More Punjabi Kahaniya  Posts
ਪੂਰੇ ਹੋ ਗਏ ਤੀਰ


ਅਣਗਿਣਤ ਸੁਨੇਹੇ ਆਏ..ਕਹਾਣੀ ਕਿਓਂ ਨਹੀਂ ਲਿਖਦਾ..ਪਿਆਰ ਮੁਹੱਬਤ,ਪਰਿਵਾਰਿਕ,ਵਿਆਹ ਮੰਗਣੇ ਵਾਲੀ..ਇਹ ਸਭ ਕੁਝ ਸੁਣ-ਸੁਣ ਅੱਕ ਗਏ..ਬੱਸ ਮੂਸੇ ਵਾਲਾ ਏ ਤੇ ਜਾਂ ਫੇਰ ਚੁਰਾਸੀ..ਪਤਾ ਨੀ ਕਦੋ ਮੁੱਕੂ ਆਏ ਸਾਲ ਪੈਂਦੀ ਇਹ ਕਾਵਾਂ ਰੌਲੀ!
ਅੱਗੋਂ ਆਖਿਆ ਇਹ ਵੀ ਤੇ ਕੀਮਤੀ ਵਿਰਾਸਤੀ ਕਹਾਣੀ ਹੀ ਹੈ..ਰੱਤ ਸਿਆਹੀ ਨਾਲ ਲਿਖੀ..ਸਦੀਵੀਂ ਜਿਉਂਦੀ ਰਹਿਣ ਵਾਲੀ..ਕਿੰਨਿਆਂ ਦੀ ਹੱਡ ਬੀਤੀ..ਸਾਮਣੇ ਵਾਪਰੀ..ਰੂਹ ਮਾਸ ਤੇ ਹੰਢਾਈ..ਤਾਂ ਕੀ ਹੋਇਆ ਜੇ ਉਸ ਵੇਲੇ ਅੰਦਰ ਨਹੀਂ ਸਾਂ ਤੇ..ਪਰ ਤੀਹ ਕਿਲੋਮੀਟਰ ਦੂਰ ਕੋਠੇ ਤੇ ਸੁੱਤਿਆਂ ਵੀ ਅਵਾਜ ਤੇ ਪੂਰੀ ਆਉਂਦੀ ਹੀ ਸੀ..ਜਿੰਨਾ ਉਚੀ ਖੜਾਕ..ਓਨੀ ਉੱਚੀ ਹੀ ਕਲਪਨਾ..ਪਤਾ ਨੀ ਕਿਹੜਾ ਕਿੱਥੇ ਕਿੱਥੇ ਕੀ ਕੀ ਕਰ ਰਿਹਾ ਹੋਵੇਗਾ!
ਭਾਈ ਮਨੀ ਸਿੰਘ..ਬੰਦ ਬੰਦ ਕੱਟਣ ਦਾ ਹੁਕਮ..ਜੱਲਾਦ ਬਠਲ ਤੇ ਗੁੱਟ ਰੱਖ ਦਾਤਰ ਚਲਾਉਣ ਲੱਗਾ..ਭਾਈ ਸਾਬ ਨੇ ਉਂਗਲ ਦਾ ਪੋਟਾ ਅੱਗੇ ਕਰ ਦਿੱਤਾ..ਅਖ਼ੇ ਸਿਂਖ ਦਾ ਬੰਦ ਬੰਦ ਇਥੋਂ ਸ਼ੁਰੂ ਹੁੰਦਾ ਨਾ ਕੇ ਗੁੱਟ ਤੋਂ..!
ਗੁੱਟ ਤੋਂ ਚੇਤੇ ਆ ਗਈ ਇੱਕ ਹੋਰ ਕਹਾਣੀ..
ਸ੍ਰੀ ਤਖ਼ਤ ਸਾਬ ਦੀ ਦੱਖਣੀ ਬਾਹੀ..ਭਾਈ ਕਰਤਾਰ ਸਿੰਘ ਭੱਠਲ ਅਤੇ ਸਾਬਕ ਫੌਜੀ ਬਾਪ..!
ਛੇ ਜੂਨ ਸੁਵੇਰੇ ਟੈਂਕ ਦੇ ਗੋਲਿਆਂ ਮੀਂਹ ਵਰਾ ਦਿੱਤਾ..ਸਭ ਕੁਝ ਹਿੱਲ ਗਿਆ..ਸਭ ਕੁਝ ਸਿਰਾਂ ਤੇ ਰੱਖ ਓਥੋਂ ਨਿੱਕਲ ਤੁਰੇ..ਇੱਕ ਅਣਜਾਣ ਉੱਚੇ ਚੁਬਾਰੇ ਮੋਰਚਾ ਬਣਾ ਲਿਆ..!
ਬਾਪ ਆਖਣ ਲੱਗਾ ਤੁਸੀਂ ਨਿੱਕਲ ਜਾਵੋ..ਮੈਂ ਕੱਲਾ ਇਥੇ ਰਹਿੰਦਾ ਹਾਂ..ਨਾਲ ਹੀ ਗੁੱਟ ਤੋਂ ਆਪਣੀ ਘੜੀ ਲਾਹ ਫੜਾ ਦਿੱਤੀ..ਸ਼ਾਇਦ ਨਿਸ਼ਾਨੀ ਵੱਜੋਂ..!
ਅਣਜਾਣ ਗਲੀਆਂ ਵਿਚ ਦੀ ਤੁਰੇ ਜਾਂਦੇ ਅਗਿਓਂ ਕਾਬੂ ਕਰ ਲਏ..ਫੇਰ ਭੁੱਖ ਉਨੀਂਦਰਾ ਤਸ਼ੱਦਤ ਬੇਇੱਜਤੀ ਅਤੇ ਨਹੁੰ ਮਾਸ ਦੇ ਰਿਸ਼ਤੇ ਵੱਲੋਂ ਪਾਏ ਖੁਸ਼ੀ ਦੇ ਭੰਗੜੇ,ਕੜਾਹ ਪੂੜੀਆਂ,ਭੱਦੇ ਇਸ਼ਾਰੇ ਅਤੇ ਹੋਰ ਵੀ ਕਿੰਨਾ ਕੁਝ ਜਮੀਰ ਤੇ ਝੱਲਿਆ..!
ਉਸ ਚੁਬਾਰੇ ਵਾਲੇ ਪਾਸਿਓਂ ਹੀ ਆਏ ਇੱਕ ਹੋਰ ਸਿੰਘ ਤੋਂ ਪੁੱਛਿਆ..ਆਖਣ ਲੱਗਾ ਸਭ ਕੁਝ ਰੜਾ ਮੈਦਾਨ ਕਰ ਦਿੱਤਾ ਗਿਆ..ਉਹ ਉੱਚਾ ਚੁਬਾਰਾ ਵੀ..ਫੇਰ ਅੱਗਿਓਂ ਬਾਪ ਬਾਰੇ ਪੁੱਛਣ ਦੀ ਹਿੰਮਤ ਹੀ ਨਾ ਪਈ..!
ਏਨੇ ਨੂੰ ਇੱਕ ਫੌਜੀ ਦੀ ਘੜੀ ਤੇ ਨਜਰ ਪੈ ਗਈ..ਆਖਣ ਲੱਗਾ ਲਾਹ ਦੇ..ਅੱਗਿਓਂ ਆਖਿਆ ਮੇਰੇ ਬਾਪ ਦੀ ਨਿਸ਼ਾਨੀ ਏ..ਨਹੀਂ ਦੇ ਸਕਦਾ..ਭਾਵੇਂ ਗੋਲੀ ਮਾਰ ਦੇ..ਆਪਣਿਆਂ ਦੀ ਆਖਰੀ ਨਿਸ਼ਾਨੀ ਥੋੜੀ ਕੀਤਿਆਂ ਕਿੱਥੇ ਦਿੱਤੀ ਜਾਂਦੀ..!
ਪਰ ਵਾਰੇ ਜਾਈਏ ਪੰਥ-ਰਤਨਾਂ ਦੇ..ਸਭ ਕੁਝ ਮਲੀਆ-ਮੇਟ ਕਰਵਾ ਕਰਵਾ ਮੁੱਲ ਵੀ ਵੱਟ ਲਿਆ ਤੇ ਮਗਰੋਂ ਕੋਈ ਨਿਸ਼ਾਨੀ ਵੀ ਨਹੀਂ ਰਹਿਣ ਦਿੱਤੀ..ਅਖ਼ੇ ਕੌਂਮ ਦੇ ਜਜਬਾਤ ਅਤੇ ਭਾਵਨਾਵਾਂ ਬੇਵਜਹ ਹੀ ਭਟਕਦੀਆਂ ਨੇ!
ਭਾਈ ਪਰਮਾਤਮਾ ਸਿੰਘ..
ਲੌਂਗੋਵਾਲ ਦਾ ਗੰਨਮੈਨ ਅਤੇ ਡਰਾਈਵਰ..ਹੱਥ ਖੜੇ ਕਰਕੇ ਸੌਖਿਆਂ ਨਿੱਕਲ ਸਕਦਾ ਸੀ..ਪਰ ਮਨ ਨੇ ਝੰਜੋੜਿਆ..ਨਾਨਕ ਨਿਵਾਸ ਮੋਰਚੇ ਵਿਚ ਲੜਦਾ ਹੋਇਆ ਸ਼ਹੀਦੀ ਪਾ ਗਿਆ..ਸ਼ਾਇਦ ਸਮਝ ਪੈ ਗਈ ਸੀ ਕੇ ਜੇ ਅੱਜ ਬਚ ਵੀ ਗਿਆ ਤਾਂ ਵੀ ਰਹਿੰਦੀ ਸਾਰੀ ਜਿੰਦਗੀ ਜਮੀਰ ਨੇ ਅਤੇ ਮੁੱਕ ਗਿਆ ਮਗਰੋਂ ਇਤਿਹਾਸ ਨੇ ਨਿੱਤ ਦਿਹਾੜੇ ਜਿੱਲਤ ਭਰੀ ਮੌਤ ਮਾਰਿਆ ਕਰਨਾ!
ਪੰਜਾਬ ਪੁਲਸ ਦੇ ਡੀ.ਐੱਸ.ਪੀ ਅਪਾਰ ਸਿੰਘ ਬਾਜਵਾ..ਬਾਲਟੀ ਨਾਲ ਖੁਦ ਕਿੰਨਿਆਂ ਦੀ ਤ੍ਰੇਹ ਬੁਝਾਈ..ਮੌਤ ਦੇ ਪਰਛਾਵੇਂ ਹੇਠ..ਦੋ ਵਾਰ ਮਿਲਿਆ..ਜਦੋਂ ਵੀ ਪੁੱਛਿਆ ਅੱਗੋਂ ਹੱਸ ਕੇ ਟਾਲ ਦਿੱਤਾ..ਵਰਤਮਾਨ ਦੇ ਦੀਵਾਨ ਟੋਡਰ ਮੱਲ!
ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ..ਛੇ ਜੂਨ ਪਰਿਕਰਮਾ ਦੀ ਦੱਖਣੀ ਬਾਹੀ ਤੇ ਦੂਜੀ ਮੰਜਿਲ..ਬਾਹਰ ਨੂੰ ਤੁਰਨ ਲੱਗੇ ਤਾਂ ਕਮਰੇ ਦੇ ਬਾਹਰ ਬੈਠੇ ਦੋ ਸਿੰਘ..ਪੁੱਛਿਆ ਤੁਸਾਂ ਨੀ ਜਾਣਾ..ਆਖਣ ਲੱਗੇ ਥੋੜੇ ਜਿਹੇ ਛੋਲੇ,ਗੁੜ ਦੀ ਪੇਸੀ ਅਤੇ ਪਾਣੀ ਰੱਖ ਜਾਵੋ..ਅਸੀਂ ਇਥੇ ਹੀ ਰਹਿਣਾ..ਅਕਸਰ ਆਖਦੇ ਦੋਹਾਂ ਦੇ ਨਾਮ ਨਾ ਪੁੱਛ ਸਕਿਆ ਬੱਸ ਇਹੀ ਝੋਰਾ ਰਹੂ..ਜਿੰਦਗੀ ਨੂੰ ਵੀ ਗਿਲਾ ਰਿਹਾ ਹੋਊ..ਏਨੀ ਤੁੱਛ ਜਿਹੀ ਕੀਮਤ ਪਾਈ ਮੇਰੀ..ਗੁੜ,ਛੋਲੇ ਅਤੇ ਪਾਣੀ ਦੇ ਕੁਝ ਘੁੱਟ!
ਚੜਦੀ ਉਮਰੇ ਵੀ ਮੌਤ ਦਾ ਕੋਈ ਡਰ ਭੈ ਨਹੀਂ..ਓਹੀ ਮੌਤ ਜਿਸਦਾ ਜਿਕਰ ਆਉਂਦਿਆਂ ਸਰੀਰਕ ਪੀੜ ਨਾਲੋਂ ਏਨੀ ਗੱਲ ਜਿਆਦਾ ਸਤਾਉਂਦੀ ਏ ਕੇ ਸਾਰੇ ਰੰਗ ਤਮਾਸ਼ੇ ਛੱਡ ਪਤਾ ਨੀ ਅੱਗਿਓਂ ਕਿਹੜੀ ਦੁਨੀਆ ਨਸੀਬ ਹੋਣੀ..ਆਪਣਿਆਂ ਨਾਲ ਮੁੜ ਕਦੀ ਮਿਲ ਵੀ ਸਕਣਾ ਕੇ ਨਹੀਂ..ਪਰ ਬਾਰਾਂ ਬਾਰਾਂ ਘੰਟੇ ਬਾਣੀ ਪੜਦੀਆਂ ਰੂਹਾਂ..ਮੌਤ ਇੰਝ ਉਡੀਕਦੀਆਂ ਜਿੱਦਾਂ ਲੰਮੇ ਪੈਂਡੇ ਦਾ ਰਾਹੀ ਕੋਈ ਸਵਾਰੀ..ਛੇ ਜੂਨ ਸੁਵੇਰੇ ਪਹਿਲੋਂ ਸੱਤ ਵਜੇ ਸ਼ਹੀਦੀ..ਫੇਰ ਮੌਤ ਦੇ ਫਰਿਸ਼ਤੇ ਨੂੰ ਦੁਤਕਾਰ ਦਿੱਤਾ..ਅਜੇ ਨਹੀਂ ਨੌਂ ਵਜੇ ਆਵੀਂ!
ਜਰਨਲ ਸੁਬੇਗ ਸਿੰਘ..
ਇੰਦਰਾ ਦਾ ਹੁਕਮ ਜੈ ਪ੍ਰਕਾਸ਼ ਨਰਾਇਣ ਗ੍ਰਿਫਤਾਰ...

ਕਰੇ..
ਗੁਰੂ ਪਿਆਰੇ ਨਾਂਹ ਕਰ ਦਿੱਤੀ..ਫੌਜ ਰਾਜਸੀ ਕਿੜਾਂ ਕੱਢਣ ਲਈ ਨਹੀਂ ਹੁੰਦੀ..ਅੱਗਿਓਂ ਗੁੱਸਾ ਕਰ ਗਈ..ਕੁਰਪਸ਼ਨ ਦਾ ਦੋਸ਼ ਫੇਰ ਸਸਪੈਂਡ ਕਰ ਦਿੱਤਾ..ਉਸ ਬਾਰੇ ਮਸ਼ਹੂਰ ਸੀ..ਮਾਰਨ ਤੋਂ ਪਹਿਲੋਂ ਪਹਿਲੋਂ ਚੰਗੀ ਤਰਾਂ ਭੰਡਦੀ ਤੇ ਬੇਇੱਜਤ ਕਰਦੀ..ਫੇਰ ਰਿਟਾਇਰਮੈਂਟ ਤੋਂ ਐਨ ਇੱਕ ਦਿਨ ਪਹਿਲਾਂ ਬਿਨਾ ਮੁਕੱਦਮਾਂ ਚਲਾਏ ਡਿਸਮਿਸ ਕਰ ਦਿੱਤਾ..ਜਮੀਰ ਲੀਰੋ-ਲੀਰ ਹੋ ਗਈ..ਫੇਰ ਉਸ ਨਾਲ ਮੇਲੇ ਹੋਏ ਜਿਹੜਾ ਸਰੀਰ ਦੇ ਮਰਨ ਨੂੰ ਮੌਤ ਹੀ ਨਹੀਂ ਸੀ ਮੰਨਦਾ..!
ਤਿੰਨ ਜੂਨ ਨੂੰ ਮੋਰਚਿਆਂ ਦੀ ਆਖਰੀ ਟੋਹ ਲੈਣ ਵੇਲੇ ਸ੍ਰੀ ਅਕਾਲ ਤਖ਼ਤ ਸਾਬ ਦੀਆਂ ਪੌੜੀਆਂ ਕੋਲ ਹੀ ਭੁੰਜੇ ਬੈਠੇ ਨਿੱਕੀ ਉਮਰ ਦੇ ਇੱਕ ਭੁਚੰਗੀ ਨੇ ਫਤਹਿ ਬੁਲਾ ਦਿੱਤੀ..ਅਦਾ ਮਨ ਨੂੰ ਮੋਹ ਗਈ..ਖਲੋ ਗਿਆ..ਬੋਝੇ ਵਿਚੋਂ ਕੁਝ ਕੱਢਿਆ ਤੇ ਆਖਿਆ..ਭੁਚੰਗੀਆਂ ਹਾਲਾਤ ਠੀਕ ਹੁੰਦੇ ਤਾਂ ਤੈਨੂੰ ਕੁਝ ਹੋਰ ਦਿੰਦਾ ਪਰ ਇਸ ਮੌਕੇ ਇਸ ਸਾਧ ਕੋਲ ਤੇਰੇ ਜੋਗੀ ਛੋਲਿਆਂ ਦੀ ਇੱਕ ਲੱਪ ਤੋਂ ਸਿਵਾਏ ਹੋਰ ਕੁਝ ਵੀ ਨਹੀਂ”
ਖੁਦ ਦਰਬਾਰ ਸਾਬ ਜੂਨ ਦੇ ਆਖਰੀ ਹਫਤੇ ਵੇਖਿਆ ਸੀ..ਦਾਦੇ ਜੀ ਹੁਰਾਂ ਨਾਲ..ਬੀ ਐੱਸ ਐੱਫ ਅਫਸਰ ਰਿਸ਼ਤੇਦਾਰ ਦੀ ਸਿਫਾਰਿਸ਼ ਮਗਰੋਂ!
ਪੈਪਸੂ ਰੋਡਵੇਜ ਦੀ ਘੋੜੇ ਵਾਲੀ ਬੱਸ..ਬਟਾਲੇ ਤੋਂ ਨਿੱਕਲਦਿਆਂ ਜੈਂਤੀ ਪੁਰ ਤੋਂ ਪਹਿਲੋਂ ਘਸੀਟਪੁਰ ਕੋਲ ਨਾਕੇ ਤੇ ਰੋਕ ਲਿਆ..ਤਲਾਸ਼ੀ ਮਗਰੋਂ ਪੁੱਛਣ ਲੱਗੇ ਕਿੱਧਰ ਚੱਲੇ ਓ?
ਅੱਗੋਂ ਆਖ ਦਿੱਤਾ ਦਰਬਾਰ ਸਾਬ ਜਿਹੜਾ ਤੁਸਾਂ ਢਾਹ ਦਿੱਤਾ..ਝੂਠ ਵੀ ਮਾਰ ਸਕਦੇ ਸਨ ਪਰ ਸਿੱਧਾ-ਸਪਸ਼ਟ ਜੁਆਬ ਦੇ ਦਿੱਤਾ..ਸਾਨੂੰ ਦੋਹਾਂ ਨੂੰ ਬਾਕੀਆਂ ਤੋਂ ਅੱਡ ਕਰ ਬਾਕੀ ਦੀ ਬੱਸ ਤੋਰ ਦਿੱਤੀ..ਕਿੰਨੇ ਘੰਟੇ ਓਥੇ ਹੀ ਬਿਠਾਈ ਰਖਿਆ..ਹਰੀ ਵਰਦੀ ਦਾ ਨਜਰੀਆ..ਬੋਲ ਚਾਲ..ਨਫਰਤ..ਘਿਰਣਾ..ਗੁੱਸਾ..ਸਭ ਕੁਝ ਖੁਦ ਅਖੀਂ ਵੇਖਿਆ..!
ਓਹਨੀਂ ਦਿੰਨੀ ਇੱਕ ਜੰਗ ਅੰਦਰ ਲੜੀ ਗਈ ਸੀ ਤੇ ਹੋਰ ਕਿੰਨੀਆਂ ਹਰ ਰੋਜ ਬਾਹਰ ਵੀ ਲੜੀਆਂ ਜਾ ਰਹੀਆਂ ਸਨ..ਕੋਈ ਆਖ ਦਿੰਦਾ..ਨਗਨ ਜਵਾਨ ਔਰਤਾਂ ਮਿਲੀਆਂ..ਟੈਲੀਵਿਜਨ..ਕਰੀਮਾਂ..ਐਸ਼ੋ ਇਸ਼ਰਤ ਦਾ ਸਮਾਨ..!
ਇਨਫੋਰਮੇਸ਼ਨ ਸੈਂਟਰ ਅੱਗੇ ਬਿਠਾਏ ਸਿੰਘ ਦੱਸਣ ਲੱਗੇ..ਛੇ ਜੂਨ ਸ਼ਾਮੀ ਬਾਹਰੋਂ ਹਥਿਆਰਾਂ ਦੇ ਭਰੇ ਟਰੱਕ ਆਏ..ਕਿੰਨੀਆਂ ਬੰਦੂਕਾਂ ਅਸਲਾ ਤੇ ਹੋਰ ਵੀ ਕਿੰਨਾ ਕੁਝ ਅੰਦਰ ਲੈ ਗਏ..ਹੈਰਾਨ ਸਾਂ ਹੁਣ ਤਾਂ ਗੋਲੀ ਚੱਲਣੀ ਹੱਟ ਗਈ ਫੇਰ ਵੀ ਇਹ ਸਭ ਕੁਝ ਅੰਦਰ ਕਿਓਂ..ਪ੍ਰੈਸ ਦੁਨੀਆ ਨੂੰ ਜੂ ਵਿਖਾਉਣਾ ਸੀ ਕੇ ਅੰਦਰ ਏਨਾ ਕੁਝ ਸੀ..!
ਕੁੱਪ-ਰਹੀੜੇ ਘਲੂਕਾਰਾ..ਪੰਝੀ ਹਜਾਰ ਤੋਂ ਵੱਧ ਸ਼ਹੀਦੀਆਂ..ਬਾਕੀ ਬਚਿਆਂ ਅਰਦਾਸ ਕੀਤੀ..ਚਾਰ ਪਹਿਰ ਦਿਨ ਸੁਖ ਦਾ ਬਤੀਤ ਹੋਇਆ..ਚਾਰ ਪਹਿਰ ਰੈਣ ਆਈ..ਸੁਖ ਦੀ ਬਤੀਤ ਕਰਨੀ..ਭਵਿੱਖ ਦੀਆਂ ਪੀੜੀਆਂ ਲਈ ਚੜ੍ਹਦੀ ਕਲਾ ਪ੍ਰਭਾਸ਼ਿਤ ਕਰ ਗਏ!
ਇਸ ਗਹਿਗੱਚ ਮਗਰੋਂ ਜਖਮੀਂ ਹੋਏ ਪਟਿਆਲੇ ਵੱਲ ਨੂੰ ਨਿੱਕਲ ਗਏ..ਮਰਹਮ ਪੱਟੀ ਲਈ..ਅੱਗਿਓਂ ਰਾਜੇ ਆਲਾ ਸਿੰਘ ਨੇ ਨਾਂਹ ਕਰ ਦਿੱਤੀ..ਅਬਦਾਲੀ ਨਾਲ ਦੁਸ਼ਮਣੀ ਵਾਰਾ ਨੀ ਖਾਂਦੀ..!
ਜਿੰਦਗੀ ਜਿਊਣ ਦੇ ਦੋ ਤਰੀਕੇ ਨੇ..ਪਹਿਲਾ..ਅਸੂਲਾਂ ਸਿਧਾਂਤਾਂ ਨੂੰ ਇੱਕ ਛਿੱਕੇ ਟੰਗ ਕਾਬਜ ਧਿਰ ਦੀ ਹਾਂ ਵਿਚ ਹਾਂ ਮਿਲਾ ਜਗੀਰਾਂ ਜਾਇਦਾਤਾਂ ਪੈਟਰੋਲ ਪੰਪ ਜਿਪਸੀਆਂ ਗੰਨਮੈਨ ਹਵਾਈ ਸਫ਼ਰ ਪਦਵੀਆਂ ਅਹੁਦੇ ਚੇਅਰਮੈਨੀਆਂ ਤੇ ਹੋਰ ਵੀ ਕਿੰਨਾ ਕੁਝ ਮਾਣਦੇ ਹੋਏ ਖੁਸ਼ੀ ਖੁਸ਼ੀ ਹੱਸਦਿਆਂ ਡੰਗ ਟਪਾ ਲਏ ਜਾਣ!
ਤੇ ਦੂਜਾ..ਉਲਟੇ ਪਾਣੀ ਤੁਰਦੇ ਹੋਏ ਨਾਇਨਸਾਫੀ ਦੇ ਬੇਲਗਾਮ ਘੋੜੇ ਦੀਆਂ ਵਾਗਾਂ ਫੜ ਹੱਡ ਗੋਡੇ ਤੁੜਵਾ ਕੇ ਮੋਤੀ ਰਾਮ ਮਹਿਰੇ ਵਾਂਙ ਸਾਰਾ ਟੱਬਰ ਕੋਹਲੂ ਵਿਚ ਪਿੜਵਾ ਲਿਆ ਜਾਵੇ..!
ਮੌਤ ਤੇ ਬੇਸ਼ੱਕ ਦੋਵੇਂ ਤਰੀਕਿਆਂ ਵਿਚ ਹੀ ਨਿਸਚਿਤ ਏ ਪਰ ਅਕਸਰ ਵੇਖਿਆ ਗਿਆ ਕੇ ਦੂਜਾ ਰਾਹ ਅਪਨਾਉਣ ਵਾਲੇ ਕੋਲ ਕੌਮ ਨੂੰ ਛੋਲਿਆਂ ਦੀ ਇੱਕ ਮੁੱਠ ਦੇਣ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਹੁੰਦਾ..!
ਕਿਸੇ ਖੂਬ ਆਖਿਆ..”ਮੁੱਠ ਕੂ ਛੋਲੇੇ ਚੱਬ ਕੇ ਉੱਡਦੇ ਫਿਰਨ ਸਰੀਰ..ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ”
ਕਾਸ਼ ਕੌਂਮੀ ਭਾਵਨਾ ਨਾਲ ਲਬਰੇਜ ਚੜ੍ਹਦੀ ਕਲਾ ਦੇ ਉਹ ਤੀਰ ਆਪਣੇ ਮਿਥੇ ਨਿਸ਼ਾਨਿਆਂ ਤੇ ਵੱਜਦੇ ਰਹਿਣ ਅਤੇ ਕੌਂਮ ਟੀਸੀ ਦੇ ਕੌੜੇ ਬੇਰਾਂ ਨੂੰ ਹਮੇਸ਼ਾਂ ਹੀ ਫ਼ੁੰਡਦੀ ਰਹੇ..!
ਪਰ ਅਜੋਕੀ ਅਸਲੀਅਤ ਇਹ ਏ ਕੇ “ਆਪਣੇ ਘਰਾਂ ਵਿਚ ਸੇਫ ਹਾਂ..ਅਸੀਂ ਵੱਡੇ ਦੁਨੀਆ ਦਾਰ..ਪਰ ਬਹੁਤ ਬਰੀਕ ਹੈ ਸਮਝਣੀ..ਇਹ ਧਰਮ ਯੁਧਾਂ ਦੀ ਕਾਰ”
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)