ਵਿਆਹ ਮਗਰੋਂ ਪਹਿਲਾਂ ਸਾਲ ਸੁਨਹਿਰੀ ਸੁਫ਼ਨੇ ਵਾਂਙ ਲੰਘ ਗਿਆ..
ਅਕਸਰ ਮਾਣ ਕਰਿਆ ਕਰਦੀ ਕੇ ਮੇਰੀ ਪਸੰਦ ਜਿੰਦਗੀ ਦੀ ਹਰ ਕਸਵੱਟੀ ਤੇ ਪੂਰੀ ਉੱਤਰੀ ਸੀ..
ਸਹੇਲੀਆਂ ਵਿਚ ਗੱਲ ਚੱਲ ਪੈਂਦੀ..ਬਾਕੀਆਂ ਦੇ ਕਿੰਨੇ ਸਾਰੇ ਗਿਲੇ ਸ਼ਿਕਵੇ ਹੁੰਦੇ..ਟਾਈਮ ਨਹੀਂ ਦਿੰਦਾ..ਬਿਜਨਸ ਦੇ ਝਮੇਲੇ..ਮਾਂ-ਬਾਪ..ਖਰਚੇ ਪਾਣੀ ਤੋਂ ਲੜਾਈ..ਨਿੱਕੀ ਨਿੱਕੀ ਗੱਲ ਤੋਂ ਬਹਿਸ ਤੇ ਮੁੜ ਬੋਲ ਬੁਲਾਰਾ..!
ਮੈਨੂੰ ਚੁੱਪ ਚਾਪ ਬੈਠੀ ਨੂੰ ਵੇਖ ਅਕਸਰ ਮਖੌਲ ਕਰਦੀਆਂ..
ਆਖਦੀਆਂ ਇਸ ਮੀਸਣੀ ਨੇ ਤੇ ਕੋਈ ਮੋਤੀ ਦਾਨ ਕੀਤੇ ਹੋਣੇ..ਏਡਾ ਵਧੀਆ ਨਾਲਦਾ ਮਿਲਿਆ..ਹਰ ਗੱਲ ਦਾ ਧਿਆਨ ਰੱਖਣ ਵਾਲਾ..ਹਰ ਗੱਲ ਸਿਰ ਸੁੱਟ ਕੇ ਮੰਨ ਲੈਣ ਵਾਲਾ..ਕਦੀ ਕੋਈ ਕਿੰਤੂ-ਪ੍ਰੰਤੂ ਨਹੀਂ..!
ਫੇਰ ਜਿੰਦਗੀ ਵਿਚ ਇੱਕ ਵੱਡਾ ਮੋੜ ਆ ਗਿਆ..
ਖੁਦ ਬੱਚਿਆਂ ਵਾਂਙ ਵਿਚਰਨ ਵਾਲੀ ਦੇ ਘਰ ਇੱਕ ਨਿੱਕੀ ਬੱਚੀ ਨੇ ਜਨਮ ਲਿਆ..!
ਸੋਚਣ ਦਾ ਨਜਰੀਆ ਬਦਲ ਜਿਹਾ ਗਿਆ..ਦੁਨੀਆ ਅਲੱਗ ਹੀ ਐਂਗਲ ਤੋਂ ਵੇਖਣੀ ਸ਼ੂਰੂ ਕਰ ਦਿੱਤੀ..ਕਿੰਨੇ ਸਾਰੇ ਲੋਕ ਆਏ..ਸਿਫਤਾਂ ਦੇ ਪੁਲ ਬੰਨੇ..ਅਸੀਸਾਂ ਦੇ ਢੇਰ ਲਾ ਦਿੱਤੇ..ਸਾਰੇ ਸਵਰਗਾਂ ਦੀ ਹੂਰ ਨੂੰ ਵੇਹੜੇ ਲਿਆਉਣ ਵਾਲੀ ਮਾਂ ਦਾ ਮੱਥਾ ਚੁੰਮਦੇ ਨਾ ਥੱਕਦੇ..!
ਮੈਂ ਅਕਸਰ ਹੀ ਕੋਲ ਪਈ ਧੀ ਨਾਲ ਗੱਲਾਂ ਕਰਦੀ ਰਹਿੰਦੀ..ਉਹ ਵੀ ਹੁਣ ਅੱਗਿਓਂ ਹੁੰਗਾਰਾ ਭਰਦੀ..
ਮੈਂ ਉਸਦੇ ਬੁੱਲਾਂ ਨੂੰ ਚੁੰਮਦੀ..ਉਸਨੂੰ ਦੁੱਧ ਚੁੰਗਾਉਂਦੀ..ਇੰਝ ਲੱਗਦਾ ਜਿੱਦਾਂ ਰੱਬ ਨੇ ਆਪਣੇ ਖਜਾਨੇ ਵਿਚੋਂ ਸਭ ਤੋਂ ਮਹਿੰਗਾ ਤੋਹਫ਼ਾ ਕੱਢ ਮੇਰੀ ਝੋਲੀ ਪਾਇਆ ਹੋਵੇ..!
ਪਰ ਨਾਲਦੇ ਵਿਚ ਇੱਕ ਫਰਕ ਜਿਹਾ ਮਹਿਸੂਸ ਹੋਣਾ ਸ਼ੁਰੂ ਹੋ ਗਿਆ..
ਉਸਨੇ ਗੱਲਾਂ ਕਰਨੀਆਂ ਘੱਟ ਕਰ ਦਿੱਤੀਆਂ..ਜਿਆਦਾਤਰ ਟਾਈਮ ਬਾਹਰ ਹੀ ਰਿਹਾ ਕਰਦਾ..ਇੱਕ ਦੋ ਵਾਰ ਕਿਹਾ ਛੇਤੀ ਆ ਜਾਇਆ ਕਰੋ..ਕਈ ਵਾਰ ਨਿੱਕੀ ਤੰਗ ਕਰਦੀ ਏ..ਪਰ ਕੋਈ ਖਾਸ ਅਸਰ ਨਾ ਹੋਇਆ..!
ਇੱਕ ਦੋ ਵਾਰ ਪਤਾ ਲੱਗਾ ਬਿਜਨਸ ਮੀਟਿੰਗ ਦੇ ਨਾਮ ਹੇਠ ਯਾਰਾਂ ਦੋਸਤਾਂ ਦੀ ਮਹਿਫ਼ਿਲ ਦਾ ਲੁਤਫ਼ ਉਠਾਇਆ ਜਾ ਰਿਹਾ ਸੀ..!
ਮੈਨੂੰ ਉਸ ਦਿਨ ਪਹਿਲੀ ਵਾਰ ਖਿਝ ਕੇ ਬੋਲੀ..ਮੁੜ ਨਿੱਕੀ ਜਿਹੀ ਬਹਿਸ ਵੀ ਹੋ ਗਈ..
ਜਦੋਂ ਉਸਦਾ ਗਿੱਲਾ ਡਾਇਪਰ ਬਦਲਦੀ ਤਾਂ ਅਕਸਰ ਦਿਲ ਵਿਚ ਆਉਂਦਾ ਕੇ ਇਹ ਚੀਜਾਂ ਉਸ ਨੂੰ ਵੀ ਆਉਣੀਆਂ ਚਾਹੀਦੀਆਂ ਨੇ..ਅੱਧੀ ਰਾਤ ਨੂੰ ਮੈਂ ਕੱਲੀ ਹੀ ਕਿਓਂ ਡਿਸਟਰਬ ਹੋਵਾਂ..!
ਇੱਕ ਦੋ ਵਾਰ ਰੋਂਦੀ ਹੋਈ ਨੂੰ ਜਾਣ ਬੁਝ ਕੇ ਆਪਣਾ ਦੁੱਧ ਨਾ ਚੁੰਗਾਇਆ..ਜੇ ਕੀਤਾ ਹੋਰ ਉਚੀ ਰੋਵੇ ਤੇ ਕੋਲ ਘਰਾੜੇ ਮਾਰਦੇ ਦੀ ਨੀਂਦ ਖਰਾਬ ਹੋਵੇ..!
ਮੁੜਕੇ ਹੋਰ ਜ਼ੋਰ ਨਾਲ ਰੋਂਦੀ ਵੱਲ ਵੇਖ ਆਪਣੇ ਆਪ ਤੇ ਬਹੁਤ ਗੁੱਸਾ ਵੀ ਆਇਆ..ਪਰ ਆਪਣੇ ਆਪ ਤੇ ਆਇਆ ਵੀ ਇਸ ਤੇ ਨਿੱਕਲ ਗਿਆ..!
ਫੇਰ ਇਕ ਦਿਨ ਮੈਥੋਂ ਬਿਨਾ ਪੁੱਛਿਆ ਹੀ “ਮਨੋਵਿਗਿਆਨ” ਦੇ ਡਾਕਟਰ ਨਾਲ...
ਅਪੋਇੰਟਮੈਂਟ ਬਣਾ ਲਈ..!
ਉਸ ਦਿਨ ਫੇਰ ਬੜੀ ਲੜਾਈ ਹੋਈ..ਆਖਿਆ ਤੁਸੀਂ ਲੋਕ ਮੈਨੂੰ ਪਾਗਲ ਸਮਝਦੇ ਹੋ..ਜਾ ਪਾਗਲ ਕਰ ਦੇਣਾ ਚਾਹੁੰਦੇ ਹੋ..!
ਫੇਰ ਮਗਰੋਂ ਪਰਿਵਾਰ ਵਾਲਿਆਂ ਨਾਲ ਹੁੰਦੀ ਹੌਲੀ ਹੌਲੀ ਖੁਸਰ ਫੁਸਰ ਤੋਂ ਮਨ ਵਿਚ ਕਿੰਨੇ ਸਾਰੇ ਸ਼ੰਕੇ ਪੈਦਾ ਹੁੰਦੇ..!
ਫੇਰ ਗੱਲ ਮੇਰੇ ਘਰ ਤੱਕ ਅੱਪੜੀ ਤਾਂ ਡੈਡ ਮੈਨੂੰ ਘਰੇ ਲਈ ਗਏ..
ਹੁਣ ਵੀ ਮੇਰਾ ਸਾਰਾ ਧਿਆਨ ਇਹਨਾਂ ਵੱਲ ਹੀ ਰਹਿੰਦਾ..ਬਾਰ ਬਾਰ ਫੋਨ ਕਰਦੀ..ਕਿੰਨੇ ਸਾਰੇ ਸਵਾਲ ਪੁੱਛਦੀ..ਕਿਸਦੇ ਨਾਲ ਗੱਲ ਕਰਦੇ ਹੋ..ਕੋਈ ਹੋਰ ਤਾਂ ਨਹੀਂ ਆ ਗਈ ਲਾਈਫ ਵਿਚ..ਇਹ ਸਵਾਲ ਮਗਰੋਂ ਵੀ ਸਾਡੀ ਅਕਸਰ ਲੜਾਈ ਹੋ ਜਾਂਦੀ..!
ਮੈਂ ਸੋਚਾਂ ਸੋਚਾਂ ਵਿਚ ਬਹੁਤ ਅੱਗੇ ਨਿੱਕਲ ਜਾਇਆ ਕਰਦੀ..ਵਖਰੇਵਾਂ..ਤਲਾਕ ਅਤੇ ਹੋਰ ਵੀ ਬਹੁਤ ਕੁੱਝ..ਅਕਸਰ ਆਪਣੀ ਜਿੰਦਗੀ ਬਾਰੇ ਕਿੰਨੀਆਂ ਸ਼ਿਕਾਇਤਾਂ ਕਰਦੀਆਂ ਰਹਿੰਦੀਆਂ ਪੂਰਾਣੀਆਂ ਸਹੇਲੀਆਂ ਮੈਨੂੰ ਆਪਣੇ ਨਾਲੋਂ ਕਈ ਗੁਣਾ ਜਿਆਦਾ ਬੇਹਤਰ ਜਾਪਦੀਆਂ..!
ਫੇਰ ਹੋਰ ਵੀ ਕਿੰਨੇ ਸਾਰੇ ਉਤਰਾਅ ਚੜਾਅ ਆਏ..
ਕਿੰਨੀਆਂ ਮੀਟਿੰਗਾਂ ਅਤੇ ਸਲਾਹ ਮਸ਼ਵਰੇ ਹੋਏ..ਕੁਝ ਆਪਣੇ ਆਪ ਨੂੰ ਸਮਝਾਇਆ ਤੇ ਕੁਲ ਫੇਰ ਬਦਲ ਇਹਨਾਂ ਨੇ ਕੀਤੇ ਫੇਰ ਅਖੀਰ ਹੌਲੀ ਹੌਲੀ ਗੱਡੀ ਲਾਈਨ ਤੇ ਆਉਣੀ ਸ਼ੁਰੂ ਹੋ ਗਈ..!
ਪਰ ਕੁੱਝ ਗੱਲਾਂ ਆਖਣਾ ਚਾਹਾਂਗੀ ਕੇ ਬੱਚੇ ਦੇ ਜਨਮ ਮਗਰੋਂ ਮਾਂ ਦੇ ਅੰਦਰ ਅਕਸਰ ਹੀ ਕਿੰਨੇ ਸਾਰੇ ਤੂਫ਼ਾਨ ਉਠਦੇ ਹੀ ਰਹਿੰਦੇ ਨੇ..ਕਿੰਨੇ ਸਾਰੇ ਡਰ ਹੁੰਦੇ ਨੇ..ਇੰਝ ਲੱਗਦਾ ਕੋਈ ਕੀਮਤੀ ਚੀਜ ਗਵਾਚ ਰਹੀ ਹੋਵੇ..ਕੋਈ ਬਹੁਤ ਹੀ ਜਿਆਦਾ ਪਿਆਰੀ ਚੀਜ ਚੋਰੀ ਕਰ ਰਿਹਾ ਹੋਵੇ..
ਕੋਈ ਆਪਣਾ ਨਜਰਅੰਦਾਜ ਕਰੇ..ਇਹ ਤਾ ਬਿਲਕੁਲ ਵੀ ਜਰਿਆ ਨੀ ਜਾਂਦਾ..ਕਿਸੇ ਨੂੰ ਮੇਰੀਆਂ ਸਰੀਰਕ ਬਣਤਰਾਂ ਵਿਚ ਆਈਆਂ ਖਾਮੀਆਂ ਨਜਰ ਆ ਰਹੀਆਂ ਹਨ..ਕੋਈ ਮੇਰੀ ਜਗਾਹ ਲੈ ਰਿਹਾ ਏ..ਕੋਈ ਮੈਨੂੰ ਧੋਖਾ ਦੇ ਰਿਹਾ ਏ..ਵਗੈਰਾ ਵਗੈਰਾ..!
ਇਹਨਾਂ ਸਾਰਿਆਂ ਵਲਵਲਿਆਂ ਦਾ ਇੱਕੋ-ਇੱਕ ਬੱਸ ਇਹੋ ਇਲਾਜ ਹੈ ਕੇ ਇੱਕ ਤੋਂ ਦੋ ਹੋ ਗਏ ਵਜੂਦਾਂ ਨਾਲ ਬਿਤਾਇਆ ਜਾਂਦਾ ਸਮਾਂ ਵੀ ਦੋ ਗੁਣਾ ਕਰ ਦਿੱਤਾ ਜਾਵੇ!
ਵਿਆਹ ਵਾਲੇ ਲਾਲ ਸੂਹੇ ਜੋੜੇ ਵਿਚ ਸਜੀ ਨੂੰ ਵੇਖਦਿਆਂ ਏਨੀ ਗੱਲ ਵੀ ਜ਼ਿਹਨ ਵਿਚ ਜਰੂਰ ਰੱਖੀ ਜਾਵੇ ਕੇ ਸਾਲ ਬਾਅਦ ਜਣੇਪਾ ਪੀੜਾਂ ਦੀ ਭੰਡੀ ਹੋਈ ਵਿਚ ਵਕਤੀ ਤੌਰ ਤੇ ਕਈ ਤਰਾਂ ਦੇ ਸਰੀਰਕ ਵਿਗਾੜ ਵੀ ਆਉਣੇ ਨੇ..ਇਸਦਾ ਵਜੂਦ ਮੈਨੂੰ ਓਦੂੰ ਵੀ ਏਨਾ ਹੀ ਪ੍ਰਵਾਨਿਤ ਹੋਵੇਗਾ ਜਿੰਨਾ ਹੁਣ..!
(ਇੱਕ ਪਹਿਲੀ ਵਾਰ ਮਾਂ ਬਣੀ ਦੇ ਮਾਨਸਿਕ ਵਲਵਲੇ)
Note: Google Pic
ਹਰਪ੍ਰੀਤ ਸਿੰਘ ਜਵੰਦਾ
nav kiran
Reality