ਪੰਜ ਮਹੀਨੇ ਪਹਿਲਾਂ ਹੋਏ ਕਚੀਰੇ ਨੇ ਰਿਸ਼ਤਿਆਂ ਤੋਂ ਮੋਹ ਭੰਗ ਕਰ ਦਿੱਤਾ।ਇੰਨੇ ਸਮੇਂ ਦੌਰਾਨ ਭੂਆ ਦਾ ਕੋਈ ਫੋਨ ਨਹੀਂ ਸੀ ਆਇਆ ਤੇ ਅਸੀਂ ਤਾਂ ਕਰਨਾ ਹੀ ਕੀ ਸੀ। ਅੱਜ ਭੂਆ ਦਾਦੀ ਨੂੰ ਨਾਲ ਲੈ ਕੇ ਬੜੇ ਹੀ ਸਹਿਜ ਢੰਗ ਨਾਲ ਸਾਡੇ ਘਰ ਆ ਬੈਠੀ। ਮੈਂ ਤੇ ਭਾਪਾ ਭੂਆ ਵਲ ਓਪਰਿਆਂ ਵਾਂਗ ਝਾਕ ਰਹੇ ਸੀ..ਮੰਮੀ ਨੇ ਤਾਂ ਮੱਥਾ ਵੀ ਨਹੀਂ ਸੀ ਟੇਕਿਆ। ਹਾਂ,ਬੇਬੇ ਨੂੰ ਅਸੀਂ ਸਾਰੇ ਜੱਫੀ ਪਾ ਕੇ ਮਿਲੇ।ਲੱਗਦਾ ਨਹੀਂ ਸੀ ਕਿ ਉਹ ਪੰਜ ਮਹੀਨੇ ਪਹਿਲਾਂ ਇੰਨੀ ਬੀਮਾਰ ਸੀ। ਭੂਆ ਦੀ ਤੀਮਾਰਦਾਰੀ ਨੇ ਉਸ ਦਾ ਉੱਕਾ ਹੀ ਰੂਪ ਬਦਲ ਦਿੱਤਾ ਸੀ।ਉਨ੍ਹਾਂ ਦੀ ਸਥਿਤੀ ਦੇਖ ਮੇਰਾ ਥੋੜ੍ਹਾ ਜਿਹਾ ਮਨ ਪਿਘਲਿਆ ਪ੍ਰੰਤੂ ਉਸ ਦਿਨ ਦੀ ਕੁੜੱਤਣ ਨੇ ਮੈਨੂੰ ਫੇਰ ਪੱਥਰ ਬਣਾ ਦਿੱਤਾ।
‘ ਆਖਦੀ ਹੁੰਦੀ ਸੀ.. ਭਾਬੀ ਆਹ ਵੀਰ ਨੀ.. ਪੁੱਤ..ਐ..ਮੇਰਾ ਪੁੱਤ,ਆਹ ਦੇਖ ਮਾਂ…. ਤੇ ਤੂੰ ਆਵਦੀ ਜਾਨ ਛਿੜਕਦਾ ਹੁੰਦਾ ਸੀ… ਸਾਨੂੰ ਪਿੱਛੇ ਸੁੱਟ ਕੇ ਉਸ ਦੀ ਮੰਨਦਾ ਸੀ’,ਨਸ਼ੇ ਚ ਡੌਰ ਭੌਰ ਹੋਏ ਭਾਪੇ ਨੂੰ ਮੰਮੀ ਭੱਜ ਭੱਜ ਕੇ ਪੈ ਰਹੀ ਸੀ।
‘ਤੂੰ ਵੀ ਲੈ ਲੈ ਸਵਾਦ..’ਭੂਆ ਜੀ’ ਦਾ ਵੱਡਾ ਮੁਰੀਦ’ ਭਾਪੇ ਨੂੰ ਛੱਡ ਮੰਮੀ ਮੇਰੇ ਮਗਰ ਪੈ ਗਈ ਸੀ।
”ਆਵਦੇ ਪੋਤੇ ਦੇ ਗਲ ਗੂਠਾ ਦੇ ਕੇ ਲਾ ਦੇ ਬੀਬੀ ਲਾਡੋ ਦੇ ਹੱਕ ਚ ਗੂਠਾ …..ਨਾਲੇ ਹੁਣ ਤੇਰਾ ਇਲਾਜ ਆਪੇ ਕਰਾਉੂ…. ਬਥੇਰਾ ਸਾਂਭ ਲਿਆ ਮੈਂ…..ਹੁਣ ਤੋਂ ਅੱਧ ਦੀ ਮਾਲਕਣ ਬਣਜੂ” ਮੰਮੀ ਮੰਜੇ ਤੇ ਪਈ ਅਧਰੰਗ ਦੀ ਮਾਰੀ ਲਾਚਾਰ ਬੇਬੇ ਵੱਲ ਨੂੰ ਅਹੁਲੀ।
ਪਤਾ ਨੀ ਭੂਆ ਜੀ ਨੂੰ ਕੀ ਹੋਇਆ ਕਿ ਬਾਪੂ ਜੀ ਦੇ ਮਰਨ ਤੋਂ ਛੇ ਮਹੀਨੇ ਪਿੱਛੋਂ ਹੀ ਜ਼ਮੀਨ ਵਿੱਚੋਂ ਆਪਣਾ ਹਿੱਸਾ ਮੰਗ ਲਿਆ।ਉਹ ਵੀ ਉਸ ਵਕਤ ਜਦੋਂ ਬੇਬੇ ਨੂੰ ਅਧਰੰਗ ਹੋ ਗਿਆ ਸੀ ..ਹੁਣ ਤਾਂ ਰਲਮਿਲ ਕੇ ਬੇਬੇ ਨੂੰ ਸਾਂਭਣ ਦੀ ਲੋੜ ਸੀ।ਭਾਪੇ ਦਾ ਤਾਂ ਪਤਾ ਹੀ ਹੈ..ਪੈਸੇ ਤੋਂ ਇਲਾਵਾ ਕਿਸੇ ਵੱਡੇ ਦੇ ਧਰਵਾਸ ਦੀ ਜ਼ਰੂਰਤ ਸੀ।ਇਸ ਵਕਤ ਭੂਆ ਨੇ ਆਹ ਕੇ ਕੀਤਾ ?ਪੜ੍ਹਾਈ ਪੂਰੀ ਕਰ ਆਵਦੀ ਖੇਤੀ ਕਰਨ ਦੀ ਰੀਝ ਮੈਨੂੰ ਵਿੱਚੇ ਹੀ ਡੁੱਬਦੀ ਨਜ਼ਰ ਆਈ।
”ਆਖਦੇ ਆਵਦੀ ‘ਭੂਆ ਜੀ’ ਨੂੰ ਲੈ ਜੇ ਏਨੂੰ ਨਾਲੇ ਆਵਦਾ ਹਿੱਸਾ” ਗੁੱਸੇ ਵਿਚ ਮੋਬਾਇਲ ਮੇਰੇ ਅੱਗੇ ਵਗਾਹ ਮਾਰ ਮੰਮੀ...
ਛਾਤੀ ਪਿੱਟਦੀ ਅੰਦਰ ਚਲੀ ਗਈ ਸੀ।
ਮੈਂ ਮੋਬਾਈਲ ਤੇ ਦੋ ਤਿੰਨ ਬਾਰ ‘ਭੂਆ ਜੀ’ਡਿਸਪਲੇਅ ਕਰਕੇ ਕੱਟ ਦਿੱਤਾ ਸੀ..।
ਅੱਜ ਭੂਆ ਦੇ ਘਰ ਆਉਣ ਤੇ ਉਹ ਸਭ ਦ੍ਰਿਸ਼ ਮੇਰੀਆਂ ਅੱਖਾਂ ਅੱਗਿਓਂ ਘੁੰਮ ਗਏ …।
‘ਚੱਲ ਮੀਤੇ,ਮੈਨੂੰ ਬੱਸ ਚੜ੍ਹਾ ਆ,ਰਸਤੇ ਵਿੱਚ ਮੈਂ ਤੈਨੂੰ ਦਵਾਈਆਂ ਸਮਝਾਦੂੰਗੀ ”ਭੂਆ ਨੇ ਮੇਰਾ ਮੋਢਾ ਹਲੂਣ ਕਿਹਾ।
ਮੈਂ ਵੀ ਇਸ ਬੇਰੁਖੀ ਤੋਂ ਛੇਤੀ ਖਹਿੜਾ ਛੁਡਾਉਣਾ ਚਾਹੁੰਦਾ ਸੀ।ਮੰਮੀ-ਪਾਪਾ ਵੱਲ ਚੋਰ ਅੱਖਾਂ ਨਾਲ ਦੇਖ ਚੁੱਪਚਾਪ ਭੂਆ ਨਾਲ ਉੱਠ ਕੇ ਤੁਰ ਪਿਆ।
‘ਤੂੰ ਵੀ ਮੇਰੇ ਨਾਲ ਔਖੇੈ?’ ਭੂਆ ਨੇ ਚੁੱਪੀ ਤੋੜੀ।
ਮੇਰੇ ਅੰਦਰ ਦਾ ਲਾਵਾ ਫਟਣ ਨੂੰ ਤਿਆਰ ਸੀ ਪਰ ਮੈਂ ਚੁੱਪ ਰਿਹਾ।ਅੱਡੇ ਤੇ ਪਹੁੰਚ ਭੂਆ ਲਿਫਾਫਾ ਮੈਨੂੰ ਫੜਾ’ਮੇਰਾ ਮੱਥਾ ਚੁੰਮ, ਨਿਰਜਿੰਦ ਜਿਹੀ ਹੋ ਬੱਸ ਚੜ੍ਹ ਗਈ।
ਬੱਸਾਂ ਦਾ ਸ਼ੋਰ ਮੰਮੀ ਦੇ ਸ਼ਬਦ ਬਣ ਮੇਰੇ ਦਿਮਾਗ ਵਿੱਚ ਘਮਸਾਣ ਪਾ ਰਿਹਾ ਸੀ।ਮੈਨੂੰ ਲੱਗਿਆ ਜਿਵੇਂ ਅੱਡੇ ਤੇ ਖੜ੍ਹੀਆਂ ਸਾਰੀਆਂ ਸਵਾਰੀਆਂ ਸਾਡੇ ਘਰ ਦੀਆਂ ਹੀ ਗੱਲਾਂ ਕਰ ਰਹੀਆਂ ਹੋਣ।ਮੈਨੂੰ ਆਪਣਾ ਸਰੀਰ ਤਪਦਾ ਮਹਿਸੂਸ ਹੋਇਆ।ਮਨ ਦੇ ਸ਼ੀਸ਼ੇ ਤੇ ਪਰਤ ਦਰ ਪਰਤ ਮੈਲ ਜੰਮਦੀ ਰਹੀ ਸੀ… ਭੂਆ ਦਾ ਚਿਹਰਾ ਧੁੰਦਲਾ ਹੋਰ ਧੁੰਦਲਾ ਹੁੰਦਾ ਜਾਪਿਆ।
ਉੱਥੇ ਹੀ ਬੈਠ ਮੈਂ ਲਿਫ਼ਾਫ਼ਾ ਖੋਲ੍ਹਿਆ।ਉਸ ਵਿੱਚ ਦਵਾਈਆਂ ਤੋਂ ਬਿਨਾਂ ਭੂਆ ਦੀ ਹੱਥ ਲਿਖਤ ਇੱਕ ਪਰਚੀ ਪਈ ਸੀ।
ਮੀਤਿਆ,ਜ਼ਮੀਨ ਕੱਲ੍ਹ ਵੀ ਤੇਰੀ ਸੀ ਤੇ ਕੱਲ੍ਹ ਨੂੰ ਵੀ ਤੇਰੀ ਐ,ਜੇ ਮੈਂ ਰੌਲਾ ਨਾ ਪਾਉਂਦੀ ਤਾਂ ਤੇਰੇ ਫੁੱਫੜ ਨੇ ਤੇਰੀ ਦਾਦੀ ਦੀ ਸੇਵਾ ਕਿਸ ਤਰ੍ਹਾਂ ਕਰਨ ਦੇਣੀ ਸੀ..ਬਾਕੀ ਤੇਰੇ ਭਾਪੇ ਦਾ ਵੀ ਤੈਨੂੰ ਪਤਾ ਈ ਐ … ਕਿੱਲਿਆਂ ਦੇ ਕਿੱਲੇ ਬੋਤਲਾਂ ਰਾਹੀਂ ਰੁੜ੍ਹ ਜਾਂਦੇ ਐ…..ਲਿਖਤ ਨੇ ਮਨ ਮਸਤਕ ਸ਼ੀਸ਼ੇ ਤੇ ਪਈ ਕੁੜੱਤਣ ਦੀ ਮੈਲ ਨੂੰ ਸਮੁੰਦਰੀ ਝੱਗ ਵਾਂਗੂੰ ਪੁੱਟ ਸੁੱਟਿਆ ਤੇ ਹੁਣ ਉਸ ਵਿਚੋਂ ਭੂਆ ਦਾ ਹੱਸਦਾ ਹੋਇਆ ਚਿਹਰਾ ਸਾਫ਼ ਸਾਫ਼ ਨਜ਼ਰ ਆ ਰਿਹਾ ਸੀ।
ਪਰਦੀਪ ਮਹਿਤਾ
ਮੌੜ ਮੰਡੀ 151509
ਮੋਬਾਈਲ 9464587013