More Punjabi Kahaniya  Posts
ਮੌਤ ਨੂੰ ਟਿਚਕਰ


ਦੋਸਤੋ ਮੇਰੀ ਪਛਾਣ ਨਾ ਪੁੱਛਿਓ..
ਮੈਂ ਕੰਪਲੈਕਸ ਦੇ ਉਸ ਛੱਜੇ ਤੇ ਖਲੋਤਿਆਂ ਵਿਚੋਂ ਕੋਈ ਵੀ ਹੋ ਸਕਦਾ ਹਾਂ..!
ਬਿਨਾ ਬਨੈਣ ਤੋਂ ਰਫਲ ਫੜ ਖਲੋਤਾ..ਬਾਂਹ ਛੱਜੇ ਦੀ ਕੰਧ ਤੇ ਰੱਖ ਕੈਮਰੇ ਵੱਲ ਵੇਖਦਾ ਹੋਇਆ..ਪਿੱਠ ਕਰ ਗੱਲਾਂ ਵਿਚ ਮਸਤ..ਮੋਢੇ ਤੇ ਚਿੱਟਾ ਸਾਫਾ ਲਮਕਾ ਕੇ ਨਿੰਮਾ ਜਿਹਾ ਹੱਸਦਾ ਹੋਇਆ..ਹੋਰਾਂ ਬਹੁਤ ਸਾਰਿਆਂ ਵਿਚੋਂ ਕੋਈ ਵੀ..!
ਓਹਨੀ ਦਿਨੀਂ ਮੇਰੀ ਖਾਹਿਸ਼ ਹੁੰਦੀ ਉਹ ਮੈਨੂੰ ਆਪਣੇ ਖਾਸ ਬੰਦਿਆਂ ਵਿਚ ਥਾਂ ਦੇ ਦੇਵੇ..!
ਪਰ ਛੇ ਛੇ ਫੁੱਟ ਦੇ ਸਿੰਘਾਂ ਦੇ ਘੇਰੇ ਮੇਰੀ ਪੇਸ਼ ਨਾ ਜਾਣ ਦਿੰਦੇ..ਮੈਂ ਬੌਣਾ ਜਿਹਾ ਲੱਗਦਾ..ਇੰਝ ਲੱਗਦਾ ਉਸਨੂੰ ਉਚੇ ਲੰਮੇ ਸਿੰਘ ਹੀ ਪਸੰਦ ਸਨ..!
“ਉੱਚੀ ਮੌਤ ਲਿਖਾ ਲਈ ਜਿੰਨਾ ਕਰਮਾਂ ਦੇ ਵਿੱਚ..ਛੇ ਛੇ ਫੁੱਟ ਦੇ ਗੱਭਰੂ ਪਰਿਕਰਮਾ ਦੇ ਵਿੱਚ..”
ਇੱਕ ਮੁੱਛ ਨਾਲ ਉਸਦਾ ਅੱਧਾ ਬੁੱਲ ਹਮੇਸ਼ਾਂ ਢੱਕਿਆ ਰਹਿੰਦਾ..
ਓਸੇ ਬੁੱਲ ਰਾਂਹੀ ਹੀ ਉਹ ਹਮੇਸ਼ਾਂ ਚੜ੍ਹਦੀ ਕਲਾ ਵਾਲੇ ਹਾਸੇ ਖਿਲੇਰਦਾ ਰਹਿੰਦਾ..!
ਲੋਕ ਮੈਨੂੰ ਅੰਞਾਣਾ ਸਮਝਦੇ ਪਰ ਮੈਨੂੰ ਇੱਕ ਇੱਕ ਗੱਲ ਦੀ ਸਮਝ ਸੀ..ਉਹ ਕਈ ਵੇਰ ਟਿਚਕਰ ਜਿਹੀ ਨਾਲ ਪੁੱਛਦਾ ਓਏ ਮਾਤਾ ਨੂੰ ਦੱਸ ਕੇ ਆਇਆ ਕੇ ਨਹੀਂ..?
ਮੈਨੂੰ ਲੱਗਦਾ ਸ਼ਰਮਿੰਦਾ ਕਰ ਰਿਹਾ ਹੋਵੇ..
ਉਸਦੇ ਮੂਹੋਂ ਏਨੀ ਗੱਲ ਸੁਣ ਬਾਕੀ ਹੱਸ ਪਿਆ ਕਰਦੇ..ਮੈਨੂੰ ਬੁਰਾ ਲੱਗਦਾ..
ਪਤਾ ਨੀਂ ਕੀ ਖਾਸ ਗੱਲ ਸੀ ਬਾਕੀਆਂ ਵਿਚ..ਉਸਦੇ ਏਨਾ ਨੇੜੇ ਹੋਣ ਦਾ ਇਹਸਾਸ ਵਜੂਦ ਤੇ ਹੰਢਾਉਂਦੇ..!
ਕਦੀ ਕਦੀ ਲੈਅ ਵਿਚ ਆਇਆ ਜਦੋਂ ਇਹ ਧਾਰਨਾ ਗਾਉਣ ਲੱਗ ਪੈਂਦਾ..”ਇਹ ਪੰਛੀ ਕੱਲਾ ਏ..ਇਹਦੇ ਮਗਰ ਸ਼ਿਕਾਰੀ ਕਿੰਨੇ”..ਤਾਂ ਆਸ ਪਾਸ ਕਈ ਦੋਗਲੇ ਦੱਬੀ ਵਾਜ ਵਿਚ ਗੁੜਕਦੇ..ਸਾਧ ਲੱਗਦਾ ਹੁਣ ਡਰ ਗਿਆ..ਭੱਜਣ ਨੂੰ ਫਿਰਦਾ..ਨਾਲ ਹੀ ਆਖਦੇ ਸਰਕਾਰਾਂ ਨਾਲ ਮੱਥੇ ਲਾਉਣੇ ਕਿਹੜੇ ਸੌਖੇ ਨੇ..!
ਜਦੋਂ ਕਦੇ ਰਵਾਈਤੀ ਲੀਡਰਸ਼ਿਪ ਕੰਪਲੈਕਸ ਵਿਚੋਂ ਅਚਾਨਕ ਗਾਇਬ ਹੋ ਜਾਂਦੀ ਤਾਂ ਟਿਚਕਰ ਜਿਹੀ ਨਾਲ ਆਖਦਾ..ਪੱਕਾ ਦਿੱਲੀ ਗਏ ਹੋਣੇ ਚਪਲੀਆਂ ਝਾੜਨ..ਪਰ ਮੈਂ ਅਗਲੀ ਨੂੰ ਜਾਣਦਾ..ਬਿਸਕੁਟ ਖਵਾ ਕੇ ਵਾਪਿਸ ਤੋਰ ਦੇਣੇ..ਪੱਲੇ ਕੁਝ ਨੀ ਪਾਉਣਾ..!
ਅਗਲੇ ਦਿਨ ਵਾਕਿਆ ਹੀ ਓਹੀ ਗੱਲ ਹੁੰਦੀ..
ਖਾਲੀ ਹੱਥ ਪਰਤੇਆਂ ਨੂੰ ਮੂੰਹ ਤੇ ਝੂਠਿਆਂ ਕਰਦਾ..ਲਾਹਨਤਾਂ ਪਾਉਂਦਾ..ਉਹ ਹੋਰ ਚਿੜ ਜਾਂਦੇ..ਦਿੱਲੀ ਫੋਨ ਕਰਦੇ..ਮੈਡਮ ਜੋ ਭੀ ਕਰਨਾ ਬਸ ਜਲਦੀ ਕਰੋ..ਸਾਥੋਂ ਹੋਰ ਨਹੀਂ ਸਿਹਾ ਜਾਂਦਾਂ..ਸਾਡੀਆਂ ਦੁਕਾਨਾਂ ਤੇ ਭੀੜ ਘੱਟ ਗਈ..!
ਉਹ ਦਿੱਲੀ ਕੋਠੀ ਵਿਚ ਆਪਣੇ ਪਾਲਤੂ ਕੁੱਤੇ ਅੱਗੇ ਪਾਰਲੇ ਦਾ ਬਿਸਕੁਟ ਸੁੱਟਦੀ ਹੋਈ ਅੰਦਰੋਂ ਅੰਦਰ ਖੁਸ਼ ਹੁੰਦੀ..ਫੇਰ ਆਖਦੀ..”ਫਿਕਰ ਮਤ ਕਰੀਏ..ਜਲਦੀ ਹੀ ਕੁਛ ਕਰਨੇ ਜਾ ਰਹੀ ਹੂੰ..”
ਫੇਰ ਜਿਸ ਦਿਨ ਉਸਨੇ ਕਹਿਰ ਵਰਤਾਉਣਾ ਸੀ..ਇਸਨੂੰ ਭਿਣਕ ਲੱਗ ਗਈ..
ਮੋਰਚਿਆਂ ਦੀ ਟੋਹ ਲੈਂਦਾ ਹੋਇਆ ਸ੍ਰੀ ਅਕਾਲ ਤਖ਼ਤ ਦੀਆਂ ਪੌੜੀਆਂ ਕੋਲ ਅਚਾਨਕ ਖਲੋ ਗਿਆ..!
ਭੁੰਜੇ ਬੈਠੇ ਹੌਲੀ ਉਮਰ ਦੇ ਇੱਕ ਭੁਜੰਗੀ ਨੇ ਤੁਰੇ ਜਾਂਦੇ ਨੂੰ ਸ਼ਾਇਦ ਫਤਹਿ ਬੁਲਾ ਦਿੱਤੀ ਸੀ..ਉਸ ਵੱਲ ਵੇਖ ਮੁਸਕੁਰਾਇਆ..ਬੋਝੇ ਵਿਚੋਂ ਲੱਪ ਛੋਲਿਆਂ ਦੀ ਕੱਢ ਨਿੱਕੇ ਜਿਹੇ ਦੀ ਝੋਲੀ ਪਾ ਦਿੱਤੀ..ਆਖਣ ਲੱਗਾ ਭੁਝੰਗੀਆਂ..ਹਾਲਾਤ ਠੀਕ ਹੁੰਦੇ ਤਾਂ...

ਸ਼ਾਇਦ ਕੁਝ ਹੋਰ ਦਿੰਦਾ ਪਰ ਇਸ ਵੇਲੇ ਇਸ ਸਾਧ ਕੋਲ ਛੋਲਿਆਂ ਦੀ ਇੱਕ ਮੁੱਠ ਤੋਂ ਇਲਾਵਾ ਹੋਰ ਕੁਝ ਵੀ ਨਹੀਂ..!
ਨਾਲਦੇ ਸਿੰਘ ਇੱਕ ਵੇਰ ਫੇਰ ਹੱਸ ਪਏ..ਪਤਾ ਨੀ ਕਿਸ ਮਿੱਟੀ ਦਾ ਬਣਿਆ ਸੀ..ਸਿਰ ਤੇ ਮੌਤ ਮੰਡਰਾ ਰਹੀ ਸੀ ਤੇ ਉਸਨੂੰ ਟਿਚਕਰ ਸੁੱਝ ਰਹੀ ਸੀ..!
ਹੈਡ ਗ੍ਰੰਥੀ ਗਿਆਨੀ ਪੂਰਨ ਸਿੰਘ ਨੇ ਦੱਸਿਆ..ਚੱਲਦੇ ਘਮਸਾਨ ਵਿਚ ਉਹ ਲਗਾਤਾਰ ਤਿੰਨ ਦਿਨ ਬੱਸ ਮੈਗਜੀਨ ਹੀ ਭਰੀ ਗਿਆ..ਫੇਰ ਮੋਰਚਿਆਂ ਤੇ ਬੈਠਿਆਂ ਨੂੰ ਖੁਦ ਆਪ ਜਾ ਕੇ ਫੜਾਉਂਦਾ..ਨਾਲ ਨਾਲ ਬਾਣੀ ਪੜੀ ਜਾਂਦਾ..ਮੋਰਚਿਆਂ ਤੇ ਬੈਠਿਆਂ ਦੀ ਨਜਰ ਸਾਮਣੇ ਟਾਰਗੇਟ ਤੇ ਹੁੰਦੀ..ਉਹ ਬਿਨਾ ਮੁੜੇ ਹੀ ਆਪਣਾ ਖੱਬਾ ਹੱਥ ਮਗਰ ਨੂੰ ਕਰਦੇ..ਇਹ ਭਰਿਆ ਫੜਾ ਖਾਲੀ ਵਾਪਿਸ ਮੋੜ ਲਿਆਉਂਦਾ..
ਕਦੀ ਕਦੀ ਉਚੇਚਾ ਜਾ ਪੁੱਛਦਾ ਸਿੰਘਾਂ ਕੁਝ ਖਾਣ ਨੂੰ ਲਿਆਵਾਂ..? ਅਗਲਾ ਨਾਂਹ ਕਰਦਾ ਤਾਂ ਉਸਦੇ ਮੋਢਿਆਂ ਤੇ ਥਾਪੀ ਦੇ ਕੇ ਮੁੜ ਆਉਂਦਾ..!
ਫੇਰ ਛੇ ਜੂਨ ਸਵੇਰੇ ਨੋ ਵਜੇ ਸ੍ਰੀ ਅਕਾਲ ਤਖ਼ਤ ਦੀਆਂ ਪੌੜੀਆਂ ਤੇ ਖਲੋਤਾ ਸ਼ਹੀਦੀ ਦੀ ਅਰਦਾਸ ਕਰ ਰਿਹਾ ਸੀ ਤਾਂ ਮੈਂ ਲਾਈਨ ਵਿੱਚ ਸਭ ਤੋਂ ਅਖੀਰ ਵਿਚ ਖਲੋਤਾ ਸਾਂ..ਉਸ ਦਿਨ ਵੀ ਉਸਨੇ ਟਿਚਕਰ ਕੀਤੀ..ਅਖ਼ੇ ਜਿਸਨੇ ਜਾਣਾ ਉਹ ਅਜੇ ਵੀ ਚਲਾ ਜਾਵੇ..ਮੁੜਕੇ ਨਾ ਆਖਿਓ ਸਾਧ ਨੇ ਮਰਵਾ ਦਿੱਤਾ..ਬਾਹਰ ਨਿੱਕਲਣ ਦਾ ਰਾਹ ਤੁਹਾਨੂੰ ਮੈਂ ਦੱਸਦਾ..ਅੱਗਿਓਂ ਕੋਈ ਵੀ ਤਿਆਰ ਨਾ ਹੋਇਆ..!
ਫੇਰ ਅਰਦਾਸ ਸੋਧ ਸਭ ਤੋਂ ਪਹਿਲਾਂ ਆਪ ਬਾਹਰ ਨਿੱਕਲਿਆ..ਅੱਗਿਓਂ ਗੋਲੀਆਂ ਬੰਬਾ ਦੀ ਵਾਛੜ ਹੋਈ..ਘੱਟੇ ਦਾ ਵੱਡਾ ਗੁਬਾਰ ਉਠਿਆ..ਮੈਂ ਵੀ ਇਹ ਸੋਚ ਓਧਰ ਨੂੰ ਭੱਜਿਆ..ਅੱਜ ਤੇਰੇ ਨਾਲ ਹੀ ਰਹਿਣਾ..!
ਪਰ ਕਿਸੇ ਨੇ ਪਿੱਛਿਓਂ ਬਾਹੋਂ ਫੜ ਮਗਰ ਨੂੰ ਧਰੂਹ ਲਿਆ..ਕਿਓਂ ਮਰਨਾ ਈ..?
ਮੈਂ ਬਚ ਗਿਆ ਪਰ ਕੌਂਮ ਤਹਿਸ ਨਹਿਸ ਹੋ ਗਈ..
ਅਠਾਈ ਦੀਆਂ ਅਠਾਈ ਛਾਤੀ ਤੇ ਖਾਂਦਿਆਂ ਮੈਂ ਖੁਦ ਵੇਖਿਆ..ਜਾਂਦਾ ਜਾਂਦਾ ਇੱਕ ਵੇਰ ਫੇਰ ਟਿਚਕਰ ਕਰ ਗਿਆ..ਇਸ ਵੇਰ ਮੈਨੂੰ ਨਹੀਂ ਸਗੋਂ ਮੌਤ ਨੂੰ..!
“ਤੇਰੇ ਨਾ ਦੀਆਂ ਉੱਚੀਆਂ ਪਾਲਕੀਆਂ..ਤੇਰੀ ਸਦਾ ਸਦਾ ਜੈਕਾਰ ਹੋਵੇ..ਤੂੰ ਮਨ ਜੋੜੇ ਅਸੀ ਧੰਨ ਜੋੜੇ..ਤੈਥੋਂ ਟੁੱਟ ਕੇ ਅਸੀ ਖਵਾਰ ਹੋਏ..”
ਪਦਾਰਥਵਾਦ ਦੇ ਗਧੀ ਗੇੜ ਵਿੱਚ ਪਿਆ ਮੈਂ ਅਤੇ ਮੇਰੇ ਵਰਗੇ ਕੀਨੇ ਸਾਰੇ ਹੋਰ ਅਜੇ ਵੀ ਧੰਨ ਜੋੜੀ ਜਾਂਦੇ ਹਾਂ..ਕਦੀ ਕਦੀ ਸੁਫ਼ਨੇ ਵਿੱਚ ਆ ਕੇ ਟਿਚਕਰ ਕਰ ਜਾਂਦਾ..ਅਖ਼ੇ ਸਿੰਘਾਂ ਕਿੰਨਾ ਕੂ ਜੋੜ ਲਿਆ ਈ?
ਉਸਦੇ ਨਾਲ ਆਏ ਹੱਸ ਪੈਂਦੇ..ਮੈਂ ਈਰਖਾ ਦੀ ਅੱਗ ਵਿੱਚ ਸੜ ਜਾਂਦਾ ਹਾਂ..ਸ਼ਹੀਦੀ ਦੀ ਦਾਤ ਐਵੇਂ ਨਹੀਂ ਮਿਲਦੀ..!
ਫੇਰ ਅਗਲੇ ਪਲ ਜਾਗ ਆ ਜਾਂਦੀ ਏ..ਮਨ ਵਿਚ ਆਉਂਦਾ..ਆਪਣੇ ਗਰਾਂ ਵਿਚ ਸੇਫ ਹਾਂ..ਅਸੀਂ ਵੱਡੇ ਦੁਨੀਆਂ ਦਾਰ..ਪਰ ਬਹੁਤ ਬਰੀਕ ਹੈ ਸਮਝਣੀ..ਇਹ ਧਰਮ ਯੁਧਾਂ ਦੀ ਕਾਰ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)