ਵੈਸੇ ਇਹ ਵੀ ਕੈਸੀ ਗੱਲ ਹੈ ਨਾ ਕਿ ਕਿਸੇ ਬੀਤੇ ਵਕਤ ਵਿੱਚ ਧਰਤੀ ਦੇ ਕਿਸੇ ਟੁਕੜੇ ‘ਤੇ ਵਾਪਰਿਆ ਕੋਈ ਵੱਡਾ ਦੁਖਾਂਤ ( ਵਿਅਕਤੀਗਤ ਜਾਂ ਬਹੁ-ਗਿਣਤੀ ਦਾ ਸਾਂਝਾ ) , ਲੈਪਟਾਪ ਦੇ ਉੱਤੇ Netflix ਜਾਂ ਕਿਸੇ ਹੋਰ ਮਾਧਿਅਮ ਦੇ ਜ਼ਰੀਏ ਤੁਹਾਡੇ ਸਾਹਮਣੇ ਹਜ਼ਾਰਾਂ ਫ਼ਿਲਮਾਂ ‘ਚ ਆਪਣੀ ਇੱਕ ਜਗ੍ਹਾ ਬਣਾਈ ਬੈਠਾ, ਮਹਿਜ਼ ਇੱਕ ਫ਼ਿਲਮ ਦਾ ਪੋਸਟਰ ਬਣ ਕੇ ਟਿਕਿਆ ਪਿਆ ਹੁੰਦੈ ਤੇ ਮਾਨਵ-ਜਾਤ ਹੁੰਦੇ ਹੋਏ ਵੀ ਸਾਨੂੰ ਉਸ ਦੁਖਾਂਤ ਦੀ ਕੋਈ ਸਾਰ ਨਹੀਂ ਹੁੰਦੀ । ਉਦਾਹਰਣ ਕੋਈ ਵੀ ਲੈ ਲਵੋ : ਯਹੂਦੀ ਲੋਕਾਂ ‘ਤੇ ਹੋਏ ਅਣ-ਮਨੁੱਖੀ ਅੱਤਿਆਚਾਰ ਜਾਂ ਫਿਰ ਅਫ਼ਰੀਕਾ ‘ਚੋਂ ਚੁਣ-ਚੁਣ ਕੇ ਲਿਆਂਦੇ ਹੱਟੇ-ਕੱਟੇ ਗੱਭਰੂਆਂ ਨੂੰ ਅਮਰੀਕਾ ‘ਚ ਲਿਆ ਕੇ ਗ਼ੁਲਾਮ ਬਣਾ ਲੈਣ ਦੀ ਵਿੱਥਿਆ ਜਾਂ ਹੋਰ ਵੀ ਬੇਅੰਤ ਦਰਦਾਂ ਦੇ ਕਿੱਸੇ ।
ਖ਼ੈਰ ! ਗੱਲ ਮੈਂ ਇਹ ਕਰਨੀ ਸੀ ਕਿ ਅਕਸਰ ਜਦੋਂ ਅਸੀਂ ਵਿਹਲੇ ਹੁੰਦੇ ਹਾਂ ਤਾਂ ਅਸੀਂ ‘ ਟਾਈਮ-ਪਾਸ ‘ ( ਵੈਸੇ ਮੈਨੂੰ ਇਹ ਸ਼ਬਦ ਬਿਲਕੁਲ ਚੰਗਾ ਨਹੀਂ ਲੱਗਦਾ ) ਵੀ ਕਰਨਾ ਹੋਇਆ । ਸੋ, Netflix ਖੋਲ੍ਹਦੇ ਹਾਂ । ਸਕਰੀਨ ‘ਤੇ ਦਿਸ ਰਹੀਆਂ ਫਿਲਮਾਂ ‘ਤੇ ਵਾਰੀ-ਵਾਰੀ ਕਲਿੱਕ ਕਰ-ਕਰ ਦੇਖਦੇ ਹਾਂ, scroll ਕਰਦੇ ਜਾਂਦੇ ਹਾਂ ਤੇ ਅਚਾਨਕ ਐਸੇ ਹੀ ਕਿਸੇ ਦੁਖਾਂਤ ‘ਤੇ ਜਾਂ ਕਿਸੇ ਹੋਰ ਗੰਭੀਰ ਮੁੱਦੇ ‘ਤੇ ਬਣੀ ਫ਼ਿਲਮ ਨੂੰ ਬੁੱਕਲ ‘ਚ ਸਿਰਹਾਣਾ ਤੇ ਹੱਥਾਂ ‘ਚ ਗਰਮ-ਗਰਮ ਚਾਹ ਦਾ ਕੱਪ ਲੈ ਕੇ ਵੇਖਣੀ ਸ਼ੁਰੂ ਕਰ ਲੈਂਦੇ ਹਾਂ । ਦਸ-ਪੰਦਰਾਂ ਮਿੰਟ ਜਾਂ ਅੱਧਾ-ਘੰਟਾ ਦੇਖ ਕੇ ਅਕਸਰ ਛੱਡ ਦਿੰਦੇ ਹਾਂ ਜਾਂ ਕਈ ਵਾਰੀ ਫ਼ਿਲਮ ਪੂਰੀ ਵੀ ਕਰ ਲੈਂਦੇ ਹਾਂ । ਫਿਰ ਕਿਸੇ ਦਿਨ ਕਿਸੇ ਦੋਸਤ-ਮਿੱਤਰ ਦਾ ਫ਼ੋਨ ਆਉਂਦਾ । ਫ਼ਿਲਮਾਂ ਬਾਰੇ ਗੱਲਾਂ ਚਲਦੀਆਂ : ਓ ਯਰ ਮੈਂ ਦੇਖੀ ਸੀ ਉਹ ਫ਼ਿਲਮ । ਮੈਨੂੰ ਤਾਂ ਸਮਝ ਨੀਂ ਲੱਗੀ ਕੁਝ । ਨਾ ਕੋਈ ਕਹਾਣੀ ਬਣਦੀ ਸੀ ਫ਼ਿਲਮ ਦੀ । ਨਾ ਕੋਈ ਗੀਤ ਸੀ । ਅੱਧੀ ਫ਼ਿਲਮ ‘ਚ ਤਾਂ ਕੋਈ ਬੋਲਿਆ ਈ ਨੀਂ । ਪਤਾ ਨੀਂ Oscar ਕਿਵੇਂ ਦੇਤਾ ਇਹਨੂੰ ।
ਹੁਣ ਅਗਲੀ ਗੱਲ । ਜਦੋਂ ਇਸ ਤਰ੍ਹਾਂ ਦੇ ਮੁੱਦੇ ‘ਤੇ ਕੋਈ ਟੀਮ ਫ਼ਿਲਮ ਬਣਾਉਂਦੀ ਹੈ ਤਾਂ ਉਹਦੇ ਵਿੱਚ ਕਿੰਨਾ ਹੀ ਕੁਝ ਦੇਖਣ ਵਾਲਿਆਂ ਲਈ ਵੀ ਛੱਡਿਆ ਹੁੰਦੈ । ਮੇਰਾ ਕਹਿਣ ਦਾ ਮਤਲਬ ਕਿ ਇੱਕ ਫ਼ਿਲਮ, ਦੇਖਣ ਵਾਲਿਆਂ ਦੀਆਂ ਨਜ਼ਰਾਂ ਅਤੇ ਉਹਨਾਂ ਦੀ ਸਮਝ ਨੇ ਹੀ ਪੂਰੀ ਕਰਨੀ ਹੁੰਦੀ ਹੈ ।...
ਨਿਰਦੇਸ਼ਕ ਹੀ ਨਹੀਂ, ਦਰਸ਼ਕ ਵੀ ਉਸ ਫਿਲਮ ਨੂੰ ਬਣਾਉਂਦਾ ਹੈ । ਫ਼ਿਲਮ ਨੂੰ ਫ਼ਿਲਮ ਦੇ ਅਸਲੀ ਮਕਸਦ ‘ਤੇ ਕੇਵਲ ਇੱਕ ਨਿਰਦੇਸ਼ਕ ਹੀ ਨਹੀਂ, ਸਗੋਂ ਫ਼ਿਲਮ ਨੂੰ ਦੇਖਣ ਵਾਲ਼ਾ ਵੀ ਪਹੁੰਚਾਉਂਦੈ । ਕੀ ਮੈਂ ਆਪਣਾ ਪੱਖ ਸਮਝਾ ਰਿਹਾਂ ??
ਜ਼ਿੰਦਗੀ ਦੇ ਕਈ ਵਰਤਾਰਿਆਂ ਪ੍ਰਤੀ ਸਾਡਾ ਸੂਖ਼ਮ ਹੋਣਾ ਅਤਿ-ਜ਼ਰੂਰੀ ਹੈ । ਪੜ੍ਹਨਾ ਵੀ ਜ਼ਰੂਰੀ ਹੈ । ਹਰ ਕ੍ਰਿਆ ਨੂੰ ਨਵੀਂ ਅੱਖ ਨਾਲ਼ ਦੇਖਣਾ ਪੈਣਾ । ਵਰਤਮਾਨ ਦੀ , ਇਤਿਹਾਸ ਦੀ ਅਤੇ ਆਉਣ ਵਾਲ਼ੇ ਵਕਤ ਦੀ ਇੱਕ ਜ਼ਾਤੀ-ਸਮਝ ਵੀ ਜ਼ਰੂਰੀ ਹੈ । ਨਹੀਂ ਤਾਂ ਇਸ ਤਰ੍ਹਾਂ ਦੀਆਂ ਫ਼ਿਲਮਾਂ ਸਾਡੀ ‘ਵਕਤ-ਬਰਬਾਦੀ’ ਹੀ ਹੋਣਗੀਆਂ । ਜ਼ਰੂਰੀ ਨਹੀਂ ਕਿ ਕਿਸੇ ਗੰਭੀਰ ਵਿਸ਼ੇ ‘ਤੇ ਬਣੀ ਫ਼ਿਲਮ ਹੀ ਚੰਗੀ ਹੋ ਸਕਦੀ ਹੈ । ਫ਼ਿਲਮ ਦੇ ਚੰਗੇ ਜਾਂ ਮਿਆਰੀ ਹੋਣ ਦੇ ਪੈਮਾਨੇ ਹੋਰ ਵੀ ਬਹੁਤ ਨੇ । ਪਰ ਇੱਥੇ ਮੈਂ ਗੱਲ ਥੋੜ੍ਹੀਆਂ ਗਹਿਰ-ਗੰਭੀਰ ਫ਼ਿਲਮਾਂ ਦੀ ਜਾਂ ਸਹਿਜ-ਸੁਭਾਵੀ ਕਿਸੇ ਸਾਦੇ ਵਰਤਾਰੇ ‘ਤੇ ਬਣੀਆਂ ਫਿਲਮਾਂ ਦੀ ਛੇੜ ਰਿਹਾਂ । ਫ਼ਿਲਮ ਦਾ ਪਟਕਥਾ-ਲੇਖਕ, ਨਿਰਦੇਸ਼ਕ ਕੁਝ ਪਰਤਾਂ ਤੁਹਾਡੇ ਫਰੋਲਣ ਲਈ ਵੀ ਛੱਡ ਕੇ ਜਾਂਦਾ । ਜਦੋਂ ਸਾਨੂੰ ਲਗਦੈ ਕਿ ਫ਼ਿਲਮ ‘ਚ ਤਾਂ ਡਾਇਲਗ ਹੀ ਬਾਹਲੇ ਘੱਟ ਨੇ, ਦਰਅਸਲ ਉਸ ਵਕਤ ਫ਼ਿਲਮ ਦਾ ਨਿਰਦੇਸ਼ਕ ਤੁਹਾਡੇ ਨਾਲ਼ ਗੱਲ ਕਰਨੀ ਚਾਹ ਰਿਹਾ ਹੁੰਦਾ । ਤੁਹਾਡੇ ਅੰਦਲੀਆਂ ਗੁੱਝੀਆਂ ਤੇ ਬਰੀਕ ਭਾਵਨਾਵਾਂ ਨੂੰ ਆਵਾਜ਼ ਵੀ ਦੇਣੀ ਚਾਹ ਰਿਹਾ ਹੁੰਦੈ । ਪਰ ਅਸੀਂ ਹਰ ਫ਼ਿਲਮ ਵਿੱਚ ਵਲੇਵੇਂਦਾਰ ਰੋਮਾਂਚ ਦੇਖਣ ਦੇ ਆਦੀ ਹੋ ਚੁੱਕੇ ਹਾਂ । ਇਸੇ ਲਈ ਸਾਨੂੰ ਲਗਦੈ ਕਿ ਫ਼ਿਲਮ ਦੀ ਤਾਂ ਕੋਈ ਕਹਾਣੀ ਹੀ ਨਹੀਂ ਬਣ ਰਹੀ । ਫ਼ਿਲਮ ਦੇ ਅਦਾਕਾਰ ਆਪਣੇ ਹਾਵ-ਭਾਵ ਨਾਲ਼ ਪਤਾ ਨਹੀਂ ਕਿੰਨੀਆਂ ਹੀ ਰਮਜ਼ਾਂ ਤੇ ਕਿੰਨੇ ਹੀ ਇਸ਼ਾਰੇ ਸਾਡੇ ਲਈ ਛੱਡ ਜਾਂਦੇ ਨੇ । ਫ਼ਿਲਮ ‘ਚ ਸਿਰਜਿਆ ਆਲ਼ਾ-ਦੁਆਲ਼ਾ ਵੀ ਬੋਲਦਾ ਹੁੰਦੈ ।
ਹੁਣ ਜੇ ਗੀਤਾਂ ਵਾਲ਼ੇ ਪਾਸੇ ਹੋਈਏ ਤਾਂ ਇੱਕ ਗੱਲ ਇਹ ਵੀ ਹੈ ਕਿ ਸਾਡੀਆਂ ਪੰਜਾਬੀ ਫ਼ਿਲਮਾਂ ‘ਚ ਅੱਜਕੱਲ੍ਹ Single-Track ਟਾਈਪ ਗੀਤ ਹੀ ਪਾ ਲਏ ਜਾਂਦੇ ਨੇ ਕਿਉਂ ਜੋ ਕਲਾਕਾਰ ਨੇ ਸ਼ੋਅ ਵੀ ਤਾਂ ਲਾਉਣੇ ਨੇ ਭਾਈ ।
ਬੱਸ, ਫ਼ਿਲਹਾਲ ਇੰਨੀ ਕੁ ਹੀ ਗੱਲ ਕਰਨੀ ਸੀ ।