More Punjabi Kahaniya  Posts
ਮੇਰੇ ਮਾਪੇ ਘਰ ਨਹੀਂ


ਕਹਾਣੀ (ਮੇਰੇ ਮਾਪੇ ਘਰ ਨਹੀਂ )
ਅੱਜ ਤਾਂ ਤਕਰੀਬਨ ਸੱਤ ਵਜੇ ਹੀ ਸੀਮਾ ਘਰੋਂ ਤੁਰ ਪਈ । ਉਹਨੇ ਸਾਰੀ ਰਾਤ ਅੱਖਾਂ ‘ਚ ਕੱਢੀ … ਨੀਂਦ ਵੀ ਹੁਣ ਉਸਦੀ ਸ਼ਰੀਕ ਬਣਨ ਲੱਗੀ …ਜਿਹੜੀ ਆਉੰਦੀ ਆਉੰਦੀ ਦੂਰੋਂ ਹੀ ਅਛੋਪਲੇ ਜਿਹੇ ਪਰਤ ਜਾਂਦੀ ਤੇ ਫੇਰ ਜਦੋੰ ਉਹ ਕੰਮ ‘ਤੇ ਹੁੰਦੀ ਅੱਖਾਂ ‘ਚ ਰੜਕਣ ਤੋਂ ਬਾਜ਼ ਨਾ ਆਉਂਦੀ । ਉਹ ਰਾਤ ਰਾਤ ਭਰ ਮੰਜੇ ‘ਤੇ ਪਈ ਪਾਸੇ ਵੱਟਦੀ ਹੋਈ ਜ਼ਿੰਦਗੀ ਦੀਆਂ ਤਲਖ਼ੀਆਂ ਤੇ ਵਾਧੇ ਘਾਟਿਆਂ ਦਾ ਹਿਸਾਬ ਲਾਉਣਾ ਕਦੇ ਨਾ ਭੁੱਲਦੀ । ਸੋਚਦੀ ਰਿਸ਼ਤਿਆਂ ਦੀ ਇਸ ਖੇਡ ‘ਚ ਮੈਂ ਕੀ ਖੱਟਿਆ ਕੀ ਗਵਾਇਆ ? ਫਿਰ ਸੋਚਦੀ …ਝੱਲੀਏ! ਰਿਸ਼ਤੇ ਤਾਂ ਮੋਹ ਦੇ ਹੁੰਦੇ… ਰਿਸ਼ਤਿਆਂ ‘ਚ ਨਫ਼ਾ ਨੁਕਸਾਨ ਕਿੱਥੋੰ ਆ ਗਿਆ ? ਅੱਜ ਸਵੇਰੇ ਵੀ ਰੋਜ਼ ਦੀ ਤਰ੍ਹਾਂ ਉਹ ਤੜਕੇ ਉੱਠ ,ਚਾਹ ਬਣਾ , ਰੋਟੀ ਪਕਾ ਕੇ ਆਪਣੇ ਆਪਣੇ ਪਿਓ ਨੂੰ ਨਾਸ਼ਤਾ ਕਰਵਾ ਹੋਰ ਕੰਮਾਂ ‘ਚ ਰੁੱਝ ਗਈ।ਉਹਦੇ ਡੈਡੀ ਸਵੇਰੇ ਜਲਦੀ ਚਾਹ ਪੀਣ ਦੇ ਸ਼ੌਕੀਨ ਹਨ । ਭਾਵੇਂ ਸੀਮਾ ਦੀ ਮਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਇਹ ਸ਼ੌਕ ਉਹਦੀ ਮਾਂ ਦੇ ਨਾਲ ਹੀ ਮਰ ਮੁੱਕ ਗਿਆ, ਜਦੋਂ ਦੀ ਉਨ੍ਹਾਂ ਦੀ ਲਾਡਲੀ ਨੂੰਹ ਉਨ੍ਹਾਂ ਨੂੰ ਚਾਹ ਦੇਣਾ ਭੁੱਲਣ ਲੱਗੀ। ਪਰ ਹੁਣ ਤਾਂ ਸਾਲ ਕੁ ਹੋ ਗਿਆ ਡੈਡੀ ਸੀਮਾ ਕੋਲ ਹੀ ਨੇ।
ਸੀਮਾ ਦਾ ਇਕਲੌਤਾ ਭਰਾ ਡੈਡੀ ਨੂੰ ਸੀਮਾ ਕੋਲ ਇਸ ਲਈ ਛੱਡ ਗਿਆ ਕਿਉਂਕਿ ਰੋਜ਼ ਰੋਜ਼ ਸ਼ਹਿਰ ਡੈਡੀ ਨੂੰ ਦਵਾਈ ਲਈ ਲੈ ਕੇ ਆਉਣਾ ਉਸਨੂੰ ਬਹੁਤ ਹੀ ਖੇਚਲ ਭਰਿਆ ਕੰਮ ਲੱਗਦਾ । ਉਹ ਆਪਣੇ ਕੰਮ ‘ਤੇ ਜਾਣ ਲਈ ਅਕਸਰ ਲੇਟ ਹੋ ਜਾਂਦਾ । ਡੈਡੀ ਹਾਈ ਸ਼ੂਗਰ ਅਤੇ ਬੀ .ਪੀ ਦੇ ਮਰੀਜ਼ ਹਨ। ਉਹਦੇ ਮੰਮੀ ਦੀ ਡੈੱਥ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਕੁਝ ਜ਼ਿਆਦਾ ਹੀ ਖਰਾਬ ਰਹਿੰਦੀ ।ਅਜਿਹੀ ਹਾਲਤ ਵਿੱਚ ਡਾਕਟਰ ਨੇ ਬਹੁਤ ਸਾਰੇ ਅਜਿਹੇ ਟੈਸਟ ਲਿਖ ਦਿੱਤੇ ਜਿਹੜੇ ਕੁਝ ਕੁ ਦਿਨਾਂ ਬਾਅਦ ਖਾਲੀ ਪੇਟ ਕਰਵਾਉਣੇ ਲਾਜ਼ਮੀ ਹਨ।ਅਜਿਹੇ ਮੌਕੇ ਭਰਜਾਈ ਦੀ ਤਾਂ ਜਿਵੇੰ ਮਨ ਦੀ ਮੁਰਾਦ ਪੂਰੀ ਹੋ ਗਈ ਹੋਵੇ। ਉਹਨੇ ਡੈਡੀ ਨੂੰ ਥੋੜ੍ਹੇ ਦਿਨਾਂ ਲਈ ਸੀਮਾ ਕੋਲ ਰਹਿਣ ਦੀ ਗੱਲ ਆਖ ਮੁੜ ਕਦੇ ਡੈਡੀ ਦੀ ਬਾਤ ਨਾ ਪੁੱਛੀ।ਹਾਂ! ਉਂਝ ਕਦੇ ਕਦਾਈ ਫੋਨ ਜ਼ਰੂਰ ਆ ਜਾਂਦਾ ਲਾਡਲੀ ਨੂੰਹ ਦਾ।
ਸੀਮਾ ਸੋਚ ਰਹੀ ਹੈ ਕਿ ਅੱਜ ਸ਼ੁੱਕਰਵਾਰ ਹੈ ਅਤੇ ਸੋਮਵਾਰ ਦੀ ਰੱਖੜੀ।ਅੱਜ ਮੈਂ ਬਿੰਦਰ ਭੈਣ ਨੂੰ ਆਖਾਂਗੀ ਮੇਰੇ ਰਹਿੰਦੇ ਪੈਸੇ ਦੇ ਦਿਓ। ਭਾਵੇਂ ਪੰਜ ਸੌ ਰੁਪਏ ਹੀ ਰਹਿੰਦੇ ਨੇ ਬਾਕੀ ਤਾਂ ਉਹ ਪਹਿਲਾਂ ਹੀ ਕਦੋਂ ਦੀ ਖਰਚ ਚੁੱਕੀ ਹੈ।ਡੈਡੀ ਜੀ ਦੀ ਦਵਾਈ ਅਤੇ ਘਰ ਦੇ ਖਰਚਿਆਂ ਕਾਰਨ ਉਸ ਦਾ ਹੱਥ ਅਕਸਰ ਤੰਗ ਹੀ ਰਹਿੰਦਾ।ਸੀਮਾ ਦਾ ਘਰਵਾਲਾ ਘਰ ‘ਚ ਪੰਜੀ ਵੀ ਖ਼ਰਚ ਕਰਕੇ ਰਾਜ਼ੀ ਨਹੀਂ ।ਉਹ ਤਾਂ ਜਿਵੇਂ ਰਾਤ ਕੱਟਣ ਲਈ ਹੀ ਘਰ ਆਉਂਦਾ। ਸਵੇਰੇ ਤੜਕੇ ਸਾਰ ਕੰਮ ‘ਤੇ ਚਲਾ ਜਾਂਦਾ। ਸ਼ਾਮ ਨੂੰ ਸ਼ਰਾਬ ਨਾਲ ਰੱਜ ਤੁੰਨ ਕੇ ਮਸਾਂ ਹੀ ਘਰ ਪਹੁੰਚਦਾ।ਘਰ ਦੀ ਕਿਸੇ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਨਹੀਂ। ਧੀ ਤੇ ਪੁੱਤ ਵੀ ਵੱਡੇ ਹੋ ਰਹੇ ਹਨ ।ਸੀਮਾ ਵਿਚਾਰੀ ਅੰਦਰੋਂ ਅੰਦਰੀ ਭੁੱਜਦੀ ਰਹਿੰਦੀ।ਬੁੱਢੇ ਪਿਓ ਸਾਹਮਣੇ ਕੀ ਨਿੱਤ ਨਿੱਤ ਦਾ ਕਲੇਸ਼ ਕਰੇ ?ਸੀਮਾ ਸੋਚਾਂ ਦੀ ਉਦੇੜ ਬੁਣ ਵਿੱਚ ਕਦੋਂ ਬਿੰਦਰ ਦੇ ਘਰ ਪਹੁੰਚੀ? ਉਸ ਨੂੰ ਪਤਾ ਹੀ ਨਾ ਲੱਗਿਆ।ਸੀਮਾ ਨੇ ਜਾਂਦੀ ਨੇ ਝਾੜੂ ਚੁੱਕ ਲਿਆ।
ਛੇਤੀ ਛੇਤੀ ਝਾੜੂ ਪੋਚੇ ਦਾ ਕੰਮ ਮੁਕਾ ਕੇ ਹੌਲੀ ਹੌਲੀ ਪੈਰ ਮਲਦੀ ਹੋਈ ਬਿੰਦਰ ਕੋਲ ਜਾ ਕੇ,” ਭੈਣ ਜੀ! ਅੱਜ ਮੈਨੂੰ ਬਾਕੀ ਪੈਸੇ ਦੇ ਦਿਓ।ਦੋ ਦਿਨ ਲਾਕ ਡਾਊਨ ਦੇ ਨੇ ਤੇ ਮੈਂ ਰੱਖੜੀਆਂ ਖਰੀਦਣੀਆਂ ਨੇ । ਭਰਾ ਦੇ ਘਰ ਜਾਣਾ।”
ਬਿੰਦਰ ਦੇ ਮੱਥੇ ਤੇ ਤਿਊੜੀਆਂ ਉੱਭਰ ਆਈਆਂ ਜਿਵੇਂ ਪਤਾ ਨਹੀਂ ਸੀਮਾ ਨੇ ਕਿਹੜਾ ਖ਼ਜ਼ਾਨਾ ਮੰਗ ਲਿਆ ਹੋਵੇ? ਉਸਨੇ ਆਪਣੀ ਮਿਹਨਤ ਹੀ ਤਾਂ ਮੰਗੀ ਸੀ।”ਕੋਈ ਗੱਲ ਨਈ… ਅਜੇ ਹੋਰ ਘਰ ਕੰਮ ਕਰ ਆ।ਮੁੜਦੀ ਹੋਈ ਲੈ ਜਾਵੇ।” ਬਿੰਦਰ ਨੇ ਕਿਹਾ।ਸੀਮਾ ਬਿਨਾਂ ਕੁਝ ਕਹੇ ਸੁਣੇ ਗੇਟ ਤੋਂ ਬਾਹਰ ਆ ਗਈ। ਹੁਣ ਉਹ ਹਰਭਜਨ ਕੌਰ ਦੇ ਘਰ ਜਾ ਰਹੀ ਸੀ।ਉਸਦੇ ਮਨ ਵਿੱਚ ਡਰ ਮੁੜ ਮੁੜ ਉਛਾਲੇ ਮਾਰ ਰਿਹਾ ਸੀ ਕਿ ਜੇਕਰ ਹਰਭਜਨ ਕੌਰ ਦੇ ਘਰੋਂ ਵੀ ਖਾਲੀ ਹੱਥ ਮੁੜਨਾ ਪਿਆ ਤਾਂ ਫੇਰ ? ਉਹ ਮਨ ਹੀ ਮਨ ਖਰਚੇ ਦਾ ਹਿਸਾਬ ਵੀ ਲਗਾ ਰਹੀ ਸੀ। ਚਾਰ ਸੌ ਰੁਪਏ ਦਾ ਬਰਫੀ ਦਾ ਡੱਬਾ ਅਤੇ ਸੱਠ ਕੁ ਰੁਪਏ ਦੀਆਂ ਰੱਖੜੀਆਂ। ਭਰਾ ਦਾ ਕੱਲ੍ਹ ਹੀ ਫੋਨ ਆਇਆ ਸੀ ।ਉਸ ਨੇ ਸਪੈਸ਼ਲ ਕਿਹਾ ਸੀ,” ਦੇਖੀਂ ਭੈਣ ! ਰਸਗੁੱਲੇ, ਗੁਲਾਬ ਜਾਮਣ ਨਾ ਲੈ ਕੇ ਆਵੀਂ । ਤੇਰੇ ਭਤੀਜੇ ਨੇ ਕਿਹਾ ਕਿ ਪਾਪਾ ਭੂਆ ਨੂੰ ਕਹੋ ਬਰਫੀ ਲੈ ਕੇ ਆਵੇ ।ਭੈਣ ਬਰਫੀ...

ਹੀ ਲਿਆਈ ਭਾਵੇਂ ਦੋ ਹੀ ਪੀਸ ਲੈ ਆਵੀਂ।ਨਾਲੇ ਤੇਰਾ ਭਤੀਜਾ ਕਹਿੰਦਾ… ਮੈਂ ਤਾਂ ਭੂਆ ਤੋਂ ਲਾਈਟਾਂ ਵਾਲੀ ਰੱਖੜੀ ਬੰਨਾਉਣੀ।ਸਾਰੇ ਨਿਆਣੇ ਅੱਜ ਕੱਲ੍ਹ ਉਹੀ ਬੰਨ੍ਹਦੇ।”
ਸੋਚਾਂ ਸੋਚਦੇ ਸੋਚਦੇ ਉਹ ਹਰਭਜਨ ਕੌਰ ਦੇ ਘਰ ਪਹੁੰਚ ਗਈ । ਸੀਮਾ ਨੇ ਬੜੀ ਫੁਰਤੀ ਨਾਲ ਕੰਮ ਮੁਕਾ ਲਿਆ ।ਉਹ ਸੋਚ ਰਹੀ ਸੀ ਕਿ ਕਿਤੇ ਏਧਰੋਂ ਵੀ ਬਿੰਦਰ ਦੇ ਘਰ ਦੀ ਤਰ੍ਹਾਂ ਖਾਲੀ ਹੱਥ ਹੀ ਨਾ ਮੁੜਨਾ ਪਵੇ।ਪਰ ਇਹ ਤਾਂ ਸ਼ੁਕਰ ਹੋਇਆ ਹਰਭਜਨ ਕੌਰ ਨੇ ਆਪੇ ਹੀ ਉਸ ਨੂੰ ਉਸ ਦੇ ਮਹੀਨੇ ਦੀ ਮਿਹਨਤ ਬੜੇ ਆਦਰ ਨਾਲ ਦਿੱਤੀ ।ਹੋਰ ਤਾਂ ਹੋਰ ਦੋ ਸੌ ਰੁਪਏ ਹੋਰ ਵੱਧ ਦਿੱਤੇ ਇਹ ਆਖ ਕੇ ਕਿ ਰੱਖੜੀਆਂ ਨੇ।ਸੀਮਾ ਖੁਸ਼ ਹੋ ਗਈ ਜਿਵੇਂ ਉਸ ਦੇ ਮਨ ਦੀ ਮੁਰਾਦ ਪੂਰੀ ਹੋ ਗਈ ਹੋਵੇ ।ਜਦੋਂ ਉਹ ਹਰਭਜਨ ਕੌਰ ਦੇ ਘਰੋਂ ਵਾਪਸ ਆ ਰਹੀ ਸੀ ਤਾਂ ਬਿੰਦਰ ਨੇ ਉਸ ਨੂੰ ਦੂਰੋਂ ਵੇਖ ਕੇ ਜ਼ੋਰ ਦੀ ਗੇਟ ਲਾ ਲਿਆ ਤੇ ਸੀਮਾ ਦੀ ਹਿੰਮਤ ਨਾ ਪਈ ਡੋਰ ਬੈੱਲ ਵਜਾਉਣ ਦੀ। ਸੀਮਾ ਚੁੱਪ ਚਾਪ ਨੀਵੀਂ ਪਾ ਕੇ ਉੱਥੋਂ ਲੰਘ ਆਈ। ਘਰ ਆ ਕੇ ਉਹ ਸੋਚਣ ਲੱਗੀ ਕਿ ਹੁਣ ਭਰਾ ਦੇ ਘਰ ਕਿਵੇਂ ਜਾਵੇ?ਲਾਕਡਾਊਨ ਕਾਰਨ ਬੱਸਾਂ ਨਹੀਂ ਚੱਲਦੀਆਂ ਅਤੇ ਨਾ ਹੀ ਆਟੋ।ਜਦੋਂ ਉਸ ਨੇ ਆਪਣੇ ਗੁਆਂਢ ‘ਚ ਰਹਿੰਦੇ ਮੋਹਿਤ ਨੂੰ ਨਾਲ ਜਾਣ ਲਈ ਪੁੱਛਿਆ ਤਾਂ ਉਹਨੇ ਮੋਟਰਸਾਈਕਲ ਵਿੱਚ ਪੈਟਰੋਲ ਪੁਆਉਣ ਦੀ ਗੱਲ ਆਖ ਕੇ ਝੱਟ ‘ਹਾਂ ਕਰ ਦਿੱਤੀ।ਸੀਮਾ ਨੇ ਸੋਚਿਆ ਕਿ ਨੇੜੇ ਹੀ ਤਾਂ ਪਿੰਡ ਹੈ ….ਸੌ ਕੁ ਰੁਪਏ ਨਾਲ ਸਰ ਜਾਵੇਗਾ।ਸੀਮਾ ਚਾਈਂ ਚਾਈਂ ਬਰਫ਼ੀ ਦਾ ਡੱਬਾ ਅਤੇ ਲਾਈਟਾਂ ਵਾਲੀ ਰੱਖੜੀ ਲੈ ਮੋਹਿਤ ਨਾਲ ਆਪਣੇ ਪੇਕੇ ਪਿੰਡ ਤੁਰ ਪਈ।ਮੋਹਿਤ ਨੇ ਪੈਟਰੋਲ ਪੰਪ ਤੇ ਦੋ ਸੌ ਰੁਪਏ ਦਾ ਪੈਟਰੋਲ ਪੁਆਇਆ ਅਤੇ ਸੀਮਾ ਨੂੰ ਦੋ ਸੌ ਰੁਪਏ ਦੇਣ ਦਾ ਇਸ਼ਾਰਾ ਕੀਤਾ।ਸੀਮਾ ਮੋਹਿਤ ਦੇ ਮੂੰਹ ਵੱਲ ਵੇਖਣ ਲੱਗੀ ਅਤੇ ਫਿਰ ਚੁੱਪ ਚਾਪ ਦੋ ਸੌ ਰੁਪਏ ਦਾ ਨੋਟ ਉਸ ਦੇ ਹੱਥ ਤੇ ਧਰ ਦਿੱਤਾ।ਜਦੋਂ ਓਹ ਆਪਣੇ ਪੇਕੇ ਪਿੰਡ ਪਹੁੰਚੀ ਤਾਂ ਮੋਹਿਤ ਉਸਨੂੰ ਉਸਦੇ ਘਰ ਕੋਲ ਉਤਾਰ ਕੇ ਆਖਣ ਲੱਗਾ ,”ਆਂਟੀ ਜੀ , ਤੁਸੀਂ ਜਦੋਂ ਜਾਣਾ ਹੋਇਆ ਮੈਨੂੰ ਫੋਨ ਕਰ ਦਿਓ। ਮੈਂ ਆਪਣੇ ਇੱਕ ਦੋਸਤ ਨੂੰ ਮਿਲਣ ਚੱਲਿਆ ।”
ਸੀਮਾ ਜਦੋਂ ਆਪਣੇ ਪੇਕੇ ਘਰ ਦਾ ਬੂਹਾ ਖੜਕਾਉਣ ਲੱਗੀ ਤਾਂ ਅੰਦਰੋਂ ਉਸ ਦੀ ਭਰਜਾਈ ਦੀ ਗੁੱਸੇ ਭਰੀ ਉੱਚੀ ਆਵਾਜ਼ ਸੁਣ ਕੇ ਉਹ ਰੁਕ ਗਈ।”ਸਾਫ਼ ਸਾਫ਼ ਕਹਿ ਦਈਂ ਆਪਣੀ ਭੈਣ ਨੂੰ….. ਡੈਡੀ ਨੂੰ ਆਪਣੇ ਕੋਲ ਹੀ ਰੱਖੇ…. ਜੇ ਉਹਨੇ ਕਿਹਾ ਕਿ ਡੈਡੀ ਨੂੰ ਲੈ ਆਓ ਤਾਂ ਜਵਾਬ ਦੇ ਦਿਓ….. ਦੂਜੀ ਗੱਲ ਆਹ ਜਿਹੜਾ ਟੁੱਟਿਆ ਜਿਹਾ ਘਰ ਇਸ ਦੀ ਵਸੀਅਤ ਆਪਣੇ ਨਾਂ ਕਰਵਾ ਲਓ… ਅੱਜ ਕੱਲ੍ਹ ਦੀਆਂ ਕੁੜੀਆਂ ਦਾ ਕੁਝ ਨਹੀਂ ਪਤਾ ?ਹੋਰ ਕਿਤੇ ਆਪਣੇ ਨਾਂ ਕਰਵਾ ਕੇ ਬੈਠ ਜਾਏ…. ਅਸਾਂ ਭਲਾਂ ਡੈਡੀ ਤੋਂ ਹੋਰ ਕੀ ਲੈਣਾ ?ਕਰ ਲਵੇ ਸੇਵਾ ਆਪਣੇ ਪਿਉ ਦੀ …..ਜਿਹੜੀ ਮੇਰੇ ਬਾਰੇ ਆਖਦੀ ਲੋਕਾਂ ਕੋਲ ਕਿ ਮੈਂ ਟਾਈਮ ‘ਤੇ ਡੈਡੀ ਨੂੰ ਚਾਹ ਨਹੀਂ ਦਿੰਦੀ …..ਆਉਂਦੀ ਹੋਣੀ ਅੱਜ…. ਕਹਿੰਦੀ ਸੀ ਅੱਜ ਆਉਣਾ .. ਇੱਥੇ ਖੜ੍ਹ ਜਾਊਂ ਸਾਡੇ ਸਿਰ ‘ਤੇ ਆ ਕੇ ਸੜੇ ਜਿਹੇ ਰਸਗੁੱਲੇ ਲੈ ਕੇ…..ਬਰਫ਼ੀ ਲਿਆਉਂਦੀ ਮਰਨ ਲੱਗੀ….ਸੌ ਡੇਢ ਸੌ ਰੁਪਏ ਲਾ ਕੇ ਆਉਂਦੀ…. ਮੈਂ ਇੱਥੇ ਪੰਜ ਸੌ ਤੋਂ ਘੱਟ ਦਾ ਸੂਟ ਨਹੀਂ ਲੈ ਕੇ ਦਿੰਦੀ….ਭਾਈਏ ਨੂੰ ਕੱਪੜੇ ਵੱਖਰੇ …. ਪਤਾ ਨਹੀਂ ?ਕਿਹੜੇ ਮੂੰਹ ਨਾਲ ਆ ਜਾਂਦੀ ਹਰ ਸਾਲ ਬੂਥਾ ਚੁੱਕ ਕੇ …।”
ਸੀਮਾ ਆਪਣੀ ਭਰਜਾਈ ਦੀਆਂ ਕੌੜੀਆਂ ਗੱਲਾਂ ਸੁਣ ਮੋਹਿਤ ਨੂੰ ਫੋਨ ਲਾ ਕੇ ਆਖਣ ਲੱਗੀ ,” ਮੇਰੇ ਮਾਪੇ ਘਰ ਨਈ…ਤੂੰ ਹੁਣੇ ਆ ਜਾ ”
ਮੋਹਿਤ ਨਾਲ ਗੱਲ ਕਰਨ ਤੋੰ ਬਾਅਦ ਉਹ ਸੋਚਣ ਲੱਗੀ ਕਿ ਕੀ ਭੈਣ ਭਰਾ ਦੇ ਰਿਸ਼ਤਿਆਂ ਦੀਆਂ ਤੰਦਾਂ ਐਨੀਆਂ ਕੱਚੀਆਂ ? ਮੰਨਿਆਂ ਕਿ ਮੇਰੀ ਭਰਜਾਈ ਜ਼ੁਬਾਨ ਦੀ ਕੌੜੀ ਐ…ਮੈੰ ਆਪਣਾ ਆਤਮ ਸਨਮਾਨ ਵੀ ਨਹੀਂ ਖੋ ਸਕਦੀ …ਪਰ ਮੈੰ ਇੰਝ ਭੈਣ ਭਰਾ ਦੇ ਮੋਹ ਭਰੇ ਰਿਸ਼ਤੇ ਨੂੰ ਵੀ ਕਿਵੇਂ ਤਿਆਗ ਦਿਆਂ?…ਨਹੀਂ… ਮੈੰ ਇੰਝ ਵਾਪਸ ਨਹੀਂ ਪਰਤ ਸਕਦੀ …ਆਪਣੇ ਵੀਰੇ ਦੇ ਗੁੱਟ ‘ਤੇ ਰੱਖੜੀ ਬੰਨ੍ਹਣ ਦੇ ਹੱਕ ਨੂੰ ਮੈਂ ਕਿਵੇਂ ਛੱਡ ਸਕਦੀ ਹਾਂ ? ਜਿਸ ਪੇਕੇ ਘਰ ਵਿੱਚ ਵੀਰੇ ਨਾਲ ਖੇਡ ਕੁੱਦ ਕੇ ਵੱਡੀ ਹੋਈ…ਆਪਣੇ ਮਾਂ ਪਿਓ ਨੂੰ ਆਪਣਾ ਪਰਛਾਵਾਂ ਬਣਦਿਆਂ ਵੇਖਿਆ …ਉਹ ਘਰ ਕਦੇ ਸੁੰਨਾ ਕਿਵੇਂ ਹੋ ਸਕਦਾ ? ਮੇਰੇ ਮਾਪੇ ਘਰ ਹੀ ਨੇ …ਸੋਚਦੀ ਸੋਚਦੀ ਉਹ ਆਪਣੇ ਪੇਕੇ ਘਰ ਦਾ ਬੂਹਾ ਖੜਕਾਉਣ ਲੱਗੀ ।
ਮਨਦੀਪ ਰਿੰਪੀ…ਰੂਪਨਗਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)