More Punjabi Kahaniya  Posts
ਟਾਹਲੀ


ਛੋਟੇ ਹੁੰਦਿਆਂ ਖੇਤ ਵਿੱਚ ਟਾਹਲੀ ਬੜੇ ਸ਼ੌਂਕ ਨਾਲ ਲਾਈ ਸੀ ਕਿ ਨਾਲੇ ਛਾਂ ਹੋ ਜਾਓ ਤੇ ਨਾਲੇ ਟਾਹਲੀ ਦੀ ਲੱਕੜ ਮਹਿੰਗੀ ਬਹੁਤ ਵਿਕਦੀ ਹੈ। ਟਾਹਲੀ ਦੀ ਚੰਗੀ ਤਰਾਂ ਕੀਤੀ ਦੇਖਭਾਲ ਕਰਕੇ ਕੁਝ ਵਰਿਆਂ ਵਿੱਚ ਇਹ ਵੱਡੇ ਰੁੱਖ ਦਾ ਰੂਪ ਧਾਰਨ ਕਰ ਗਈ। ਇਸ ਵੱਡੀ ਹੋਈ ਟਾਹਲੀ ਨੂੰ ਦੇਖ ਕੇ ਮਨ ਵਿੱਚ ਬੜੀ ਖੁਸ਼ੀ ਹੁੰਦੀ । ਪਰ ਬਦਕਿਸਮਤੀ ਨਾਲ ਝੋਨੇ ਦੀ ਵੱਟ ਦੇ ਨੇੜੇ ਹੋਣ ਕਰਕੇ ਇਹ ਖੇਤ ਦੀ ਕੋਠੀ ਦੀ ਛੱਤ ਤੇ ਉਲਰ ਗਈ। ਹੁਣ ਕੋਠੀ ਦੇ ਡਿੱਗਣ ਦੇ ਡਰ ਕਰਕੇ ਇਸਨੂੰ ਪੁੱਟਣਾ ਹੀ ਮੁਨਾਸਬ ਸਮਝਿਆ ਗਿਆ। ਟਾਹਲੀ ਨੂੰ ਖਰੀਦਣ ਵਾਲਿਆਂ ਨੂੰ ਸੱਦਿਆ ਗਿਆ ਤਾਂ ਉਹਨਾਂ ਨੇ ਕੋਈ ਚੰਗਾ ਹੁੰਗਾਰਾ ਨਾ ਦਿੱਤਾ। ਕਿਸੇ ਨੇ ਕਿਹਾ ਦਿਹਾੜੀ ਤੇ ਪੁਟਾ ਕੇ ਘਰੇ ਸੁੱਟ ਲਓ। ਪਰ ਜੇ ਤੁਸੀਂ ਸਾਨੂੰ ਪੁਟਾਉਣੀ ਚਾਹੁੰਦੇ ਹੋ ਤਾਂ ਅਸੀ ਪੰਚੀ ਸੌ ਤੋ ਵੱਧ ਆਨਾ ਨਹੀਂ ਦੇਣਾ। ਉਹਨਾਂ ਦੇ ਮੂੰਹ ਐਨੀ ਘੱਟ ਰਕਮ ਸੁਣ ਕੇ ਮੇਰੇ ਪੈਰਾਂ ਥੱਲੋਂ ਜਮੀਨ ਖਿਸਕ ਗਈਂ। ਚਲੋ,ਗੱਲ ਅਖੀਰ ਨੂੰ ਪੁੱਟ ਕੇ ਘਰੇ ਸੁੱਟਣ ਤੇ ਪੁੱਜ ਗਈ। ਪਿੰਡ ਵਿੱਚ ਰੁੱਖ ਪੁੱਟਣ ਵਾਲਿਆਂ ਨੂੰ ਨੌ ਸੌ ਰੁਪਏ ਦੇ ਕੇ ਟਾਹਲੀ ਘਰੇ ਪੁੱਟ ਕੇ ਸੁੱਟ ਲਈ ਗਈ। ਛੋਟੀਆਂ ਟਾਹਣੀਆਂ ਨੂੰ ਬਾਲਣ ਦੇ ਤੌਰ ਤੇ ਵਰਤਾਂਗੇ ਤੇ ਵੱਡੇ ਮੁੱਢ ਦਾ ਬੈੱਡ ਜਾਂ ਡਾਈਨਿੰਗ ਟੇਬਲ ਬਣਾ ਲਵਾਂਗੇ।ਲੱਕੜ ਦੇ ਜਾਣ ਪਛਾਣ ਵਾਲੇ ਮਿਸਤਰੀ ਨੂੰ ਮੁੱਢ ਦਾ ਕੁਝ ਨਾ ਕੁਝ ਬਣਾਉਣ ਲਈ ਸੱਦਿਆ ਗਿਆ। ਉਸਨੇ ਸਲਾਹ ਦਿੱਤੀ ਕਿ ਬੈੱਡ ਇਸਦਾ ਬਣਨਾ ਨਹੀਂ ਤੇ ਡਾਈਨਿੰਗ ਟੇਬਲ ਤੇ ਕੁਰਸੀਆਂ ਬਹੁਤ ਬਰੀਕੀ ਵਾਲਾ ਕੰਮ ਹੈ ਉਸਦੇ ਸੰਦ ਸਾਡੇ ਕੋਲ ਨਹੀਂ ਹਨ। ਬਾਰ-ਬਾਰੀਆਂ ਤੁਹਾਡੇ ਲੱਕੜ ਦੀਆਂ ਪਹਿਲਾਂ ਲੱਗੀਆਂ ਹਨ। ਮੇਰੀ ਰਾਇ ਮੰਨੋ ਤਾਂ ਇਸਨੂੰ ਮੰਡੀ ਤੇ ਵੇਚ ਆਓ ਨਹੀਂ ਤਾਂ ਇਸਨੂੰ ਘੁਣ ਲੱਗ ਜਾਣਾ ਹੈ।
ਦੋ ਮਹੀਨਿਆਂ ਮਗਰੋਂ ਛੋਟੇ ਹਾਥੀ ਤੇ ਦੋ ਟੋਟੇ ਕਰਕੇ ਇਸਨੂੰ ਬੜੀ ਜਦੋ ਜਹਿਦ ਕਰਕੇ ਲੱਦ ਲਿਆ ਗਿਆ। ਅੱਠ ਵਜੇ ਮੰਡੀ ਵਿੱਚ ਪਹੁੰਚੇ ਤਾਂ ਬੋਲੀ ਸ਼ੁਰੂ ਹੋ ਚੁੱਕੀ ਸੀ ਤੇ ਪਹਿਲੀ ਵਾਰੀ ਵੀ ਸਾਡੀ ਸੀ। ਛੇ ਸੌ ਪਜੱਤਰ ਰੁਪਏ ਕੁਵਿੰਟਲ ਦੇ ਬੋਲੀ ਦੇ ਲਾ ਦਿੱਤੇ ਗਏ। ਇੰਨੇ ਘੱਟ ਰੇਟ ਦੀ ਬੋਲੀ ਨਾਲੋਂ ਪਿੰਡ ਹੀ ਵੇਚ ਦਿੰਦੇ,ਐਂਵੇ ਖੱਜਲ ਖੁਆਰ ਕਾਹਨੂੰ ਹੋਣਾ ਸੀ ਪਰ ਕਰ ਵੀ ਕੀ ਸਕਦੇ ਸੀ । ਬੋਲੀ ਲਾਉਣ ਵਾਲਾ ਅਫਸਰ ਖਰੀਦਣ ਵਾਲਿਆਂ ਨਾਲ ਰਲਿਆ ਹੋਇਆ ਸੀ। ਖਰੀਦਣ ਵਾਲਿਆਂ ਦੇ ਵੱਡੇ ਵੱਡੇ ਆਰਿਆ ਦੇ ਸਟਾਲ ਸਨ ਤੇ ਉਹ ਦਲਾਲ ਰਾਹੀਂ ਘੱਟ ਬੋਲੀ ਲਾ ਕੇ ਇੱਕ ਦੂਜੇ ਦੀਆਂ ਜੇਬਾਂ ਭਰਦੇ ਸਨ। ਬੋਲੀ ਅਫਸਰ ਨੇ ਸਾਨੂੰ ਕਿਹਾ ਕਿ ਟਾਹਲੀ ਦੇ ਮੁੱਢ ਨਾਲੋਂ ਮਿੱਟੀ ਲਾ ਕੇ ਕੰਡੇ ਤੇ ਇਸਦੀ ਤੁਲਾਈ ਕਰਵਾਓ ਤੇ ਸੌ ਤੋਂ ਉੱਪਰ ਦੀ ਰਕਮ ਦੇ ਟੁੱਟੇ ਰੁਪਏ ਤੁਹਾਨੂੰ ਨਹੀਂ ਦਿੱਤੇ ਜਾਣਗੇ। ਬਾਕੀ ਵੇਚਣ ਵਾਲੇ ਵੀ ਘੁਸਰ ਮੁਸਰ ਕਰ ਰਹੇ ਸਨ ਕਿ 30% ਕਾਟ ਕੱਟੀ ਜਾਵੇਗੀ । ਦਲਾਲ ਨੇ ਸਾਨੂੰ ਇੱਕ ਹੋਰ ਨਾਦਰਸ਼ਾਹੀ ਫੁਰਮਾਣ ਸੁਣਾਇਆ ਕਿ ਆਰੇ ਤੇ ਲੱਕੜ ਤੁਹਾਨੂੰ ਇਕੱਲਿਆਂ ਨੂੰ ਲਾਹੁਣੀ ਪੈਣੀ ਹੈ ,ਆਰੇ ਵਾਲਿਆਂ ਨੇ ਤੁਹਾਡੇ ਨਾਲ ਨਹੀਂ ਲੱਗਣਾ। ਮੈਂ ਮਨ ਵਿੱਚ ਸੋਚਿਆ ਕਿ ਜੱਟ ਨੇ ਫਸਲ ਵੇਚਣ ਲੱਗਿਆ ਕਦੇ ਕੋਈ ਸ਼ਰਤ ਨਹੀਂ ਰੱਖੀ ਤੇ ਇਹ ਲੋਕ ਤਿੰਨ ਚਾਰ ਹਜਾਰ ਦੀ ਲੱਕੜ ਪਿੱਛੇ ਹਜਾਰਾਂ ਸ਼ਰਤਾਂ ਗਿਣਵਾ ਰਹੇ ਹਨ । ਮੈਨੂੰ ਇਹ ਸੁਣ ਬੜਾ ਅਚੰਭਾ ਹੋਇਆ ਕਿ ਜੇ ਉਹ ਨਾਲ ਲੱਗ ਜਾਣਗੇ ਤਾਂ ਕੁਝ ਘੱਟ ਜਾਓਗਾ ਉਹਨਾਂ ਦਾ। ਨਾਲੇ ਪੇਮਿੰਟ ਤੁਹਾਨੂੰ ਤਿੰਨ ਵਜੇ ਤੋਂ ਮਗਰੋਂ ਮਿਲੇਗੀ।ਸਾਨੂੰ ਆਏ ਲੱਗਦਾ ਸੀ ਕਿ ਅਸੀਂ ਟਾਹਲੀ ਕਾਹਦੀ ਵੇਚੀ ਹੈ , ਕੋਈ ਗੁਨਾਹ ਕੀਤਾ ਹੈ। ਅਸੀਂ ਟਾਹਲੀ ਦਾ ਵਜਨ ਕਰਨ ਲਈ ਕੰਡੇ ਤੇ ਪਹੁੰਚ ਗਏ ਤੇ ਫਿਰ ਟਾਹਲੀ ਖਰੀਦਣ ਵਾਲੇ ਦੇ ਆਰੇ ਤੇ ਲਾਹੁਣ ਲਈ। ਜਿਉਂ ਹੀ ਅਸੀਂ ਪਹੁੰਚੇ ਉਸਦੇ ਲੇਬਰ ਕਰਨ ਵਾਲੇ ਮੁੰਡੇ ਕੰਮ ਕਰੀ ਜਾਂਦੇ ਸਨ। ਅਸੀਂ ਉਹਨਾਂ ਨੂੰ ਨਾਲ ਲੱਗਣ ਲਈ ਕਿਹਾ ਤਾਂ ਆਰੇ ਦੇ ਮਾਲਕ ਨੇ ਕੋਰੀ ਨਾਂਹ ਕਰ ਦਿੱਤੀ ਕਿ ਅਸੀਂ ਨਾਲ ਨਹੀਂ ਲੱਗ ਸਕਦੇ। ਅਸੀਂ ਆਪਣਾ ਕੰਮ ਵੀ ਕਰਨਾ ਹੈ। ਮੈਨੂੰ ਬੜੀ ਹੈਰਾਨੀ ਹੋਈ ਕਿ ਪੰਜਾਬ ਵਿੱਚ ਐਨਾ ਸੁਆਰਥ ਕਦੋਂ ਦਾ ਵੱਧ ਗਿਆ। ਪਿੰਡਾਂ ਵਾਲੇ ਤਾਂ ਘਰ ਪੁੱਛਣ ਵਾਲੇ ਨੂੰ ਘਰੇ ਛੱਡ ਕੇ ਆਉਂਦੇ ਹਨ ਪਰ ਇਹ ਸ਼ਹਿਰੀ ਲੋਕ ਤੌਬਾ-ਤੌਬਾ। ਮਸਾਂ ਘੁੱਲ ਕੇ ਮੈਂ ਤੇ ਡਰਾਈਵਰ ਨੇ ਟਾਹਲੀ ਦਾ ਮੁੱਢ ਤੇ ਇੱਕ ਹੋਰ ਛਤੀਰ ਲਾਹਿਆ। ਫਿਰ ਅਸੀ ਖਾਲੀ ਹਾਥੀ ਦਾ ਵਜਣ ਕਰਾਉਣ ਲਈ ਕੰਡੇ ਤੇ...

ਤੁਰ ਪਏ । ਵਜਣ ਕਰਾਉਣ ਉਪਰੰਤ ਪਰਚੀ ਲੈ ਕੇ ਮੈਂ ਪੇਮਿੰਟ ਲੈਣ ਲਈ ਆਰੇ ਤੇ ਗਿਆ ਤਾਂ ਆਰੇ ਦਾ ਮਾਲਕ ਕਹਿੰਦੇ ਮੇਰਾ ਭਰਾ ਆ ਕੇ ਦਿਓਗਾ ਪੈਸੇ ਤੁਹਾਨੂੰ, ਹਾਲੇ ਉਹ ਅਫਸਰ ਨਾਲ ਮੰਡੀ ਵਿੱਚ ਬੋਲੀ ਕਰਵਾ ਰਿਹਾ ਹੈ। ਮੈਂ ਨਿੰਮੋਝੂਣਾ ਹੋ ਕੇ ਬਜਾਰ ਚਲਾ ਗਿਆ ਕਿ ਬਜਾਰੋਂ ਸਮਾਨ ਖਰੀਦ ਕੇ ਵਾਪਸੀ ਉਪਰੰਤ ਪੈਸੇ ਲੈ ਲਵਾਂਗੇ। ਮੈਨੂੰ ਬਜਾਰੋਂ ਖਰੀਦੋ ਫਰੋਖਤ ਕਰਦੇ ਨੂੰ ਦੋ ਵੱਜ ਗਏ ਤਾਂ ਮੈਂ ਆਰੇ ਦੀ ਸਟਾਲ ਤੋਂ ਪੈਸੇ ਲੈਣ ਚਲਾ ਗਿਆ। ਗਲੀਆਂ ਵਿੱਚੋਂ ਦੀ ਮੋਟਰ ਸਾਈਕਲ ਤੇ ਚਿੱਕੜ ਪਾਰ ਕਰਦਿਆਂ ਜਦ ਮੈਂ ਪਹੁੰਚਿਆਂ ਤਾਂ ਗੇਟ ਨੂੰ ਤਾਲਾ ਲੱਗਾ ਹੋਇਆ ਸੀ। ਮੈਂ ਦਲਾਲ ਨੂੰ ਫੂਨ ਲਾਇਆ ਤਾਂ ਉਸਨੇ ਕਿਹਾ ਦੋ ਵਜੇ ਆਉਣਗੇ। ਚਾਹ ਪੀਣ ਗਏ ਹੋਏ ਹਨ। ਮੈਂ ਬਾਹਰ ਗੇਟ ਤੇ ਧੁੱਪ ਵਿੱਚ ਖੜਾ ਇੰਤਜਾਰ ਕਰਨ ਲੱਗਿਆ। ਪੌਣੇ ਤਿੰਨ ਵੱਜ ਗਏ ਪਰ ਉਹ ਫਿਰ ਵੀ ਨਹੀਂ ਆਏ। ਮੈਨੂੰ ਬੜਾ ਗੁੱਸਾ ਆ ਰਿਹਾ ਸੀ ਕਿ ਤਿੰਨ ਹਜਾਰ ਰੁਪਏ ਪਿੱਛੇ ਐਨੀ ਖੱਜਲ ਖੁਆਰੀ। ਮੈਂ ਇਸ ਬੈਚੇਨੀ ਨੂੰ ਮਹਿਸੂਸ ਕਰ ਰਿਹਾ ਸੀ ਕਿ ਮੈਨੂੰ ਖਿਆਲ ਆਇਆ ਕਿ ਟਾਹਲੀ ਕਹਾਣੀ ਲਿਖੀ ਜਾਵੇ ਤੇ ਇਸ ਪਿੱਛੇ ਛਿਪੀ ਅਸਲੀਅਤ ਪਰਗਟ ਕੀਤੀ ਜਾਵੇ। ਮੈਂ ਅੱਧੀ ਕਹਾਣੀ ਲਿਖੀ ਸੀ ਕਿ ਤਿੰਨ ਵਜੇ ਆਰੇ ਵਾਲੇ ਆ ਗਏ। ਮੈਂ ਪੇਮਿੰਟ ਵਾਲੀ ਪਰਚੀ ਕੱਢ ਕੇ ਮਾਲਕ ਨੂੰ ਫੜਾਈ ਤਾਂ ਉਸਨੇ ਵੇਖ ਕੇ ਕਿਹਾ ਦਲਾਲ ਤੋਂ ਇਸਦੀ ਪਰਚੀ ਤਾਂ ਬਣਾ ਲੈਂਦਾ। ਮੈਂ ਕਿਹਾ ਮੈਨੂੰ ਨਹੀਂ ਪਤਾ ਕਿਹੜੀ ਪਰਚੀ ਬਣਾਉਣੀ ਸੀ । ਮੈਂ ਤਾਂ ਪਹਿਲੀ ਵਾਰੀ ਇਸ ਕੰਮ ਵਿੱਚ ਪਿਆ ਹਾਂ । ਉਹ ਆਪਣੀ ਰੋਅਬ ਭਰੀ ਅਵਾਜ ਵਿੱਚ ਕਹਿਣ ਲੱਗਾ ਕਿ ਦਲਾਲ ਤੋਂ ਰੇਟ ਤੇ ਵਜਨ ਦੇ ਹਿਸਾਬ ਨਾਲ ਟੋਟਲ ਰਕਮ ਲਿਖਾਉਣੀ ਜਰੂਰੀ ਸੀ। ਮੈਂ ਮਨ ਵਿੱਚ ਹੀ ਕਿਹਾ ਕਿ ਦੋ ਪਰਚੀਆਂ ਤੋਂ ਆਪ ਬਣਾ ਲੈ।
ਉਸਨੇ ਆਧਾਰ ਕਾਰਡ ਲੈ ਕੇ ਮੇਰਾ ਐਡਰਿਸ ਲਿਖਿਆ ਤੇ ਦੋ ਥਾਂਵਾਂ ਤੇ ਸਾਇਨ ਕਰਵਾ ਲਏ ਤੇ ਤਿੰਨ ਹਜਾਰ ਰੁਪਏ ਕੱਢ ਕੇ ਮੈਨੂੰ ਦੇ ਦਿੱਤੇ। ਮੈਨੂੰ 150 ਰੁਪਏ ਘੱਟ ਹੋਣ ਦਾ ਖਦਸਾ ਸੀ। ਪਰ ਮੈਂ ਚੁੱਪ ਵੱਟ ਗਿਆ। ਉਸਨੇ ਮੈਨੂੰ ਪੁੱਛਿਆ ਕਿਹੜਾ ਪਿੰਡ ਹੈ ਤੇ ਕੀ ਕੰਮ ਕਰਦਾ ਹੈਂ। ਮੈਂ ਕਿਹਾ ਮੈਂ ਪਰਾਈਵੇਟ ਸਕੂਲ ਵਿੱਚ ਅਧਿਆਪਕ ਹਾਂ। ਉਹ ਹੈਰਾਨ ਹੋ ਗਿਆ ਸਧਾਰਨ ਪਹਿਰਾਵੇ ਵਿੱਚ ਪੜੇ ਲਿਖੇ ਇਨਸਾਨ ਨੂੰ ਮੈਂ ਐਨੀ ਖੱਜਲ ਖੁਆਰੀ ਦਿੱਤੀ। ਮੈਂ ਕਿਹਾ ਕਿ ਮੈਂ ਟਾਹਲੀ ਕਹਾਣੀ ਲਿਖੀ ਹੈ ਬੱਸ ਅੱਧੀ ਰਹਿ ਗਈ। ਉਸ ਵਿੱਚ ਤੂੰ ਕੀ ਲਿਖਿਆ ਹੈ ਬੱਸ ਇਹੀ ਖੱਜਲ ਖੁਆਰੀ ਬਾਕੀ ਤੂੰ ਮੈਨੂੰ ਆਪਣਾ ਨੰਬਰ ਦੇ ਤੇ ਪੜ ਲਵੀਂ । ਹੋਰ ਕੀ ਲਿਖਦਾ ਹੁੰਨਾ ਹੈ ,ਮੈਂ ਕਿਹਾ ਸਭ ਕੁਝ । ਉਸਨੇ ਕਿਹਾ ਕਿ ਮੈਂ ਵੀ ਧਾਰਮਿਕ ਸੰਸਥਾ ਨਾਲ ਜੁੜਿਆ ਹਾਂ। ਮੈਨੂੰ ਉਸਦੀ ਦਾਹੜੀ ਤੇ ਵਿਵਹਾਰ ਦੇਖ ਕੇ ਬਹੁਤ ਬੁਰਾ ਲੱਗਿਆ ਕਿ ਲੋਕ ਐਂਵੇ ਫਾਲਤੂ ਦਿਖਾਵਾ ਕਰਦੇ ਫਿਰਦੇ ਹਨ , ਧਰਮ ਦੀ ਅਸਲੀਅਤ ਤੋਂ ਉਹ ਕੋਹਾਂ ਦੂਰ ਹਨ। ਉਸਨੇ ਮੈਨੂੰ ਸੌ ਦਾ ਨੋਟ ਕੱਢ ਕੇ ਫੜਾ ਦਿੱਤਾ ਤੇ ਕਿਹਾ ਬਾਕੀ ਮੈਂ ਦਲਾਲ ਨੂੰ ਆਪੇ ਦੇ ਦਿਊਂ। ਜੇ ਤੂੰ ਕੰਡੇ ਵੱਲ ਦੀ ਗਿਆ ਤਾਂ ਉਸਨੂੰ ਪੈਸੇ ਦਿੰਦਾ ਜਾਵੀਂ। ਜੇ ਨਾ ਹੋਇਆ ਤਾਂ ਨਾ ਦੇਵੀਂ
ਉਸਨੂੰ ਪਤਾ ਲੱਗ ਗਿਆ ਸੀ ਕਿ ਇਹ ਰਹਿੰਦੀ ਰਕਮ ਬਾਰੇ ਜਾਣਦਾ ਹੈ ਤੇ ਕਿਤੇ ਮੇਰੇ ਤੇ ਕਹਾਣੀ ਵਿੱਚ ਤਵਾ ਨਾ ਲਾ ਦੇਵੇਂ। ਦਲਾਲ ਤੋਂ ਪਰਚੀ ਬਣਾਉਣ ਦੀ ਜਿਹੜੀ ਗੱਲ ਉਹ ਕਰਦਾ ਸੀ ,ਅਸਲ ਵਿੱਚ ਉਹ ਮੇਰੇ ਕੋਲੋਂ ਉਸਦਾ ਹਿੱਸਾ ਦਵਾਉਣਾ ਚਾਹੁੰਦਾ ਸੀ। ਉਸਨੇ ਜਦੋਂ ਮੇਰੇ ਬਾਰੇ ਸਾਰੀ ਗੱਲ ਜਾਣ ਲਈ ਤਾਂ ਉਸਨੇ ਆਪਣੇ ਭਰਾ ਨੂੰ ਕਿਹਾ ਕਿ ਪਾਣੀ ਲੈ ਕੇ ਆ ਬਾਈ ਲਈ। ਮੈਂ ਪਾਣੀ ਪੀ ਕੇ ਪਿੰਡ ਨੂੰ ਮੋਟਰ ਸਾਈਕਲ ਤੇ ਚੱਲਦਾ ਬਣਿਆ ਤੇ ਟਾਹਲੀ ਸੰਬੰਧੀ ਹੋਈ ਖੱਜਲ ਖੁਆਰੀ ਬਾਰੇ ਸਾਰੇ ਰਾਹ ਸੋਚਦਾ ਰਿਹਾ ਕਿ ਕਿਵੇਂ ਕੁੱਤੀ ਚੋਰਾਂ ਨਾਲ ਰਲ ਕੇ ਆਮ ਲੋਕਾਂ ਦਾ ਮਾਨਸਿਕ ਤੇ ਆਰਥਿਕ ਸ਼ੋਸ਼ਣ ਕਰਦੀ ਹੈ।
ਸਰਬਜੀਤ ਸਿੰਘ ਜਿਉਣ ਵਾਲਾ,ਫਰੀਦਕੋਟ
ਮੋਬਾਇਲ – 9464412761

...
...



Related Posts

Leave a Reply

Your email address will not be published. Required fields are marked *

One Comment on “ਟਾਹਲੀ”

  • veer ji bilkul sahi gal. mere naal v eve ho chuki aa. apa ta 2 darakht aap e kad k 5rs kilo vech te. par kahani tuhadi bilkul dil nu lag gi….

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)