“ਮੈਨੂੰ ਰੱਖ ਲੈ ਇੱਕ ਦਿਨ ਹੋਰ”
ਇਹ ਗੀਤ ਮੈਂ ਬਹੁਤ ਸੁਣਿਆ ਕਰਦੀ ਸੀ । ਕਿਸੇ ਵੀ ਵਿਆਹ ਦੀ ਮੂਵੀ ਵੇਖਦੇ ਹੋਏ ਵੀ ਡੋਲੀ ਤੋਰਨ ਵੇਲੇ ਵੀ ਅਕਸਰ ਇਹ ਗੀਤ ਅੱਖਾਂ ਵਿੱਚ ਬਦੋਬਦੀ ਪਾਣੀ ਲੈ ਆਉਂਦਾ।
“ਬਾਬੁਲ ਵਿਦਾ ਕਰੇਂਦਿਆਂ ਮੈਨੂੰ ਰੱਖ ਲੈ ਇੱਕ ਦਿਨ ਹੋਰ,
ਮੇਰੀ ਡੋਲੀ ਨਾ ਅੱਜ ਤੌਰ, ਬਾਬਲਾ ਡੋਲੀ ਨਾ ਅੱਜ ਤੌਰ”
ਅੱਜ ਫ਼ੇਰ ਇਹੀ ਗੀਤ ਦਿਲ ਨੂੰ ਵਿੰਨ੍ਹ ਰਿਹਾ ਹੈ ਤੇ ਅੱਖਾਂ ਦਾ ਪਾਣੀ ਰੋਕਿਆਂ ਵੀ ਨਹੀਂ ਰੁੱਕ ਰਿਹਾ। ਪਰ ਅੱਜ ਇਹ ਦਰਦ ਕੁੱਝ ਵੱਖਰਾ ਹੈ ਕਿਓਂਕਿ ਅੱਜ ਮੈਂ ਕਿਸੇ ਧੀ ਦੀ ਡੋਲੀ ਜਾਂਦੀ ਨਹੀਂ ਵੇਖੀ ਸਗੋਂ ਅਰਥੀ ਜਾਂਦੀ ਵੇਖੀ।
ਇੱਕ ਧੀ ਜਿਹੜੀ ਇੱਕ ਰਾਤ ਪਹਿੱਲੇ ਹੀ ਪੇੱਕਿਆਂ ਤੋਂ ਵਾਪਿਸ ਆਈ ਸੀ। ਉਸਨੇ ਆਉਂਦੇ ਹੋਏ ਮਾਂ ਨੂੰ ਇਹੀ ਬੋਲ ਕਹੇ ਕਿ ਮੰਮੀ ਅੱਜ ਦਾ ਦਿਨ ਇੱਥੇ ਹੀ ਰਹਿ ਜਾਨੇ ਆਂ। ਪਰ ਮਾਂ ਨੇ ਸਿਆਣੀ ਅਤੇ ਵੱਡੀ ਹੋਣ ਦੇ ਨਾਤੇ ਸਮਝਾਇਆ ਕਿ ਪੁੱਤ ਘਰ ਕਾਹਨੂੰ ਕੱਲਾ ਛੱਡਣਾ ਹੈ। ਤੁਸੀਂ ਆਪਣੇ ਘਰ ਜਾਓ। ਉਹ ਘਰ ਜੋ ਅਜੇ ਛੇ ਮਹੀਨੇ ਵੀ ਨਹੀਂ ਪੂਰੇ ਹੋਏ, ਧੀ-ਜਵਾਈ ਨੇ ਨਵਾਂ ਬਣਿਆ ਬਣਾਇਆ ਖਰੀਦਿਆ ਸੀ। ਘਰ ਦਾ ਸਾਰਾ ਫਰਨੀਚਰ ਵੀ ਨਵਾਂ ਖਰੀਦਿਆ। ਬੜੇ ਚਾਈਂ ਚਾਈਂ ਦੋਵੇਂ ਨਵਾਂ ਆਸ਼ਿਆਣਾ ਉਸਾਰ ਸਵਾਰ ਰਹੇ ਸਨ। ਉਹਨਾਂ ਦੇ ਘਰ ਕਿਲਕਾਰੀਆਂ ਮਾਰਦਾ ਢਾਈ ਕੁ ਸਾਲ ਦਾ ਬੱਚਾ ਵੀ ਸੀ। ਜੋ ਘਰ ਦੀ ਰੌਣਕ ਨੂੰ ਦੁਗਣਾ ਕਰਦੀ ਸੀ। ਪਹਿੱਲੇ ਦੋਵੇਂ ਜੀਅ ਸਾਂਝੇ ਘਰ ਵਿੱਚ ਰਹਿੰਦੇ ਸਨ। ਘਰ ਵਿੱਚ ਛੋਟੇ ਛੋਟੇ ਕਲੇਸ਼ ਦੇ ਚੱਲਦੇ ਹੀ ਵੱਖਰਾ ਘਰ ਪਾ ਸੁਖੀ ਜੀਵਨ ਜੀਊਣ ਦਾ ਸੁਪਨਾ ਵੇਖਿਆ ਸੀ ਦੋਹਾਂ ਨੇ।ਮੇਘਾ ਅਤੇ ਕਰਨ ਨੇ ਜੀਵਨ ਦੇ ਸੁੱਖ ਮਾਨਣੇ ਸ਼ੁਰੂ ਹੀ ਕੀਤੇ ਸਨ ਕਿ ਇਹ ਹਾਦਸਾ ਵਾਪਰ ਗਿਆ। ਜੋ ਦੋਹਾਂ ਦੀਆਂ ਖੁਸ਼ੀਆਂ ਉਜਾੜ ਕੇ ਹੀ ਲੈ ਗਿਆ।
ਮੇਘਾ ਨੇ ਸਵੇਰੇ ਨਾਸ਼ਤਾ ਕਰਵਾ ਕੇ 8.30 ਵਜੇ ਸਵੇਰੇ ਆਪਣੇ ਪਤੀ ਕਰਨ ਨੂੰ ਆਫ਼ਿਸ ਲਈ ਤੋਰਿਆ ਕਿ 12 ਵਜੇ ਕਰਫ਼ਿਊ ਲੱਗ ਜਾਣਾ ਹੈ ਵਾਪਿਸ ਆ ਜਾਇਓ। ਆਪ ਉਹ ਘਰ ਦਾ ਦਰਵਾਜਾ ਲਗਾ ਕੇ ਆਪਣੇ ਬੱਚੇ ਨਾਲ ਛੋਟੀਆਂ ਛੋਟੀਆਂ ਖੇਡਾਂ ਖੇਡ, ਉਸਨੂੰ ਖਿਲੋਣੇ ਦੇ ਕੇ ਘਰ ਦੇ ਕੰਮ ਕਰਨ ਲੱਗ ਗਈ। ਪੌਣੇ ਗਿਆਰਾਂ ਵਜੇ ਉਸਦੇ ਪਤੀ ਕਰਨ ਨੂੰ ਗਵਾਂਢ ਵਿਚੋਂ ਫ਼ੋਨ ਆਉਂਦਾ ਹੈ ਕਿ ਮੇਘਾ ਘਰ ਦੇ ਮੁੱਖ ਗੇਟ ਕੋਲ ਲੰਮੀ ਪਈ ਹੋਈ ਹੈ ਤੇ ਕੋਲ ਢਾਈ ਸਾਲ ਦਾ ਬੱਚਾ ਪਿਆ ਰੋ ਰਿਹਾ ਹੈ ਕਿ ਮੰਮੀ ਉੱਠੋ, ਮੰਮੀ ਉੱਠੋ। ਓ ਛੇਤੀ ਨਾਲ ਆਪਣੇ ਨੇੜੇ ਰਹਿੰਦੇ ਮਾਮੀ ਸੱਸ ਨੂੰ ਫ਼ੋਨ ਕਰਦਾ ਹੈ ਕਿ ਦੇਖੋ ਮੇਘਾ ਨੂੰ ਕੀ ਹੋਇਆ ਹੈ।ਮੈਂ ਵੀ ਘਰ ਆ ਰਿਹਾ ਹਾਂ। ਉਹਨਾਂ ਦੀ ਮਾਮੀ ਰਜਨੀ ਕਪੂਰ ਨੇ ਫਟਾਫਟ ਪਹੁੰਚ ਕੇ ਦੇਖਿਆ ਤੇ ਪਤਾ ਲੱਗਿਆ ਕਿ ਮੇਘਾ ਦੇ ਤਾਂ ਗਲੇ ਵਿੱਚ ਰੁਮਾਲ ਅਤੇ ਫ਼ੋਨ ਦੇ ਚਾਰਜਰ ਦੀ ਤਾਰ ਬੜੀ ਘੁੱਟ ਕੇ ਲਪੇਟੀ ਹੋਈ ਹੈ। ਉਸਨੇ ਹਿੰਮਤ ਕਰ ਕੇ, ਰੌਲਾ ਪਾ ਕੇ, ਲੋਕਾਂ ਦੀ ਮਦਦ ਲੈ ਕੇ, ਫੋਰਟਿਸ ਹਸਪਤਾਲ ਲੈ ਗਈ । ਰਾਹ ਵਿੱਚ ਸਾਰੀਆਂ ਰੱਸੀਆਂ ਖੋਲ੍ਹੀਆਂ। ਬੱਚੇ ਨੂੰ ਵੀ ਬੜੇ ਪਿਆਰ ਨਾਲ ਜੱਫੀ ਵਿੱਚ ਲੈ ਪੁੱਛਿਆ ਕਿ ਕੀ ਹੋਇਆ ਹੈ। ਅਨਭੋਲ ਬੱਚਾ ਬੜੇ ਭੋਲੇ ਸ਼ਬਦਾਂ ਤੇ ਇਸ਼ਾਰੇ ਵਿੱਚ ਦੱਸ ਰਿਹਾ ਕਿ ਦੋ ਦੋ ਅੰਕਲ, ਮੰਮਾ ਦਾ ਗਲਾ ਦੱਬਿਆ। ਰਜਨੀ ਅਤੇ ਉਸਦੇ...
ਗਵਾਂਢੀ ਜੋ ਨਾਲ ਗਏ ਸਨ। ਸੱਭਦੇ ਅੱਖਾਂ ਅੱਗੇ ਜਿਵੇਂ ਹਨੇਰਾ ਛਾ ਗਿਆ। ਦਿਲ ਬੜੇ ਹਿੰਮਤ ਨਾਲ ਸਾਂਭਿਆ ਕਿ ਮੇਘਾ ਠੀਕ ਹੋ ਜਾਏ ਫ਼ੇਰ ਹੀ ਦੱਸੇਗੀ। ਉਸਦਾ ਆਖ਼ਰੀ ਸਾਹ ਕਦੋਂ ਤੇ ਕਿਸ ਵੇਲੇ ਆਇਆ ਓ ਤੇ ਕਿਸੇ ਨੂੰ ਵੀ ਨਾ ਪਤਾ ਲੱਗਾ। ਉਮੀਦ ਦੀ ਆਖਰੀ ਕਿਰਨ ਸੀ ਕਿ ਸ਼ਇਦ ਬੱਚ ਜਾਵੇਗੀ ਸਾਡੀ ਬੱਚੀ। ਮੇਘਾ ਦੀ ਮਾਮੀ ਨੇ ਰਾਹ ਵਿੱਚ ਹੀ ਸਭਨੂੰ ਮੇਘਾ ਦੀ ਮਾਂ ਨੂੰ ਫ਼ੋਨ ਕੀਤਾ ਕਿ ਹਸਪਤਾਲ ਪਹੁੰਚੋ। ਮੇਘਾ ਠੀਕ ਨਹੀਂ। ਹਸਪਤਾਲ ਪਹੁੰਚ ਕੇ ਦੱਸ ਮਿੰਟ ਬਾਅਦ ਹੀ ਡਾਕਟਰਾਂ ਦੀ ਟੀਮ ਨੇ ਮੇਘਾ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਆਪਣੇ ਹੱਥੀਂ ਪਾਲੀ ਆਪਣੀ ਨਨਾਣ ਦੀ ਕੁੜੀ ਨੂੰ ਇਸ ਤਰ੍ਹਾਂ ਸੁਣ ਰਜਨੀ ਤਾਂ ਜਿਵੇਂ ਧਰਤੀ ਤੇ ਹੀ ਬਹਿ ਗਈ। ਗਵਾਂਢੀਆਂ ਨੇ ਉਸਨੂੰ ਸੰਭਾਲਿਆ। ਜਿਵੇਂ ਮਿੰਟਾਂ ਸਕਿੰਟਾਂ ਵਿਚ ਹੀ ਧਰਤੀ ਪੈਰਾਂ ਹੇਠੋਂ ਖਿਸਕ ਗਈ ਹੋਵੇ।
ਪੁਲਿਸ ਕਾਰਵਾਈ ਵਿੱਚ ਜੁੱਟ ਜਾਂਦੀ ਹੈ। ਵੱਖ ਵੱਖ ਥਾਵਾਂ ਤੋਂ ਸੀ.ਸੀ.ਟੀ.ਵੀ ਫੁਟੇਜ ਲੈ ਰਹੀ ਹੈ। ਕਈ ਲੋਕ ਸ਼ੱਕ ਦੇ ਘੇਰੇ ਵਿਚ ਹਨ। ਘਰ ਨੂੰ ਸੀਲ ਕੀਤਾ ਹੋਇਆ ਹੈ । ਅੱਜ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਉਸਦਾ ਪਾਰਥਿਵ ਸ਼ਰੀਰ ਵੀ ਆਪਣੇ ਸੁਪਨਿਆਂ ਦੇ ਮਹਿਲ ਦੇ ਅੰਦਰ ਵੀ ਲਿਜਾਣ ਦਾ ਹੁਕਮ ਨਹੀਂ ਸੀ।
ਬਾਹਰੋਂ ਹੀ ਪੰਜ ਮਿੰਟ ਲਈ ਲਿਆ ਕੇ ਸ਼ਕਲ ਦਿਖਾਈ ਗਈ। ਹੱਸਦੇ ਖੇਡਦੇ ਪਰਿਵਾਰ ਦੀਆਂ ਜਿਵੇਂ ਚਾਂਗੜ ਨਿਕਲ ਗਈਆਂ। ਤਾਏ ਚਾਚੇ ਦੀਆਂ ਕੁੜੀਆਂ , ਮਾਮੀ ਅਤੇ ਨਾਨੀ ਦੇ ਦੰਦਲਾਂ ਹੀ ਪੈ ਗਈਆਂ। ਮੁਹੱਲੇ ਵਾਲਿਆਂ ਨੇ ਸਭ ਨੇ ਮਿਲ ਕੇ ਸੰਭਾਲਿਆ । ਇਹੋ ਜਿਹੇ ਦਰਦਨਾਕ ਮਾਹੌਲ ਵਿੱਚ ਉਸਦਾ ਪਤੀ ਕਰਨ ਇੱਕ ਨਜ਼ਰ ਆਪਣੇ ਸੁਪਨਿਆਂ ਦੇ ਨਵੇਂ ਘਰ ਨੂੰ ਵੀ ਬਾਹਰੋਂ ਹੀ ਵੇਖਦਾ ਹੈ , ਦੂਜੀ ਨਜ਼ਰੇ ਅੰਬੂਲੈਂਸ ਵਿੱਚ ਪਈ ਮੇਘਾ ਨੂੰ ਵੀ ਬਾਹਰੋਂ ਹੀ ਦੇਖਦਾ ਹੈ। ਜੋ ਇੱਕ ਹੀ ਦਿਨ ਵਿੱਚ ਹੀ ਬੇਗਾਨੇ ਹੋ ਗਏ ਜਾਪੇ। ਉਸਦਾ ਰੌਣਾ ਤੇ ਜਿਵੇਂ ਵੇਖਿਆ ਹੀ ਨਹੀਂ ਜਾਂਦਾ ਪਿਆ। ਇੱਕ ਓ ਮਾਂ ਜਿਸਨੇ ਉਸਨੂੰ ਜਨਮ ਦਿੱਤਾ ਸੀ। ਓ ਤੇ ਡੋਰ ਭੋਰ ਹੋਈ ਸਾਰੇ ਕਾਜ ਹੱਥੀਂ ਕਰੀ ਜਾਂਦੀ ਪਈ ਹੈ। ਉਸਦਾ ਦਰਦ ਤੇ ਸ਼ਾਇਦ ਹੀ ਕੋਈ ਕਲਮ ਬਿਆਨ ਕਰ ਸਕਦੀ ਹੈ ਜਿਸਨੇ ਰੀਝਾਂ ਨਾਲ ਮੇਘਾ ਨੂੰ ਪਾਲ ਪੋਸ ਵਕੀਲ ਬਣਾ ਵਿਆਹ ਕੀਤਾ ਸੀ। ਇੱਕ ਓ ਬੱਚਾ ਜਿਸਨੇ ਮਾਂ ਮੇਘਾ ਦੀ ਕੁੱਖੋਂ ਜਨਮ ਲਿਆ ਸੀ ਤੇ ਤੋਤਲੀ ਜ਼ੁਬਾਨ ਨਾਲ ਮਰੀ ਮਾਂ ਕੋਲ ਪਿਆ ਪਤਾ ਨਹੀਂ ਕਿੰਨਾ ਚਿਰ ਇਸ ਆਸ ਨਾਲ ਮਾਂ ਨੂੰ ਉਠਾਉਂਦਾ ਰਿਹਾ ਕਿ ਹੁਣੇ ਉਸਦੀ ਉਸਦੀ ਮਾਂ ਉਸਨੂੰ ਉੱਠ ਕੇ ਚੁੱਕੇਗੀ। ਜੋ ਇਕ ਪਲ਼ ਵੀ ਉਸਤੋਂ ਬਿਨਾ ਨਹੀਂ ਸੀ ਰਹੀ ਕਦੇ ਵੀ।
ਇਹ ਦਰਦਨਾਕ ਮਾਹੌਲ ਅਤੇ ਰੌਣਾ ਵੇਖ ਅੰਬੂਲੈਂਸ ਦੇ ਤੁਰਦਿਆਂ ਹੀ ਆਕਾਸ਼ ਵਿਚੋਂ ਵੀ ਜਿਵੇਂ ਰੱਬ ਦੇ ਹੰਝੂ ਨਿਕਲ ਗਏ। ਜਿਸਨੇ ਭਰੇ ਹੰਝੂਆਂ ਨਾਲ ਮੇਘਾ ਦੇ ਪਾਰਥਿਵ ਸ਼ਰੀਰ ਨੂੰ ਵਿਦਾਇਗੀ ਦਿੱਤੀ।
ਮੀਂਹ ਵਿੱਚ ਭਿੱਜਦੀ ਘਰ ਆਉਂਦਿਆਂ ਮੈਨੂੰ ਫ਼ੇਰ ਇਹੀ ਗੀਤ ਨੇ ਅੱਖਾਂ ਭਰਨ ਨੂੰ ਮਜ਼ਬੂਰ ਕਰ ਦਿੱਤਾ ਜਿਵੇਂ ਮੇਘਾ ਕਹਿ ਰਹੀ ਹੋਵੇ।
“ਮੈਨੂੰ ਰੱਖ ਲੈ ਇੱਕ ਦਿਨ ਹੋਰ”
ਹਰਪ੍ਰੀਤ ਕੌਰ ਪ੍ਰੀਤ…..