ਬੜੀ ਬਹੁਤ ਪੂਰਾਣੀ ਹਿੰਦੀ ਫਿਲਮ..ਪਿਆਸਾ
ਮੁਖ ਕਿਰਦਾਰ ਗੁਰੂ ਦੱਤ ਉੱਚ ਕੋਟਿ ਦਾ ਕਵੀ..ਐਸੀਆਂ ਰਚਨਾਵਾਂ ਅਤੇ ਸ਼ਾਇਰੀ ਘੜਦਾ ਕੇ ਲੋਕ ਅਸ਼-ਅਸ਼ ਕਰ ਉਠਦੇ! ਪਰ ਕਿੰਨੇ ਸਾਰੇ ਦੁਸ਼ਮਣ ਵੀ ਉੱਠ ਖੜੋਂਦੇ..ਸਿਰਫ ਇਸ ਡਰੋਂ ਉਸਨੂੰ ਕਵੀ ਦਰਬਾਰਾਂ ਵਿਚ ਆਉਣੋਂ ਰੋਕ ਦਿੰਦੇ ਕਿ ਇਸਨੇ ਤਾਂ ਸਾਰਾ ਮੇਲਾ ਹੀ ਲੁੱਟ ਕੇ ਲੈ ਜਾਣਾ..
ਇਕ ਦਿਨ ਰੇਲਵੇ ਲਾਈਨ ਕੰਢੇ ਬੈਠੇ ਨੂੰ ਨੀਂਦ ਆ ਗਈ..ਇਕ ਚੋਰ ਉਸਦਾ ਕੋਟ ਚੋਰੀ ਕਰ ਲੈਂਦਾ ਤੇ ਲਾਈਨਾਂ ਪਾਰ ਕਰਦਾ ਹੋਇਆ ਗੱਡੀ ਹੇਠ ਆ ਜਾਂਦਾ। ਪੁਲਸ ਉਸਦਾ ਕੋਟ ਰੱਖ ਲੈਂਦੀ ਤੇ ਲਾਸ਼ ਦਾ ਸੰਸਕਾਰ ਕਰ ਦਿੱਤਾ ਜਾਂਦਾ ਤੇ ਲੋਕ ਉਸਨੂੰ ਮਰਿਆ ਸਮਝ ਲੈਂਦੇ।
ਉਹ ਪਾਟੇ ਪੂਰਾਣੇ ਕੱਪੜੇ ਪਾ ਸ਼ਹਿਰ ਮੁੜਦਾ ਤਾਂ ਉਸਦੀ ਯਾਦ ਵਿਚ ਸ਼ਰਧਾਂਜਲੀ ਸਮਾਰੋਹ ਹੋ ਰਿਹਾ ਹੁੰਦਾ..ਉਸਦੀ ਸਿਫਤ ਸਲਾਹ ਵਿਚ ਕਿੰਨੀਆਂ ਸਾਰੀਆਂ ਕਵਿਤਾਵਾਂ ਅਤੇ ਕਸੀਦੇ ਪੜੇ ਜਾ ਰਹੇ ਹੁੰਦੇ।
ਉਹ ਆਪਣੀ ਪਹਿਚਾਣ ਦੱਸਦਾ ਹੋਇਆ ਅੰਦਰ ਲੰਘਣ ਲੱਗਦਾ ਤਾਂ ਮੰਗਤਾ ਅਤੇ ਪਾਗਲ ਸਮਝ ਕੇ ਰੋਕ ਲਿਆ ਜਾਂਦਾ ਹੈ।
ਸੋ ਦੋਸਤੋ ਬਾਬੇ ਨਾਨਕ ਦੇ ਪੰਜ ਸੌ ਪੰਝਾਵੇਂ ਜਨਮ...
ਦਿਨ ਮਨਾਉਣ ਦੇ ਨਾਮ ਤੇ ਸੰਗਤ ਦਾ ਕਰੋੜਾਂ ਅਰਬਾਂ ਰੁਪਈਆ ਖਰਚ ਕੇ ਰਾਜ ਪੱਧਰੀਆਂ ਤਿਆਰੀਆਂ ਹੋ ਰਹੀਆਂ ਨੇ, ਮੋਦੀ ਦੀ ਆਮਦ ਤੇ ਝੋਲੀ ਚੁੱਕਾਂ ਨੇ ਸਾਢੇ ਪੰਜ ਕਵਿੰਟਲ ਦਾ ਕੇਕ ਕੱਟਣਾ, ਆਓ ਭਗਤ ਤੇ ਨਾਮ ਤੇ ਕਿੰਨਾ ਪੈਸਾ ਫੂਕਿਆ ਜਾਣਾ ਅਤੇ ਹੋਰ ਵੀ ਕਿੰਨਾ ਕੁਝ ਪਾਣੀ ਵਾਂਗ ਵਹਾਇਆ ਜਾਵੇਗਾ..।
ਅਕਸਰ ਸੋਚਦਾ ਹਾਂ ਕਿ ਜੇ ਇਸ ਸਾਰੇ ਰੰਗ ਤਮਾਸ਼ਿਆਂ ਨੂੰ ਵੇਖਣ ਬਾਬਾ ਨਾਨਕ ਖੁਦ ਸੁਲਤਾਨਪੁਰ ਲੋਧੀ ਦੀ ਜੂਹ ਵਿਚ ਆਣ ਵੜੇ ਤਾਂ ਧਰਮ ਦੇ ਠੇਕੇਦਾਰਾਂ ਕਮਲਾ ਆਖ ਉਸਨੂੰ ਵੀ ਦੂਰ ਭਜਾ ਦੇਣਾ.. ਕਿਓੰਕਿ ਕਿੱਥੇ ਕਰਤਾਰਪੁਰ ਦੇ ਖੇਤਾਂ ਵਿਚ ਹਲ ਵਾਹੁੰਦਾ ਮਿੱਟੀਓਂ ਮਿੱਟੀ ਹੁੰਦਾ ਆਮ ਜਿਹਾ ਬਾਬਾ ਨਾਨਕ ਅਤੇ ਕਿੱਥੇ ਲਾਈਟਾਂ ਛੱਡਦੀ ਸੋਭਾ ਸਿੰਘ ਦੀ ਬਣਾਈ ਹੋਈ ਉਸਦੀ ਫੈਂਸੀ ਜਿਹੀ ਤਸਵੀਰ।
ਹਰਪ੍ਰੀਤ ਸਿੰਘ ਜਵੰਦਾ