ਸ਼ਹਿਰ ਗਾਰਡ ਦੀ ਮਿਲੀ ਨਵੀਂ ਨੌਕਰੀ..ਸਿਆਲ ਦਾ ਮੌਸਮ..ਪਿੰਡੋਂ ਕੋਈ ਦਸ ਕਿਲੋਮੀਟਰ ਦੀ ਵਾਟ ਸਾਈਕਲ ਤੇ ਮਸੀਂ ਵੀਹ ਪੱਚੀ ਮਿੰਟ ਹੀ ਲੱਗਦੇ..!
ਉਸ ਦਿਨ ਵੀ ਰਾਤ ਦਾ ਵਰਦਾ ਮੋਹਲੇਧਾਰ ਮੀਂਹ..ਸਾਰੀ ਵਰਦੀ ਭਿੱਝ ਗਈ..ਪਰ ਜਿਆਦਾ ਫਿਕਰ ਪੱਗ ਦਾ ਸੀ..ਇਹ ਕਿੱਦਾਂ ਸੁੱਕੇਗੀ!
ਸੋਸਾਇਟੀ ਦੇ ਕੈਬਿਨ ਵਿਚ ਅੱਪੜਦਿਆਂ ਹੀ ਉਹ ਆ ਗਈ..ਥਰਮਸ ਵਿਚ ਗਰਮ ਗਰਮ ਚਾਹ..ਆਲੂਆਂ ਦੇ ਪਰੌਂਠੇ..ਅਤੇ ਹੋਰ ਵੀ ਕਿੰਨਾ ਕੁਝ..ਆਖਣ ਲੱਗੀ ਖਾ ਲੈ ਪੁੱਤ..ਠੰਡ ਨਾ ਲੱਗ ਜਾਵੇ..ਇਹ ਮੱਘਰ ਦੀ ਝੜੀ ਬੜੀ ਡਾਹਢੀ ਹੁੰਦੀ ਏ..!
ਫੇਰ ਕੋਲ ਬੈਠ ਗਈ..ਕਿੰਨੀਆਂ ਗੱਲਾਂ ਦੱਸੀਆਂ..ਫਲੈਟ ਵੀ ਸਾਮਣੇ ਹੀ ਸੀ..ਫੇਰ ਦੱਸਣ ਲੱਗੀ ਮੇਰਾ ਪੋਤਰਾ ਵੀ ਫੌਜ ਵਿਚ ਹੀ ਏ..ਉਹ ਵੀ ਬਾਡਰ ਤੇ ਮੀਂਹ ਵਿਚ ਇੰਝ ਹੀ ਭਿੱਜਦਾ ਹੋਣਾ..!
ਮੈਂ ਸੁਣੀ ਗਿਆ..ਅਖੀਰ ਆਪਣੇ ਪੋਤਰੇ ਦੇ ਕੱਪੜੇ ਲੈ ਆਈ..ਅਖ਼ੇ ਤੇਰੇ ਜਿੰਨਾ ਹੀ ਕਦ ਏ ਉਸਦਾ..ਅੰਦਰ ਜਾ ਕੇ ਗਲ਼ ਪਾਏ ਤਾਂ ਵਾਕਿਆ ਹੀ ਪੂਰੇ ਆਏ..ਬਾਹਰ ਆਇਆ ਤਾਂ...
ਉਸਨੇ ਮੇਰਾ ਮੱਥਾ ਚੁੰਮ ਲਿਆ..ਅਖ਼ੇ ਨਿਰਾ ਪੂਰਾ ਮੇਰਾ ਜੱਗੀ ਹੀ ਲੱਗਦਾ..!
ਮੈਂ ਵੀ ਹੇਠਾਂ ਝੁਕ ਪੈਰਾਂ ਨੂੰ ਹੱਥ ਲਾ ਉਸਨੂੰ ਕਲਾਵੇ ਵਿਚ ਲੈ ਲਿਆ..ਆਪਣੀ ਬੀਜੀ ਚੇਤੇ ਆ ਗਈ..ਪਤਾ ਨੀ ਕਿਥੇ ਹੋਵੇਗੀ ਇਸ ਵੇਲੇ..ਕਲਾਵੇ ਦੀ ਪਕੜ ਢਿੱਲੀ ਹੋਣ ਲੱਗੀ ਤਾਂ ਆਪਣੇ ਆਪ ਹੀ ਫੇਰ ਕੱਸ ਪੈ ਗਈ..ਸ਼ਾਇਦ ਡਰ ਗਿਆ ਸਾਂ ਕਿਧਰੇ ਇਹ ਵੀ ਨਾ ਛੱਡ ਜਾਵੇ..ਜਾਣ ਲੱਗਿਆਂ ਕਿਹੜਾ ਦੱਸ ਕੇ ਜਾਂਦੀਆਂ ਨੇ..ਇਹ ਮਾਈਆਂ ਰੱਬ ਰਜਾਈਆਂ..ਪਤਾ ਨੀ ਕਿਹੜੇ ਦੇਸ਼ ਚੋਂ ਆਈਆਂ!
ਮਸੀਂ ਮਸੀਂ ਸੁਕਿਆਂ ਮੂੰਹ ਇੱਕ ਵੇਰ ਫੇਰ ਗਿੱਲਾ ਹੋ ਗਿਆ..ਇਸ ਵੇਰ ਕਣੀਆਂ ਨਾਲ ਨਹੀਂ ਸਗੋਂ ਪਰਲ ਪਰਲ ਵਗ ਤੁਰੇ ਹੰਝੂਆਂ ਨਾਲ..!
ਹਰਪ੍ਰੀਤ ਸਿੰਘ ਜਵੰਦਾ