More Punjabi Kahaniya  Posts
ਅੱਜ ਦੇ ਅਖ਼ਬਾਰਾਂ ਦੀ ਮੁੱਖ ਖ਼ਬਰ


ਜੰਗਲ਼ ਦੇ ਜਾਨਵਰਾਂ ਨੇ ਧਰਮਰਾਜ ਕੋਲ਼ ਕੀਤੀ ਫ਼ਰਿਆਦ
ਆਦਮਜ਼ਾਤ ਸਾਨੂੰ ਬਦਨਾਮ ਕਰਕੇ ਕਰ ਰਹੀ ਐ ਬਰਬਾਦ ”
ਅੱਜ ਦੇ ਅਖ਼ਬਾਰਾਂ ਦੀ ਮੁੱਖ ਖ਼ਬਰ ।
“ਰੁੱਤਾਂ ਵਿੱਚ ਹੋ ਗਿਆ ਵਾਧਾ, ਕੈਬਨਿਟ ਦੀ ਮੀਟਿੰਗ ਵਿੱਚ ਪਾਸ ਕੀਤਾ ਨਵਾਂ ਕਨੂੰਨ” ।
ਹੁਣ ਤੱਕ ਸਰਿਸ਼ਟੀ ਦੇ ਸਾਜਣ ਹਾਰ ਨੇ ਜਿੰਨੀਆਂ ਵੀ ਰੁੱਤਾਂ ਬਣਾਕੇ ਭੇਜੀਆਂ ਸੀ, ਭਾਰਤ ਦੇ ਰਾਜਨੀਤਕ ਲੋਕਾਂ ਨੇ ਆਪਣੀ ਸਹੂਲਤ ਲਈ ਓਹਨਾਂ ਵਿੱਚ ਵਾਧਾ ਕਰ ਦਿੱਤਾ । ਪਰਚੱਲਤ ਰੁੱਤਾਂ ਵੀ ਸ਼ਰਮਸਾਰ ਹੋ ਗਈਆਂ ਜਦੋਂ ਰਾਜਨੀਤਕ ਲੋਕਾਂ ਨੇ ਓਹਨਾ ਦੀ ਸੌਕਣ ਲਿਆ ਵਸਾਈ । ਦੁੱਖ ਤਾਂ ਹੁੰਦਾ ਈ ਐ, ਜਦੋਂ ਵਸਦੇ ਰਸਦੇ ਪਰਿਵਾਰ ਵਿੱਚ ਕੋਈ ਹੱਲਚੱਲ ਮਚਦੀ ਹੋਵੇ । ਰਾਜਨੀਤਕ ਸੱਥ ਨੇ ਆਪਣੀ ਸਹੂਲਤ ਲਈ ਇੱਕ ਨਵੀਂ ਰੁੱਤ ਘਸੋੜ ਦਿੱਤੀ । ਇਸ ਰੁੱਤ ਦਾ ਨਾਮਕਰਨ ਕਰਨ ਵਾਸਤੇ ਭਰਵੀਂ ਬਹਿਸ ਹੋਈ । ਮੰਤਰੀ ਸਹਿਬਾਨ ਆਪੋ ਆਪਣੇ ਵਿਚਾਰ ਪੇਸ਼ ਕਰ ਰਹੇ ਸੀ । ਕਿਸੇ ਨੇ ਕਿਹਾ ਰੰਗ ਬਦਲ ਰੁੱਤ, ਕਿਸੇ ਨੇ ਘਰ ਵਾਪਸੀ ਰੁੱਤ ਦਾ ਸੁਝਾਅ ਦਿੱਤਾ । ਭਖਵੀੰ ਬਹਿਸ ਤੋਂ ਬਾਅਦ ਬਹੁਸੰਮਤੀ ਨਾਲ਼ ਫੈਸਲਾ ਹੋਇਆ ਕਿ ਇਸ ਨਵੀਂ ਰੁੱਤ ਨੂੰ ” ਗਿਰਗਿਟ ਰੁੱਤ” ਦਾ ਨਾਮ ਦਿੱਤਾ ਜਾਵੇ ।
ਜਿਉਂ ਹੀ ਇਸ ਫੈਸਲੇ ਦੀਆਂ ਕਾਪੀਆਂ ਜਨਤਕ ਹੋਈਆਂ ਤਾਂ ਬਬਾਲ ਮੱਚ ਗਿਆ । ਪਹਿਲਾਂ ਤੋਂ ਪਰਚੱਲਤ ਰੁੱਤਾਂ ਨੇ ਸਖਤ ਇਤਰਾਜ ਕੀਤਾ, ਕਾਰਨ ਸਾਫ ਸੀ, ਓਹ ਕਹਿੰਦੀਆਂ ਸਾਡੇ ਆਉਣ ਦਾ ਸਮਾਂ ਤਾਂ ਕੁਦਰਤ ਨੇ ਨਿਯਮਬੱਧ ਕੀਤਾ ਹੋਇਐ, ਅਸੀਂ ਤਾ ਵਾਰੀ ਸਿਰ ਆਪਣੀ ਡਿਊਟੀ ਨਿਭਾਕੇ ਤੁਰ ਜਾਂਨੀਆਂ, ਆਹ ਨਵੀਂ ਸੌਕਣ ਤਾਂ ਹਰ ਰੁੱਤ ਵਿਚ ਅੜਿੱਕੇ ਡਾਹੁਣ ਆ ਜਾਂਦੀ ਐ । ਇਸ ਰੁਤ ਦਾ ਕੋਈ ਸਮਾਂ ਨਹੀਂ, ਕੋਈ ਅਸੂਲ ਨਹੀਂ , ਇਹ ਬੇਸ਼ਰਮ ਰੁੱਤ ਹਰ ਮਹੀਨੇ ਹਰ ਸਾਲ ਤੇ ਹਰ ਨਿੱਕੀ ਮੋਟੀ ਚੋਣ ਵੇਲ਼ੇ ਆ ਧਮਕਦੀ ਐ ਸਾਡੇ ਵਿਚ ਖਰਲ਼ ਪਾਉਣ ਲਈ ।
ਰੁੱਤਾਂ ਵਿਚਲੀ ਘੁਸਰ-ਮੁਸਰ ਗਿਰਗਿਟ ਕੋਲ਼ ਵੀ ਪਹੁੰਚ ਗਈ । ਸੁਣਕੇ ਓਹਦੀ ਸੂਈ ਵੀ ਲਾਲ ਲਕੀਰ ਪਾਰ ਕਰ ਗਈ , ਤੇ ਓਹ ਜੰਗਲ ਦੇ ਰਾਜੇ ਕੋਲ਼ ਜਾ ਫਰਿਆਦੀ ਹੋਈ । ਓਹਨੇ ਜਾਨਵਰਾਂ ਦੀ ਮੀਟਿੰਗ ਸੱਦ ਲਈ ਤੇ ਹੋ ਗਈ ਵਿਚਾਰ ਚਰਚਾ ਸ਼ੁਰੂ । ਸਭ ਤੋਂ ਪਹਿਲਾ ਇਤਰਾਜ ਗਿਰਗਿਟ ਨੇ ਲਾਇਆ ਕਿ ਰਾਜਨੀਤਕ ਲੋਕ ਇੱਕ ਦੂਜੇ ਨਾਲ਼ ਜੂਤਮਜੂਤੇ ਹੋ ਕੇ ਪਲ਼ਟੀ ਮਾਰ ਜਾਦੇ ਨੇ । ਜਿਹੜੇ ਪਾਸੇ ਪਲ਼ਟੀ ਵਜਦੀ ਐ ਓਹ ਤਾਂ ਖੁਸ਼ੀ ‘ਚ ਖੀਵੇ ਹੋ ਕੇ ਖੜਦੁੰਬ ਮਚਾਉਂਦੇ ਨੇ ਪਰ ਜਿਹੜੇ ਪਾਸਿਓਂ ਪਲ਼ਟੀ ਵਜਦੀ ਐ ਓਹ ਆਪੋ ਆਪਣੀ ਕਮਜੋਰੀ ਛੁਪਾ ਕੇ ਬਦਨਾਮ ਮੈਨੂੰ ਕਰਦੇ ਨੇ । ਜਾਨਵਰ ਤਾਂ ਹੋਰ ਵੀ ਬੜੇ ਨੇ ਜਿਹੜੇ ਆਪਣੀ ਜਾਨ ਬਚਾਉਣ ਲਈ ਰੰਗ ਬਦਲਦੇ ਨੇ, ਪਰ ਤੋਹਮਤਾਂ ਮੇਰੇ ਤੇ ਹੀ ਕਿਉਂ ਲੱਗਦੀਆਂ ਨੇ ? ਇਹ ਹੁੱਨਰ ਤਾਂ ਸਾਨੂੰ ਸਿਰਜਣ ਵਾਲ਼ੇ ਨੇ ਦਿੱਤੈ ।
ਅਗਲੀ ਵਾਰੀ ਧੋਬੀ ਦੇ ਕੁੱਤੇ ਦੀ ਸੀ, ਓਹ ਕਹਿੰਦਾ ਭੈਣ ਮੇਰੀਏ ਮੇਰੇ ਕਿਹੜਾ ਇਹ ਹਾਰ ਪਾਉਦੇ ਨੇ । ਮੈਂ ਆਪਣੇ ਮਾਲਕ ਪ੍ਰਤੀ ਵਫਾਦਾਰ ਹਾਂ, ਘਰ ਤੋਂ ਘਾਟ ਤੱਕ ਆਪਣੇ ਮਾਲਕ ਦੀ ਰੱਖਿਆ ਕਰਨਾ ਮੇਰੀ ਡਿਊਟੀ ਵੀ ਹੈ ਤੇ ਜਿੰਮੇਵਾਰੀ ਵੀ । ਪਰ ਇਹ ਆਪਣੀਆਂ ਵਫਾਦਾਰੀਆਂ ਬਦਲਕੇ ਤੋਹਮਤਾਂ ਮੇਰੇ ਤੇ ਲਾ ਦਿੰਦੇ ਨੇ । ਕਹਿਣਗੇ “ਧੋਬੀ ਦਾ ਕੁੱਤਾ ਨਾਂ ਘਰਦਾ ਨਾਂ ਘਾਟ ਦਾ” । ਹੋਰ ਤਾਂ ਹੋਰ ਭਟਕਦੇ ਇਹ ਆਪ ਫਿਦਰੇ ਨੇ ਦਰ ਦਰ ਤੇ, ਬਦਨਾਮੀ ਮੇਰੀ ਕਰਦੇ ਨੇ, ਕਹਿਣਗੇ “ਕੁੱਤੇ ਭਕਾਈ” ਕਰਦੇ ਫਿਰਦੇ ਆਂ ਲੋਕਾਂ ਪਿੱਛੇ ।
ਬਾਂਦਰ ਕੁੱਤੇ ਨੂੰ ਟੋਕ ਕੇ ਵਿਚੋਂ ਹੀ ਬੋਲ ਪਿਆ, ਕਹਿੰਦਾ ਮੈਨੂੰ ਤਾਂ ਇਹਨਾਂ ਦੇ ਵੱਡੇ ਖੋਜੀ ਤੇ ਵੀ ਇਤਰਾਜ ਹੈ । ਇੱਕ ਡਾਰਵਿਨ ਨਾਮ ਦੇ ਵਿਅੱਕਤੀ ਨੇ ਤਾਂ ਇਸ ਆਦਮਜਾਤ ਨੂੰ ਮੇਰੀ ਪਰਜਾਤੀ ਗਰਦਾਨ ਦਿੱਤਾ । ਓਹਨੇ ਤਾਂ ਮੈਨੂੰ ਲੰਡਾ ਕਰਨ ਵਿਚ ਵੀ ਕੋਈ ਕਸਰ ਨਹੀ ਛੱਡੀ । ਆਖੇ ਮੇਰੀ ਖੋਜ ਕਹਿੰਦੀ ਐ ਕਿ ਮਨੁੱਖ ਦੀ ਉਤਪਤੀ ਬਾਂਦਰ ਤੋਂ ਹੋਈ ਐ, ਤੁਰਦੇ ਤੁਰਦੇ ਦੀ ਪੂਛ ਘਸ ਗਈ ਤੇ ਅਗਲੀਆਂ ਲੱਤਾਂ ਤੋਂ ਬਾਹਵਾਂ ਦਾ ਕੰਮ ਲੈਣ ਲੱਗ ਪਿਆ ਤੇ ਬੰਦਾ ਬਣ ਗਿਆ । ਜੇ ਇਹ ਕਿਧਰੇ ਮੈਨੂੰ ਮਿਲ ਜਾਵੇ ਤਾਂ ਗਲ਼ ‘ਚ ਹੱਥ ਪਾ ਕੇ ਪੁੱਛਾਂ ਸਾਲ਼ੇ ਨੂੰ, ਜੇ ਇਹ ਸੱਚ ਸੀ ਤਾਞ ਹੁਣ ਕਿਉਂ ਨੀ ਬਣਦੇ ਸਾਡੋ ਵਿਚੋਂ ਬੰਦੇ...

? ਹੋਰ ਤਾਂ ਹੋਰ, ਇਹ ਆਪਣੇ ਵੱਲੋਂ ਪੈਦਾ ਕੀਤੀ ਨਵੀ ਰੁੱਤ ਵਿੱਚ ਪਰਵੇਸ਼ ਕਰਨ ਵੇਲ਼ੇ ਦੋਸ਼ ਮੇਰੇ ਸਿਰ ਮੜ੍ਹ ਦਿੰਦੇ ਨੇ । ਚੌੜੇ ਹੋ ਕੇ ਕਹਿਣਗੇ ਫਲਾਣਾ ਤਾਂ ਮਾਰ ਗਿਆ ” ਬਾਂਦਰ ਟਪੂਸੀ” । ਇਹ ਮੇਰੀ ਕੁਦਰਤੀ ਕਲਾ ਨੂੰ ਆਪਣੀ ਨਾਕਾਮੀ ਨਾਲ਼ ਰਲ਼-ਗੱਡ ਕਰਨ ਲੱਗੇ ਮਿੰਟ ਲਾਉਦੇ ਨੇ ।
ਹੁਣ ਵਾਰੀ ਕਾਂ ਦੀ ਸੀ, ਓਹ ਭੜਕਦਾ ਹੋਇਆ ਕਹਿਣ ਲੱਗਿਆ ਇਹ ਤਾਂ ਮੈਨੂੰ ਵੀ ਨਹੀ ਬਖਸ਼ਦੇ । ਚੱਲ ਰਹੇ ਅਜਲਾਸ ਵਿੱਚ ਵਿਚਾਰਾਂ ਤਾਂ ਕਰਨੀਆਂ ਹੁੰਦੀਆਂ ਨੇ ਕਿ ਦੇਸ਼ ਅਤੇ ਸਮਾਜ ਨੂੰ ਤਰੱਕੀ ਵੱਲ ਕਿਵੇਂ ਲੈ ਕੇ ਜਾਈਏ । ਪਰ ਹੁੰਦਾ ਸਦਾ ਉਲ਼ਟ ਹੈ, ਜਦੋਂ ਕੋਈ ਵਿਰੋਧੀ ਇਹਨਾ ਸਰਕਾਰੀਆਂ ਦੀਆਂ ਨਾਕਾਮੀਆਂ ਦੱਸਣ ਲਗਦੈ ਤਾਂ ਇਹ ਰੂਕੇ ਮਾਰ ਮਾਰ ਕੇ ਛੱਤਾਂ ਪਾੜਨ ਵਾਲ਼ੀਆਂ ਕਰ ਦਿੰਦੇ ਨੇ । ਇਹਨਾਂ ਦੀਆਂ ਖਬਰਾਂ ਲਾਉਣ ਵਾਲ਼ਾ ਇਹਨਾ ਦਾ ਹੀ ਲਾਣਾ ਬਦਨਾਮੀਂ ਸਾਡੀ ਕਰ ਦਿੰਦੈ । ਕਹਿ ਦਿੰਦੇ ਨੇ ਕਿ ਸਦਨ ਵਿੱਚ ਹੋਈ ” ਕਾਂਵਾਂ ਰੌਲ਼ੀ” ਕਾਰਨ ਕੁੱਝ ਵੀ ਸੁਣਨ ਨੂੰ ਨਹੀਂ ਮਿਲਿਆ । ਭਲਾਂ ਇਹ ਵੀ ਕੋਈ ਗੱਲ ਹੋਈ ।
ਗਧਾ ਵਿਚਾਰਾ ਕਹਿੰਦੇ ਜਿਹੜੀ ਮੇਰੇ ਨਾਲ਼ ਹੁੰਦੀ ਐ, ਤੁਸੀਂ ਸੁਣ ਵੀ ਨਹੀ ਸਕਦੇ । ਜਿਹੜਾ ਇਹਨਾਂ ਦੇ ਹੱਡ ਤੇ ਮਾਰਦੈ ਓਹਨੂੰ ਕਹਿਣਗੇ ਫਿਰਦੈ ਗਧੇ ਵਾਂਗੂੰ ਦੁਲੱਤੀਆਂ ਮਾਰਦਾ । ਜਦੋਂ ਇੱਕ ਪਾਸਿਓਂ ਦੂਜੇ ਪਾਸੇ ਰਲੇਵਾਂ ਕਰਨ ਵੇਲ਼ੇ ਕੋਈ ਬਹੁਤੀ ਪੁੱਛ ਪੜਤਾਲ਼ ਨਾਂ ਹੋਵੇ ਤਾਂ ਕਹਿਣਗੇ ਇਹਦੇ ਨਾਲ਼ ਤਾਂ ਖੇਤ ਪਏ ਗਧੇ ਆਲ਼ੀ ਹੋਈ ।
ਬਿੱਲੀਆਂ ਕਹਿੰਦੀਆਂ ਇਹਨਾਂ ਨੇ ਹੋਰ ਕੋਈ ਚੰਗੀ ਗੱਲ ਸਿੱਖੀ ਭਾਵੇਂ ਨਾਂ ਸਿੱਖੀ, ਪਰ ਸਾਡੀ ਬਾਂਦਰ ਵੀਰ ਵੱਲੋਂ ਕਰਵਾਈ ਵੰਡ ਇਹਨਾਂ ਜ਼ਰੂਰ ਸਿੱਖ ਲਈ । ਸਹੂਲਤਾਂ ਤਾਂ ਇਹ ਆਪਣੀ ਪਰਜਾ ਲਈ ਪਾਸ ਕਰਦੇ ਨੇ ਤੇ ਆਪਣਿਆਂ ਵਿੱਚ ਵੰਡਣ ਵੇਲ਼ੇ ਇਹੀ ਓਹੀ ਕੰਮ ਕਰਦੇ ਨੇ ਜਿਹੜਾ ਬਾਂਦਰ ਵੀਰ ਨੇ ਸਾਡੇ ਨਾਲ਼ ਕੀਤਾ ਸੀ ।
ਹਾਥੀ ਕਹਿੰਦਾ ਘੱਟ ਮੇਰੇ ਨਾਲ਼ ਵੀ ਨਹੀਂ ਕਰਦੇ । ਜਦੋਂ ਕੋਈ ਇਹਨਾਂ ਦੀ ਅਲੋਚਨਾ ਕਰਦੈ ਤਾਂ ਚੌੜੇ ਹੋ ਕੇ ਕਹਿ ਦਿੰਦੇ ਨੇ, “ ਕੁੱਤੇ ਤਾਂ ਭੌਂਕਦੇ ਹੀ ਰਹਿੰਦੇ ਨੇ ਹਾਥੀ ਆਪਣੀ ਮਸਤ ਚਾਲ ਚਲਦਾ ਰਹਿੰਦੈ” । ਇਹੋ ਜਿਹੀ ਮਸਤੀ ਮੈਂ ਤਾਂ ਭਾਈ ਮਾਣੀ ਨੀ ਕਦੇ ।
ਲੂੰਬੜ ਕਹਿੰਦਾ ਹੁਸ਼ਿਆਰੀ ਇਹ ਕਰਦੇ ਨੇ, ਇੱਕ ਦੂਜੇ ਨੂੰ ਠਿੱਬੀ ਇਹ ਲਾਉਂਦੇ ਨੇ, ਬਦਨਾਮ ਮੈਨੂੰ ਕਰਦੇ ਨੇ, ਕਹਿਣਗੇ ਸਾਲ਼ਾ ਲੂੰਬੜ ਚਾਲ ਚੱਲ ਗਿਆ ।
ਵਿੱਚੋਂ ਟੋਕ ਕੇ ਬਟੇਰਾ ਬੋਲ ਪਿਆ, ਕਹਿੰਦਾ ਮੈਨੂੰ ਵੀ ਇਹਨਾ ਤੋਂ ਹੀ ਪਤਾ ਲੱਗਿਐ ਕਿ ਸਾਡੀ ਕੋਈ ਹੋਰ ਵੀ ਨਸਲ ਹੈਗੀ । ਵੇਖੀ ਤਾਂ ਮੈਂ ਹੈ ਨਹੀਂ ਪਰ ਇਹਨਾਂ ਤੋ ਹੀ ਸੁਣੀ ਐ “ ਮੌਸਮੀ ਬਟੇਰੇ” । ਮੈ ਕਈ ਵਾਰੀ ਕਿਹੈ, ਯਾਰ ਮੇਲ ਤਾਂ ਕਰਵਾ ਦਿਓ ਸਾਡੇ ਸ਼ਰੀਕਾਂ ਨਾਲ਼ ।
ਤੋਤਾ ਕਹਿੰਦਾ ਨਾਲ਼ੇ ਤਾ ਇਹ ਸਾਨੂੰ ਚੂਰੀ ਦਾ ਲਾਲਚ ਦੇ ਕੇ ਪਿੰਜਰੇ ਵਿੱਚ ਬੰਦ ਕਰ ਲੈਂਦੇ ਨੇ, ਜਦੋਂ ਕਿਸੇ ਏਜੰਸੀ ਨੂੰ ਆਪਣੇ ਹਿੱਤ ਲਈ ਵਰਤਦੇ ਨੇ ਤਾ ਬਦਨਾਮੀਂ ਸਾਡੀ ਕਰ ਦਿੰਦੇ ਨੇ । ਮਿੰਟ ਵੀ ਨੀ ਲਾਉਂਦੇ ਸਾਡੀ ਟੁਣਕ ਜੀ ਲਾਹੁਣ ਲੱਗੇ । ਝੱਟ ਕਹਿ ਦਿੰਦੇ ਨੇ ਫਲਾਣੀ ਏਜੰਸੀ ਤਾਂ ਪਿੰਜਰੇ ਦਾ ਤੋਤਾ ਐ ।
ਇਹਨਾਂ ਜਾਨਵਰਾਂ ਅਖੀਰੀ ਸਿੱਟਾ ਇਹੀ ਕੱਢਿਆ ਕਿ ਭਾਰਤ ਵਰਗੇ ਦੇਸ਼ ਵਿੱਚ ਅਜਿਹੇ ਵਾਸ਼ਿੰਗ ਪਾਊਡਰ ਵੀ ਹੈਗੇ, ਜਿਹੜੇ ਕਿਸੇ ਦੂਸਰੀ ਪਾਰਟੀ ਵਿੱਚੋਂ ਆਏ ਬੰਦੇ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਵੇਲ਼ੇ ਓਹਨੂੰ ਪਵਿੱਤਰ ਕਰ ਦਿੰਦੇ ਨੇ, ਤੇ ਜਿਹੜੀ ਪਾਰਟੀ ਵਿੱਚੋਂ ਗਿਆ ਹੁੰਦੈ ਓਹ “ ਚੰਗਾ ਹੋਇਆ ਗੰਦ ਨਿਕਲ਼ ਗਿਆ” ਕਹਿਕੇ ਖੁਸ਼ੀ ਮਨਾਉਂਦੇ ਨੇ । ਇਹ ਵਰਤਾਰਾ ਇਵੇਂ ਹੀ ਚਲਦਾ ਰਹੂ , ਘਰ ਵਾਪਸੀ ਵੀ ਹੁੰਦੀ ਰਹਿਣੀ ਐ । ਇਸੇ ਲਈ ਤਾਂ ਇਹਨਾਂ ਰਿਸ਼ਤਿਆਂ ਨੂੰ ਟੁੱਟਦੇ ਤੇ ਜੁੜਦੇ ਰਿਸ਼ਤਿਆਂ ਵਜੋਂ ਦੇਖਿਆ ਜਾਂਦੈ । ਇਹ ਰੁੱਤਾਂ ਅਤੇ ਰਿਸ਼ਤੇ ਇੱਕ ਦੂਜੇ ਲਈ ਪੂਰਾ ਸਾਥ ਨਿਭਾਉੰਦੇ ਰਹਿਣਗੇ, ਭਾਵੇਂ ਰੁੱਤਾਂ ਇਤਰਾਜ ਕਰਨ ਤੇ ਭਾਵੇਂ ਜਾਨਵਰ, ਫਰਕ ਕੋਈ ਨਹੀਂ ਪੈਣਾ ।
ਕੁਲਵੰਤ ਸਿੰਘ ਧਲੇਵਾਂ
ਰਿਟਾ. ਮੈਨੇਜਰ
ਬੁਢਲਾਡੇ ਵਾਲ਼ਾ
ਮਲਬੌਰਨ ਆਸਟਰੇਲੀਆ ਤੋਂ ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)