ਸੁਨਸਾਨ ਖਾਲੀ ਪਲਾਂਟਾਂ ਵਿਚ ਨਿੱਤ ਦਿਹਾੜੇ ਹੀ ਲਾਵਾਰਿਸ ਮਿਲਦੀਆਂ ਨਵੀਆਂ ਜੰਮੀਆਂ ਕੁੜੀਆਂ ਦੀ ਹਾਲਤ ਤੋਂ ਪਸੀਜ ਕੇ ਸੰਨ 2009 ਵਿਚ ਅੰਮ੍ਰਿਤਸਰ ਦੇ ਉਸ ਵੇਲੇ ਦੇ ਡੀ ਸੀ ਸ੍ਰ .ਕਾਹਨ ਸਿੰਘ ਪੰਨੂੰ ਨੇ ਰੇਡ-ਕਰਾਸ ਇਮਾਰਤ ਦੀ ਬਾਹਰਲੀ ਕੰਧ ਵਿਚ ਆਲਾ ਕਢਵਾ ਇੱਕ ਲੱਕੜ ਦਾ “ਪੰਘੂੜਾ” ਫਿੱਟ ਕਰਵਾ ਦਿੱਤਾ!
ਫੇਰ ਢੰਡੋਰਾ ਪਿਟਵਾ ਦਿੱਤਾ ਕੇ ਕਿਸੇ ਵੀ ਛੋਟੀ ਬੱਚੀ ਨੂੰ ਨਾ ਤੇ ਮਾਰਿਆ ਜਾਵੇ ਤੇ ਨਾ ਹੀ ਕਿੱਤੇ ਲਾਵਾਰਿਸ ਥਾਂ ਸੁੱਟਿਆ ਹੀ ਜਾਵੇ..ਸਿਰਫ ਚੁੱਪ ਚਾਪ ਇਸ ਪੰਘੂੜੇ ਵਿਚ ਪਾ ਦਿੱਤਾ ਜਾਵੇ..ਕੋਈ ਸਵਾਲ ਨਹੀਂ ਪੁੱਛਿਆ ਜਾਵੇਗਾ!
ਇਸ ਪੰਘੂੜੇ ਵਿਚ ਇੱਕ ਨਰਮ ਜਿਹਾ ਬਿਸਤਰਾ ਤੇ ਥੱਲੇ ਘੰਟੀ ਲਗਵਾਈ.. ਜਦੋ ਵੀ ਕੋਈ ਬੱਚੀ-ਬੱਚਾ ਇਸ ਪੰਘੂੜੇ ਵਿਚ ਪਾ ਜਾਂਦਾ ਤਾਂ ਅੰਦਰ ਲੱਗੀ ਘੰਟੀ ਵੱਜ ਪੈਂਦੀ ਹੈ!
ਬੱਚਾ ਓਸੇ ਵੇਲੇ ਚੁੱਕ ਲਿਆ ਜਾਂਦਾ ਤੇ ਡਾਕਟਰੀ ਮੁਆਇਨੇ ਲਈ ਹਸਪਤਾਲ ਲਿਜਾਉਣ ਮਗਰੋਂ ਅਡਾਪਸ਼ਨ ਸੈਂਟਰ ਭੇਜ ਦਿੱਤਾ ਜਾਂਦਾ!
ਹੁਣ ਤੱਕ ਇਸ ਪੰਗੂੜੇ ਵਿਚ 200 ਦੇ ਕਰੀਬ ਬੱਚੇ ਆ ਚੁਕੇ ਹਨ ਜਿਹਨਾਂ ਵਿਚੋਂ ਸਿਰਫ ਪੰਜ ਛੇ ਹੀ ਮੁੰਡੇ ਹਨ ਬਾਕੀ ਸਾਰੀਆਂ ਕਿਸਮਤ ਪੁੜੀਆਂ ਹੀ...
ਹਨ!
ਵੇਹਲੜ ਬਾਬਿਆਂ ਨੂੰ ਸਪੌਂਸਰ ਕਰਨ ਨਾਲੋਂ ਜੇ ਕਿਸੇ ਹਮਾਤੜ ਦੇ ਬੱਚੇ ਦੀ ਫੀਸ ਦੀ ਜੁੰਮੇਵਾਰੀ ਚੁੱਕ ਲਈ ਜਾਵੇ ਤਾਂ ਸ਼ਾਇਦ ਕਿੰਨੀਆਂ ਧੀਆਂ ਇਸ ਪੰਗੂੜੇ ਚ ਪੈਣੋਂ ਬਚ ਸਕਦੀਆਂ ਨੇ!
ਦੱਸਦੇ ਕੇ ਇੱਕ ਔਰਤ ਨੇ ਰੈਡ ਕਰਾਸ ਅੰਦਰ ਜਾ ਕੇ ਗੁਹਾਰ ਲਗਾਈ ਕੇ ਪਰਸੋਂ ਮੇਰਾ ਘਰਵਾਲਾ ਨਵੀਂ ਜੰਮੀ ਚੋਥੀ ਕੁੜੀ ਨੂੰ ਮੇਰੇ ਤੋਂ ਚੋਰੀ ਇਸ ਪੰਘੂੜੇ ਚ ਪਾ ਗਿਆ ਸੀ..ਉਹ ਮੈਨੂੰ ਮੋੜ ਦਿਓ..ਜਿਥੇ ਤਿੰਨ ਪਲਦੀਆਂ ਮੈਂ ਚੋਥੀ ਵੀ ਪਾਲ ਲਊਂਗੀ..!
ਅਦਬ ਨਾਲ ਸਿਰ ਝੁਕਦਾ ਐਸੀ ਸੋਚ ਅੱਗੇ!
ਅਗਰ ਇੱਕ ਸਰਦਾ ਪੁੱਜਦਾ ਪਰਿਵਾਰ ਐਸੀ ਹੀ ਕਿਸੇ ਇੱਕ ਧੀ ਦਾ ਖਰਚਾ ਚੁੱਕ ਲਵੇ ਤਾਂ ਫਰਕ ਜਰੂਰ ਪਵੇਗਾ ਕਿਓੰਕੇ..ਗਰੀਬ ਦਾ ਮੂੰਹ..ਗੁਰੂ ਦੀ ਗੋਲਕ ਹੈ!
ਅਖੀਰ ਵਿਚ..ਪੰਘੂੜਿਆਂ ਵਿਚ ਪਾਉਣ ਵਾਲੇ ਕੁੱਖਾਂ ਅੰਦਰ ਹੀ ਮਰਵਾ ਦੇਣ ਵਾਲਿਆਂ ਤੋਂ ਕਈ ਦਰਜੇ ਚੰਗੇ ਨੇ!
ਹਰਪ੍ਰੀਤ ਸਿੰਘ ਜਵੰਦਾ