More Punjabi Kahaniya  Posts
ਚੁੱਪ


ਮੈਡਮ ਨਵਜੋਤ ਕੌਰ ਪੰਨੂ..
ਮਾਨਸੇ ਕੋਲ ਸਕੂਲ ਵਿਚ ਬਦਲ ਕੇ ਆਈ ਤਾਂ ਹਰ ਪਾਸੇ ਉਸਦੇ ਹੀ ਚਰਚੇ ਸਨ!
ਸੈਂਤੀ-ਅਠੱਤੀ ਸਾਲ ਉਮਰ..ਵਿਆਹੀ ਨਹੀਂ..ਏਨੇ ਸੋਹਣੇ ਵਜੂਦ ਨੂੰ ਭਲਾ ਰਿਸ਼ਤਿਆਂ ਦੀ ਕੀ ਘਾਟ..ਏਡੀ ਦੂਰ ਬਦਲੀ..ਰੁਕਵਾਉਣ ਲਈ ਜ਼ੋਰ ਵੀ ਨਹੀਂ ਪਵਾਇਆ..ਵਗੈਰਾ ਵਗੈਰਾ..!
ਉਸਦਾ ਅਕਸਰ ਹੀ ਜਿਕਰ ਛਿੜ ਜਾਇਆ ਕਰਦਾ..
ਫੇਰ ਇੱਕ ਦਿਨ ਜਦੋਂ ਮਾਸਟਰ ਹਰਮੇਲ ਸਿੰਘ ਨੇ ਏਨੀ ਗੱਲ ਆਖ ਦਿੱਤੀ ਕੇ ਉਸਦੀ ਕੁੰਡਲੀ ਪਤਾ ਕਰਵਾ ਲਈ ਏ ਤਾਂ ਉਸਦੇ ਦਵਾਲੇ ਲੱਗਦੀਆਂ ਮਹਿਫ਼ਿਲਾਂ ਦੇ ਸ਼ਿੰਗਾਰ ਸਿਰਫ ਅਧਿਆਪਕ ਹੀ ਨਹੀਂ ਸਗੋਂ ਵੱਡੀਆਂ ਜਮਾਤਾਂ ਦੇ ਕਈ ਮੁੱਛ ਫੁੱਟ ਵੀ ਹੁੰਦੇ!
ਲੁਕਵੇਂ ਅਤੇ ਅਸਿਧੇ ਢੰਗ ਨਾਲ ਪੁੱਛੇ ਨਿੱਜੀ ਜਿੰਦਗੀ ਬਾਰੇ ਸਵਾਲ ਉਹ ਅੱਗਿਓਂ ਹੱਸ ਕੇ ਟਾਲ ਦਿਆ ਕਰਦੀ..!
ਜਿਗਿਆਸਾ ਵੱਸ ਪਏ ਕੁਝ ਉਸਦੇ ਕਿਰਾਏ ਦੇ ਮਕਾਨ ਤੱਕ ਵੀ ਅੱਪੜ ਗਏ..ਮਕਾਨ ਮਾਲਕ ਨੇ ਵੀ ਕੰਸੋਵਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ..!
ਪੈਰ ਪਸਾਰਦੀ ਉਤਸੁਕਤਾ ਉਸ ਦਿਨ ਐਨ ਸਿਖਰ ਤੇ ਅੱਪੜ ਗਈ ਜਦੋਂ ਪਤਾ ਲੱਗਾ ਕੇ ਕੋਲ ਇੱਕ ਮੁੰਡਾ ਵੀ ਆ ਕੇ ਠਹਿਰਿਆ ਹੋਇਆ ਏ..!
ਕੌਣ ਹੋ ਸਕਦਾ ਏ..ਉਮਰ ਦਾ ਏਨਾ ਫਰਕ..ਇੱਕੋ ਕਮਰੇ ਵਿਚ..?
ਅਖੀਰ ਇੱਕ ਦਿਨ ਪ੍ਰਿੰਸੀਪਲ ਨੇ ਐਲਾਨ ਕਰ ਦਿੱਤਾ ਕੇ ਮੈਡਮ ਪੰਨੂੰ ਕੁਝ ਬੋਲਣਾ ਚਾਹੁੰਦੇ ਨੇ..!
ਸੰਨਾਟਾ ਛਾ ਗਿਆ..ਬੇਸਬਰੀ ਸਿਖਰ ਤੇ ਅੱਪੜ ਗਈ..ਇੰਝ ਦਾ ਮਾਹੌਲ ਬਣ ਗਿਆ ਜਿੱਦਾਂ ਕਾਲੇ ਬੱਦਲਾਂ ਵਿਚੋਂ ਨਿੱਕਲੀ ਇੱਕ ਆਸਮਾਨੀ ਬਿਜਲੀ ਨੇ ਪਹਿਲਾਂ ਹੀ ਦੱਸ ਦਿੱਤਾ ਹੋਵੇ ਕੇ ਉਹ ਅੱਜ ਕਦੋਂ ਤੇ ਕਿਸ ਤੇ ਡਿੱਗਣ ਵਾਲੀ ਏ..!
ਸਤਿ ਸ੍ਰੀ ਅਕਾਲ ਬੁਲਾ ਕੇ ਉਸਨੇ ਆਪਣੀ ਕਹਾਣੀ ਦੱਸਣੀ ਸ਼ੁਰੂ ਕੀਤੀ..!
ਅਮ੍ਰਿਤਸਰ ਦੀ ਅਜਨਾਲਾ ਤਹਿਸੀਲ ਕੋਲ ਇੱਕ ਨਿੱਕਾ ਜਿਹਾ ਪਿੰਡ..ਖਾਲਸਾ ਕਾਲਜ ਪੜਦਿਆਂ ਇੱਕ ਦਿਨ ਪਤਾ ਲੱਗਾ ਘਰੇ ਆਏ ਭੈਣ ਅਤੇ ਜੀਜਾ ਜੀ ਨੂੰ ਬਾਹਰੋਂ ਆਈ ਪੁਲਸ ਦੀ ਧਾੜ ਚੁੱਕ ਕੇ ਲੈ ਗਈ ਏ..ਮੇਰਾ ਬਾਪ ਵਾਹੀ ਖੇਤੀ ਕਰਨ ਵਾਲਾ ਇੱਕ ਹਮਾਤੜ ਜਿਹਾ ਜੱਟ..!
ਮੋਤਬੇਰਾਂ ਨੂੰ ਨਾਲ ਲੈ ਕੇ ਸਾਰਾ ਮਾਝਾ ਛਾਣ ਮਾਰਿਆ..ਕਿਸੇ ਸਿਰਾ ਨਾ ਫੜਾਇਆ..ਕੰਮਾਂ ਧੰਦਿਆਂ ਵਾਲਿਆਂ ਨੇ ਅਖੀਰ ਹੱਥ ਖੜੇ ਕਰ ਦਿੱਤੇ..ਫੇਰ ਮੈਂ ਮੇਰਾ ਬਾਪ ਤੇ ਇੱਕ ਨਿੱਕਾ ਜਿਹਾ ਭਾਣਜਾ..ਏਡੀ ਵੱਡੀ ਦੁਨੀਆ ਦੇ ਔਖਿਆਂ ਪੈਂਡਿਆਂ ਦੇ ਤਿੰਨ ਪਾਂਧੀ..ਸੁਵੇਰੇ ਨਿੱਕਲਦੇ ਸਾਮੀਂ ਘਰੇ ਮੁੜਦੇ..ਕੋਈ ਪਤਾ ਨੀ ਲੱਗਾ..ਮਾਂ ਤੇ ਨਿੱਕੇ ਹੁੰਦਿਆਂ ਹੀ ਤੁਰ ਗਈ ਸੀ..ਬਾਪੂ ਜੀ ਵੀ ਇਸੇ ਝੋਰੇ ਵਿਚ ਛੇਤੀ ਮਗਰੋਂ ਰਵਾਨਗੀ ਪਾ ਗਿਆ..ਜਮੀਨ ਖੁੱਸ ਜਾਣ ਦੇ ਡਰੋਂ ਨਿੱਕੇ ਭਾਣਜੇ ਦਾ ਉਸਦੇ ਆਪਣਿਆਂ ਨੇ...

ਸਦਾ ਲਈ ਵਰਕਾ ਪਾੜ ਦਿੱਤਾ..!
ਮਗਰੋਂ ਕੱਲੀ ਨੇ ਪਾਲਣ ਪੋਸ਼ਣ ਸ਼ੁਰੂ ਕਰ ਦਿੱਤਾ..ਥੋੜਾ ਵੱਡਾ ਹੋਇਆ ਤਾਂ ਨਸ਼ੇ ਦੇ ਦਰਿਆਂ ਵਿਚ ਗਰਕ ਹੋਣੋਂ ਬਚਾਉਣ ਦਾ ਇੱਕੋ ਇੱਕ ਹੱਲ ਸੀ ਕੇ ਭੈਣ ਦੀ ਨਿਸ਼ਾਨੀ ਨੂੰ ਸਦਾ ਲਈ ਆਪਣੀ ਬੁੱਕਲ ਵਿਚ ਲੁਕੋ ਲੈਂਦੀ..!
ਨਾਲ ਹੀ ਉਸਨੇ ਸਾਰਿਆਂ ਤੋਂ ਮਗਰ ਕੁਰਸੀ ਤੇ ਨੀਵੀਂ ਪਾਈ ਬੈਠੇ ਹੋਏ ਵੀਹਾਂ ਕੂ ਵਰ੍ਹਿਆਂ ਦੇ ਇੱਕ ਮੁੱਛ-ਫੁੱਟ ਨੂੰ ਸਟੇਜ ਤੇ ਸੱਦ ਲਿਆ..!
ਉਸਨੂੰ ਕਲਾਵੇ ਵਿਚ ਲੈਂਦੀ ਹੋਈ ਆਖਣ ਲੱਗੀ..ਆਹ ਏ ਮੇਰੀ ਬੁੱਕਲ ਵਿਚ ਲੁਕਿਆ ਹੋਇਆ ਕੰਵਾਰੀ ਮਾਂ ਦਾ ਚੰਡੀਗੜ ਪੜਦਾ ਛਿੰਦਾ ਪੁੱਤ..ਮਾਂ ਮਿੱਟਰ..ਹੁਣ ਮੈਂ ਹੀ ਹਾਂ ਇਸਦਾ ਸਾਰਾ ਕੁਝ..!
ਮਗਰੋਂ ਉਹ ਹੋਰ ਵੀ ਕਿੰਨਾ ਕੁਝ ਬੋਲਦੀ ਰਹੀ ਤੇ ਅੱਗੇ ਬੈਠੇ ਇੰਝ ਸੁਣਦੇ ਰਹੇ ਜਿੱਦਾਂ ਸੋਹਣਾ ਰੱਬ ਅੱਜ ਬੇਗਮਪੁਰੇ ਦੀ ਧਰਤੀ ਛੱਡ ਹਰੇਕ ਦੇ ਸਾਮਣੇ ਆਣ ਖਲੋਤਾ ਹੋਵੇ..!
ਮਾਹੌਲ ਵਿਚ ਪੱਸਰ ਗਈ ਅਜੀਬ ਤਰਾਂ ਦੀ ਇੱਕ “ਚੁੱਪ” ਸਾਮਣੇ ਨੀਵੀਂ ਪਾਈ ਬੈਠਿਆਂ ਨੂੰ ਨਸੀਹਤ ਦੇ ਰਹੀ ਸੀ ਕੇ ਰੱਬ ਦਿਓ ਬੰਦਿਓ ਕਿਸੇ ਮੁਸਕੁਰਾਉਂਦੇ ਹੋਏ ਦੀ ਖੁਸ਼ੀ ਬਾਰੇ ਸੋਚ ਖੁਦ ਦੇ ਮਨ ਵਿਚ ਈਰਖਾ ਵਾਲਾ ਬੂਟਾ ਲਾਉਣ ਤੋਂ ਪਹਿਲਾਂ ਉਸ ਹਮਾਤੜ ਦੇ ਬੋਝੇ ਜਰੂਰ ਫਰੋਲ ਲਿਆ ਕਰੋ..ਮੈਂ ਤੁਹਾਨੂੰ ਉਸਦੇ ਰੁਮਾਲ ਦੀਆਂ ਤੈਹਾਂ ਵਿਚ ਸਿੱਲ ਬਣ ਕੇ ਲੁਕੀ ਹੋਈ ਜਰੂਰ ਮਿਲਾਂਗੀ..!
ਘਾਹ ਦੇ ਤੀਲੇ ਨੂੰ ਦੰਦਾਂ ਨਾਲ ਟੁੱਕਦਾ ਹੋਇਆ ਨੀਵੀਂ ਪਾਈ ਬੈਠਾ ਮਾਸਟਰ ਹਰਮੇਲ ਸਿੰਘ ਸ਼ਾਇਦ ਇਹ ਅਰਦਾਸ ਕਰ ਰਿਹਾ ਸੀ ਕੇ ਕਾਸ਼ ਅੱਜ ਧਰਤੀ ਥੋੜਾ ਜਿਹਾ ਵੇਹਲ ਹੀ ਦੇ ਦੇਵੇ..!
ਸਟੇਜ ਤੇ ਲਗਾਤਾਰ ਬੋਲੀ ਜਾ ਰਹੀ ਮੈਡਮ ਪੰਨੂੰ ਤੋਂ ਇਲਾਵਾ ਅੱਜ ਹਰ ਅੱਖ ਰੋ ਰਹੀ ਸੀ..ਪਛਤਾ ਰਹੀ ਸੀ..ਜਿਸਨੂੰ ਦਿਲਾਸਾ ਦੇਣਾ ਬਣਦਾ ਸੀ..ਉਸ ਰੱਬੀ ਰੂਹ ਤੇ ਸ਼ੱਕ ਕੀਤਾ..!
ਸੋ ਦੋਸਤੋ ਕਈ ਵਾਰ ਤੁਹਾਡੀ ਚੁੱਪ ਵਿਚ ਦੁਨੀਆ ਦੇ ਕਿੰਨੇ ਸਾਰੇ ਵਿੰਗੇ-ਟੇਢੇ ਸਵਾਲਾਂ ਦਾ ਜੁਆਬ ਦੇਣ ਦੀ ਸਮਰੱਥਾ ਹੁੰਦੀ ਏ ਪਰ ਜਦੋਂ ਇਸ ਚੁੱਪ ਨੂੰ ਕਮਜ਼ੋਰੀ ਸਮਝਿਆ ਜਾਣ ਲੱਗੇ ਤਾਂ ਜੁਬਾਨ ਦੀ ਵਰਤੋਂ ਕਰਨੀ ਜਾਇਜ ਏ..ਤੇ ਜਿਥੇ ਇਸ ਜੁਬਾਨ ਦਾ ਵੀ ਕੋਈ ਵੱਸ ਨਾ ਚੱਲੇ ਓਥੇ ਦਸਮ ਪਿਤਾ ਨੇ ਹਥਿਆਰ ਚੁੱਕਣਾ ਜਾਇਜ ਕਰਾਰ ਦਿੱਤਾ ਏ..!
ਹਰਪ੍ਰੀਤ ਸਿੰਘ ਜਵੰਦਾ

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)