ਲੋਕੋ ਧੀਆਂ ਬੋਝ ਨਹੀਂ ਹੁੰਦੀਆਂ
ਅੱਜ ਮੈਂ ਬਜ਼ਾਰ ਗਈ। ਇੱਕ ਦੁਕਾਨ ਤੇ ਬੈਠੀ ਹੋਈ ਸੀ। ਤਿਉਹਾਰਾਂ ਦੇ ਦਿਨ ਹੋਣ ਕਰਕੇ ਦੁਕਾਨ ਤੇ ਬਹੁਤ ਭੀੜ ਸੀ। ਬਹੁਤਾਂਤ ਪਰਿਵਾਰ ਖਰੀਦੂ ਫਰੋਖਤ ਕਰਨ ਆਏ ਹੋਏ ਸਨ।
ਅਚਾਨਕ ਮੇਰਾ ਧਿਆਨ ਇੱਕ ਔਰਤ ਉੱਪਰ ਪਿਆ ਜੋ ਕੀ ਫੋਨ ਉੱਤੇ ਬਹੁਤ ਉੱਚੀ-ਉੱਚੀ ਗੱਲਾਂ ਕਰ ਰਹੀ ਸੀ। ਪਹਿਲਾਂ ਉਸ ਦੀਆਂ ਗੱਲਾਂ ਦੀ ਕੋਈ ਸਮਝ ਨਹੀਂ ਆਈ । ਇਸ ਤਰਾਂ ਲੱਗ ਰਿਹਾ ਸੀ ਜਿਵੇਂ ਕਹਿ ਰਹੀ ਹੋਵੇ ਕਿ ਉਹ ਇਵੇਂ ਕਿਉਂ ਕਰ ਰਹੇ ਨੇ? ਪਹਿਲਾਂ ਵੀ ਤਾਂ ਵੀਹ ਦਿੱਤਾ( ਸ਼ਾਇਦ ਪੈਸਿਆਂ ਦੀ ਗੱਲ ਕਰ ਰਹੀ ਸੀ) ਸੀ ਨਾਲੇ ਫਿਰ ਕੀ ਹੋਇਆ ਪਹਿਲਾਂ ਚਾਰ ਨੇ ਤੇ ਇੱਕ ਹੋਰ ਹੋ ਗਈ ਤਾਂ।
ਜਦੋਂ ਉਸਨੇ ਫੋਨ ਕਾਲ ਖਤਮ ਕੀਤੀ ਤਾਂ ਇੱਕ ਜਣੇ ਨੇ ਪੁੱਛ ਹੀ ਲਿਆ ਕਿ ਕੀ ਹੋਇਆ? ਉਸਨੇ ਕਿਹਾ ਕਿ ਸਾਡੀ ਕੁੜੀ ਦੇ ਘਰ ਪਹਿਲਾਂ ਚਾਰ ਕੁੜੀਆਂ ਨੇ ,ਅੱਜ ਪੰਜਵੀਂ ਹੋ ਗਈ ਹੈ। ਉਸਦੇ ਸਹੁਰੇ ਕਹਿੰਦੇ ਨੇ ਕਿ ਇਸ ਕੁੜੀ ਨੂੰ ਘਰ ਨਹੀਂ ਲੈ ਕੇ ਆਉਣਾ। ਉੱਥੇ ਹੀ ਕਿਸੇ ਨੂੰ ਦੇ ਦਿਉ। ਅਸੀਂ ਲੋਕਾਂ ਨੂੰ ਕਹਿ ਦਵਾਂਗੇ ਕਿ ਕੁੜੀ ਪੈਦਾ ਹੁੰਦਿਆ ਹੀ ਮਰ...
ਗਈ। ਇਹ ਗੱਲ ਸੁਣਦੇ ਹੀ ਮੇਰਾ ਕਲੇਜਾ ਮੂੰਹ ਨੂੰ ਆ ਗਿਆ। ਜਿੰਨੀਆਂ ਬਦ ਦੁਆਵਾਂ ਮੇਰੇ ਮੂੰਹ ਵਿੱਚ ਆਈਆਂ ਮੈਂ ਦਿਲ ਵਿੱਚ ਦੇ ਦਿੱਤੀਆਂ। ਉਸ ਕੁੜੀ ਦਾ ਕੀ ਕਸੂਰ? ਉਸ ਵਿਚਾਰੀ ਨੂੰ ਕੁਝ ਪਤਾ ਕਿ ਉਹ ਕਿਸੇ ਲਈ ਕੋਈ ਮਾਇਨੇ ਹੀ ਨਹੀਂ ਰੱਖਦੀ।
ਮੇਰੇ ਕੋਲੋਂ ਬੋਲੇ ਬਿਨਾਂ ਰਿਹਾ ਨਾ ਗਿਆ। ਮੈਂ ਕਿਹਾ, ਜਦੋਂ ਇੱਕ ਬੱਚਾ ਹੋ ਜਾਂਦਾ ਹੈ ਤਾਂ ਲੋਕ ਇੰਨੀ ਮਹਿੰਗਾਈ ਵਿੱਚ ਹੋਰ ਬੱਚਿਆਂ ਬਾਰੇ ਕਿਉਂ ਸੋਚਦੇ ਨੇ? ਮੁੰਡੇ ਬਾਰੇ ਸੋਚਦੇ ਸੋਚਦੇ ਪੰਜ ਧੀਆਂ ਪੈਦਾ ਕਰ ਲਈਆਂ। ਮੁੰਡਿਆਂ ਨੇ ਕਿਹੜਾ ਹੀਰੇ ਜੜ ਦੇਣੇ ਹੁੰਦੇ ਨੇ। ਇਸ ਵਿਸ਼ੇ ਤੇ ਸਭ ਬੋਲ ਰਹੇ ਸੀ। ਪਰ ਮੈਂ ਭਰੇ ਮਨ ਬਿਨਾਂ ਕੁਝ ਖਰੀਦੇ ਉਸ ਦੁਕਾਨ ਤੋਂ ਉੱਠ ਕੇ ਘਰ ਵੱਲ ਚੱਲ ਪਈ। ਮੇਰੀ ਕੁਝ ਵੀ ਖਰੀਦਣ ਦੀ ਹਿੰਮਤ ਹੁਣ ਨਹੀਂ ਪਈ। ਘਰ ਆ ਕੇ ਵੀ ਮੇਰੀ ਅੱਥਰੂਆਂ ਦੀ ਲੜੀ ਰੁਕ ਹੀ ਨਹੀਂ ਸੀ ਰਹੀ।
ਧੰਨਵਾਦ
ਮਨਜੀਤ ਕੌਰ ਚੱਠਾ।