More Punjabi Kahaniya  Posts
ਵੰਡ


ਵੰਡ
ਅਖੀਰਲੀ ਕੀਮੋ ਨੇ ਤਾਂ ਜਾਨ ਕੱਢ ਲਈ, ਇੰਨੀ ਕਮਜ਼ੋਰੀ ਕਿ ਘੰਟਾ ਹੋ ਗਿਆ ਅੱਖਾਂ ਖੋਲ੍ਹਦੀ ਨੂੰ,
ਪਰ ਕਿੱਥੇ, ਪਲਕਾਂ ਢੇਰੀ ਢਾਹੀ ਬੈਠੀਆਂ.
ਚਿੜੀਆਂ ਦੀ ਅਵਾਜ ਤੋਂ ਲੱਗਦਾ ਬਾਹਰ ਤਾਂ ਨ੍ਹੇਰਾ ਪਰ ਸਵੇਰਾ ਘੁੰਡ ਚੱਕਣ ਦੀ ਤਿਆਰੀ ਕਰੀ ਬੈਠਾ …ਬੁਲ੍ਹ ਵੀ ਸੁੱਕੇ ਪਏ, ਪਾਣੀ ਦਾ ਗਿਲਾਸ ਚੱਕਣ ਦੀ ਕੋਸਿਸ ਕੀਤੀ, ਦੇਖਿਆ ਨਾਯਾ ਨੇ ਮੇਰੀ ਚੱਪਲ ਅਗਲੀਆਂ ਦੋਵੇ ਲੱਤਾਂ ਵਿੱਚ ਘੁੱਟ ਤੇ ਮੈਕਸ ਦੂਸਰੀ ਚੱਪਲ ਆਪਣੇ ਕੰਨਾਂ ਹੇਠਾਂ ਰੱਖ ਘੂਕ ਸੁੱਤੇ ਪਏ, ਮੇਰੇ ਹੱਥਾਂ ਦੀ ਆਵਾਜ਼ ਨਾਲ ਝੱਟ ਉੱਠ, ਮੈਨੂੰ ਦੇਖ ਪੂਛਾਂ ਹਲਾਂਓਂਦੇ, ਹੱਥਾਂ ਨੂੰ ਚੁੰਮਦੇ ਖੁਸ਼ੀ ਵਿੱਚ ਦੂਹਰੇ ਹੋਏ ਪਏ..ਦੋਵਾਂ ਦੇ ਸਿਰ ਹੱਥ ਫੇਰ ਰੂਹ ਨੂੰ ਸਕੂਨ ਜਿਹਾ ਆ ਗਿਆ.!
ਤਿੰਨ ਸਾਲ ਪਹਿਲਾਂ ਇਨ੍ਹਾਂ ਦੀ ਮਾਂ ਜਨਮ ਦੇਕੇ ਚੜ੍ਹਾਈ ਕਰ ਗਈ,, ਚੂਹੇ ਦੇ ਸਾਈਜ, ਅੱਖਾਂ ਦੋ ਦਿਨ ਬਾਅਦ ਖੁਲੀਆਂ! ਬੱਕਰੀ ਦੇ ਦੁੱਧ ਨਾਲ ਰੂੰ ਭਉ ਮੂੰਹ ਨੂੰ ਲਾਉਣੀ, ਤਕੜੇ ਹੋ ਗਏ.! ਇਹ ਮੇਰਾ ਇੱਕ ਮਿੰਟ ਵਸਾਹ ਨਹੀਂ ਕਰਦੇ, ਮੈਂ ਹੀ ਮਾਂ ਹਾਂ ਇਨ੍ਹਾਂ ਲੱਡੂਆਂ ਦੀ… ਜਦੋ ਪਿੰਡੋ ਗੁਰੀ ਕੋਲ ਲੁਧਿਆਣੇ ਆਉਣਾ ਹੋਵੇ ਇਹ ਪਹਿਲਾਂ ਜੀਪ ਵਿੱਚ ਤਿਆਰੀ ਕਰੀ ਬੈਠੇ ਹੁੰਦੇ ਆ! ਜਦੋ ਡਾਕਟਰ ਦੀ ਮਿਲਣੀ ਤੋਂ ਵਾਪਸ ਆਓ ਤਾਂ ਦਰਵਾਜੇ ਅੰਦਰ ਖੜ੍ਹੇ ਉਡੀਕਦੇ ਰਹਿੰਦੇ..! ਬੈਠੀ ਹੋਵਾ ਤਾਂ ਮੇਰੀਆਂ ਲੱਤਾਂ ਨਾਲ ਲੱਗ ਬੈਠਣਾ, ਰਾਤ ਨੂੰ ਬੈਡ ਨਾਲ ਨਾਲ ਲੱਗ ਸੋਣਾ..!
ਕੋਈ ਚਾਰ ਸਾਲ ਪਹਿਲਾਂ ਕੈਂਸਰ ਦਾ ਪਤਾ ਲੱਗਿਆ ਤੇ ਕੀਮੋ ਦੇ 5 ਸੈਸ਼ਨ ਹੋਏ, ਸਰੀਰ ਵਿੱਚ ਬਰਕਤ ਸੀ, ਸਿਹਤ ਠੀਕ ਰਹੀ.! ਵਾਲ ਵੀ ਛੇਤੀ ਠੀਕ ਹੋ ਗਏ, 6 ਮਹੀਨੇ ਹੋਏ ਕਿ ਕੈਂਸਰ ਫਿਰ ਆ ਦਾਖ਼ਲ ਹੋਇਆ, ਪਰ ਮੈਂ ਤਾਂ ਫੈਸਲਾ ਕੀਤਾ ਕਿ ਹੁਣ ਕੀਮੋ ਨਹੀਂ ਕਰਵਾਉਣੀ, ਭਰਜਾਈ ਨਾਲ ਬਜਾਰੋਂ ਆਪਣੀ ਪਸੰਦ ਦਾ ਸੂਟ ਲੈ, ਪਹਿਲਾਂ ਵਾਲੇ ਦਰਜੀ ਤੋਂ ਮੇਚੇ ਦਾ ਸਵਾਇਆ ਅਤੇ ਪੇਕੇ ਰੱਖ ਦਿੱਤਾ ਕਿ ਸਸਕਾਰ ਤੇ ਲੈ ਕੇ ਆਉਣਾ, ਪਿੰਡ ਆਪ ਪਾਠ ਸਪੂੰਰਨ ਕਰ, ਆਪਣਾ ਭੋਗ ਵੀ ਪਾ ਲਿਆ ਜਿਸਤੇ ਕਾਰੋਨੇ ਮਗਰੋਂ ਘੁੱਕਰ, ਭੁੱਚਰ ਤੇ ਉਨ੍ਹਾਂ ਦੀ ਸੁਹੇਲੀ ਸਕੀਨਾ ਬੱਚਿਆਂ ਨਾਲ ਅਮਰੀਕਾ ਤੋਂ ਆਈਆਂ, ਭੈਣਾਂ, ਭਰਾ, ਭਤੀਜੇ, ਭਤੀਜੀਆਂ, ਭਾਣਜੇ ਤੇ ਭਾਣਜੀਆਂ ਪਰਿਵਾਰਾਂ ਸਮੇਤ ਅਤੇ ਹੋਰ ਰਿਸਤੇਦਾਰ, ਮਿੱਤਰ ਆਏ.!
ਗੁਰੀ ਘੁੱਕਰ ਤੋਂ ਦੋ ਸਾਲ ਤੇ ਭੁੱਚਰ ਤੋਂ ਚਾਰ ਸਾਲ ਵੱਡਾ ਹੈ.! ਗੁਰੀ ਤੇ ਉਸਦੀ ਪਤਨੀ ਜੀਤੀ ਯੂਨੀਵਰਸਿਟੀ ਲੱਗੇ ਹਨ ਪਰ ਘੁੱਕਰ ਤੇ ਭੁੱਚਰ ਅਮਰੀਕਾ ਦੀ ਨਿਊਯੌਰਕ ਯੂਨੀਵਰਸਿਟੀ ਤੋਂ ਪੜ੍ਹ, ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵਿੱਚ ਕੰਮ ਕਰਦੀਆਂ ਨੇ, ਬੜੀ ਕਿਰਪਾ ਹੈ ਸੋਹਣੇ ਪਰਿਵਾਰ ਹਨ ਦੋਨਾਂ ਦੇ.! ਸਕੀਨਾ ਤੇ ਦੋਨਾਂ ਦੇ ਘਰ ਖੁਲੇ ਡੁਲੇ, ਨਾਲ ਨਾਲ ਹਨ! ਸਕੀਨਾ ਵੀ ਪੰਜਾਬੀ ਹੈ ਛੋਟੀ ਹੁੰਦੀ ਲਾਹੌਰ ਤੋਂ ਗਈ ਸੀ.! ਸਕੀਨਾ ਦੇ ਪਿਤਾ ਵੀ ਇਨ੍ਹਾਂ ਦੇ ਪਿਤਾ ਵਾਂਗ 5 ਸਾਲ ਪਹਿਲਾਂ ਪੂਰੇ ਹੋ ਗਏ ਸਨ! ਮਾਂ ਸਕੀਨਾ ਨਾਲ ਰਹਿੰਦੀ ਹੈ, ਥੋੜ੍ਹੀ ਢਿੱਲੀ ਸਿਹਤ..!
ਘੁੱਕਰ ਪਹਿਲਾਂ ਤੋਂ ਬੇਹੱਦ ਸਰਾਰਤੀ ਤੇ ਹੱਸਮੁੱਖ, ਹੁਣ ਵੀ ਕਸਰ ਕੁੱਝ ਨਹੀਂ ਰਹਿਣ ਦਿੰਦੀ, ਭੁੱਚਰ ਪੂਰੀ ਲਾਪਰਵਾਹ, ਇੱਕ ਕੰਨ ਪਾਈ, ਦੂਸਰੇ ਕੰਨ ਬਾਹਰ.! ਸਕੀਨਾ ਦੇ ਮਾਪੇ 1947 ਵੇਲੇ ਮੋਗੇ ਦੇ ਪਿੰਡਾਂ ਤੋਂ ਉਜੜ ਕੇ ਗਏ ਸਨ.! ਸਕੀਨਾ...

ਤਿੰਨ ਸਾਲ ਪਹਿਲਾਂ ਵੀ ਆਈ ਸੀ, ਇਸ ਵਾਰ ਅਸੀਂ ਉਸਦੇ ਦਾਦਕੇ ਤੇ ਨਾਨਕੇ ਘਰ ਲੱਭਕੇ ਮਿਲਣ ਗਏ ਸੀ.! ਦਾਦੇ ਦੇ ਘਰ ਤੋਂ ਪੁਰਾਣੀ ਭਦੌੜੀ ਇੱਟ ਲੈਕੇ ਆਈ ਤੇ ਨਾਨਕੇ ਘਰ ਤੋਂ ਮਿੱਟੀ, ਰੋਂਦੀ ਕਹੀ ਜਾਵੇ ਇਹ ਇੱਟ ਨਾਲ ਅਬੂ ਨੂੰ ਕਬਰ ਵਿੱਚ ਸਕੂਨ ਆ ਜਾਵੇਗਾ, ਇਸ ਮਿੱਟੀ ਦੀ ਖੁਸਬੋ ਮਾਂ ਦੀਆਂ ਅੱਖਾਂ ਚ ਠੰਡ ਪਵੇਗੀ.!
ਭੋਗ ਤੇ ਮੈਂ ਰਿਸ਼ਤੇਦਾਰਾਂ ਤੇ ਬੱਚਿਆਂ ਨੂੰ ਕਿਹਾ ਕਿ ਤੁਹਾਡੇ ਪਿਤਾ ਜੀ ਤੇ ਮੇਰੇ ਵਲੋਂ 12 ਸਾਲ ਪਹਿਲਾਂ ਲਿੱਖੀ ਵਸੀਹਤ ਅੱਜ ਲੰਗਰ ਬਾਅਦ ਪੜ੍ਹਾਂਗੇ.! ਮੇਰੇ ਭਰਾ ਨੇ ਪੜ੍ਹਨਾ ਸ਼ੁਰੂ ਕੀਤਾ ਕਿ ਜਮੀਨ, ਘਰ ਤੇ ਬਾਕੀ ਚਲ ਅਚੱਲ ਜਇਦਾਦ ਦੇ ਤਿੰਨ ਹਿੱਸੇ ਬਰਾਬਰ ਬੱਚਿਆਂ ਦੇ.! ਜਮੀਨ ਦੇ 36 ਏਕੜ ਸਨ, ਪਿੰਡ ਘਰ, ਲੁਧਿਆਣੇ ਵਾਲਾ ਘਰ .! ਇਹ ਸੁਣ ਜੀਤੀ ਸੁਭਾਅ ਮੁਤਾਬਕ ਆਪਣੇ ਚਿਹਰੇ ਦੇ ਬਦਲਦੇ ਰੰਗ ਲਕਾਉਣ ਦੀ ਕੋਸਿਸ ਕਰਦੀ ਰਹੀ .!
ਹੁਣ ਅਸੀਂ ਵੀ ਗੁਰੀ ਬਰਾਬਰ ਖੇਤੀ ਕਰਾਂਗੇ, ਬਲਦ ਨਗੌਰ ਤੇ ਲੈਕੇ ਆਵਾਂਗੇ, ਘੁੱਕਰ ਨੇ ਸ਼ਰਾਰਤ ਕਰਦੇ ਹੱਸਦੀ ਨੇ ਕਿਹਾ..!
ਗੁਰੀ ਕਿਹੜਾ ਘੱਟ ਸੀ, ਮੈਂ ਖੇਤੀ ਨੂੰ ਹੱਥ ਨਹੀਂ
ਲਾਇਆ, ਤੁਸੀਂ ਮੇਰੇ ਵਾਲੀ ਵਾਹ ਲਾਇਓ, ਜਾਣ ਪੁਛਾਣ ਕਰਕੇ ਤੁਹਾਥੋਂ 2000 ਘੱਟ ਠੇਕਾ ਲੈ ਲਵਾਂਗੇ.!
ਹੋਲੀ ਜਿਹੀ ਅਵਾਜ ਵਿੱਚ ਜੀਤੀ ਕਹਿਣ ਲੱਗੀ ਕਿ ਅਸੀਂ ਤੁਹਾਡਾ ਠੇਕਾ ਤੁਹਾਡੇ ਅਕਾਊਟ ਵਿੱਚ ਜਮਾ ਕਰਵਾ ਦਿਆ ਕਰਾਂਗੇ..!
ਘੁੱਕਰ ਬੋਲੀ, ਚੱਲ ਗੁਰੀ ਕਰ ਸੌਦਾ, ਮਾਂ ਦੀ ਪੇਟੀ ਵਿੱਚ ਸਾਡੀ ਪੜਨਾਨੀ ਦੀਆਂ ਦੋ ਫੁੱਲਕਾਰੀਆਂ ਹਨ, ਉਹ ਇੱਕ ਮੇਰੀ ਦੂਜੀ ਭੁੱਚਰ ਦੀ? ਮਾਂ ਕੀਮੋ ਕਰਵਾਕੇ, ਨਾਯਾ ਤੇ ਮੈਕਸ ਨਾਲ ਸਾਡੇ ਕੋਲ ਅਮਰੀਕਾ ਆਵੇਗੀ
ਜੀਤੀ ਨੇ ਸੌਖਾ ਸਾਹ ਲੈਂਦੀ ਨੇ ਕਿਹਾ, ਨਾਯਾ ਤੇ ਮੈਕਸ ਨੂੰ ਕਿੱਥੇ ਲੈਕੇ ਜਾਵੋਗੇ, ਸਾਡੇ ਕੋਲ ਛੱਡ ਦਿਓ ? ਇਹ ਸੁਣ ਮੈਂ ਆਪਣਾ ਪੇਪਰ ਕੱਢ ਭਰਾ ਦੇ ਮੂਹਰੇ ਕੀਤਾ ਕਿ ਮੇਰੇ ਪਿੱਛੋਂ ਨਾਯਾ ਤੇ ਮੈਕਸ ਨੂੰ ਕਦੇ ਅਲੱਗ ਨਹੀਂ ਕੀਤਾ ਜਾਵੇਗਾ.! ਸਾਰਿਆਂ ਨੂੰ ਇਸ ਪੇਪਰ ਤੇ ਦਸਖ਼ਤ ਕਰਨ ਨੂੰ ਕਿਹਾ, ਸਾਰੇ ਬੱਚਿਆਂ, ਸਕੀਨਾ, ਭੈਣਾਂ ਤੇ ਭਰਾ ਨੇ ਛੇਤੀ ਦਸਖਤ ਕਰਤੇ.! ਫੈਸਲਾ ਹੋ ਗਿਆ, ਫੁਲਕਾਰੀਆਂ, ਮਾਂ, ਨਾਯਾ ਤੇ ਮੈਕਸ ਅਮਰੀਕਾ ਜਾਣਗੇ.!
ਮੇਰੀ ਭਤੀਜ ਨੂੰਹ ਕਹਿੰਦੀ ਸੁਣੀ, ਜੀਤੀ ਮੈਂ ਤਾਂ ਸੁਣਿਆ ਸੀ ਕਿ ਘੁੱਕਰ ਤੇ ਭੁੱਚਰ ਬੜੀਆਂ ਸਿਆਣੀਆਂ ਹਨ ਪਰ ਇਹ ਤਾਂ ਝੋਟੇ ਦੇ ਸਿਰ ਵਰਗੀ ਜਮੀਨ, 8 ਗਜ ਕਪੜੇ ਪਿੱਛੇ ਛੱਡ ਗਈਆਂ, ਇਹੋ ਜਹੀਆਂ ਫੁਲਕਾਰੀਆਂ ਤਾਂ ਬਜਾਰੋਂ ਜਿੰਨੀਆਂ ਮਰਜੀ ਲੈ ਲਵੋ.!
ਸੋਚਦੀ ਹਾਂ ਕਿ ਇਹ ਕੀ ਦਸਤੂਰ ਹੈ, ਆਦਮੀ ਸਦਾ ਵੰਡ ਪਾਉਣ ਵਿੱਚ ਰੁੱਝਾ ਰਹਿੰਦਾ, ਇਸ ਕਮਰੇ ਵਿੱਚ ਮੁਲਕ ਦੀ ਵੰਡ ਸਕੀਨਾ ਦੇ ਹੂੰਝਿਆ ਵਿੱਚ ਸਮਾਈ ਪਈ ਐ, ਫਿਰ ਜਮੀਨਾਂ ਘਰਾੰ ਦੀ ਵੰਡ, ਨਾਲ ਮਾਂ ਦੀ ਵੰਡ, ਮੇਰੇ ਲੱਡੂਆਂ ਦੀ ਵੰਡ..! ਇਸ ਵੰਡ ਤੋਂ ਕੋਈ ਖੁਸ਼ ਤੇ ਕੋਈ ਨੀਰਾਜ…
ਪਰ ਨਾਯਾ ਤੇ ਮੈਕਸ ਨੂੰ ਮੁਆਫ ਹੈ ਮੇਰੀਆਂ ਚੱਪਲਾਂ ਦੀ ਵੰਡ!
ਹਰਵਿੰਦਰ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)