ਨਵੇਂ ਮੁਹਾਵਰੇ
ਕੁਝ ਕੁ ਗੱਲਾਂ ਹਮੇਸ਼ਾ ਲਈ ਮੁਹਾਵਰੇ ਬਣ ਜਾਂਦੀਆਂ ਨੇ। ਕਈ ਵਾਰ ਸਹਿਜ ਸੁਭਾ ਕੀਤੀ ਗੱਲ ਹਮੇਸ਼ਾ ਲਈ ਚੇਤੇ ਚ ਵੱਸ ਜਾਂਦੀ ਏ ।ਤੇ ਨਾਲ ਹੀ ਇੱਕ ਨਵਾਂ ਮੁਹਾਵਰਾ ਬਣ ਜਾਂਦੀ ਏ।
ਜਿਸ ਵੀ ਕਿਸੇ ਬੰਦੇ ਬੰਦੀ ਨੂੰ ਬੜੀ ਜੱਦੋਜਹਿਦ ਤੋਂ ਬਾਅਦ ਮਨਚਾਹੀ ਚੀਜ ਵਸਤ ਜਾਂ ਕੁਝ ਹੋਰ ਮਿਲ ਜਾਵੇ, ਤਾਂ ਉਸਦਾ ਅਸਰ ਕਾਫੀ ਦੇਰ ਤੱਕ ਬੰਦੇ ਦੇ ਦਿਮਾਗ ਤੇ ਛਾਇਆ ਰਹਿੰਦਾ ਏ। ਉਸਦੇ ਮੂਹੋਂ ਘੜੀ ਘੜੀ ,ਗਾਹੇ ਬਗਾਹੇ ਉਸ ਚੀਜ ਵਸਤ ਦਾ ਜਿਕਰ ਕਰ ਰਹਿੰਦਾ ਏ।
ਇੰਝ ਹੀ ਮੇਰੇ ਗੁਆਂਢ ਚ ਇੱਕ ਬੰਦਾ ਰਹਿੰਦਾ ਏ , ਬਚਪਨ ਚ ਉਸਦਾ ਬਾਪ ਮਰ ਗਿਆ । ਘਰੇ ਕਮਾਉਣ ਵਾਲਾ ਸਖਸ਼ ਸਿਰਫ ਉਸਦਾ ਦਾਦਾ ਹੀ ਸੀ। ਕਦੇ ਕੁਝ ਰਿਸ਼ਤੇਦਾਰਾਂ ਹੱਥ ਪੱਲਾ ਫੜ ਲੈਣਾ । ਗੁਜਾਰਾ ਔਖਾ ਸੀ।
ਸਿਆਣੇ ਕਹਿੰਦੇ ਨੇ ਸੌ ਚਾਚਾ ਤੇ ਇੱਕ ਪਿਓ ,
ਸੌ ਦਾਰੂ ਤੇ ਇੱਕ ਘਿਓ
ਮਾਮੇ, ਚਾਚੇ , ਪਾਲ ਪੋਸ ਤਾਂ ਸਕਦੇ ਨੇ ਪਰ ਖਾਹਿਸ਼ਾਂ ਪੂਰੀਆਂ ਨਹੀਂ ਕਰਦਾ ਕੋਈ।
ਓਹੀ ਮੁੰਡਾ ਜਦੋਂ ਜਵਾਨ ਹੋਇਆ, ਤਾਂ ਆਪਣੀ ਕਮਾਈ ਕਰ ਕੇ ਪਹਿਲਾ ਵੱਡਾ ਕੰਮ ਉਸਨੇ ਕਲਰ ਟੀਵੀ ਲਿਆਂਦਾ । ਚਿਰਾਂ ਦਾ ਡੱਕਾ ਟੁੱਟ ਗਿਆ । ਭਾਵਨਾਂਵਾ ਦਾ ਹੜ ਆ ਗਿਆ । ਟੀਵੀ ਨਾਲ ਇਸ਼ਕ ਜੇਹਾ ਹੋ ਗਿਆ । ਆਪਣੀ ਬੂਥੀ ਭਾਵੇਂ ਧੋਤੀ ਜਾਂ ਨਹੀਂ ਪਰ ਟੀਵੀ ਨੂੰ ਪੂਰੀ ਖਾਤਰਦਾਰੀ ਮਿਲਦੀ ।
ਟੀਵੀ ਦਾ ਜਾਦੂ ਏਨਾ ਸਿਰ ਚੜ ਗਿਆ ਕਿ ਉਸਦੀਆਂ ਸਹਿਜ ਗੱਲਾਂ ਚ...
ਅਕਸਰ ਕਲਰ ਟੀਵੀ ਦਾ ਜਿਕਰ ਆਉਣ ਲੱਗਾ ।ਕਿਸੇ ਵੀ ਵਿਸ਼ੇ ਤੇ ਗੱਲ ਚੱਲਦੀ ਹੋਣੀ ਤਾਂ ਅਖੀਰ ਚ ਗੱਲਾਂ ਮੁਕਾ ਕੇ ਉਸ ਨੇ ਇੱਕ ਡਾਇਲਾਗ ਬੋਲਣਾ ਯਾਰ ਹੋਰ ਗੱਲਾਂ ਦੀਆਂ ਗੱਲਾਂ ,
“ਕਲਰ ਟੀਵੀ ਕਲਰ ਹੀ ਹੁੰਦੈ”
ਪਹਿਲਾਂ ਤਾਂ ਕੋਈ ਨੋਟਿਸ ਨਾ ਲਿਆ
ਕੁਝ ਚਿਰ ਬਾਅਦ ਅਸੀਂ ਮਹਿਸੂਸ ਕੀਤਾ, ਯਾਰ ਇਹ ਤਾਂ ਮੁਹਾਵਰਾ ਬਣ ਗਿਆ ਏ ,
ਅਕਸਰ ਹੁਣ ਜਦ ਵੀ ਕੋਈ ਚੰਗੀ ਜਾਂ ਮਹਿੰਗੀ ਚੀਜ ਦਾ ਜਿਕਰ ਹੁੰਦਾ ਏ ਤਾਂ ਮੂੰਹੋਂ
ਸਹਿਜ ਸੁਭਾਅ ਨਿਕਲ ਜਾਂਦਾ ਏ,
“ਕਲਰ ਟੀਵੀ ਤਾਂ ਫਿਰ ਕਲਰ ਹੀ ਹੁੰਦੈ”
ਸਾਡੇ ਲਈ ਤਾਂ ਇਹ ਮੁਹਾਵਰਾ ਹੀ ਹੋ ਨਿੱਬੜਿਆ ਏ
ਜਿਵੇਂ ਚਾਰਲਸ ਡਿਕਨਜ ਦੇ ਨਾਵਲ ਚ ਇੱਕ ਕੋਚਵਾਨ ਆਪਣੀ ਸਵਾਰੀ ਲੜਕੇ ਦੀ ਮਾਰਫਤ ਉਸਦੀ ਮੇਡ ਲਈ ਆਪਣਾ ਪਿਆਰ ਸੰਦੇਸ਼ ਇੰਝ ਭੇਜਦਾ ਏ,
ਪੇਗੋਟੀ (ਮੇਡ) ਨੂੰ ਕਹੀਂ ਕਿ
“ਬਾਰਕਸ ਤਿਆਰ ਹੈ”
ਅੱਜ ਵੀ ਇੰਗਲੈਂਡ ਦੇ ਲੋਕਾਂ ਲਈ ਇਹ ਮੁਹਾਵਰਾ ਹੀ ਹੈ।
ਇੰਝ ਹੀ ਇੱਕ ਵਾਰੀ ਚਾਚੇ ਰੌਣਕੀ ਰਾਮ ਦੀ ਇੱਕ ਰੀਲ ਚ ਉਹ ਕਹਿੰਦਾ ਏ,
ਰੌਣਕੀ ਰਾਮਾ ਜੰਗਲ ਚ ਆਇਐਂ ਜੰਗਲ ਦਾ ਫਾਇਦਾ ਲੈ
ਜੰਗਲ ਪਾਣੀ ਬਹਿ ਲੈ
ਬੱਸ ਇਹ ਸ਼ਬਦ ਵੀ ਜਿਵੇਂ ਮੁਹਾਵਰੇ ਦਾ ਰੂਪ ਲੈ ਗਏ।
ਇੰਝ ਹੀ ਸ਼ਾਇਦ ਮੁਹਾਵਰੇ ਬਣੇ ਹੋਣਗੇ
ਸ਼ਾਇਦ ਇਹ ਲੇਖ ਪੜ ਕੇ ਕੁਝ ਲੋਕ ਕਹਿਣ ਲੱਗ ਜਾਣ
ਕਲਰ ਟੀਵੀ ਤਾਂ ਫਿਰ ਕਲਰ ਹੀ ਹੁੰਦੈ
ਉਸ ਗੁਆਂਢੀ ਤੋਂ ਮੁਆਫੀ ਸਹਿਤ