ਇੱਕੋ ਮੁਕਦਰਾਂ ਵਾਲੇ—
ਇਹ 35 ਸਾਲ ਪੁਰਾਣੀ ਲਿਖੀ ਲਿਖਤ। ਹੁਣ ਆਪਣੇ ਇਸ ਪ੍ਰੀਵਾਰ ਲਈ ਆ।
ਘੱਟ ਦਾਜ ਤੇ ਉਪਰੋਥਲੀ 3 ਧੀਆਂ ਦਾ ਜੰਮਣਾਂ ਬੀਰਾਂ ਲਈ ਬਹੁਤ ਵੱਡਾ ਸਰਾਪ ਹੋ ਨਿੱਬੜਿਆ। ਸਾਰਾ ਦਿਨ ਸੱਸ ਦੇ ਤਾਹਨੇ ਸੁਣਦੀ ਤੇਂ ਸ਼ਾਮੀ ਘਰ ਵਾਲਾ ਆਨੇ ਬਹਾਨੇ ਹੱਡ ਸੇਕ ਦਿੰਦਾ। ਛੋਟੇ ਮੋਟੇ ਦੁੱਖ ਨੂੰ ਤਾਂ ਉਹ ਗੌਲਦੀ ਨਾ ਪਰ ਅੱਜ ਸਾਰੀ ਰਾਤ ਤੇਜ ਬੁਖਾਰ ਨੇ ਸੌਣ ਨ ਦਿੱਤਾ ਤੇ ਸਵੇਰੇ ਅੱਖ ਲੱਗ ਗਈ।
ਪਤੀ ਦੇ ਸ਼ਲੋਕਾਂ ਅਤੇ ਕਾੜੜ ਕਰਦੀ ਚਪੇੜ ਨਾਲ ਉਬੜਵਾਹੇ ਉੱਠੀ
” ਜਿਹੜੀਆਂ ਜੰਮ ਜੰਮ ਸੁੱਟੀਆਂ ਉਹਨਾਂ ਨੂੰ ਸਕੂਲ ਲਈ ਤਿਆਰ ਤੇਰੇ ਪਿਓ ਨੇ ਕਰਨਾ, ਮੇਰੀ ਰੋਟੀ ਕਿਹਨੇ ਬਣਾਣੀ?”
ਸੱਸ ਨੇ ਵੀ ਬਲਦੀ ਤੇ ਤੇਲ ਪਾਇਆ
” ਕਿਸੇ ਤੀਜੇ ਨੂੰ ਲਿਆ ਕੇ ਵਖਾਓ ਇਹ ਸੌਣ ਦਾ ਵੇਲਾ। ਮੈਂ ਕਹਾਂ ਤਾਂ ਸੱਸ ਬੁਰੀ ”
ਲਾਲ ਹੋਈ ਗਲ ਨੂੰ ਪਲੋਸਦੀ ਹੋਈ ਬੀਰਾਂ ਬੋਲੀ
“ਤਾਪ ਕਰਕੇ ਉੱਠ ਨੀ ਹੋਇਆ।”
” ਤੇਰੇ ਤਾਪ ਦਾ ਠੇਕਾ ਨੀ।ਆਹਰੇ ਲੱਗ ”
ਸੱਸ ਫੁਰਮਾਨ ਸੁਣਾ ਗਈ
ਜਾਣ ਲੱਗਾ ਘਰ ਵਾਲਾ 5 ਰੁਪਏ ਦਾ ਨੋਟ ਇੰਜ ਸੁੱਟ ਗਿਆ ਜਿਵੇਂ ਕੁੱਤੇ ਨੂੰ ਬੁਰਕੀ ਪਾਈਦੀ
“ਜਾਹ ਦਵਾਈ ਲੈ ਆਈਂ।ਨਾ ਮਰਨਾ ਨਾ ਖਹਿੜਾ ਛੱਡਣਾ”
ਕੰਮ ਨਬੇੜ, ਪੰਜਾਂ ਦਾ ਨੋਟ ਹੱਥ ਚ ਦੱਬੀ ਬੀਰਾਂ ਨਾਲ ਦੀ ਕਲੋਨੀ ਚ ਲੇਡੀ ਡਾਕਟਰ ਦੀ ਕਲੀਨਿਕ ਵਲ ਹੋ ਤੁਰੀ। ਕਹਿੰਦੇ ਉਹ ਘੱਟ ਪੈਸੇ ਲੈਂਦੀ ਤੇ ਉਹਦੀਆਂ ਗੱਲਾਂ ਨਾਲ ਅੱਧਾ ਦੁੱਖ ਦੂਰ ਹੋ ਜਾਦਾਂ।
ਗਲੀ ਚੋ ਨਾਲਦਿਆਂ ਦੀ ਕੁੜੀ ਸੀਮਾ ਸਕੂਟਰ ਤੇ ਉਹਨੂੰ ਬੁਲਾ ਕੇ ਲੰਘੀ। ਸੁਣਿਆ ਇਹ 25 ਸਾਲਾਂ ਦੀ ਹੋਕੇ ਵੀ ਵਿਆਹ ਨੀ ਕਰਾਂਦੀ। ਆਜ਼ਾਦ ਤੇ ਮਰਦ ਬਰੋਬਰ ਜਿੰਦਗੀ ਜੀਣ ਲਈ ਉੱਚ ਵਿੱਦਿਆ ਲੈ ਰਹੀ ਆ।ਇਧਰ ਇੰਨੀ ਉਮਰ ਚ ਬੀਰਾਂ ਨੇ ਜਿੰਦਗੀ ਦੇ ਸਾਰੇ ਰੰਗ ਵੇਖ ਲਏ।
ਮਾਂ ਇਹਤੋਂ ਛੋਟੇ ਭਰਾ ਜੰਮਣ ਸਾਰ ਰੱਬ ਨੂੰ ਪਿਆਰੀ ਹੋ ਗਈ ਸੀ। ਚਾਚੀ ਤੇ ਦਾਦੀ ਨੇ ਪਾਲਿਆ।
ਸਕੂਲ ਚ ਹਮੇਸ਼ਾਂ ਪਹਿਲੇ ਨੰਬਰ ਤੇ ਆਂਦੀ ਬੀਰਾਂ ਦੇ ਵੀ ਇਹੀ ਸੁਪਨੇ ਸੀ ਆਪਣੇ ਪੈਰਾਂ ਤੇ ਖੜੇ ਹੋਣਦੇ। 12ਵੀਂ ਤੋਂ ਬਾਅਦ ਚਾਚੇ ਚਾਚੀ ਨੇ ਜੋਰ ਪਾ ਇਹਦੇ ਬਾਪੂ ਨੂੰ ਮਨਾ ਲਿਆ ਸੀ
“ਟਾਇਮ ਨਾਲ ਮਾਂ ਬਾਹਰੀ ਦਾ ਵਿਆਹ ਹੋ ਜਾਣਾ ਚਾਹੀਦਾ ਜਮਾਨਾ ਬੜਾ ਖਰਾਬ”
ਨੌਕਰੀ ਕਰਦੇ ਮੁੰਡੇ ਨੇ ਇਹਨਾਂ ਦੀ ਜਾਇਦਾਦ ਤੇ ਇਹਦਾ ਸੁਹਪਣ ਵੇਖ ਵਿਆਹ ਕਰਾ ਲਿਆ। ਪਰ ਮੁੜ ਕਿਸੇ ਨੇ ਸਾਰ ਨਾ ਲਈ। ਮਾਂ ਹੁੰਦੀ ਤਾ ਦਿਨ-ਤਿਹਾਰ ਤੇ ਕੁੱਝ ਕਰਦੀ ਤੇ ਮਿਲਦੀ
ਇਸੇ ਉਧੇੜ ਬੁਣ ਚ ਕਲੀਨਿਕ ਪਹੁੰਚ ਗਈ। ਨਾਂ ਲਿਖਾ ਕੇ ਬੂਹੇ ਦੇ ਨਾਲਦੇ ਬੈਂਚ ਤੇ ਬੈਠ ਗਈ ਇਹਦਾ ਪੰਜਵਾਂ ਨੰਬਰ ਸੀ ਅੰਦਰ ਜਾਣ ਦਾ।
ਅੰਦਰੋਂ ਮਰੀਜ ਤੇ ਡਾਕਟਰਨੀ ਦੀ ਵਾਰਤਾਲਾਪ ਧਿਆਨ ਲਾਇਆਂ ਪੂਰੀ ਸੁਣਦੀ ਸੀ।
ਸੱਸ ਨੂੰਹ ਨੂੰ ਡਾਕਟਰ ਦੱਸ ਰਹੀ ਸੀ।
“ਮਾਤਾ ਇਸਦੀਆਂ ਰਿਪੋਰਟਾਂ ਸਾਰੀਆਂ ਠੀਕ-ਠਾਕ ਆ। ਆਪਣੇ ਮੁੰਡੇ...
ਨੂੰ ਸਮਝਾ ਆਪਣਾ ਟੈਸਟ ਕਰਾਏ”
” ਉਹਦੇ ਚ ਕੋਈ ਨੁਕਸ ਨੀ, ਇਹੀ ਫੰਡੜ ਆ।
ਹੋਰ ਕੁੜੀ ਹੈਗੀ ਮੇਰੀ ਨਜਰੇ ”
ਕਹਿੰਦੀ ਸੱਸ ਅੱਥਰੂ ਪੁੰਝਦੀ ਨੂੰਹ ਨੂੰ ਬਾਹਰ ਲੈ ਆਈ।
ਅਗਲਾ ਸਧਾਰਨ ਜੋੜਾ ਸੀ ਮੁੰਡਾ ਫਿਕਰਮੰਦ ਸੀ ਵਹੁਟੀ ਲਈ
“ਡਾਕਟਰ ਜੀ! ਇਹਦੀ ਛਾਤੀ ਚ ਜਿਹੜੀ ਰਸੌਲੀ ਆ ਕਿਤੇ ਕੈਂਸਰ ਤਾਂ ਨਾ ਬਣ ਜਾਊ। ਇਹਨੂੰ ਕੁੱਝ ਨ ਹੋਏ। ਗਰੀਬ ਬੰਦੇ ਆਂ”
ਚੈਕ ਕਰਕੇ ਡਾਕਟਰ ਨੇ ਪਿਆਰ ਨਾਲ ਸਮਝਾਇਆ
“ਘਬਰਾਉਣ ਵਾਲੀ ਗਲ ਨੀ। ਇਹ ਉਹ ਨਹੀਂ। ਲੋੜ ਪੈਣ ਤੇ ਟੈਸਟ ਕਰਾਕੇ ਕੱਢ ਦਿਆਂਗੇ”
ਇਕ ਤਸੱਲੀ ਜਿਹੀ ਨਾਲ ਉਹ ਜੋੜਾ ਬਾਹਰ ਆ ਗਿਆ।
ਤੀਜੀ ਖੂਬਸੂਰਤ ਔਰਤ ਬੜੀ ਗੱਡੀ ਚੋਂ ਉਤਰ ਕੇ ਆਈ ਪਰ ਚੇਹਰੇ ਤੇ ਘੋਰ ਉਦਾਸੀ।
ਹੌਲੀ ਹੌਲੀ ਹੁੰਦੀ ਲੰਬੀ ਗੱਲਬਾਤ ਤੋ ਬੀਰਾਂ ਇਹੀ ਸਮਝ ਸਕੀ ਕਿ ਇਹ ਆਦਮੀ ਤੋਂ ਖੁਸ਼ ਨਹੀਂ
“ਸਾਥੀ ਦੇ ਪਿਆਰ ਤੋਂ ਬਿਨਾ ਇਸ ਦੌਲਤ ਤੇ ਐਸ਼ੋ ਆਰਾਮ ਦੀ ਜਿੰਦਗੀ ਨੂੰ ਕੀ ਕਰਨਾ। ਕੱਖਾਂ ਦੀ ਕੁੱਲੀ ਤੇ ਪਿਆਰਾ ਹਮਸਫਰ ਹੀ ਮੈਂ ਤਾਂ ਚਾਹਿਆ ਸੀ”
ਨਾਲ ਹੀ ਹਟਕੋਰਿਆਂ ਦੀ ਆਵਾਜ਼ ਆ ਰਹੀ ਸੀ।
ਡਾਕਟਰ ਨੇ ਉਹਨੂੰ ਪਿਆਰ ਨਾਲ ਕੁੱਝ ਸਮਝਾਇਆ ਤੇ ਮੰਨ ਨੂੰ ਸ਼ਾਂਤ ਰੱਖਣ ਲਈ ਕੋਈ ਦਵਾਈ ਲਿਖੀ।
ਚੌਥੇ ਨੰਬਰ ਵਾਲੀ ਜਦੋਂ ਅੰਦਰ ਗਈ ਤਾਂ ਬੀਰਾਂ ਹੋਰ ਚੁਕੰਨੀ ਹੋ ਗਈ ਕਿਉਂਕਿ ਅਗਲੀ ਇਹਦੀ ਵਾਰੀ ਸੀ।ਇਹ ਕਾਲਜ ਚ ਪੜ੍ਹਾਉਂਦੀ ਹੋਵੇਗੀ ।ਡਾਕਟਰ ਨੇ ਸੰਬੋਧਨ ਜੁ ਕੀਤਾ।
“ਪ੍ਰੋਫੈਸਰ ਸਾਹਿਬ ਕਿਵੇਂ ਆਣਾ ਹੋਇਆ?”
” ਡਾਕਟਰ ਸਾਹਿਬ! ਟੈਸਟ ਕਰਵਾਇਆ ਫਿਰ ਤੀਸਰੀ ਲੜਕੀ ਆ। ਦੱਸੋ ਫਿਰ ਕਲ—?”
ਡਾਕਟਰ ਨੇ ਉਹਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਕਹਿ ਦਿੱਤਾ
” ਕਲ ਨਹੀਂ 4 ਦਿਨਾਂ ਬਾਅਦ ”
“ਕਲ ਕਿਓਂ ਨੀ?” ਪ੍ਰੋਫੈਸਰ ਦਾ ਸੁਆਲ ਸੀ।
“ਕਲ ਮੈਂ ਆਪ ਡਾਕਟਰ ਕੋਲ ਜਾਣਾ ਮੇਰੇ ਵੀ ਦੂਸਰੀ ਲੜਕੀ ਆ” ਡਾਕਟਰ ਨੇ ਮਜਬੂਰੀ ਦੱਸੀ
” ਕੀ—? ਕੀ ਡਾਕਟਰ ਸਾਹਿਬ!ਤੁਸੀਂ ਵੀ ਇੰਜ ਸੋਚਦੇ ਓ” ਪ੍ਰੋਫੈਸਰ ਨੇ ਹੈਰਾਨ ਹੋਏ ਪੁੱਛਿਆ
” ਮੈਂ ਵੀ ਤਾਂ ਹਿੰਦੁਸਤਾਨੀ ਮਰਦ ਦੀ ਪਤਨੀ ਆਂ।ਮੈਨੂੰ ਵੀ ਕੌੜੀਆਂ ਫਿੱਕੀਆਂ ਸੁਣਣੀਆਂ ਪੈਂਦੀਆਂ। ਬਹੁਤੀਆਂ ਔਰਤਾਂ ਦਾ ਮੁਕੱਦਰ ਇਕੋ ਜਿਹਾ ਹੁੰਦਾ”
ਡਾਕਟਰ ਦੀ ਆਵਾਜ਼ ਚ ਦਰਦ ਸੀ।
ਬੀਰਾਂ ਨੂੰ ਲੱਗਾ ਜਿਵੇਂ ਉਹਦਾ ਬੁਖਾਰ ਖੰਭ ਲਾਕੇ ਉਡ ਗਿਆ ਹੋਵੇ। ਉਹਨੂੰ ਅਹਿਸਾਸ ਹੋਇਆ ਕਿ ਉਹ ਇਕੱਲੀ ਨਹੀਂ ,ਇਸ ਸਮਾਜ ਚ ਅਣਗਿਣਤ ਔਰਤਾਂ ਓਹਦੇ ਵਰਗੀਆਂ।
ਉਹ ਪੰਜਾਂ ਦਾ ਨੋਟ ਮੁੱਠੀ ਚ ਘੁੱਟੀ ਘਰ ਨੂੰ ਵਾਪਸ ਆ ਰਹੀ ਸੀ ਬਿਨਾਂ ਡਾਕਟਰ ਤੋਂ ਦਵਾਈ ਲਿਆਂ।
ਹਰਜੀਤ ਸੈਣੀ