ਪ੍ਰਾਹੁਣਿਆਂ ਦੁਪਹਿਰੇ ਆਉਣਾ ਸੀ ਪਰ ਤਿਆਰੀ ਸੁਵੇਰ ਤੋਂ ਹੀ ਸ਼ੁਰੂ ਹੋ ਗਈ..
ਆਂਢਗਵਾਂਢ,ਗਲੀ,ਵੇਹੜਾ,ਸਬਾਤ,ਚੌਂਕਾ,ਗੁਸਲਖਾਨਾ,ਬੈਠਕ,ਡਿਓਢੀ ਅਤੇ ਕੁਰਸੀਆਂ ਮੇਜ ਸ਼ੀਸ਼ੇ ਵਾਂਙ ਚਮਕ ਰਹੀਆਂ ਸਨ..!
ਹਰੇਕ ਨੂੰ ਹਿਦਾਇਤਾਂ ਸਨ..ਕਿਹੜਾ ਸੂਟ..ਕਿਹੜੀ ਚੁੰਨੀ ਅਤੇ ਕਿਹੜੀ ਪੱਗ ਅਤੇ ਕਿਹੜੀ ਜੁੱਤੀ ਪਾਉਣੀ ਏ..ਕਿਸਨੇ ਪ੍ਰਾਹੁਣਿਆਂ ਕੋਲ ਬੈਠ ਗੱਲਾਂ ਕਰਨੀਆਂ ਤੇ ਕਿਸਨੇ ਸਿਰਫ ਫਤਹਿ ਬੁਲਾ ਕੇ ਹੀ ਅੰਦਰ ਵੜ ਜਾਣਾ..!
ਅਚਾਨਕ ਕਿਸੇ ਨੇ ਉੱਚੀ ਸਾਰੀ ਹਾਕ ਮਾਰੀ..ਰਾਣੀ ਕਿਥੇ ਏ..ਸੁਵੇਰ ਦੀ ਦਿੱਸੀ ਨਹੀਂ..!
ਮਾਂ ਓਸੇ ਵੇਲੇ ਨੱਸੀ ਗਈ..ਅੰਦਰ ਗੋਡਿਆਂ ਵਿਚ ਸਿਰ ਦੇ ਕੇ ਬੈਠੀ ਨੂੰ ਝਿੜਕਾਂ ਦੇਣੀਆਂ ਸ਼ੁਰੂ ਕਰ ਦਿੱਤਾ..ਤੂੰ ਅੱਜ ਫੇਰ ਲੇਟ ਕਰਵਾ ਦੇਣਾ..ਵੇਲੇ ਸਿਰ ਠੀਕ ਤਰਾਂ ਬਣ ਫੱਬ ਕੇ ਹੀ ਬਾਹਰ ਆਵੀਂ..!
ਉਹ ਸਾਰੇ ਸੂਟ ਆਪਣੇ ਸਾਮਣੇ ਖਿਲਾਰੀ ਬੈਠੀ ਚੁੱਪ ਚਾਪ ਸੁਣੀ ਗਈ..ਫੇਰ ਆਖਣ ਲੱਗੀ ਹੁਣ ਤੇ ਸਿਰਫ ਉਹ ਫਿਰੋਜੀ ਸੂਟ ਹੀ ਬਚਿਆ ਏ..ਬਾਕੀ ਸਾਰੇ ਤਾਂ ਪਹਿਲੋਂ ਵੇਖਣ ਆਇਆਂ ਵੇਲੇ ਪਾ ਕੇ ਵੇਖ ਲਏ..ਜੇ ਇਹ ਵੀ ਨਾ..!
ਮਾਂ ਨੇ ਛੇਤੀ ਨਾਲ ਮੂੰਹ ਅੱਗੇ...
ਹੱਥ ਦੇ ਦਿੱਤਾ..ਇੰਝ ਨੀ ਆਖੀਦਾ..ਬਦਸ਼ਗਨੀ ਹੁੰਦੀ..ਤੂੰ ਬੱਸ ਡੇਰੇ ਵਾਲੇ ਬਾਬੇ ਜੀ ਦੇ ਪ੍ਰਸ਼ਾਦ ਦਾ ਫੱਕਾ ਮਾਰ ਬਾਹਰ ਆ ਜਾਣਾ..ਮੱਥੇ ਤੇ ਨਿੱਕਲੇ ਕਿੱਲ-ਸਿਆਹੀਆਂ ਤੇ ਸ਼ਹਿਰੋਂ ਲਿਆਂਧੀ ਕਰੀਮ ਲਾਉਣਾ ਨਾ ਭੁੱਲੀਂ..!
ਫੇਰ ਪ੍ਰਾਹੁਣੇ ਆਏ..ਖਾਣੀ-ਪੀਣੀ ਮਗਰੋਂ ਆਖਣ ਲੱਗੇ ਰਾਣੀ ਨੂੰ ਬੁਲਾਓ..!
ਰਾਣੀ ਓਸੇ ਗੱਲ ਪਾਏ ਪੂਰਾਣੇ ਸੂਟ ਵਿਚ ਹੀ ਬਾਹਰ ਆ ਗਈ..ਨਾ ਪ੍ਰਸ਼ਾਦ ਖਾਦਾ ਤੇ ਨਾ ਹੀ ਮੂੰਹ ਤੇ ਕਰੀਮ ਹੀ ਲਾਈ..!
ਅਗਲੇ ਦਿਨ ਪਿੰਡ ਵਿਚ ਰੌਲਾ ਪੈ ਗਿਆ..ਰਾਣੀ ਮੰਗੀ ਗਈ..ਰਿਸ਼ਤਾ ਪੱਕਾ ਹੋ ਗਿਆ..ਉਹ ਵੀ ਬਿਨਾ ਦਾਜ ਵਰੀ ਦੇ ਚੱਕਰਾਂ ਤੋਂ..ਬਰਾਤ ਵਿਚ ਵੀ ਸਿਰਫ ਪੰਜ ਜਾਂਜੀ..!
ਸਭ ਖੁਸ਼ ਸਨ ਪਰ ਨੁੱਕਰ ਵਿਚ ਪਈ ਕਰੀਮ ਅਤੇ ਲਫਾਫੇ ਵਿਚ ਬੰਦ ਪ੍ਰਸ਼ਾਦ ਰੋ ਰਹੇ ਸਨ!
ਹਰਪ੍ਰੀਤ ਸਿੰਘ ਜਵੰਦਾ