ਇੰਗਲੈਂਡ ਦੇ ਸਿੱਲੇ ਸਿਲੇ ਮੌਸਮ ਵਾਲੀ ਇੱਕ ਸੁਹਾਵਣੀ ਜਿਹੀ ਸ਼ਾਮ..
ਜਦੋਂ ਪਹਿਲੀ ਵਾਰ ਆਪਸੀ ਮਿਲਣੀ ਤਹਿ ਹੋਈ ਤਾਂ ਦੂਰੋਂ ਤੁਰੀ ਆਉਂਦੀ ਨੂੰ ਵੇਖ ਇੰਝ ਲੱਗਾ ਜਿੱਦਾਂ ਚਿਰਾਂ ਤੋਂ ਗੁਆਚੀ ਹੋਈ ਕੋਈ ਰੂਹਾਂ ਦੀ ਹਾਣ ਨਜਰੀ ਪੈ ਗਈ ਹੋਵੇ..!
ਫੇਰ ਨਿੰਮਾ-ਨਿੰਮਾਂ ਜਿਹਾ ਹੱਸਦੀ ਹੋਈ ਕੋਲ ਆਈ ਤਾਂ..ਅੱਗੇ ਥੋੜਾ ਚਿੱਕੜ ਸੀ..ਟੱਪਣ ਲੱਗੀ ਤਾਂ ਇੱਕ ਵਾਰ ਰੁੱਕ ਗਈ.. ਥੋੜਾ ਝਿਜਕ ਜਿਹੀ ਵੀ ਗਈ..ਮੁੜ ਦੋਬਾਰਾ ਨੈਣ ਮਿਲੇ ਤਾਂ ਪਿੱਪਲੀ ਦੇ ਪੱਤ ਵਰਗੀਆਂ ਨਾਜ਼ੁਕ ਜਿਹੀਆਂ ਦੋ ਉਂਗਲਾਂ ਅੱਗੇ ਵਧਾ ਦਿੱਤੀਆਂ ਤੇ ਆਖਣ ਲੱਗੀ “ਹੱਥ ਫੜ ਸਕਦਾਂ ਏ ਮੇਰਾ?”
ਏਨੀ ਗੱਲ ਸੁਣ ਤਰਨਤਾਰਨ ਕੋਲ ਭਰੋਵਾਲ ਪਿੰਡ ਵਿਚ ਜਨਮਿਆਾ ਸਿੱਧਾ-ਸਾਦਾ ਮਝੈਲ ਜੱਟ ਸ਼ਸ਼ੋਪੰਝ ਵਿਚ ਪੈ ਗਿਆ..ਹੋਰ ਤੇ ਕੁਝ ਸੁਝਿਆ ਨਹੀਂ ਬਸ ਕਿਸੇ ਵੇਲੇ ਮਾਂ ਦੀ ਆਖੀ ਦਿਮਾਗ ਵਿਚ ਆ ਗਈ ਕੇ “ਪੁੱਤ ਵਲੈਤ ਚਲਿਆਂ ਤੇ ਹੈਂ..ਜੇ ਕਿਸੇ ਬੇਗਾਨੀ ਦਾ ਹੱਥ ਇੱਕ ਵਾਰ ਫੜ ਲਿਆ ਤਾਂ ਮੁੜ ਛੱਡੀ ਨਾ”!
ਓਸੇ ਵੇਲੇ ਜੁਆਬ ਦੇ ਦਿੱਤਾ ਕੇ “ਫੜ ਤੇ ਲਊਂ ਪਰ ਫੇਰ ਸਾਰੀ ਉਮਰ ਛੁਡਾਉਣ ਨਹੀ ਦੇਣਾ”
ਅੰਨ੍ਹਾਂ ਕੀ ਮੰਗੇ ਦੋ ਅੱਖੀਆਂ..ਅਗਲੀ ਏਨੀ ਗੱਲ ਸੁਣ ਕਪਾਹ ਦੇ ਸੂਹੇ ਫੁੱਲ ਵਾਂਙ ਖਿੜ ਗਈ ਤੇ ਮੁੜ ਦਿੱਲਾਂ ਨੂੰ ਦਿੱਲਾਂ ਵਾਲੀ ਐਸੀ ਪੈੜ ਲੱਭ ਪਈ ਕੇ ਇਸ਼ਕ ਵਾਲੇ ਪੈਂਡੇ ਤੇ ਅਜ ਤੱਕ ਇੱਕਠੇ ਤੁਰੇ ਆ ਰਹੇ ਹਾਂ..!
ਸਾਂਝਾ ਅਕਾਉਂਟ ਸਾਂਝੀ ਜਿੰਦਗੀ..ਸਾਂਝੀਆਂ ਖੁਸ਼ੀਆਂ ਤੇ ਸਾਂਝੇ ਗਮ..ਗੱਲ ਕੀ ਬੀ ਦੁਨਿਆਵੀ ਵਜੂਦ ਤੋਂ ਇਲਾਵਾ ਕੋਈ ਵੀ ਚੀਜ ਵੱਖ ਵੱਖ ਨਹੀਂ ਏ..!
ਫੇਰ ਲਿਥੂਏਨਿਆ ਨਾਮ ਦੇ ਮੁਲਖ ਦੀ ਛੇ ਫੁੱਟ ਉਚੀ ਡੋਨਾਤਾ ਜਦੋਂ ਲਾਵਾਂ ਲੈ ਸਰਦਾਰਨੀ ਡੋਨਾਤਾ ਕੌਰ ਬਣ ਗਈ ਤਾਂ ਕਰਮਾਂ ਵਾਲੀ ਨੇ ਪਹਿਲੀ ਰਾਤ ਬੱਸ ਇੱਕੋ ਗੱਲ ਆਖੀ ਕੇ ਤੇਰੇ ਮੋਹ ਪਿਆਰ ਵਿਚ ਇਸ ਕਦਰ ਕਮਲੀ ਹੋ ਗਈ ਹਾਂ ਕੇ ਹੁਣ ਜਿੰਦਗੀ ਨੂੰ ਭਾਵੇਂ ਜਿਹੜੇ ਮਰਜੀ ਰੰਗ ਵਿਚ ਰੰਗ ਦੇ ਕੋਈ ਪ੍ਰਵਾਹ ਨਹੀਂ ਪਰ ਇੱਕ ਅਰਜੋਈ ਏ ਕੇ ਕਿਸੇ ਮੋੜ ਤੇ ਅੱਪੜ ਕੇ ਧੋਖਾ ਨਾ ਦੇ ਜਾਵੀਂ..!
ਅੱਗੋਂ ਅਚੇਤ ਮਨ ਆਪ ਮੁਹਾਰੇ ਹੀ ਗਾ ਉਠਿਆ ਕੇ..”ਯਾਰੀ ਜੱਟ ਦੀ ਤੂਤ ਦਾ ਮੋਛਾ..ਕਦੀ ਨਾ ਵਿਚਾਲੋਂ ਟੁੱਟਦਾ”
ਮਗਰੋਂ “ਦਿਲ ਦਰਿਆ ਸਮੁੰਦਰੋਂ ਡੂੰਗੇ..ਕੌਣ ਦਿਲਾਂ ਦੀਆਂ ਜਾਣੇ” ਵਾਲੀ ਕਰਾਮਾਤ ਅਸਲ ਜਿੰਦਗੀ ਵਿਚ ਵਾਪਰ ਗਈ ਅਤੇ ਵਲੈਤ ਦੀ ਠੰਡੀ ਸੀਤ ਕਾਇਨਾਤ ਨੇ ਮੋਹ ਪਿਆਰ ਨਾਲ ਲਬਰੇਜ ਸ਼੍ਰਿਸ਼ਟੀ ਨਾਲ ਐਸੀ ਗੂੜੀ ਭਿਆਲੀ ਪਾਈ ਕੇ ਛੇਤੀ ਹੀ ਵੇਹੜੇ ਵਿਚ ਮੁਹੱਬਤ ਵਾਲੇ ਦੋ ਬੂਟੇ ਵੀ ਉੱਗ ਆਏ..ਧੀ ਅੰਮ੍ਰਿਤ ਕੌਰ ਅਤੇ ਨਿੱਕਾ ਸਰਦਾਰ ਅਨੰਦ ਸਿੰਘ..!
ਫੇਰ ਜਦੋਂ ਅਨੰਦ ਸਿੰਘ ਨੂੰ ਪੱਗ ਬਨਾਉਣ ਦੀ ਗੱਲ ਚਲੀ ਤਾਂ ਡੋਨਾਤਾ ਕੌਰ ਨੇ ਮਿਹਣਾ ਜਿਹਾ ਮਾਰਿਆ ਕੇ ਪਹਿਲਾਂ ਆਪ ਤਾਂ ਸਿੰਘ ਸੱਜ ਜਾਓ..ਅਗਲੀ ਪੀੜੀ ਨੂੰ ਆਖਣਾ...
ਫੇਰ ਬਣਦਾ ਏ..ਆਖੇ ਬੋਲ ਸਿਧੇ ਜਮੀਰ ਤੇ ਅਸਰ ਕਰ ਗਏ..ਫੇਰ ਦਾਹੜੀ ਕੇਸ ਰੱਖ ਲਏ..!
ਸਹੁਰੇ ਤੇ ਸਾਲੇ ਸਾਂਡੂਆਂ ਨੇ ਮਹਾਰਾਜੇ ਰਣਜੀਤ ਸਿੰਘ ਬਾਰੇ ਪਹਿਲਾਂ ਹੀ ਕਿਤਿਓਂ ਪੜ ਰਖਿਆ ਸੀ..!
ਜਦੋਂ ਇੱਕ ਦਿਨ ਰੂਸ ਤੋਂ ਵੱਖ ਹੋਏ ਸੋਹਣੇ ਮੁਲਖ ਲਿਥੂਏਨੀਆਂ ਵਿਚ ਸਹੁਰਿਆਂ ਦੇ ਪਿੰਡ ਜਾ ਪੁੱਜਾ ਤਾਂ ਮੇਰਾ ਸਿੱਖੀ ਸਰੂਪ ਦੇਖ ਸਾਰੇ ਪਿੰਡ ਨੂੰ ਚਾਅ ਜਿਹਾ ਚੜ ਗਿਆ..ਆਖਣ ਲ਼ੱਗੇ ਇੰਝ ਲੱਗਦਾ ਸਾਡੇ ਵੇਹੜੇ ਅੱਜ ਪੰਜਾਬੋਂ ਮਹਾਰਾਜਾ ਦਲੀਪ ਸਿੰਘ ਆਣ ਢੁਕਿਆ ਏ..!
ਮੈਂ ਵੀ ਲੋਰ ਵਿਚ ਆਏ ਨੇ ਅੱਗਿਓਂ ਆਖ ਹੀ ਦਿੱਤਾ ਕੇ “ਹਾਂ ਮੈਂ ਦਲੀਪ ਸਿੰਘ ਹੀ ਹਾਂ..ਓਹੀ ਦਲੀਪ ਜਿਸਨੂੰ ਕਿਸੇ ਵੇਲੇ ਸਿੱਖੀ ਨਾਲੋਂ ਤੋੜ ਦਿੱਤਾ ਗਿਆ ਸੀ ਪਰ ਇਸ ਵਾਰ ਦਸਮ ਪਿਤਾ ਵੱਲੋਂ ਦਰਸਾਏ ਸਰੂਪ ਵੱਲ ਮੋੜਾ ਮਹਾਰਾਣੀ ਜਿੰਦਾ ਨੇ ਨਹੀਂ ਸਗੋਂ “ਡੋਨਾਤਾ ਕੌਰ”ਨੇ ਪੁਵਾਇਆ ਏ”
ਏਨੀ ਗੱਲ ਸੁਣ ਹਵਾ ਵਿਚ ਉੱਡਦੀ ਹੋਈ ਡੋਨਾਤਾ ਕੌਰ ਦੀ ਖੁਸ਼ੀ ਦੇ ਹੰਜੂ ਵਹਿ ਤੁਰੇ..!
ਸੂਰਤ ਦੇ ਨਾਲ ਨਾਲ ਸੀਰਤ ਦੀ ਵੀ ਏਨੀ ਠੰਡੀ ਏ ਕੇ..ਭਾਵੇਂ ਘਿਓ ਦਾ ਘੜਾ ਵੀ ਕਿਓਂ ਨਾ ਡੁੱਲ ਜਾਵੇ..ਕਦੇ ਕੋਈ ਸ਼ਿਕਵਾ ਨੀ..ਕੋਈ ਸ਼ਿਕਾਇਤ ਨੀ..
ਇੱਕ ਦੋ ਵਾਰ ਐਸੇ ਮੌਕੇ ਆਏ..ਐਵੇਂ ਦਿਮਾਗ ਨੂੰ ਗਰਮੀਂ ਚੜ ਗਈ..ਪਰ ਅੱਗੋਂ ਇਸਦੀ ਮਿੱਠੀ ਜਿਹੀ ਮੁਸਕੁਰਾਹਟ ਨੇ ਉੱਬਲਦੇ ਹੋਏ ਦੁੱਧ ਵਿਚ ਠੰਡੇ ਪਾਣੀ ਦੇ ਛੱਟਿਆ ਵਾਲਾ ਕੰਮ ਕੀਤਾ..ਮੁੜ ਆਪਣੇ ਆਪ ਨਾਲ ਅਹਿਦ ਕੀਤਾ ਕੇ ਇਸ ਗੁੱਸੇ ਨੂੰ ਹਮੇਸ਼ਾ ਕਾਬੂ ਵਿਚ ਰੱਖਣਾ!
ਘਰੇ ਚਰਚ ਅਤੇ ਬਾਈਬਲ ਦੀ ਗੱਲ ਕਰਨ ਤੇ ਕੋਈ ਪਾਬੰਦੀ ਨਹੀਂ ਪਰ ਫੇਰ ਵੀ ਜਦੋਂ ਨਿਕੀ ਅਮ੍ਰਿਤ ਕੌਰ ਅਤੇ ਜੁਝਾਰੂ ਆਨੰਦ ਸਿੰਘ ਇਹ ਆਖ ਦਿੰਦੇ ਨੇ ਕੇ ਵੱਡੇ ਹੋ ਕੇ ਸਰਬੱਤ ਦੇ ਭਲੇ ਵਾਲੇ ਸ੍ਰੀ ਗੁਰੂ ਗ੍ਰੰਥ ਸਾਬ ਵਾਲੇ ਸਿਧਾਂਤ ਨੂੰ ਸਾਰੀ ਦੁਨੀਆ ਵਿਚ ਫੈਲਾਉਣਾ ਏ ਤਾਂ ਸਿਰ ਆਪਮੁਹਾਰੇ ਹੀ ਅਕਾਲ ਪੁਰਖ ਦੇ ਸ਼ੁਕਰਾਨੇ ਵਿਚ ਨਤਮਸਤਕ ਹੋ ਜਾਂਦਾ ਏ..!
ਅਕਸਰ ਹੀ ਦਿਲੋਂ ਢੇਰ ਸਾਰੀਆਂ ਦੁਆਵਾਂ ਨਿੱਕਲਦੀਆਂ ਰਹਿੰਦੀਆਂ ਨੇ ਕੇ ਹੇ ਵਾਹਿਗੁਰੂ ਇਨ੍ਹਾਂ ਦੋ ਹੀਰਿਆਂ ਦੀ ਜਨਮਦਾਤੀ ਸਰਦਾਰਨੀ ਡੋਨਾਤਾ ਸਿੰਘ ਨੂੰ ਤੱਤੀ ਵਾ ਨਾ ਲੱਗਣ ਦੇਵੀਂ..!
ਸੋ ਦੋਸਤੋ ਇਸ ਦੁਨੀਆਂ ਵਿਚ ਸੱਚੀ ਮੁਹੱਬਤ ਦੀ ਕੋਈ ਕੋਈ ਦਾਸਤਾਨ ਓਦੋਂ ਸੁਨਿਹਰਾ ਇਤਿਹਾਸ ਸਿਰਜ ਜਾਇਆ ਕਰਦੀ ਏ ਜਦੋਂ ਆਉਣ ਵਾਲਾ ਭਵਿੱਖ ਦੋ ਰੂਹਾਂ ਦੇ ਹੋਏ ਇੱਕ ਪਵਿੱਤਰ ਸੁਮੇਲ ਨੂੰ ਸਦਾ ਲਈ ਆਪਣੀ ਬੁੱਕਲ ਵਿਚ ਸਮੋ ਲਿਆ ਕਰਦਾ ਏ!
(ਸਰਦਾਰ ਸ਼ਰਨਜੀਤ ਸਿੰਘ ਖਿੰਡਾ ਵੱਲੋਂ ਦੋ ਸਾਲ ਪਹਿਲਾਂ ਦੱਸਿਆਂ ਗਿਆ ਆਪਣਾ ਜੀਵਨ ਬਿਰਤਾਂਤ)
ਹਰਪ੍ਰੀਤ ਸਿੰਘ ਜਵੰਦਾ