More Punjabi Kahaniya  Posts
ਦੋਸਤ


ਮਾਂ ਮੈਂ ਕਦ ਲੜਕਾ ਦੋਸਤ ਬਣਾ ਸਕਦੀ ਆਂ?
ਮੈਂ ਉਸ ਵੱਲ ਸਰਸਰੀ ਦੇਖਿਆ ਤੇ ਫਿਰ ਬਿੰਨਾ ਕੁਝ ਜਵਾਬ ਦਿੱਤਿਆਂ ਰਸੋਈ ਵਿੱਚ ਚਲੇ ਗਈ ।
ਇੰਨੀ ਦੇਰ ਨੂੰ ਉਹ ਵੀ ਗੁੱਸੇ ਨਾਲ ਸੌਫੇ ਤੋਂ ਉੱਠੀ ਤੇ ਆਪਣੇ ਕਮਰੇ ਵਿੱਚ ਚਲੇ ਗਈ ।
ਭਾਵੇਂ ਮੈਨੂੰ ਉਸਦੇ ਇਸ ਭੋਲੇ ਜਿਹੇ ਸਵਾਲ ਤੇ ਨਾ ਹੈਰਾਨੀ ਹੋਈ ਸੀ ਨਾ ਗੁੱਸਾ ਆਇਆ ਸੀ ਪਰ ਮੈਂ ਇਸ ਸਵਾਲ ਦਾ ਜਵਾਬ ਬਹੁਤ ਸੋਚ ਸਮਝ ਕੇ ਉਸ ਨੂੰ ਦੇਣਾ ਚਾਹੁੰਦੀ ਸੀ ।
ਨਾਲੇ ਇਥੇ ਦੇ ਜਮਪਲ ਬੱਚੇ ਭੋਲੇ ਤੇ ਇਮਨਦਾਰ ਹਨ।
ਇਹਨਾਂ ਕੋਲ ਵਲ-ਵਲੇਵਾਂ ਝੂਠ ਨਹੀਂ ਹੈ।
ਇਸ ਤਰਾਂ ਦੇ ਸਵਾਲ ਸਾਡੇ ਪੰਜਾਬੀ ਬੱਚਿਆਂ ਵੱਲੋਂ ਉੱਠਣੇ ਆਮ ਹੀ ਹਨ।
ਕਿ ਪਿਆਰ ਕਰਨਾ ਕਿਉਂ ਮਨਾਹ ਹੈ ?
ਕਾਹਦੇ ਸਾਡੇ ਲੜਕੇ ਜਾਂ ਲੜਕੀਆਂ ਦੋਸਤ ਨਹੀਂ ਹੋ ਸਕਦੈ ? …ਬਗੈਰਾ ਬਗੈਰਾ ।
ਸਾਨੂੰ ਮਾਪਿਆਂ ਨੂੰ ਜ਼ਿਹਨੀ ਤੌਰ ਤੇ ਤਿਆਰ ਹੋਣਾ ਚਾਹੀਦੈ।
ਠਰੰਮੇ ਨਾਲ ਉਸ ਵੇਲੇ ਪੇਸ਼ ਆਉਣ ਚਾਹੀਦਾ ਹੈ ਨਾ ਕਿ ਵਿਰੋਧ ਜਾਂ ਗੁੱਸੇ ਵਿੱਚ ।
ਇਹ ਉਹ ਨਾਜ਼ੁਕ ਸਮਾਂ ਹੈ ਜਦ ਬੱਚੇ ਤੁਹਾਡੇ ਤੋਂ ਦੋਸਤੀ ਦੀ ਉਮੀਦ ਰੱਖਦੇ ਹਨ ਤੇ ਤੁਸੀਂ ਉਹਨਾਂ ਤੋਂ ਵਿਸ਼ਵਾਸ ਦੀ ।
ਉਹ ਵਿਸ਼ਵਾਸ ਜਿਹੜਾ ਉਮਰ ਭਰ ਲਈ ਬਣਦਾ ਆ।
ਉਹ ਰਿਸ਼ਤਾ ਜਿਹੜਾ ਮਾਂ ਤੇ ਧੀ ਵਿਚਕਾਰ ਪਿਆਰਾ ਤੇ ਮੁਲਾਇਮ ਜਿਹਾ ਬਣਦਾ ਆ।
ਧੀ ਤੇ ਬਾਪ ਵਿਚਕਾਰ ਅਣਖ ਤੇ ਆਤਮਵਿਸ਼ਵਾਸ ਦਾ ਬਣਦਾ ਆ।
ਖੈਰ! ਇਹ ਗੱਲ ਉਸ ਸਮੇਂ ਦੀ ਆ ਜਦ ਮੇਰੀ ਧੀ ਅੱਠਵੀਂ ਕਲਾਸ ਵਿੱਚ ਪੜਦੀ ਸੀ ।
ਬੈਸੇ ਕਿੰਨਾ ਅੌਖਾ ਆ ਇਕਲੌਤੀ ਅੌਲਾਦ ਨੂੰ ਪਾਲਣਾ ।
ਖਾਸ ਕਰਕੇ ਦੋਹਰੇ ਸੱਭਿਆਚਾਰ ਵਾਲੇ ਮੁਲਕ ਵਿੱਚ । ਜਿਥੇ ਤੁਸੀਂ ਆਪਣੀ ਪਹਿਚਾਣ ਆਪਣੇ ਸੰਸਕਾਰ ਰੀਤੀ ਰਿਵਾਜਾਂ ਬਾਰੇ ਬੱਚੇ ਨੂੰ ਦੱਸਣਾ ਤੇ ਸਮਝਾਉਣਾ ਹੁੰਦਾ ਹੈ।
ਇਕਲੌਤੇ ਧੀ ਪੁੱਤ ਨੂੰ ਪਾਲਣਾ । ਦੋਸਤ ਸਹੇਲੀਆਂ ਦੇ ਸਪੁਰਤ ਕਰਨਾ ਜਿਥੋਂ ਉਸਨੇ ਸਮਾਜਿਕ ਬੋਲ ਬਾਣੀ ਸਲੀਕੇ ਪਹਿਰਾਵਾ ਰਹਿਣ ਸਹਿਣਾ ਸਿੱਖਣਾ ਹੁੰਦਾ ਹੈ ਬਹੁਤ ਅੌਖਾ ਹੈ।
ਘਰ ਵਿੱਚ ਮਾਂ ਬੱਚੇ ਨੂੰ ਪਰਿਵਾਰਕ ਰਹਿਣ ਸਹਿਣ ਸਿਖਾਉੰਦੀ ਆ।
ਸਕੂਲ ਵਿੱਚ ਅਧਿਆਪਕ ਅਨੁਸ਼ਾਨ ਸਿਖਾਉਂਦੇ ਆ…ਤੇ ਸਾਡੀ ਅਸਲ ਪਹਿਚਾਣ ਚੰਗਾ ਮਾੜਾ ਕਿਰਦਾਰ ਸਾਡਾ ਆਲ ਦੁਆਲ ਸਾਡੇ ਦੋਸਤ ਮਿੱਤਰ ਘੜਦੇ ਹਨ ।ਜਾਂ ਅਸੀਂ ਉਹਨਾਂ ਨੂੰ ਦੇਖ ਕੇ ਘੜਦੇ ਹਾਂ।ਜਿਹੜੇ ਸਾਡੇ ਕਿਰਦਾਰ ਦਾ ਸਬੂਤ ਬਣਦੇ ਹਨ।ਸਾਨੂੰ ਚੰਗਾ ਇਨਸਾਨ ਸਾਡੇ ਚੰਗੇ ਦੋਸਤ ਬਣਾਉਦੇ ਹਨ।
ਖੈਰ ਮੈਂ ਹੁਣ ਤੱਕ ਆਪਣੀ ਧੀ ਨੂੰ ਕਿਸੇ ਵੀ ਤਰਾਂ ਦੀ ਘਾਟ ਮਹਿਸੂਸ ਹੋਣ ਹੀ ਨਹੀਂ ਦਿੱਤੀ ਕਿਉਂਕਿ ਮੈਂ ਮਾਂ ਘੱਟ ਤੇ ਸਹੇਲੀ ਜਿਆਦਾ ਆਂ।
ਪਰ ਮੈਂ ਇੱਕ ਬਹੁਤ ਸਖਤ ਮਾਂ ਵੀ ਹਾਂ ।
ਮੇਰੇ ਇਸ ਰਵੱਈਏ ਤੋਂ ਕਦੇ ਕਦੇ ਮੇਰੀ ਧੀ ਤੰਗ ਪੈ ਕੇ ਆਖ ਵੀ ਦਿੰਦੀ ਆ ,”ਮਾਂ ਤੂੰ ਕਦੇ ਕਦੇ Typical ਪੰਜਾਬੀ ਮਾਂ ਜਿਹੀ ਬਣ ਜਾਂਦੀ ਆਂ ,ਜਿਹੜੀ ਸੋਚਦੀ ਆ ਕੁੜੀਆਂ ਨੂੰ ਆਹ ਨੀ ਕਰਨਾ ਚਾਹੀਦਾ ਓਹ ਨਹੀਂ ਕਰਨਾ ਚਾਹੀਦਾ।”
ਜਦ ਉਹ ਤਿੜਕੀ ਜਿਹੀ ਪੋਲੀ ਜਿਹੀ ਜਰਮਨ ਮਿਸ਼ਰਣ ਪੰਜਾਬੀ ਬੋਲੀ ਵਿੱਚ ਮੇਰੀ ਅਲੋਚਨਾ ਕਰਦੀ ਆ ਤਾਂ ਮੇਰਾ ਹਾਸਾ ਬਹੁਤ ਨਿਕਲਦਾ ਹੁੰਦਾ ਆ।
ਜਦ ਉਹ ਆਪਣੀ ਅਲੋਚਨਾ ਖਤਮ ਕਰ ਲੈੰਦੀ ਤਾਂ ਮੈਂ ਪੁੱਛਦੀ ਹੁੰਦੀ ਆਂ….ਅੱਛਾ ਸੋਹਣੀ !ਤੇਰਾ ਲੈਕਚਰ ਖਤਮ ਹੋ ਗਿਆ ?
ਓਹ ਫੇਰ ਹੱਸ ਪਊ ਗੀ ।
ਪਰ,ਅੱਜ ਮੇਰੀ ਧੀ ਦੇ ਤੇਵਰ ਹੋਰ ਸਨ ।ਉਹ ਸ਼ਾਇਦ ਕਿਸੇ ਲੜਕੇ ਨੂੰ ਪਸੰਦ ਕਰਦੀ ਸੀ ਅਤੇ ਮੇਰੇ ਤੋਂ ਸ਼ਾਇਦ ਪਿਆਰ ਕਰਨ ਦੀ ਇਜ਼ਾਜਤ ਮੰਗਦੀ ਸੀ ।
ਉਹਦੇ ਅੰਦਰ ਕਿਸੇ ਤਰਾਂ ਦਾ ਡਰ ਹੈ ।ਇਹ ਇਸ ਤਰਾਂ ਦਾ ਮੇਰਾ ਆਪਣਾ ਹੀ ਕਿਆਸ ਸੀ ।
ਮੈਂ ਖਾਣਾ ਤਿਆਰ ਕੀਤਾ ਦੋਹਾਂ ਨੇ ਖਾਧਾ ਉਹ ਹਾਲੇ ਵੀ ਚੁੱਪ ਸੀ ।
ਜਿਵੇਂ ਉਹ ਮੈਥੋਂ ਜਵਾਬ ਦੀ ਉਡੀਕ ਵਿੱਚ ਸੀ ।
ਮੈਂ ਆਖਰੀ ਬੁਰਕੀ ਖਾਂਦੀ ਨੇ ਉਸ ਦੀ ਗੱਲ ਦਾ ਜਵਾਬ ਦੇਣ ਦੀ ਸ਼ੁਰੂਆਤ ਕੀਤੀ ।
“ਦੱਸੋ …ਮੈਂ ਕਦੋਂ ਕੋਈ ਲੜਕਾ ਆਪਣਾ ਦੋਸਤ ਬਣਾ ਸਕਦੀ ਹਾਂ?”
ਹੁਣ ਉਹਦੇ ਤਰੀਕੇ ਵਿੱਚ ਨਿਮਰਤਾ ਭਾਵੇਂ ਸੀ ਪਰ ਪਿੱਛੇ ਜਿੱਦ ਝਲਕ ਰਹੀ ਸੀ ।
ਮੈਂ ਫੇਰ ਉਸਦੇ ਚਿਹਰੇ ਵੱਲ ਦੇਖ ਕੇ ਚੁੱਪ ਰਹੀ।
“ਕੀ ਤੁਸੀਂ ਹੂੰ …ਹੂੰ ….ਕਰੀ ਜਾਅ ਰਹੇ ਹੋ ਮੈਨੂੰ ਜਵਾਬ ਚਾਹੀਦਾ ?”
ਜਿਵੇਂ ਧੀ ਨੇ ਮੈਨੂੰ ਹੁਕਮ ਦਿੱਤਾ ਹੋਵੇ ।
ਮੈਂ ਉਸਦੇ ਲੰਮੇ ਵਾਲਾਂ ਦੀ ਗੁੱਤ ਪਿੱਛਾਂ ਕੀਤੀ ਤੇ ਕਿਹਾ,”ਸੋਹਣੋ ਤੈਨੂੰ ਮੈਂ ਕਦ ਕਿਹਾ ਹੈ ਕਿ ਕੋਈ ਲੜਕਾ ਤੇਰਾ ਦੋਸਤ ਨਹੀਂ ਬਣ ਸਕਦਾ?”
ਉਸ ਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਤੇ ਪੁੱਛਿਆ,”ਸੱਚੀਂ ਮਾਂ ਮੈਂ ਕਿਸੇ ਲੜਕੇ ਨੂੰ ਆਪਣਾ ਦੋਸਤ ਬਣਾ ਸਕਦੀ ਆਂ?”
ਬਿਲਕੁਲ ਬਣਾ ਸਕਦੀ ਆਂ ਮੈਂ ਪੂਰੇ ਵਿਸ਼ਵਾਸ ਨਾਲ ਕਿਹਾ ।
ਉਹਦੀਆਂ ਮਾਸੂਮ ਜਿਹੀਆਂ ਅੱਖਾਂ ਵਿੱਚਲੀ ਚਮਕ ਹੋਰ ਚਮਕਣ ਲੱਗੀ ।
ਤੂੰ ਉਸ ਲੜਕੇ ਦੋਸਤ ਨਾਲ ਕਿੱਦਾਂ ਦੀ ਦੋਸਤੀ ਰੱਖਣਾ ਚਾਹੁੰਦੀ ਆਂ ?
ਮੈਂ ਮਾਂ ਦੇ ਦਿਲ ਦੇ ਡਰ ਵਾਲੀ ਗੱਲ ਨਾਲ ਹੀ ਪੁੱਛੀ ।
ਉਹ ਮਾਸੂਮ ਜਿਹਾ ਹੱਸੀ ਤੇ ਕਿਹਾ,”ਮਾਂ ਮੈਂ ਕਦੇ ਕਦੇ ਉਹਦੇ ਹੱਥਾਂ ਵਿੱਚ ਹੱਥ ਪਾ ਕੇ ਸੈਰ ਕਰਨਾ ਚਾਹੁੰਦੀ ਆਂ,ਉਹ ਦੇ ਨਾਲ ਫਿਲਮ ਦੇਖਣ ਜਾਣਾ ਚਾਹੁੰਦੀ ਆਂ,ਸਕੂਲ ਦੀ ਪੜਾਈ ਉਹਦੇ ਨਾਲ ਕਰਨਾ ਚਾਹੁੰਦੀ ਆਂ,ਉਹਦੇ ਨਾਲ ਦੇਰ ਤੱਕ ਨਹਿਰ ਵੱਲ ਸਾਇਕਲ ਚਲਾ ਕੇ ਅਨੰਦ ਲੈਣਾ ਚਾਹੁੰਦੀ ਆਂ ਛੁੱਟੀ...

ਵਾਲੇ ਦਿਨ ਕਦੇ ਉਸ ਨਾਲ ਪਿਕਨਿਕ ਮਨਾਉਣਾ ਚਾਹੁੰਦੀ ਤੇ ਰੰਗ ਬਰੰਗੀਆਂ ਤਿੱਤਲੀਆਂ ਫੜਨਾ ਚਾਹੁੰਦੀ ਆਂ…ਤੇ ਮਾਂ ..ਮੈਂ ਉਹ ਨੂੰ ਇਹ ਵੀ ਦੱਸਣਾ ਚਾਹੁੰਦੀ ਆਂ ਕਿ ਮੇਰੀ ਪਸੰਦ ਦਾ ਕਿਹੜਾ ਰੰਗ ਆ !”
ਕਹਿ ਕੇ ਉਹ ਹੱਸ ਪਈ ….ਮੈਂ ਉਹਦੀਆਂ ਅੱਖਾਂ ਵਿੱਚ ਇੱਕ ਬਹੁਤ ਖੂਬਸੂਰਤ ਤੇ ਪਿਆਰਾ ਜਿਹਾ ਭੋਲਾ ਜਿਹਾ ਸੰਸਾਰ ਦੇਖਿਆ।
ਜਿਹੜਾ ਜਿਸਮਾਂ ਦੀ ਭੁੱਖ ਤੋਂ ਦੂਰ ਸੀ ਹੋਂਠਾਂ ਦੇ ਚੁੰਮਣ ਤੋਂ ਦੁਰ ਕਿਧਰੇ ਦੂਰ ਸੀ ।
ਮੈਂ ..ਫੇਰ ਵੀ ਆਪਣੀ ਤਸੱਲੀ ਲਈ ਤਰੀਕੇ ਨਾਲ ਪੁੱਛਿਆ ?
ਹੋਰ …ਤੂੰ ਉਸ ਲੜਕੇ ਦੋਸਤ ਨਾਲ ਕੀ ਕਰਨਾ ਚਾਹੁੰਦੀ ਆਂ ?
ਮੈਂ ਚੋਰ ਨਜਰ ਨਾਲ ਉਸ ਵੱਲ ਦੇਖਿਆ !
ਉਹਨੇ..ਮੇਰੇ ਵੱਲ ਦੇਖਿਆ ਤੇ ਹੈਰਾਨੀ ਨਾਲ ਪੁੱਛਿਆ
ਹੈਂ….ਕੀ ਹੋਰ ਦਾ ਮਤਲਬ ?
ਮੈਂ ਚੁੱਪ ਰਹੀ ਤੇ ਖਮੋਸ਼ੀ ਵਿੱਚ ਮੌਢੇ ਉਤਾਂਹ ਕਰ ਦਿੱਤੇ ।
ਉਹ ਸ਼ਾਇਦ ਹਾਲੇ ਵੀ ਮੇਰੇ ਇਸ਼ਾਰੇ ਨੂੰ ਸਮਝੀ ਨਹੀਂ ਸੀ ।
ਮੈਂ ਗੱਲ ਸ਼ਪਸ਼ਟ ਕਰ ਦੀ ਨੇ ਕਿਹਾ….ਓ ਕੁੜੀ ਲੌਰਾ ਆ ਜਿਹੜੀ ਉਹਦਾ ਜਰਮਨ ਮੁੰਡਾ ਦੋਸਤ ਆ …ਹਨਾਂ !
ਮੈਂ ਹਲੀਮੀ ਨਾਲ ਪੁੱਛਿਆ ।
ਹਾਂ….ਫੇਰ ਮਾਂ….ਧੀ ਦੇ ਬੋਲਾਂ ਵਿੱਚ ਜਰਾ ਗੁੱਸਾ ਸੀ ਜਿਵੇਂ ਉਹ ਮੇਰਾ ਇਸ਼ਾਰਾ ਸਮਝ ਗਈ ਹੋਵੇ।
ਉਹਦੀ ਉਮਰ 16-17 ਸਾਲਾਂ ਦੀ ਆ ਪੜਾਈ ਛੱਡ ਕੇ ਉਸ ਮੁੰਡੇ ਨਾਲ ਰਹਿ ਰਹੀ ਆ ਸ਼ਾਇਦ ਉਦੇ ਬੱਚਾ ਵੀ ਹੋਣ ਵਾਲਾ ਆ।
ਮੈਂ ਇੱਕੋ ਸਾਹੀ ਆਪਣਾ ਦਿਲ ਦਾ ਡਰ ਧੀ ਅੱਗੇ ਖੋਲ ਦਿੱਤਾ ।
ਹੁਣ ਉਹ ਅੈਨ ਮੇਰਾ ਡਰ ਤੇ ਮੇਰਾ ਇਸ਼ਾਰਾ ਸਮਝ ਗਈ ਸੀ ।
ਉਹ ਨੇ ਮੇਰੇ ਲਾਗੇ ਨੂੰ ਕੁਰਸੀ ਖਿੱਚੀ ਤੇ ਮੇਰੇ ਹੱਥ ਤੇ ਹੱਥ ਰੱਖ ਕੇ ਆਖਣ ਲੱਗੀ ।
“ਮਾਂ ਤੂੰ ਮੇਰੀ ਅੱਜ ਤੱਕ ਮਾਂ ਨਹੀਂ ਸਹੇਲੀ ਬਣ ਕੇ ਮੇਰੇ ਨਾਲ ਨਾਲ ਤੁਰੀ ਆਂ ।
ਮੇਰੇ ਅੰਦਰ ਤੇਰੇ ਲਈ ਮਾਂ ਵਾਲਾ ਡਰ ਨਹੀਂ ਸਹੇਲੀ ਵਾਲਾ ਵਿਸ਼ਵਾਸ ਆ ਕਿ ਤੂੰ ਮੇਰੇ ਤੇ ਯਕੀਨ ਕਰੇਂਗੀ ਤੇ ਮੈਨੂੰ ਸਮਝੇੰਗੀ ਵੀ ।
ਮੈਂ ਤੇਰੇ ਨਾਲ ਵਾਅਦਾ ਕਰਦੀ ਆਂ ਕਿ ਮੈਂ ਕਦੇ ਵੀ ਕੋਈ ਅੈਸਾ ਕੰਮ ਨਹੀਂ ਕਰੂ ਗੀ ਕਿ ਮੈਂ ਤੇਰੇ ਤੇ ਬਾਪ ਦੀਆਂ ਅੱਖਾਂ ਚ ਅੱਖ ਪਾ ਕੇ ਨਾਹ ਦੇਖ ਸਕਾਂ ।”
ਕਹਿ ਕੇ ਮੇਰਾ ਹੱਥ ਚੁੰਮ ਲਿਆ …ਮੈਂ ਉਹਦੀਆਂ ਨਜਰਾ ਚ ਨਜਰਾਂ ਪਾਉੰਦੀ ਨੇ ਆਰਦਾਸ ਵਿੱਚ ਕਿਹਾ ..ਬਾਬਾ ਜੀ ਇੱਦਾਂ ਹੀ ਕਰਨ ।
ਉਸ ਦਿਨ ਮਗਰੋਂ …..ਜਾਹਨਸ ਜਰਮਨ ਮੂਲ ਖੂਬਸੂਰਤ ਲੜਕਾ ਉਸਨੂੰ ਦੋ ਚਾਰ ਬਾਰ ਮੈਂ ਘਰ ਆਇਆਂ ਦੇਖਿਆ ।
ਮਾਰੀਨ , ਈਜ਼ਾ ਪਾਉਲਾ ਵੀ ਕਮਰੇ ਵਿੱਚ ਕਦੇ ਕਦੇ ਹੁੰਦੀਆਂ ਸਨ ।ਘਰ ਵਿੱਚ ਰੌਣਕ ਹੁੰਦੀ ।
ਕਦੇ ਗਰਮੀਆਂ ਰੁੱਤੇ ਘਰ ਮੂਹਰਲੀ ਸੜਕ ਉੱਤੇ ਸੈਕਲਾਂ ਦੀਆਂ ਟੱਲੀਆਂ ਬਜਾ ਬਜਾ ਜਾਹਨਸ,ਯੈਹਗੋ,ਸਟੀਫ ਹੋਰ ਕੁੜੀਆਂ ਉੱਚੀ ਉੱਚੀ ਹੱਸਦੇ ਹੁੰਦੇ।
ਮੇਰੀ ਧੀ ਦਾ ਹਾਸਾ ਸਭ ਤੋਂ ਉੱਚਾ ਹੁੰਦਾ।
ਸੈਕਲ ਚਲਾਉੰਦੀ ਕਦੇ ਉਹ ਹੱਥ ਛੱਡ ਦੀ ਕਦੇ ਡਰ ਨਾਲ ਜੋਰ ਦੀ ਚੀਕ ਮਾਰਦੀ ।
ਜਾਹਨਸ ਉਹਦੇ ਮਗਰ ਮਗਰ ਦੌੜਦਾ …ਕਦੇ ਸਾਹਮਣੇ ਪਾਰਕ ਵਿੱਚ ਦਰੱਖਤ ਛਾਵੇਂ ਕਈ ਕਈ ਘੰਟੇ ਬੈਠੇ ਰਹਿੰਦੇ ਕਦੇ ਪਾਰਕ ਵਿੱਚ ਗਾਣੇ ਲਾ ਕੇ ਮੁੰਡੇ ਕੁੜੀਆਂ ਡਾਂਸ ਕਰਦੇ।
ਮੇਰੀ ਧੀ ਜਿਵੇਂ ਸਭ ਦੀ ਲਾਡਲੀ ਰਾਜਕੁਮਾਰੀ ਹੁੰਦੀ ਹੋਵੇ।
ਅੱਜ ਜਾਹਨਸ ਜਰਮਨ ਪੁਲਿਸ ਵਿੱਚ ਆ ਤੇ ਉਹਦੀ ਸ਼ਾਦੀ ਉਸਦੇ ਮਹਿਕਮੇ ਵਿੱਚ ਕਿਸੇ ਅਮਰੀਕਨ ਮੂਲ ਕੁੜੀ ਨਾਲ ਹੋ ਚੁੱਕੀ ਆ।
ਮੇਰੀ ਧੀ ਇਸ ਵਕਤ ਮੈਡੀਕਲ ਕਰ ਰਹੀ ਆ ।ਮਾਰੀਨ ਸਹੇਲੀ ਸਾਡੇ ਹੀ ਸ਼ਹਿਰ ਵਿੱਚ ਪੁਲਿਸ ਮਹਿਕਮੇ ਵਿੱਚ ਆ ਈਜਾ ਵਕਾਲਤ ਕਰ ਰਹੀ ਆ ਤੇ ਯੈਹਗੋ ਇੰਜੀਨੀਅਰਿੰਗ ਕਰ ਰਿਹਾ ਹੈ।
ਹੁਣ ਕਦੇ ਕਦੇ ਜਾਹਨਸ ਆਪਣੀ ਘਰਵਾਲੀ ਨਾਲ ਮੇਰੀ ਧੀ ਨੂੰ ਤੇ ਮੈਨੂੰ ਮਿਲਣ ਆਉਗਾ ਤੇ ਕਹੂ ਗਾ……ਸੱਚੀਂ ਉਹ ਦਿਨ ਬਹੁਤ ਸੋਹਣੇ ਸੀ ।
ਮੇਰੀ ਧੀ ਹੱਸ ਕੇ ਮੈਨੂੰ ਕਹੂ ਗੀ ,”ਮਾਂ…..ਇਹ ਜਾਹਨਸ ਸੀ ਜਿਸ ਦੇ ਹੱਥਾਂ ਵਿੱਚ ਮੈਂ ਦੋਸਤੀ ਵਾਲਾ ਹੱਥ ਫੜ ਕੇ ਸੈਰ ਕਰਨਾ ਚਾਹੁੰਦੀ ਸੀ।
ਮੈਨੂੰ ਇਹ ਕਲਾਸ ਵਿੱਚੋਂ ਸੋਹਣਾ ਲੱਗਦਾ ਸੀ ।”
ਫੇਰ ਅਸੀਂ ਸਾਰੇ ਹੱਸ ਪੈਂਦੇ ।
ਮੇਰੀ ਧੀ ਬਹੁਤ ਪਿਆਰ ਨਾਲ ਮੇਰੇ ਵਾਲ ਸਿੱਧੇ ਕਰਦੀ ਕਦੇ ਕਹੂ ਗੀ..,”ਮਾਂ ਤੇਰਾ ਸ਼ੁਕਰੀਆ ਤੂੰ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਨੂੰ ਮੇਰੀ ਉਮਰ ਦੇ ਰੰਗ ਤੇ ਚਾਅ ਤੇ ਮੇਰੀ ਪਸੰਦ ਦੇ ਦੋਸਤਾਂ ਦਾ ਸੰਗ ਸਮਾਂ ਹੰਢਾਉਣ ਨੂੰ ਦਿੱਤਾ।
ਮੈਨੂੰ ਤੇਰੇ ਤੋਂ ਲੁਕ ਲੁਕ ਕੇ ਕੁਝ ਗਲਤ ਕਰਨਾ ਨਹੀਂ ਪਿਆ।
ਮੈਂ ਖੁਸ਼ ਨਸੀਬ ਹਾਂ ਕਿ ਮੇਰੀ ਤੂੰ ਮਾਂ ਘੱਟ ਤੇ ਸਹੇਲੀ ਜਿਆਦਾ ਆਂ ।”
ਅਗਲੇ ਹਫਤੇ ਮੇਰੀ ਧੀ ਨੇ 25ਵਰਿਆਂ ਦੀ ਹੋ ਜਾਣਾ ।
ਉਹ ਜਦ ਵੀ ਛੁੱਟੀ ਵਾਲੇ ਦਿਨ ਘਰ ਆਉਗੀ ਤਾਂ ਮੈਂ ਉਸ ਤੋਂ ਪੁੱਛੂੰ ਗੀ ਅੱਛਾ !ਚੱਲ ਸੁਣਾ ਕਿਸੇ ਡਾਕਟਰ ਦਾ ਕੋਈ ਛੋਸ਼ਾ ।
ਉਹ ਛੋਸ਼ਾ ਸ਼ਬਦ ਸੁਣ ਕੇ ਬਹੁਤ ਹੱਸੂ ਗੀ ।
ਫੇਰ ਕਹੂ ਗੀ ਮਾਂ ਤੇਰੇ ਲਈ ਤਾਂ ਹਰ ਸ਼ੈ ਛੋਸ਼ਾ ਹੀ ਆ ।
ਕਦੇ ਅਸੀਂ ਦੋਵੇਂ ਰਾਤ ਬੀਤੀ ਤੱਕ ਜਾਗਦੀਆਂ ਰਹਿੰਦੀਆਂ ਹੱਸਦੀਆਂ ਗੱਲ ਕਰਦੀਆਂ ਜਿਵੇਂ ਇੱਕ ਸਹੇਲੀ ਦੂਜੀ ਸਹੇਲੀ ਨਾਲ ਮਜਾਕ ਕਰਦੀ ਹੋਵਣ।
🍀ਅੰਜੂਜੀਤ ਪੰਜਾਬਣ 🍀

...
...



Related Posts

Leave a Reply

Your email address will not be published. Required fields are marked *

One Comment on “ਦੋਸਤ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)