਆ”, ਥਿੜਕਦੀ ਜ਼ਬਾਨ ਚ ਉਸਨੇ ਆਪਣੀ ਗੱਲ ਤੇ ਜ਼ੋਰ ਦਿੰਦੇ ਆਖਿਆ।” ਪੰਡਿਤ ਜੀ ਨੂੰ ਮੈਂ ਆਖਦਾਂ ਬੀ ਤੈਨੂੰ ਥੋੜਾ ਬਹੁਤ ਕੁਛ ਦੇ ਦਿੱਤਾ ਕਰਨ “, ਮੰਦਿਰ ਵੱਲ ਇਸ਼ਾਰਾ ਕਰ ਮੈਂ ਉਸਨੂੰ ਪੁੱਛਿਆ। “ਨਹੀਂ ਜੀ, ਅੱਜ ਦਾ ਸਰ ਜੁ ਕੱਲ ਦਾ ਕੱਲ ਦੇਖਲਾਂ ਗੇ।” ਉਸਦੀ ਆਵਾਜ਼ ਚ ਸਬਰ ਸੰਤੋਖ ਸਾਫ ਦਿੱਖ ਰਿਹਾ ਸੀ।
...

ਮੈਨੂੰ ਆਪਣੇ ਡੈਡੀ ਦੀ ਸੁਣਾਈ ਕਹਾਣੀ ਯਾਦ ਆ ਗਈ ਕਿ ਇੱਕ ਵਾਰ ਇੱਕ ਧਨਾਢ ਸੇਠ ਨੂੰ ਫ਼ਿਕਰ ਪੈ ਗਿਆ ਕਿ ਉਸ ਤੋਂ ਬਾਅਦ ਉਸਦੇ ਪਰਿਵਾਰ ਦਾ ਕੀ ਬਣੂੰ? …ਅਸਲ ਵਿੱਚ ਸੇਠ ਇਹ ਚਾਹੁੰਦਾ ਸੀ ਕਿ ਉਸ ਦੀਆਂ ਸੱਤ ਪੁਸ਼ਤਾਂ ਬੈਠ ਕੇ ਖਾਣ। ਇਸੇ ਫ਼ਿਕਰ ਨਾਲ ਸੇਠ ਦੀ ਸਿਹਤ ਦਿਨੋ ਦਿਨ ਖ਼ਰਾਬ ਹੋਣ ਲੱਗੀ। ਫਿਰ ਕਿਸੇ ਸਿਆਣੇ ਨੇ ਸੇਠ ਨੂੰ ਸਲਾਹ ਦਿੱਤੀ ਕਿ ਉਹ ਰੋਜ਼ ਕਿਸੇ ਫ਼ਕੀਰ ਨੂੰ ਰੋਟੀ ਖੁਆਇਆ ਕਰੇ ਤਾਂ ਉਸ ਸੇਠ ਨੇ ਇੱਕ ਫ਼ਕੀਰ ਨੂੰ ਲੱਭ ਲਿਆ ਜਿਹੜਾ ਰੋਜ਼ ਉਸਦੇ ਘਰੋਂ ਰੋਟੀ ਲੈ ਜਾਂਦਾ ਸੀ। ਇੱਕ ਦਿਨ ਬਹੁਤ ਤੇਜ਼ ਤੂਫ਼ਾਨ ਤੇ ਬਾਰਿਸ਼ ਹੋਈ ਪਰ ਫ਼ਕੀਰ ਸੇਠ ਦੇ ਘਰ ਰੋਟੀ ਲੈਣ ਲਈ ਆ ਗਿਆ ਤਾਂ ਖ਼ਰਾਬ ਮੌਸਮ ਦੇਖਦੇ ਹੋਏ ਸੇਠ ਨੇ ਆਪਣੀ ਨੂੰਹ ਨੂੰ ਰਾਤ ਦੀ ਰੋਟੀ ਵੀ ਤਦ ਹੀ ਦੇਣ ਲਈ ਆਖਿਆ। ਸੇਠ ਨੂੰ ਡਰ ਸੀ ਕਿ ਜੇਕਰ ਫ਼ਕੀਰ ਰਾਤ ਨੂੰ ਨਾ ਆਇਆ ਤਾਂ ਉਸਦਾ ਨਿੱਤਨੇਮ ਟੁੱਟ ਜੂ….ਪਰ ਫ਼ਕੀਰ ਨੇ ਰਾਤ ਦੀ ਰੋਟੀ ਲੈਣ ਤੋ ਇਹ ਕਹਿੰਦਿਆਂ ਨਾਂਹ ਕਰਤੀ ਕਿ ਜਿਸ ਰੱਬ ਨੇ ਉਸਦੀ ਦੁਪਹਿਰ ਦੀ ਰੋਟੀ ਦਾ ਇੰਤਜ਼ਾਮ ਕੀਤਾ, ਰਾਤ ਦਾ ਵੀ ਉਹੀ ਕਰੂ। ਇਹ ਕਹਿ ਫ਼ਕੀਰ ਤਾਂ ਚਲਾ ਗਿਆ ਪਰ ਸੇਠ ਨੂੰ ਜ਼ਰੂਰ ਸੋਚੀਂ ਪਾ ਗਿਆ ਕਿ ਫ਼ਕੀਰ ਨੂੰ ਤਾਂ ਰਾਤ ਦੀ ਰੋਟੀ ਦੀ ਫ਼ਿਕਰ ਨੀ ਤੇ ਮੈਂ ਕਮਲਾ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਫ਼ਿਕਰ ਲਾਈ ਬੈਠਾਂ।
ਮੈਂਨੂੰ ਉਹ ਰਿਕਸ਼ੇ ਵਾਲਾ ਜਵਾਂ ਉਸ ਫ਼ਕੀਰ ਵਰਗਾ ਲੱਗਿਆ।
– ਡਾ. ਮਨਜੀਤ ਭੱਲਾ
੨੦-੫-੨੦੨੧

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)