More Punjabi Kahaniya  Posts
ਲਲਕਾਰੇ ਦਾ ਯੋਗਦਾਨ


ਬਿੰਦਾ..ਮੇਰੀ ਭੂਆ ਦਾ ਮੁੰਡਾ ਕਾਫੀ ਚਿਰ ਤੋਂ ਭਗੌੜਾ ਸੀ..!
ਬੇਟ ਇਲਾਕੇ ਦਾ ਆਖਰੀ ਮਿਡਲ ਸਕੂਲ ਅਤੇ ਬੱਸ ਅੱਡੇ ਤੋਂ ਕਿੰਨੀ ਵਾਟ..!
ਹਿਸਾਬ ਵਾਲੇ ਨਛੱਤਰ ਸਿੰਘ ਤੋਂ ਇਲਾਵਾ ਬਾਕੀ ਸਾਰੇ ਮਾਸਟਰ ਸਾਈਕਲਾਂ ਤੇ ਹੀ ਆਇਆ ਕਰਦੇੇ..!
ਉਹ ਕਦੀ ਕਦੀ ਸੁਨੇਹਾ ਘੱਲ ਦਿੰਦਾ..ਮੈਂ ਓਰੇ ਪਰੇ ਹੋ ਮਿਲਦਾ ਤਾਂ ਆਖਦਾ..ਸਾਂਸੀਆਂ ਦੇ ਮੁੰਡੇ ਨੇ ਲੋਟੂ ਟੋਲਾ ਬਣਾਇਆ..ਉਸਤੋਂ ਥੋੜਾ ਖ਼ਬਰਦਾਰ ਰਿਹਾ ਕਰੋ..!
ਮੈਂ ਉਸਨੂੰ ਆਖ ਰਖਿਆ ਸੀ ਕੇ ਕਲਾਸਾਂ ਵੇਲੇ ਕਦੀ ਮਿਲਣ ਨਾ ਆਇਆ ਕਰੇ..ਸ਼ਹਿਰੋਂ ਆਉਂਦੇ ਕਈ ਸ਼ੱਕ ਕਰਦੇ ਨੇ..ਖਾਸ ਕਰਕੇ ਡੇਮੋਕ੍ਰੇਟਿਕ ਯੂਨੀਅਨ ਵਾਲਾ ਮਾਸਟਰ ਨਛੱਤਰ ਸਿੰਘ..!
ਕੋਈ ਮਖੌਲ ਨਾਲ ਉਸਨੂੰ ਕਾਮਰੇਡ ਆਖ ਦਿੰਦਾ ਤਾਂ ਗਲ਼ ਪੈ ਜਾਂਦਾ..ਅਖ਼ੇ ਹੋਰ ਜੋ ਮਰਜੀ ਆਖ ਲਿਆ ਕਰੋ ਆਹ ਗੱਲ ਨੀ ਆਖਣੀ..!
ਕਈ ਵੇਰ ਉਸਨੂੰ ਆਖਦਿਆਂ ਸੁਣਿਆਂ ਕੇ ਮਾਝੇ ਦੀ ਆਹ ਬੈਲਟ ਕਦੇ ਵੀ ਨਹੀਂ ਪੜ ਸਕਦੀ..ਇਹਨਾਂ ਦੇ ਵਡੇਰੇ ਪਹਿਲੋਂ ਬਾਡਰ ਤੇ ਬਲੈਕ ਕਰਿਆ ਕਰਦੇ ਸਨ ਤੇ ਹੁਣ ਦਿਨੇ ਰਾਤ ਲਲਕਾਰੇ ਮਾਰਦੀ ਇਹ ਮੰਡ੍ਹੀਰ ਮਨਮਰਜੀਆਂ ਕਰਦੀ ਤੁਰੀ ਫਿਰਦੀ ਏ..ਕੋਈ ਪੁੱਛਣ ਗਿੱਛਣ ਵਾਲਾ ਹੈ ਹੀ ਨਹੀਂ..!
ਫੇਰ ਜਦੋਂ ਉਸਦੀ ਬਦਲੀ ਸ਼ਹਿਰ ਹੋ ਗਈ ਤਾਂ ਅਕਸਰ ਗੱਲਾਂ ਗੱਲਾਂ ਵਿਚ ਉਸਦੇ ਮੂਹੋਂ ਅੱਤਵਾਦੀ ਸ਼ਬਦ ਨਿੱਕਲ ਜਾਂਦਾ..ਆਖਦਾ ਇਹ ਬੜੀ ਸਕੀਮ ਨਾਲ ਚੱਲਦੇ ਨੇ..ਆਪਣੇ ਇਲਾਕਿਆਂ ਵਿਚ ਸਿਰਫ ਰੋਟੀ ਪਾਣੀ ਛਕਣ ਹੀ ਆਉਂਦੇ ਨੇ..ਬਾਕੀ ਦੇ ਕੰਮ ਤੇ ਬਾਹਰਲਿਆਂ ਇਲਾਕਿਆਂ ਵਿਚ ਹੀ ਨੇਪਰੇ ਚਾੜਦੇ ਨੇ..ਸਰਕਾਰ ਕਮਲੀ ਥੋੜੀ ਏ ਵੱਡੇ ਵੱਡੇ ਇਨਾਮ ਰੱਖੀ ਜਾਂਦੀ ਏ..!
ਉਸ ਦਿਨ ਸ਼ਨਿਚਰਵਾਰ ਛੇਤੀ ਛੁੱਟੀ ਹੋ ਗਈ..ਨਛੱਤਰ ਸਿੰਘ ਤੇ...

ਮੇਰਾ ਰਾਹ ਇੱਕੋ ਸੀ..ਉਸਦੀ ਮੋਪਡ ਥੋੜੇ ਟਾਈਮ ਵਿਚ ਹੀ ਚੰਗੀ ਵਿੱਥ ਪਾ ਗਈ..ਰਾਹ ਵਿਚ ਸੰਘਣੇ ਕਮਾਦ ਅਤੇ ਰੁੱਖਾਂ ਦੀਆਂ ਕਿੰਨੀਆਂ ਸਾਰੀਆਂ ਝਿੜੀਆਂ..ਉਹ ਛੇਤੀ ਹੀ ਮੈਨੂੰ ਦਿਸਣੋਂ ਹਟ ਗਿਆ..!
ਅਜੇ ਅੱਧ ਫਰਲਾਂਗ ਹੀ ਦੂਰ ਗਿਆ ਹੋਣਾ ਕੇ ਉਚੀ ਸਾਰੀ ਅਵਾਜ ਆਈ..”ਓਏ ਪਾਲਿਆ ਓਏ ਬਿੰਦੇ ਨੂੰ ਕਿਤਿਓਂ ਵਾਜ ਮਾਰ ਸੱਦ ਲੈ..ਆਹ ਲੋਟੂ ਟੋਲਾ ਮਾਰ ਮੁਕਾਉਣ ਲੱਗਾ ਅੱਜ ਮੈਨੂੰ..ਮੇਰਾ ਕੱਖ ਨੀ ਛੱਡਣਾ ਇਹਨਾਂ ਨੇ..!
ਦੂਰ ਖ਼ਾਲ ਵਿਚ ਗੁੱਥਮ ਗੁੱਥਾ ਹੁੰਦੇ ਨੂੰ ਵੇਖ ਮੈਨੂੰ ਅਸਲ ਕਹਾਣੀ ਸਮਝਦਿਆਂ ਦੇਰ ਨਾ ਲੱਗੀ..ਉਚੀ ਸਾਰੀ ਲਲਕਾਰਾ ਮਾਰਿਆ..ਨਾਲ ਹੀ ਪੂਰੀ ਜ਼ੋਰ ਨਾਲ ਅਵਾਜ ਦਿੱਤੀ..ਓਏ ਬਿੰਦਿਆਂ ਆਜਾ ਓਏ ਨਛੱਤਰ ਢਾਹ ਲਿਆ ਓਹਨਾ ਅੱਜ..ਮਗਰੋਂ ਮਾਰੇ ਹੋਰ ਵੀ ਕਿੰਨੇ ਸਾਰੇ ਲਲਕਾਰਿਆਂ ਦਾ ਪਤਾ ਨੀ ਕੀ ਅਸਰ ਹੋਇਆ ਕੇ ਉਹ ਉਸਨੂੰ ਇੰਝ ਦਾ ਉਂਝ ਕਮਾਦ ਵਿਚ ਛੱਡ ਹਰਨ ਹੋ ਗਏ..!
ਅਗਲੇ ਦਿਨ ਪੂਰੇ ਇਲਾਕੇ ਵਿਚ ਚਰਚਾ ਸੀ..ਨਛੱਤਰ ਨੂੰ ਅੱਜ ਫੇਰ ਬਿੰਦੇ ਨੇ ਮਰਨੋ ਬਚਾ ਲਿਆ..ਪਰ ਮੈਂ ਅੰਦਰੋਂ ਅੰਦਰੀ ਸੋਚੀ ਜਾ ਰਿਹਾ ਸਾਂ ਕੇ ਉਸਨੂੰ ਬਚਾਉਣ ਵਿਚ ਮਝੈਲਾਂ ਦੇ ਉਸ ਲਲਕਾਰੇ ਦਾ ਵੀ ਓਨਾ ਹੀ ਯੋਗਦਾਨ ਸੀ ਜਿਸਨੂੰ ਅਧਾਰ ਬਣਾ ਕੇ ਨਛੱਤਰ ਅਕਸਰ ਹੀ ਮਾਝੇ ਦੇ ਲੋਕਾਂ ਨੂੰ ਭੰਡਣੋਂ ਕਦੀ ਨਹੀਂ ਸੀ ਹਟਿਆ ਕਰਦਾ..!
(ਅਸਲ ਵਾਪਰੀ)
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)